ਅੰਮ੍ਰਿਤਸਰ : ਪਾਕਿਸਤਾਨ ’ਚ ਬੈਠੇ ਬੱਬਰ ਖ਼ਾਲਸਾ ਦੇ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਵੱਲੋਂ ਮੋਬਾਈਲ ਫੋਨ ਜ਼ਰੀਏ ਫ਼ਿਰੌਤੀ ਮੰਗਣ ਦਾ ਸਿਲਸਿਲਾ ਨਹੀਂ ਰੁਕ ਰਿਹਾ। ਹੁਣ ਰਿੰਦਾ ਨੇ ਵ੍ਹਟਸਐਪ ਕਾਲ ਜ਼ਰੀਏ ਰਮਦਾਸ ਵਾਸੀ ਆੜ੍ਹਤੀ ਨੂੰ ਪੰਜ ਕਰੋੜ ਰੁਪਏ ਦੇਣ ਦੀ ਧਮਕੀ ਦਿੱਤੀ ਹੈ। ਫ਼ਿਲਹਾਲ ਪੁਲਿਸ ਨੇ ਜਾਂਚ ਤੋਂ ਬਾਅਦ ਰਿੰਦਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਘਟਨਾ ਸਬੰਧੀ ਪੁਲਿਸ ਦੇ ਉੱਚ ਅਧਿਕਾਰੀ ਕੁਝ ਨਹੀਂ ਦੱਸ ਰਹੇ। ਇੰਨਾ ਜ਼ਰੂਰ ਦੱਸਿਆ ਕਿ ਆੜ੍ਹਤੀ ਦੇ ਪਰਿਵਾਰ ਨੂੰ ਨੁਕਸਾਨ ਹੋ ਸਕਦਾ ਹੈ।ਰਮਦਾਸ ਥਾਣੇ ਅਧੀਨ ਪੈਂਦੇ ਆਵਾਣ ਪਿੰਡ ਵਾਸੀ ਸੁਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੇਸ਼ੇ ਤੋਂ ਆੜ੍ਹਤੀ ਹੈ ਤੇ ਪਿਛਲੇ ਕਈ ਸਾਲਾਂ ਤੋਂ ਆੜ੍ਹਤ ਦਾ ਕੰਮ ਕਰ ਰਿਹਾ ਹੈ। ਇਹੀ ਨਹੀਂ, ਉਸ ਦੀ ਇਕ ਗੈਸ ਏਜੰਸੀ ਵੀ ਹੈ। 17 ਅਪ੍ਰੈਲ ਨੂੰ ਉਹ ਆਪਣੇ ਰਿਸ਼ਤੇਦਾਰ ਕੋਲ ਬੈਠੇ ਸਨ। ਉਸ ਦੌਰਾਨ ਉਨ੍ਹਾਂ ਦੇ ਮੋਬਾਈਲ ’ਤੇ ਇਕ ਵਿਦੇਸ਼ੀ ਵ੍ਹਟਸਐਪ ਨੰਬਰ ਤੋਂ ਕਾਲ ਆਈ ਸੀ। ਜਦੋਂ ਉਨ੍ਹਾਂ ਨੇ ਮੋਬਾਈਲ ’ਤੇ ਗੱਲ ਕਰਨੀ ਸ਼ੁਰੂ ਕੀਤੀ ਤਾਂ ਮੁਲਜ਼ਮ ਨੇ ਦੱਸਿਆ ਕਿ ਉਹ ਰਿੰਦਾ ਬੋਲ ਰਿਹਾ ਹੈ ਤੇ ਉਸ ਤੋਂ ਪੰਜ ਕਰੋੜ ਰੁਪਏ ਚਾਹੁੰਦਾ ਹੈ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਤਾਂ ਉਹ ਉਸ (ਆੜ੍ਹਤੀ) ਨੂੰ ਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਏਗਾ। ਡਰ ਦੇ ਮਾਰੇ ਉਸ ਨੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਦੇ ਮੋਬਾਈਲ ’ਤੇ ਇਕ ਵਾਇਸ ਮੈਸੇਜ ਵੀ ਭੇਜਿਆ। ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਮੁਲਜ਼ਮ ਰਿੰਦਾ ਨੇ ਪੰਜ ਕਰੋੜ ਦੀ ਫ਼ਿਰੌਤੀ ਸ਼ਨਿਚਰਵਾਰ ਨੂੰ ਮੁੜ ਕਾਲ ਕਰ ਕੇ ਮੰਗੀ ਹੈ।
ਰਿੰਦਾ ਬੋਲਿਆ, ਭਾਵੇਂ ਸੁਰੱਖਿਆ ਲੈ ਲਾ ਤਾਂ ਵੀ ਮਾਰ ਦਿਆਂਗਾ
ਅੱਤਵਾਦੀ ਰਿੰਦਾ ਨੇ ਵਾਇਸ ਰਿਕਾਰਡਿੰਗ ’ਚ ਆੜ੍ਹਤੀ ਨੂੰ ਧਮਕੀ ਦਿੱਤੀ ਕਿ ਪੈਸੇ ਤਾਂ ਉਹ ਲੈ ਹੀ ਲਵੇਗਾ। ਤੂੰ ਜਿਹੜੀ ਸਕਿਓਰਿਟੀ ਲੈਣੀ ਹੈ, ਲੈ ਲਾ ਤਾਂ ਵੀ ਮਾਰ ਦਿਆਂਗਾ। ਉੱਧਰ, ਪੁੁਲਿਸ ਅਧਿਕਾਰੀਆਂ ਨੇ ਆੜ੍ਹਤੀ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਬਾਰੇ ਡੀਜੀਪੀ ਦਫ਼ਤਰ ਨੂੰ ਵੀ ਮੇਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਗੈਂਗਸਟਰ ਹੈਪੀ ਪਛੀਆ ਦੇ ਗੁਰਗਿਆਂ ਨੇ ਗੁਰਦਾਸਪੁਰ ਦੇ ਨੌਜਵਾਨ ਸ਼ੇਰਾ ਦੀ ਹੱਤਿਆ ਕਰ ਦਿੱਤੀ ਸੀ। ਸ਼ੇਰਾ ਗੈਂਗਸਟਰਾਂ ਦਾ ਕੰਮ ਛੱਡ ਕੇ ਪੁਲਿਸ ਦੀ ਸਹਾਇਤਾ ਕਰਨ ਲੱਗਾ ਸੀ।