Thursday, June 26, 2025
24 Punjabi News World
Mobile No: + 31 6 39 55 2600
Email id: hssandhu8@gmail.com

World

ਅੰਬਰਾਂ ਦੀ ਪਰੀ ਡਾ. ਪਰਵਿੰਦਰ ਕੌਰ ਆਸਟਰੇਲੀਆ ਦੀ ਸੰਸਦ ਦੀ ਪਹਿਲੀ ਇਸਤਰੀ ਮੈਂਬਰ

June 19, 2025 11:14 PM

ਅੰਬਰਾਂ ਦੀ ਪਰੀ ਡਾ. ਪਰਵਿੰਦਰ ਕੌਰ ਆਸਟਰੇਲੀਆ ਦੀ ਸੰਸਦ ਦੀ ਪਹਿਲੀ ਇਸਤਰੀ ਮੈਂਬਰ
ਉਜਾਗਰ ਸਿੰਘ
ਕੁੜੀਆਂ ਤੇ ਚਿੜੀਆਂ ਅੰਬਰਾਂ ਦੀਆਂ ਪਰੀਆਂ ਹੁੰਦੀਆਂ ਹਨ। ਇਹ ਪਰੀਆਂ ਅੰਬਰਾਂ ਦੀਆਂ ਉਡਾਣਾ ਭਰ ਸਕਦੀਆਂ ਹਨ, ਬਸ਼ਰਤੇ ਕਿ
ਇਨ੍ਹਾਂ ਦੀਆਂ ਵਾਗਾਂ ਖੁਲ੍ਹੀਆਂ ਛੱਡੀਆਂ ਜਾਣ। ਸਮਾਜਿਕ ਪਾਬੰਦੀਆਂ ਇਨ੍ਹਾਂ ਦੇ ਅੰਬਰਾਂ ਦੀਆਂ ਉਡਾਣਾ ਦੇ ਰਸਤੇ ਦੀ ਰੁਕਾਵਟ ਬਣਦੀਆਂ
ਹਨ। ਮਾਪਿਆਂ ਦੇ ਫ਼ਰਜ਼ ਬਣਦੇ ਹਨ ਕਿ ਉਹ ਲੜਕਿਆਂ ਦੀ ਤਰ੍ਹਾਂ ਇਨ੍ਹਾਂ ਅੰਬਰਾਂ ਦੀਆਂ ਪਰੀਆਂ ਨੂੰ ਵੀ ਆਪਣੀਆਂ ਇਛਾਵਾਂ ਮੁਤਾਬਕ
ਆਪਣੇ ਕੈਰੀਅਰ ਬਣਾਉਣ ਲਈ ਉਡਾਣਾ ਭਰਨ ਦੇ ਰਾਹ ਵਿੱਚ ਰੁਕਾਵਟਾਂ ਨਾ ਖੜ੍ਹੀਆਂ ਕਰਨ, ਸਗੋਂ ਬਰਾਬਰ ਦੇ ਅਧਿਕਾਰ ਦੇਣ।
ਅਜਿਹੀ ਹੀ ਇੱਕ ਅੰਬਰਾਂ ਦੀ ਪਰੀ ਹੈ, ਡਾ ਪਰਵਿੰਦਰ ਕੌਰ ਹੈ, ਜਿਹੜੀ ਆਸਟਰੇਲੀਆ ਦੇ ਅਪਰ ਹਾਊਸ ਭਾਵ ਸੰਸਦ ਦੀ ਮੈਂਬਰ ਚੁਣੀ
ਗਈ ਹੈ। ਭਾਰਤੀ ਮੂਲ ਦੇ ਪੰਜਾਬੀਆਂ ਨੇ ਪਰਵਾਸ ਦੀ ਸਿਆਸਤ ਵਿੱਚ ਵਿਲੱਖਣ ਮਾਅਰਕੇ ਮਾਰੇ ਹਨ। ਹੁਣ ਤੱਕ ਭਾਰਤੀ ਮੂਲ ਦੇ
ਪੰਜਾਬੀਆਂ ਨੇ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਦੀ ਸਿਆਸਤ ਵਿੱਚ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਦੇ ਹੋਏ ਝੰਡੇ ਗੱਡੇ ਸਨ।
ਕੈਨੇਡਾ ਦੀ ਸੰਘੀ ਸਰਕਾਰ ਵਿੱਚ ਤਾਂ ਦੋ ਪੰਜਾਬਣਾਂ ਅਨੀਤਾ ਇੰਦਰਾ ਆਨੰਦ ਅਤੇ ਰੂਬੀ ਸਹੋਤਾ ਮੰਤਰੀ ਹਨ। ਅਮਰੀਕਾ ਵਿੱਚ ਤੁਲਸੀ
ਗਵਾਰਡ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਹੈ। ਪ੍ਰੰਤੂ ਹੁਣ ਆਸਟਰੇਲੀਆ ਦੀ ਸਿਆਸਤ ਵਿੱਚ ਵੀ ਇੱਕ ਪੰਜਾਬਣ ਜੀਵ
ਵਿਗਿਆਨੀ ਡਾ. ਪਰਵਿੰਦਰ ਕੌਰ ਨੇ ਪਹਿਲੀ ਵਾਰ ਉਥੋਂ ਦੀ ਸੰਸਦ ਦੀ ਮੈਂਬਰ ਬਣਕੇ ਪੰਜਾਬਣਾਂ ਦੀ ਲਿਆਕਤ ਦੀ ਛਾਪ ਛੱਡੀ ਹੈ। ਇਹ
ਹੋਰ ਵੀ ਖ਼ੁਸ਼ੀ ਦੀ ਗੱਲ ਹੈ ਕਿ ਪਰਵਿੰਦਰ ਕੌਰ ਆਸਟਰੇਲੀਆ ਦੇ ਅਪਰ ਹਾਊਸ ਦੀ ਮੈਂਬਰ ਚੁਣੀ ਗਈ ਹੈ, ਜਿਥੇ ਚੋਟੀ ਦੇ ਵੱਖ-ਵੱਖ
ਖੇਤਰਾਂ ਦੇ ਮਾਹਿਰਾਂ ਨੂੰ ਹੀ ਚੁਣਿਆਂ ਜਾਂਦਾ ਹੈ। ਉਹ ਆਸਟਰੇਲੀਆ ਦੀ ਸਰਕਾਰ ਚਲਾ ਰਹੀ ਲੇਬਰ ਪਾਰਟੀ ਵੱਲੋਂ ਚੁਣੀ ਗਈ ਹੈ। ਇਸ
ਤੋਂ ਪਹਿਲਾਂ ਉਹ ਡੀ. ਐਨ. ਏ. ਜੂ ਆਸਟਰੇਲੀਆ ਦੀ ਡਾਇਰੈਕਟਰ ਅਤੇ ਯੂਨੀਵਰਸਿਟੀ ਆਫ਼ ਵੈਸਟਰਨ ਆਸਟਰੇਲੀਆ ਦੀ
ਐਸੋਸੀਏਟ ਪ੍ਰੋਫੈਸਰ ਸੀ। ਸਾਲ 2023 ਵਿੱਚ ਅੰਤਰਰਾਸ਼ਟਰੀ ਇਸਤਰੀ ਦਿਵਸ ਦੇ ਮੌਕੇ ‘ਤੇ ਵੈਸਟਰਨ ਆਸਟਰੇਲੀਆ ਦੀਆਂ
ਸਨਮਾਨਤ ਇਸਤਰੀਆਂ ਦੇ ਵਿੱਚ ਉਹ ‘ਵਿਮੈਨ ਆਫ ਦਾ ਯੀਅਰ’ ਚੁਣੀ ਗਈ ਸੀ। ਨੌਜਵਾਨ ਲੜਕੀਆਂ ਲਈ ਪਰਵਿੰਦਰ ਕੌਰ ਪ੍ਰੇਰਨਾ
ਸਰੋਤ ਬਣੇਗੀ। ਪਰਿਵਿੰਦਰ ਕੌਰ ਜੀਵ ਵਿਗਿਆਨ ਦੇ ਖੇਤਰ ਵਿੱਚ ਇੱਕ ਉਦਮੀ ਵੀ ਹੈ, ਉਸਨੇ ਇੱਕ ‘ਐਕਸ ਪਲਾਂਟਾ ਪ੍ਰਾਈਵੇਟ
ਲਿਮਿਟਡ’ ਕੰਪਨੀ ਵੀ ਬਣਾਈ ਹੋਈ ਹੈ, ਜਿਹੜੀ ਇੰਜਿਨੀਅਰਿੰਗ ਅਤੇ ਨੈਚੁਰਲ ਹੈਲਥ ਸਾਲੂਸ਼ਲੂਨਜ਼ ‘ਤੇ ਵੀ ਕੰਮ ਕਰ ਰਹੀ ਹੈ।
ਜ਼ਿੰਦਗੀ ਵਿੱਚ ਸਫਲ ਹੋਣ ਲਈ ਲੋਕਾਂ ਦੀ ਸੇਵਾ ਵਿੱਚ ਜੁੱਟੇ ਰਹਿਣਾ ਚਾਹੀਦਾ ਹੈ। ਫਿਰ ਸਫਲਤਾ ਤੁਹਾਡੇ ਪੈਰ ਚੁੰਮੇਗੀ। ਪਰਵਿੰਦਰ ਕੌਰ
ਨੇ ਆਸਟਰੇਲੀਆ ਦੀ ਸਿਆਸਤ ਵਿੱਚ ਨਵਾਂ ਅਧਿਆਇ ਜੋੜਕੇ ਇਤਿਹਾਸ ਸਿਰਜ ਦਿੱਤਾ ਹੈ। ਇਸ ਤੋਂ ਪਹਿਲਾਂ ਗੁਰਮੇਸ਼ ਸਿੰਘ
ਆਸਟਰੇਲੀਆ ਦੇ ਨਿਊ ਸਾਊਥ ਵੇਲਜ ਤੋਂ ਮੈਂਬਰ ਪਾਰਲੀਮੈਂਟ ਬਣੇ ਸਨ। ਪਰਵਿੰਦਰ ਕੌਰ ਸਮਾਜਿਕ, ਸਾਹਿਤਕ, ਸੰਗੀਤਕ,
ਸੋਪੋਰਟਸ, ਸਭਿਆਚਾਰਕ ਅਤੇ ਧਾਰਮਿਕ ਸਰਗਰਮੀਆਂ ਅਤੇ ਰੇਡੀਓ ਦੇ ਪ੍ਰੋਗਰਾਮਾ ਵਿੱਚ ਵੀ ਹਿੱਸਾ ਲੈਂਦੀ ਰਹਿੰਦੀ ਹੈ। ਇਸੇ ਤਰ੍ਹਾਂ ਗੁਰੂ
ਘਰ ਨੂੰ ਵੀ ਪੂਰੀ ਸਮਰਪਤ ਹੈ। ਉਨ੍ਹਾਂ ਨੇ ਸੰਸਦ ਮੈਂਬਰ ਦੀ ਸਹੁੰ ਵੀ ਜਪੁਜੀ ਸਾਹਿਬ ‘ਤੇ ਹੱਥ ਰੱਖਕੇ ਕੇ ਚੁੱਕੀ ਹੈ।
ਡਾ. ਪਰਵਿੰਦਰ ਕੌਰ ਦਾ ਜਨਮ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਹਿਆਤਪੁਰ ਰੁੜਕੀ ਵਿੱਚ ਮਾਤਾ ਬੀਬੀ ਜਰਨੈਲ ਕੌਰ ਤੇ ਪਿਤਾ ਕਸ਼ਮੀਰ
ਸਿੰਘ ਦੇ ਘਰ ਹੋਇਆ। ਡਾ. ਪਰਵਿੰਦਰ ਕੌਰ ਦੋ ਭੈਣ ਭਰਾ ਹਨ। ਉਸਦਾ ਭਰਾ ਛੋਟਾ ਹੈ। ਪਰਵਿੰਦਰ ਕੌਰ ਦੀ ਸਿੱਖਿਆ ਵੱਖ-ਵੱਖ ਫ਼ੌਜੀ
ਸਕੂਲਾਂ ਵਿੱਚ ਹੋਈ ਕਿਉਂਕਿ ਉਸਦੇ ਪਿਤਾ ਫੌਜ ਵਿੱਚ ਨੌਕਰੀ ਕਰਦੇ ਸਨ, ਉਨ੍ਹਾਂ ਦੀ ਬਦਲੀ ਹੋਣ ਕਰਕੇ ਪਰਿਵਾਰ ਨੂੰ ਉਸਦੇ ਨਾਲ ਹੀ

ਜਾਣਾ ਪੈਂਦਾ ਸੀ ਪ੍ਰੰਤੂ ਬਹੁਤਾ ਸਮਾਂ ਉਸਨੇ ਜਲੰਧਰ ਅਤੇ ਅੰਬਾਲਾ ਕੈਂਟ ਦੇ ਸਕੂਲਾਂ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਪਰਵਿੰਦਰ
ਕੌਰ ਨੇ ਪਟਿਆਲਾ ਵਿਖੇ ਗਿਆਰਵੀਂ ਤੇ ਬਾਰਵੀਂ ਦੀ ਪੜ੍ਹਾਈ ਕੀਤੀ। ਪਰਵਿੰਦਰ ਕੌਰ ਦੀ ਰੁਚੀ ਸਾਇੰਸ ਦੇ ਵਿਸ਼ੇ ਵਿੱਚ ਸੀ ਪ੍ਰੰਤੂ ਉਸਨੇ
ਗਿਆਰਵੀਂ ਵਿੱਚ ਮਿਲੇ-ਜੁਲੇ ਵਿਸ਼ਿਆਂ ਦੀ ਚੋਣ ਕਰ ਲਈ। ਫਿਰ ਉਸਨੂੰ ਮਹਿਸੂਸ ਹੋਇਆ ਕਿ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਕੋਈ
ਨਿਸ਼ਾਨਾ ਨਿਸਚਤ ਕਰਨਾ ਜ਼ਰੂਰੀ ਹੈ। ਉਸਨੇ ਬੀ. ਡੀ. ਐਸ. ਦੀ ਪੜ੍ਹਾਈ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਡਾਕਟਰੀ ਦਾ ਵਿਸ਼ਾ
ਤਾਂ ਚੁਣ ਲਿਆ ਪ੍ਰੰਤੂ ਪਰਵਿੰਦਰ ਕੌਰ ਦੀ ਦਿਲਚਸਪੀ ਤੇ ਪਸੰਦ ਦਾ ਵਿਸ਼ਾ ਜੀਵ-ਵਿਗਿਆਨ ਸੀ। ਪਿਤਾ ਦੇ ਫੌਜ ਵਿੱਚ ਨੌਕਰੀ ਕਰਨ
ਕਰਕੇ ਸਕੂਲਾਂ ਵਿੱਚ ਛੁਟੀਆਂ ਦੇ ਸਮੇਂ ਪਰਵਿੰਦਰ ਕੌਰ ਆਪਣੇ ਮਾਤਾ ਜੀ ਨਾਲ ਆਪਣੇ ਪਿੰਡ ਆ ਕੇ ਰਹਿੰਦੇ ਸਨ। ਜ਼ਿਮੀਦਾਰ ਪਰਿਵਾਰ
ਹੋਣ ਕਰਕੇ ਪਰਵਿੰਦਰ ਕੌਰ ਨੂੰ ਖੇਤੀ ਵਿਗਿਆਨ ਨਾਲ ਮੋਹ ਹੋ ਗਿਆ। ਉਸਨੂੰ ਪਿੰਡ ਰਹਿੰਦਿਆਂ ਮਹਿਸੂਸ ਹੋਇਆ ਕਿ ਕਿਸਾਨ ਨੂੰ
ਅਨਾਜ ਦੇ ਉਤਪਾਦਨ ਵਿੱਚ ਕਿਤਨੀ ਮਿਹਨਤ ਤੇ ਜਦੋਜਹਿਦ ਕਰਨੀ ਪੈਂਦੀ ਹੈ। ਅੰਨਦਾਤਾ ਕਹਾਉਣ ਲਈ ਕਿਸਾਨ ਨੂੰ ਮਿੱਟੀ ਨਾਲ
ਮਿੱਟੀ ਹੋਣਾ ਪੈਂਦਾ ਹੈ। ਇਸਦਾ ਉਸਨੂੰ ਯੋਗ ਇਵਜ਼ਾਨਾ ਨਹੀਂ ਮਿਲਦਾ। ਕਿਸਾਨੀ ਦੇ ਜੀਵਨ ਦੀਆਂ ਤਲਖੀਆਂ ਨੇ ਪਰਵਿੰਦਰ ਕੌਰ ਨੂੰ
ਡਾਕਟਰੀ ਦੀ ਪੜ੍ਹਾਈ ਨੂੰ ਤਿਲਾਂਜ਼ਲੀ ਦੇ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਜੀਵ ਵਿਗਿਆਨ ਦੇ ਵਿਸ਼ੇ ਵਿੱਚ ਦਾਖ਼ਲਾ
ਲੈਣ ਲਈ ਪ੍ਰੇਰਿਆ। ਫਿਰ ਉਸਨੇ ਬੀ. ਐਸ. ਸੀ. ਵਿੱਚ ਦਾਖ਼ਲਾ ਲੈ ਲਿਆ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਇਸ ਕਰਕੇ ਉਸਨੂੰ
ਯੂਨੀਵਰਸਿਟੀ ਨੇ ਵਜੀਫ਼ਾ ਦੇ ਦਿੱਤਾ। ਇਥੋਂ ਪਰਵਿੰਦਰ ਕੌਰ ਦਾ ਜੀਵ ਵਿਗਿਆਨੀ ਦੇ ਤੌਰ ‘ਤੇ ਕੈਰੀਅਰ ਸ਼ੁਰੂ ਹੋ ਗਿਆ। ਫਿਰ ਉਸਨੇ
ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਨ ਲਈ ਸਿਰ ਤੋੜ ਮਿਹਨਤ ਕੀਤੀ, ਜਿਸ ਦੇ ਨਤੀਜੇ
ਵਜੋਂ ਉਸਨੂੰ ਮਾਸਟਰਜ਼ ਵਿੱਚ ਵੀ ਵਜ਼ੀਫਾ ਮਿਲ ਗਿਆ। ਮਾਸਟਰਜ਼ ਵਿੱਚ ਵੀ ਪਰਵਿੰਦਰ ਕੌਰ ਨੇ ਪੜ੍ਹਾਈ ਵਿੱਚ ਬਿਹਤਰੀਨ ਪ੍ਰਦਰਸ਼ਨ
ਕੀਤਾ। ਫਿਰ ਉਸਨੇ ਆਸਟਰੇਲੀਆ ਦੇ ਸ਼ਹਿਰ ਪਰਥ ਦੀ ਮਸ਼ਹੂਰ ਯੂਨੀਵਰਸਿਟੀ ਆਫ਼ ਵੈਸਟਰਨ ਆਸਟਰੇਲੀਆ ਵਿੱਚ ਪੀ. ਐਚ.
ਡੀ. ਕਰਨ ਲਈ ਅਪਲਾਈ ਕੀਤਾ, ਜਿਥੇ ਉਸਨੂੰ ਪੀ. ਐਚ. ਡੀ. ਕਰਨ ਲਈ ਦਾਖ਼ਲ ਕਰਕੇ ਵਜੀਫ਼ਾ ਪ੍ਰਦਾਨ ਕੀਤਾ ਗਿਆ। ਇਸ ਤੋਂ ਵੱਡਾ
ਉਸਦੀ ਕਾਬਲੀਅਤ ਨੂੰ ਪ੍ਰਤੱਖ ਦੀ ਲੋੜ ਨਹੀਂ।

ਪਰਵਿੰਦਰ ਕੌਰ ਦੇ ਮਾਪੇ ਆਰਥਿਕ ਤੌਰ ‘ਤੇ ਪਰਵਾਸ ਵਿੱਚ ਪੜ੍ਹਾਈ ਕਰਵਾਉਣ ਦੀ ਸਮਰੱਥਾ ਨਹੀਂ ਰੱਖਦੇ ਸਨ, ਕਿਉਂਕਿ ਉਹ ਛੋਟੇ
ਜ਼ਿਮੀਦਾਰ ਹਨ। ਦੂਜੇ ਉਸਦੇ ਪਿਤਾ ਫੌਜ ਵਿੱਚੋਂ ਸੇਵਾ ਮੁਕਤ ਹੋ ਚੁੱਕੇ ਸਨ, ਪ੍ਰੰਤੂ ਜਦੋਂ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ
ਆਸਟਰੇਲੀਆ ਵਿੱਚ ਪੜ੍ਹਨ ਜਾਣ ਦੀ ਇੱਛਾ ਰੱਖਦੀ ਹੈ ਤਾਂ ਪਿਤਾ ਹਿਚਕਚਾ ਰਹੇ ਸਨ, ਪ੍ਰੰਤੂ ਪਰਵਿੰਦਰ ਕੌਰ ਨੇ ਦੱਸਿਆ ਕਿ ਪੜ੍ਹਾਈ ਦਾ
ਸਾਰਾ ਖ਼ਰਚਾ ਯੂਨੀਵਰਸਿਟੀ ਉਠਾਏਗੀ। ਪਹਿਲਾਂ ਤਾਂ ਪਰਵਿੰਦਰ ਕੌਰ ਦੇ ਪਿਤਾ ਨੂੰ ਵਿਸ਼ਵਾਸ ਹੀ ਨਹੀਂ ਆ ਰਿਹਾ ਸੀ। ਪਰਿਵਾਰ ਦੀ
ਪ੍ਰਵਾਨਗੀ ਤੋਂ ਬਾਅਦ ਪਰਵਿੰਦਰ ਕੌਰ ਪੀ. ਐਚ. ਡੀ. ਕਰਨ ਲਈ ਆਸਟਰੇਲੀਆ ਪਹੁੰਚ ਗਈ। ਆਸਟਰੇਲੀਆ ਪਹੁੰਚ ਕੇ ਪਰਵਿੰਦਰ
ਕੌਰ ਨੇ ਬੜੀ ਸਖ਼ਤ ਮਿਹਨਤ ਕੀਤੀ। ਪਰਵਿੰਦਰ ਕੌਰ ਨੇ ਖੋਜ ਕਰਦਿਆਂ ਮਹਿਸੂਸ ਕੀਤਾ ਕਿ ਇਨਸਾਨ ਨੂੰ ਆਪਣੀ ਪ੍ਰਤਿਭਾ ਦੀ
ਪਹਿਲਾਂ ਪਛਾਣ ਕਰਨੀ ਚਾਹੀਦੀ ਹੈ। ਫਿਰ ਉਸ ਦਾ ਸਦਉਪਯੋਗ ਕਰਨ ਦੇ ਢੰਗ ਤਰੀਕੇ ਅਪਨਾਉਣੇ ਚਾਹੀਦੇ ਹਨ। ਉਹ ਆਪਣੇ ਆਪ
ਨੂੰ ਖ਼ੁਸ਼ਕਿਸਮਤ ਸਮਝਦੀ ਹੈ ਕਿ ਉਸਨੂੰ ਉਸਦੇ ਸ਼ੌਕ ਅਨੁਸਾਰ ਡੀ. ਐਨ. ਏ.ਵਰਗੇ ਉਸਦੇ ਪਸੰਦੀਦਾ ਵਿਸ਼ੇ ‘ਤੇ ਖੋਜ ਕਰਨ ਦਾ ਮੌਕਾ
ਮਿਲ ਗਿਆ। ਫਿਰ ਉਸਨੇ ਇਸ ਮੌਕੇ ਨੂੰ ਸੰਭਾਲਦਿਆਂ ਦਿ੍ਰੜ੍ਹਤਾ ਅਤੇ ਲਗਨ ਨਾਲ ਖੋਜ ਵਿੱਚ ਦਿਲਚਸਪੀ ਲਈ, ਜਿਸਦੇ ਨਤੀਜੇ ਵਜੋਂ
ਉਸਨੂੰ 10 ਸਾਲ ਦੀ ਮਿਹਨਤ ਦਾ ਫਲ 2010 ਵਿੱਚ ਪੀ. ਐਚ. ਡੀ. ਦੀ ਡਿਗਰੀ ਨਾਲ ਮਿਲਿਆ। ਇਸ ਖੋਜ ਕਾਰਜ ‘ਤੇ ਉਸਦਾ ਇੱਕ

ਧੇਲਾ ਵੀ ਨਹੀਂ ਲੱਗਿਆ, ਸਗੋਂ ਸਾਰਾ ਖ਼ਰਚਾ ਯੂਨੀਵਰਸਿਟੀ ਨੇ ਕੀਤਾ। ਉਹ ਮਹਿਸੂਸ ਕਰਦੀ ਹੈ ਕਿ ਉਸਦੇ ਸ਼ੌਕ ਦੀ ਪੂਰਤੀ ਹੁੰਦੀ ਹੈ ਤੇ
ਨਾਲੇ ਉਸਦੇ ਪੈਸੇ ਮਿਲਦੇ ਹਨ। ਹੁਣ ਤਾਂ ਆਸਟਰੇਲੀਆ ਦੀ ਸਰਕਾਰ ਨੇ ਪਰਵਿੰਦਰ ਕੌਰ ਦੀ ਆਸਟਰੇਲੀਆ ਲਈ ਕੀਤੀ ਖੋਜ ਦਾ ਮੁੱਲ
ਉਸਨੂੰ ਅਪਰ ਹਾਊਸ ਦੀ ਮੈਂਬਰ ਬਣਾ ਕੇ ਪਾ ਦਿੱਤਾ ਹੈ।
ਪਰਵਿੰਦਰ ਕੌਰ ਦੀ ਖੋਜ ਵਿਲੱਖਣ ਹੈ, ਖਾਸ ਤੌਰ ‘ਤੇ ਆਸਟਰੇਲੀਆ ਵਿੱਚ ਪਸ਼ੂਆਂ ਦੀ ਬਿਹਤਰੀ ਲਈ ਕਾਰਗਰ ਸਾਬਤ ਹੋਈ ਹੈ।
ਆਸਟਰੇਲੀਆ ਦੀ ਬਹੁਤ ਵੱਡੀ ਸਮੱਸਿਆ ਸੀ, ਪਸ਼ੂਆਂ ਦੇ ਚਾਰੇ ਵਿੱਚ ਕੁਝ ਅਜਿਹੇ ਖ਼ਤਰਨਾਕ ਤੱਤ ਸਨ, ਜਿਨ੍ਹਾਂ ਕਾਰਨ ਬਹੁਤ ਵਧੇਰੇ
ਮਾਤਰਾ ਵਿੱਚ ਮੀਥੇਨ ਗੈਸ ਬਣਦੀ ਸੀ, ਜੋ ਕਿ ਓਜ਼ੋਨ ‘ਚ ਹੋਏ ਸੁਰਾਖ਼ ਲਈ ਜ਼ਿੰਮੇਵਾਰ ਹੁੰਦੀ ਹੈ। ਆਸਟਰੇਲੀਆ ਵਿੱਚ ਬਣਦੀ ਕੁਲ
ਮੀਥੇਨ ਗੈਸ ਦਾ 40 ਫ਼ੀਸਦੀ ਹਿੱਸਾ ਇਸ ਚਾਰੇ ਨੂੰ ਖਾ ਕੇ ਇਹ ਜਾਨਵਰ ਬਣਾਉਂਦੇ ਸਨ, ਪ੍ਰੰਤੂ ਡਾ ਪਰਵਿੰਦਰ ਕੌਰ ਦੀ ਮਿਹਨਤ ਸਦਕਾ
ਇਸ ‘ਤੇ ਕਾਬੂ ਪੈਣਾ ਸ਼ੁਰੂ ਹੋ ਗਿਆ। ਡਾ. ਪਰਵਿੰਦਰ ਕੌਰ ਦੀ ਦੂਜੀ ਪ੍ਰਾਪਤੀ ਕਰੋਨਾ ਸਮੇਂ ਉਸਨੇ ਖੋਜ ਕੀਤੀ ਕਿ ਕਰੋਨਾ ਦਾ ਡੀ. ਐਨ.
ਏ.ਕੋਡ ਫ਼ਸਲਾਂ ਦੇ ਕੋਡ ਨਾਲੋਂ ਛੋਟਾ ਹੈ, ਪਰ ਇਸ ਦਾ ਸਿੱਧਾ ਇਨਸਾਨ ਦੀ ਸਿਹਤ ਨਾਲ ਸੰਬੰਧ ਹੈ। ਉਸਨੇ ਮਿਹਨਤ ਕਰਕੇ ਕਰੋਨਾ ਦੇ
ਕੋਡ ਨੂੰ ਡੀ ਕੋਡ ਕਰ ਦਿੱਤਾ। ਡਾ. ਪਰਵਿੰਦਰ ਕੌਰ ਖੋਜ ਨੂੰ ਇਤਨੀ ਸਮਰਪਤ ਹੈ ਕਿ ਉਹ ਆਪਣੇ 15 ਦਿਨਾਂ ਦੇ ਲੜਕੇ ਨੂੰ ਆਪਣੇ
ਪਰਿਵਾਰ ਤੇ ਪਤੀ ਕੋਲ ਛੱਡਕੇ ਦੂਜੇ ਦੇਸਾਂ ਵਿੱਚ ਖੋਜ ਕਾਰਜ ਲਈ ਚਲੀ ਗਈ ਸੀ, ਹਾਲਾਂ ਕਿ ਉਹ ਛੇ ਮਹੀਨੇ ਦੀ ਛੁੱਟੀ ਲੈ ਸਕਦੀ ਸੀ
ਪ੍ਰੰਤੂ ਡਾ. ਪਰਵਿੰਦਰ ਕੌਰ ਨੇ ਖੋਜ ਨੂੰ ਪਹਿਲ ਦਿੱਤੀ। ਇਸੇ ਤਰ੍ਹਾਂ ਪਰਵਿੰਦਰ ਕੌਰ ਨੂੰ ਉਸਦੇ ਮਾਪਿਆਂ ਨੇ ਉਸਦੇ ਭਰਾ ਦੀ ਤਰ੍ਹਾਂ ਹੀ
ਸਹੂਲਤਾਂ ਦੇਣ ਸਮੇਂ ਕੋਈ ਫਰਕ ਨਹੀਂ ਰੱਖਿਆ, ਸਗੋਂ ਬਰਾਬਰ ਸਤਿਕਾਰ ਦਿੱਤਾ। ਪਰਵਿੰਦਰ ਕੌਰ ਦਾ ਵਿਆਹ ਉਸਦੇ ਸਕੂਲ ਵਿੱਚ
ਗਿਆਰਵੀਂ ਦੇ ਜਮਾਤੀ ਅਮਿਤ ਨਾਲ ਹੋਇਆ, ਜਿਹੜਾ ਸਕੂਲ ਦੀ ਪੜ੍ਹਾਈ ਸਮੇਂ ਉਸ ਨਾਲ ਮੁਕਾਬਲੇ ਵਿੱਚ ਹੁੰਦਾ ਸੀ। ਜੀਵਨ ਸਾਥੀ ਦੇ
ਤੌਰ ‘ਤੇ ਅਮਿਤ ਦਾ ਸਾਥ ਤੇ ਸਹਿਯੋਗ ਕਾਬਲੇ ਤਾਰੀਫ਼ ਹੈ। ਡਾ. ਪਰਵਿੰਦਰ ਕੌਰ ਬਹੁਪੱਖੀ ਸ਼ਖਸੀਅਤ ਦੀ ਮਾਲਕ ਹੈ।

Have something to say? Post your comment