Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Poem

ਤਾਮਿਲਨਾਡੂ ਦਾ ਪ੍ਰਸਿੱਧ ਤਿਉਹਾਰ : ਪੋਂਗਲ

January 11, 2022 12:26 AM
       ਤਾਮਿਲਨਾਡੂ ਦਾ ਪ੍ਰਸਿੱਧ ਤਿਉਹਾਰ : ਪੋਂਗਲ
                
         
 
ਸੁਖ, ਸੰਪਤੀ ਤੇ ਸਮ੍ਰਿਧੀ ਦਾ ਪ੍ਰਤੀਕ ਪੋਂਗਲ ਦਾ ਤਿਉਹਾਰ ਦੱਖਣ ਭਾਰਤ ਦੇ ਤਾਮਿਲਨਾਡੂ ਰਾਜ ਵਿੱਚ ਮਨਾਇਆ ਜਾਣ ਵਾਲਾ ਪ੍ਰਮੁੱਖ ਤਿਉਹਾਰ ਹੈ। ਜਿਸ ਤਰ੍ਹਾਂ ਉੱਤਰ ਭਾਰਤ ਵਿੱਚ ਜਨਵਰੀ ਦੇ ਮਹੀਨੇ ਵਿੱਚ ਮਾਘੀ ਅਤੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ ਦੱਖਣ ਭਾਰਤ ਵਿੱਚ ਪੋਂਗਲ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਮਾਨਤਾ ਹੈ ਕਿ ਪੋਂਗਲ ਤਿਉਹਾਰ ਵਿੱਚ ਕਿਸਾਨ ਆਪਣੀਆਂ ਅਗਲੀਆਂ ਫਸਲਾਂ ਦੀ ਚੰਗੀ ਪੈਦਾਵਾਰ ਲਈ ਪ੍ਰਾਰਥਨਾ ਕਰਦੇ ਹਨ। ਇਸ ਤਿਉਹਾਰ ਨੂੰ ਤਾਮਿਲਨਾਡੂ ਦੇ ਸਾਂਸਕ੍ਰਿਤਕ ਅਤੇ  ਪਰਾਂਪਰਿਕ ਰੀਤੀ ਰਿਵਾਜਾਂ ਨਾਲ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਿੱਚ ਮੁਖ ਤੌਰ ਤੇ ਸੂਰਜ ਭਗਵਾਨ ਦੀ ਪੂਜਾ ਹੁੰਦੀ ਹੈ।
ਇਸ ਤਿਉਹਾਰ ਨੂੰ ਚਾਰ ਦਿਨਾਂ ਤੱਕ ਵੱਖ ਵੱਖ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ। ਪਹਿਲੇ ਦਿਨ ਭੋਗੀ ਪੋਂਗਲ, ਦੂਜੇ ਦਿਨ ਸੂਰਜ ਪੋਂਗਲ, ਤੀਜੇ ਦਿਨ ਮੱਟੂ ਪੋਂਗਲ ਅਤੇ ਚੌਥੇ ਦਿਨ ਨੂੰ ਕੰਨੁਮ ਪੋਂਗਲ ਕਿਹਾ ਜਾਂਦਾ ਹੈ। ਪੋਂਗਲ ਦੇ ਹਰ ਇੱਕ ਦਿਨ ਨੂੰ  ਵੱਖ ਵੱਖ ਪਰੰਪਰਾਵਾਂ ਅਤੇ  ਰੀਤੀ ਰਿਵਾਜਾਂ ਮੁਤਾਬਕ ਮਨਾਇਆ ਜਾਂਦਾ ਹੈ।
ਤਾਮਿਲਨਾਡੂ ਵਿੱਚ ਇਸ ਤਿਉਹਾਰ ਦੇ ਦਿਨ ਤੋਂ ਤਮਿਲ ਦੇ ਤਇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ। ਇਸ ਤਿਉਹਾਰ ਵਿੱਚ ਇੰਦਰ ਦੇਵਤਾ ਅਤੇ ਸੂਰਜ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ। ਪੋਂਗਲ ਵਿੱਚ ਸੁਖ, ਸ਼ਾਂਤੀ ਲਈ ਪ੍ਰਕਿਰਤੀ ਜਿਵੇਂ ਵਰਖਾ, ਧੁੱਪ ਅਤੇ ਖੇਤੀ ਨਾਲ਼ ਸੰਬੰਧਿਤ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ।
 
ਆਓ ਜਾਣੀਏ, ਕਿਵੇਂ ਮਨਾਇਆ ਜਾਂਦਾ ਹੈ ਪੋਂਗਲ:
 
1. ਭੋਗੀ ਪੋਂਗਲ (ਪਹਿਲਾ ਦਿਨ) : ਇਸ ਦਿਨ ਲੋਕ ਆਪਣੇ ਘਰਾਂ ਨੂੰ ਸਾਫ਼ ਕਰਦੇ ਹਨ ਅਤੇ ਪੁਰਾਣੀਆਂ ਤੇ ਬੇਕਾਰ ਚੀਜ਼ਾਂ ਦੀ ਹੋਲੀ ਜਲਾਉਂਦੇ ਹਨ। ਜਿਸ ਵਿੱਚ ਛੋਟੇ ਛੋਟੇ ਢੋਲ ਵਜਾਏ ਜਾਂਦੇ ਹਨ। ਇਸ ਢੋਲ ਨੂੰ ਤਮਿਲ ਵਿੱਚ ਭੋਗੀ ਕੁੱਟੂ ਕਹਿੰਦੇ ਹਨ। ਪੋਂਗਲ ਦਾ ਪਹਿਲਾ ਦਿਨ ਵਰਖਾ ਰੁੱਤ ਦੇ ਰਾਜਾ ਇੰਦਰ ਨੂੰ ਸਮਰਪਿਤ ਕੀਤਾ ਜਾਂਦਾ ਹੈ ਕਿਉਂਕਿ ਇਸੇ ਰੁੱਤ ਵਿੱਚ ਰੁੱਖਾਂ ਤੇ ਨਵੇਂ ਨਵੇਂ ਫੁੱਲ ਤੇ ਪੱਤੇ ਆਉਂਦੇ ਹਨ, ਜਿਨ੍ਹਾਂ ਨੂੰ ਜੀਵਨ ਦੀ ਨਵੀਂ ਸ਼ੁਰੂਆਤ ਦੇ ਪ੍ਰਤੀਕ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ।
2. ਸੂਰਜ ਪੋਂਗਲ (ਦੂਜਾ ਦਿਨ) : ਭੋਗੀ ਤੋਂ ਅਗਲੇ ਦਿਨ ਵੱਡਾ ਪੋਂਗਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਘਰਾਂ ਦੀ ਸਜਾਵਟ ਲਈ ਚੌਲਾਂ ਦੇ ਆਟੇ ਨਾਲ ਫਰਸ਼ ਤੇ ਸੁੰਦਰ ਆਕ੍ਰਿਤੀਆਂ ਬਣਾਉਂਦੇ ਹਨ, ਜਿਨ੍ਹਾਂ ਨੂੰ 'ਕੋਲੱਮ' ਕਿਹਾ ਜਾਂਦਾ ਹੈ। ਕੋਲੱਮ ਸੂਰਜ ਦੇਵਤਾ ਨੂੰ ਸਮਰਪਿਤ ਹੁੰਦਾ ਹੈ। ਪੋਂਗਲ ਦੇ ਦਿਨ ਖਾਸ ਤੌਰ ਤੇ ਲੋਕ ਨਵੇਂ ਭਾਂਡੇ ਖਰੀਦਦੇ ਹਨ ਅਤੇ ਉਸ ਮਿੱਟੀ ਦੇ ਭਾਂਡੇ ਵਿੱਚ ਚੌਲ, ਘੀ, ਸ਼ੱਕਰ ਅਤੇ ਦੁੱਧ ਨੂੰ ਘਰ ਦੇ ਬਾਹਰ ਸੂਰਜ ਦੇਵਤਾ ਦੇ ਸਾਹਮਣੇ ਉਬਾਲਦੇ ਹਨ ਅਤੇ ਇਸ ਨਾਲ ਸੂਰਜ ਦੇਵਤਾ ਦੀ ਪੂਜਾ ਕਰਕੇ ਉਨ੍ਹਾਂ ਨੂੰ ਭੋਗ ਲਾਉਂਦੇ ਹਨ। ਇਸ ਭੋਗ ਨੂੰ 'ਪਗਲ' ਕਿਹਾ ਜਾਂਦਾ ਹੈ।
3. ਮੱਟੂ ਪੋਂਗਲ (ਤੀਜਾ ਦਿਨ) : ਮੱਟੂ ਪੋਂਗਲ ਦੇ ਦਿਨ ਖਾਸ ਤੌਰ ਤੇ ਗਾਵਾਂ ਅਤੇ ਬਲਦਾਂ ਨੂੰ ਸੁੰਦਰਤਾ ਨਾਲ ਉਨ੍ਹਾਂ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਮੱਥੇ ਤੇ ਹਲਦੀ ਕੁਮਕੁਮ ਦਾ ਤਿਲਕ ਲਾ ਕੇ ਫੁੱਲਾਂ ਦੀ ਮਾਲਾ ਪਹਿਨਾ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹਦੇ ਨਾਲ ਹੀ ਤਾਮਿਲਨਾਡੂ ਦੇ ਕੁਝ ਹਿੱਸਿਆਂ ਵਿੱਚ ਇਸ ਦਿਨ ਜੱਲੀਕੱਟੂ ਦੀ ਖੇਡ ਦਾ ਵੀ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਬੈਲਗੱਡੀਆਂ ਦੀ ਦੌੜ ਹੁੰਦੀ ਹੈ। ਇਸ ਵਿੱਚ ਖੇਤੀ ਦੇ ਸੰਦਾਂ ਦਾ ਵੀ ਰੰਗ ਰੋਗਨ ਕੀਤਾ ਜਾਂਦਾ ਹੈ ਅਤੇ ਬਲਦਾਂ ਨੂੰ ਸਜਾਉਣ ਲਈ ਧਾਤ ਦੇ ਔਜ਼ਾਰ ਪਹਿਨਾਏ ਜਾਂਦੇ ਹਨ। ਸ਼ਾਮ ਨੂੰ ਪਿੰਡ ਦੀਆਂ ਔਰਤਾਂ ਗ੍ਰਾਮ ਦੇਵੀ ਦੀ ਪੂਜਾ ਕਰਨ ਲਈ ਮੰਦਰ ਜਾਂਦੀਆਂ ਹਨ।
4. ਕਾਨੁੱਮ ਪੋਂਗਲ (ਚੌਥਾ ਦਿਨ) : ਪੋਂਗਲ ਤਿਉਹਾਰ ਦੇ ਆਖ਼ਰੀ ਦਿਨ ਸਾਰੇ ਲੋਕ ਸਮੂਹਿਕ ਤੌਰ ਤੇ ਭੋਜਨ ਕਰਦੇ ਹਨ। ਇਸ ਦਿਨ ਇਕ ਖਾਸ ਤਰੀਕੇ ਦੀ ਰਸਮ ਵੀ ਹੁੰਦੀ ਹੈ। ਇਹਦੇ ਨਾਲ ਹੀ ਔਰਤਾਂ ਭਾਈ ਦੂਜ ਵਾਂਗ ਆਪਣੇ ਭਰਾਵਾਂ ਦੀ ਆਰਤੀ ਕਰ ਕੇ ਉਨ੍ਹਾਂ ਦੀ ਲੰਮੀ ਉਮਰ ਅਤੇ ਸੁੱਖ ਸਮ੍ਰਿਧੀ ਦੀ ਕਾਮਨਾ ਕਰਦੀਆਂ ਹਨ। ਪਰਿਵਾਰ ਦੇ ਸਾਰੇ ਲੋਕ ਵੱਡਿਆਂ ਦਾ ਆਸ਼ੀਰਵਾਦ ਲੈਂਦੇ ਹਨ।
 
ਪੋਂਗਲ ਨਾਲ ਜੁੜੀ ਕਹਾਣੀ 
 
ਭਾਰਤੀ ਸੰਸਕ੍ਰਿਤੀ ਵਿੱਚ ਮਨਾਏ ਜਾਣ ਵਾਲੇ ਹਰ ਤਿਉਹਾਰ ਨਾਲ ਕੁਝ ਕਥਾਵਾਂ/ਕਹਾਣੀਆਂ ਵੀ ਜੁੜੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਪੋਂਗਲ ਤਿਉਹਾਰ ਨਾਲ ਜੁੜੀਆਂ ਹੋਈਆਂ ਵੀ ਦੋ ਕਥਾਵਾਂ ਮਾਨਤਾ ਅਨੁਸਾਰ ਪ੍ਰਚੱਲਿਤ ਹਨ: 
ਇੱਕ ਪੌਰਾਣਿਕ ਕਥਾ ਅਨੁਸਾਰ ਇੱਕ ਵਾਰ ਭਗਵਾਨ ਸ਼ਿਵ ਨੇ ਆਪਣੇ ਬਲਦ ਬਸਵ ਨੂੰ ਸਵਰਗ ਤੋਂ ਧਰਤੀ ਤੇ ਜਾ ਕੇ ਮਨੁੱਖਾਂ ਨੂੰ ਇਹ ਸੰਦੇਸ਼ ਦੇਣ ਲਈ ਭੇਜਿਆ ਕਿ ਉਨ੍ਹਾਂ ਨੂੰ ਹਰ ਦਿਨ ਤਿਲ ਨਾਲ ਇਸ਼ਨਾਨ ਕਰਾਇਆ ਜਾਵੇ ਅਤੇ ਮਹੀਨੇ ਵਿੱਚ ਇੱਕ ਵਾਰ ਭੋਗ ਲਾਇਆ ਜਾਵੇ। ਪਰ ਬਸਵ ਨੇ ਧਰਤ-ਲੋਕ ਤੇ ਜਾ ਕੇ ਇਹਦਾ ਬਿਲਕੁਲ ਉਲਟਾ ਸੰਦੇਸ਼ ਦੇ ਦਿੱਤਾ। ਜਿਸ ਦੇ ਅਨੁਸਾਰ ਭਗਵਾਨ ਸ਼ਿਵ ਨੂੰ ਮਹੀਨੇ ਵਿੱਚ ਇੱਕ ਵਾਰ ਤਿਲ ਨਾਲ ਇਸ਼ਨਾਨ ਕਰਾਇਆ ਜਾਵੇ ਅਤੇ ਹਰ ਦਿਨ ਭੋਗ ਲਾਇਆ ਜਾਵੇ। ਇਸ ਗੱਲ ਤੇ ਭਗਵਾਨ ਸ਼ਿਵ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਆਪਣੇ ਬਲਦ ਬਸਵ ਨੂੰ ਸਰਾਪ ਦੇ ਦਿੱਤਾ ਕਿ ਹੁਣ ਤੋਂ ਬਾਅਦ ਉਹਨੂੰ ਧਰਤੀ ਤੇ ਹੀ ਰਹਿਣਾ ਹੋਵੇਗਾ ਅਤੇ ਮਨੁੱਖ ਦੀ ਮਦਦ ਲਈ ਹਲ ਜੋਤਣਾ ਹੋਵੇਗਾ। ਇਸੇ ਕਥਾ ਦੀ ਮਾਨਤਾ ਅਨੁਸਾਰ ਪੋਂਗਲ ਦੇ ਦਿਨ ਗਾਵਾਂ ਅਤੇ ਬਲਦਾਂ ਦੀ ਵਿਸ਼ੇਸ਼ ਤੌਰ ਤੇ ਪੂਜਾ ਕੀਤੀ ਜਾਂਦੀ ਹੈ ਅਤੇ ਬਲਦਾਂ ਨੂੰ ਭਗਵਾਨ ਸ਼ਿਵ ਦੇ ਬਲਦ ਬਸਵ ਦਾ ਹੀ ਰੂਪ ਮੰਨਿਆ ਜਾਂਦਾ ਹੈ। 
ਪੋਂਗਲ ਦੇ ਤਿਉਹਾਰ ਨਾਲ ਜੁੜੀ ਇਕ ਹੋਰ ਪੌਰਾਣਿਕ ਕਥਾ ਹੈ, ਜੋ ਭਗਵਾਨ ਕ੍ਰਿਸ਼ਨ ਅਤੇ ਇੰਦਰ ਦੇਵਤਾ ਨਾਲ ਸਬੰਧਤ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੇ ਆਪਣੇ ਬਚਪਨ ਵਿੱਚ ਆਪਣੇ ਪਿੰਡ ਵਾਲਿਆਂ ਨੂੰ ਪ੍ਰਕਿਰਤੀ ਦੀ ਪੂਜਾ ਲਈ ਪ੍ਰੇਰਿਤ ਕੀਤਾ। ਇਸ ਗੱਲ ਤੇ ਇੰਦਰ ਦੇਵਤਾ, ਜਿਨ੍ਹਾਂ ਦੀ ਪੂਜਾ ਪਿੰਡ ਵਿਚ ਸ਼ੁਰੂ ਕੀਤੀ ਜਾ ਰਹੀ ਸੀ, ਬੜੇ ਗੁੱਸੇ ਹੋਏ ਅਤੇ ਉਨ੍ਹਾਂ ਨੇ ਤਿੰਨ ਦਿਨਾਂ ਤਕ ਲਗਾਤਾਰ ਤੂਫ਼ਾਨ ਅਤੇ ਵਰਖਾ ਕੀਤੀ, ਜਿਸ ਨਾਲ ਪੂਰਾ ਦੁਆਰਕਾ ਤਹਿਸ਼-ਨਹਿਸ਼ ਹੋ ਗਿਆ। ਫਿਰ ਸਭ ਦੀ ਰਾਖੀ ਲਈ ਭਗਵਾਨ ਕ੍ਰਿਸ਼ਨ ਨੇ ਗੋਵਰਧਨ ਪਰਬਤ ਨੂੰ ਆਪਣੀ ਛੋਟੀ ਉਂਗਲੀ ਤੇ ਚੁੱਕ ਲਿਆ ਅਤੇ ਪਿੰਡ ਵਾਲਿਆਂ ਦੀ ਰੱਖਿਆ ਕੀਤੀ। ਫਿਰ ਇੰਦਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੂੰ ਭਗਵਾਨ ਕ੍ਰਿਸ਼ਨ ਦੀਆਂ ਸ਼ਕਤੀਆਂ ਦਾ ਅਹਿਸਾਸ ਹੋਇਆ। ਸ੍ਰੀ ਕ੍ਰਿਸ਼ਨ ਨੇ ਵਿਸ਼ਵਕਰਮਾ ਜੀ ਨੂੰ ਦੁਆਰਕਾ ਦਾ ਪੁਨਰ-ਨਿਰਮਾਣ ਕਰਨ ਨੂੰ ਕਿਹਾ ਅਤੇ ਗਵਾਲਿਆਂ ਨੇ ਆਪਣੀਆਂ ਗਾਵਾਂ ਨਾਲ ਫਿਰ ਤੋਂ ਫ਼ਸਲ ਉਗਾਈ। 
ਇਸ ਪੌਰਾਣਿਕ ਕਥਾ ਦੀ ਮਾਨਤਾ ਮੁਤਾਬਕ ਪੋਂਗਲ ਦਾ ਤਿਉਹਾਰ ਹਰ ਸਾਲ ਮਨਾਇਆ ਜਾਣ ਲੱਗਿਆ। 
 
                   ~ ਪ੍ਰੋ. ਨਵ ਸੰਗੀਤ ਸਿੰਘ 

Have something to say? Post your comment