ਕਿੰਝ ਗਾਲ ਦਿੱਤੀ ਜੁਆਨੀ ਹੁਣ ਮਾਯੂਸ ਬੈਠਾ ਹਾਂ,
ਸੱਜਣਾ ਦੇ ਕੀਤੇ ਵਾਅਦਿਆਂ ਉੱਤੇ ਹਾਸਾ ਆਉਂਦਾ ਹੈ।
ਸੱਜਣਾਂ ਦੀਆਂ ਅੱਡੀਆਂ ਝੋਲੀਆਂ ਨੂੰ ਫਲ ਲੱਗਿਆ ਨਹੀਂ,
ਅਫਸੋਸ ਉਹਦੇ ਤੇ ਮਰਨ ਵਾਲਾ ਤਾਂ ਅੱਜ ਵੀ ਜਿਉਂਦਾ ਹੈ।
ਹਰ ਰੋਜ ਤਿੱਖੜ ਦੁਪਹਿਰੇ ਰਿਸ਼ਤੇ ਦੀ ਚਿਖਾ ਬਾਲਦਾਂ ਹਾਂ,
ਮਨ ਤਿਨਕਾ-ਤਿਨਕਾ ਇਕੱਠਾ ਕਰਕੇ ਗਮ ਲਿਆਉਂਦਾ ਹੈ।
ਨਸ਼ੇ ਨਾਲ ਵੀ ਦੱਬਣਾ ਚਾਹਿਆ ਓਹਦੀਆਂ ਯਾਦਾਂ ਨੂੰ,
ਇਹ ਦਿਲ ਕਮਲਾ ਖੌਰੇ ਤੈਨੂੰ ਕਿਓਂ ਨਾ ਭੁਲਾਉਂਦਾ ਹੈ।
ਚਾਅ ਫੌਤ ਹੋ ਗਏ ਰੀਝਾਂ ਨੇ ਖੁਦਕੁਸ਼ੀ ਕਰ ਲਈ ਹੈ,
ਹਰ ਢਲਦਾ ਸੂਰਜ ਰੋਜ ਸੱਜਰਾ ਗਮ ਲਿਆਉਂਦਾ ਹੈ।
ਮੇਰੇ ਨਾਲ ਸੁਪਨੇ ਸੀ ਦੇਖੇ ਉਹ ਪੂਰ ਹੋਰਾਂ ਨਾਲ ਰਹੇ,
ਮਹਿਫ਼ਿਲਾਂ ਵਿੱਚ ਹਰ ਸ਼ਖ਼ਸ ਮੇਰਾ ਮਜ਼ਾਕ ਉਡਾਉਂਦਾ ਹੈ।
ਚੰਗੀ ਭਲੀ ਬਾਗ਼ ਜਈ ਜਿੰਦਗੀ ਵਿੱਚ ਅੱਕ ਬੀਜ ਬੈਠੇ,
ਸ਼ਮਸ਼ਾਨ ਬਣ ਗਏ ਦਿਲ ਨੂੰ ਹੁਣ ਕੁਝ ਨਾ ਭਾਉਂਦਾ ਹੈ।
ਤੇਰੇ ਨਾਲ ਤੁਰੇ ਕੀ ਸਵਾਹ ਤੂੰ ਰਫਤਾ ਰਫਤਾ ਕਰ ਦਿੱਤੇ,
ਤੇਰੇ ਘਰ ਨੂੰ ਜਾਂਦੇ ਰਾਹਾਂ ਤੇ ਮਨਜਿੰਦਰ ਹੁਣ ਨਾ ਆਉਂਦਾ ਹੈ।
ਮਨਜਿੰਦਰ ਸੋਹਲ
ਪਿੰਡ ਕਾਲੇਕੇ।