ਬਿਲਾਸਪੁਰ, ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਬਿਲਾਸਪੁਰ ਜ਼ਿਲ੍ਹੇ ਦੇ ਬਰਠੀ ਨੇੜੇ ਭਾਨਲੂ ਵਿੱਚ ਇੱਕ ਨਿੱਜੀ ਬੱਸ ਲੈਂਡ ਸਲਾਈਡ ਕਾਰਨ ਮਲਬੇ ਹੇਠ ਦੱਬ ਗਈ। ਇਸ ਹਾਦਸੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹੋਰ ਯਾਤਰੀਆਂ ਬੱਸ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਇੱਕ ਬੱਚੇ ਅਤੇ ਤਿੰਨ ਹੋਰ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ।
ਹਾਦਸਾ ਸ਼ਾਮ 6:25 ਵਜੇ ਦੇ ਕਰੀਬ ਵਾਪਰਿਆ। ਬੱਸ ਮਰੋਤਨ ਤੋਂ ਘੁਮਾਰਵੀਂ ਜਾ ਰਹੀ ਸੀ, ਜਦੋਂ ਪੂਰੀ ਪਹਾੜੀ ਢਹਿ ਗਈ ਅਤੇ ਬੱਸ ‘ਤੇ ਡਿੱਗ ਪਈ। ਬੱਸ ਦੀ ਸਿਰਫ਼ ਛੱਤ ਦਿਖਾਈ ਦੇ ਰਹੀ ਸੀ ਅਤੇ ਇਹ ਲਗਭਗ 8 ਤੋਂ 10 ਫੁੱਟ ਮਲਬੇ ਹੇਠ ਦੱਬੀ ਹੋਈ ਸੀ। ਸਥਾਨਕ ਨਿਵਾਸੀਆਂ ਨੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ।
ਰਾਹਤ ਅਤੇ ਬਚਾਅ ਕਾਰਜ ਜਾਰੀ
ਬੱਸ ਵਿੱਚ ਲਗਭਗ 25 ਤੋਂ 30 ਯਾਤਰੀ ਸਵਾਰ ਸਨ। ਮਲਬਾ ਅਤੇ ਪੱਥਰ ਬੱਸ ਦੀ ਛੱਤ ‘ਤੇ ਡਿੱਗਣ ਕਾਰਨ ਬੱਸ ਬੁਰੀ ਤਰ੍ਹਾਂ ਨੁਕਸਾਨੀ ਹੋ ਗਈ। ਬਚਾਅ ਕਾਰਜ ਜੇਸੀਬੀ ਦੀ ਵਰਤੋਂ ਨਾਲ ਚਲ ਰਹੇ ਹਨ। ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਭਾਰੀ ਮਲਬੇ ਅਤੇ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਬਚਾਅ ਕਾਰਜ ਬਹੁਤ ਸਾਵਧਾਨੀ ਨਾਲ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਮੁੱਖ ਮੰਤਰੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਸਥਾਨਕ ਹਸਪਤਾਲਾਂ ਨੂੰ ਜ਼ਖਮੀਆਂ ਦੇ ਤੁਰੰਤ ਇਲਾਜ ਅਤੇ ਢੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ।