ਲੰਡਨ - ਪੰਜਾਬ ਦੇ ਇੱਕ ਲੱਚਰ ਗਾਇਕ ਅਮਰ ਚਮਕੀਲਾ ਕਤਲ ਕਾਂਡ ਦੀ ਆੜ ਹੇਠ ਸਿੱਖ ਦੁਸ਼ਮਣ ਜਮਾਤ ਵਲੋਂ ਵੱਖ ਵੱਖ ਤਰੀਕਿਆਂ ਨਾਲ ਸਿੱਖ ਸੰਘਰਸ਼ ਬਾਰੇ ਗਲਤ ਧਾਰਨਾਵਾਂ ਲੋਕਾਂ ਦੀ ਮਾਨਸਿਕਤਾ ਵਿੱਚ ਭਰੀਆਂ ਜਾ ਰਹੀਆਂ ਹਨ। ਜੋ ਕਿ ਬਹੁਤ ਗਲਤ ਹਨ ਅਤੇ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ। ਯੂ,ਕੇ ਦੀਆਂ ਸਿੱਖ ਜਥੇਬੰਦੀਆਂ ਵਲੋਂ ਚਮਕੀਲਾ ਕਤਲ ਕਾਂਡ ਨੂੰ ਚਮਕੀਲਾ ਸੋਧਕ ਕਾਂਡ ਆਖਦਿਆਂ ਇਸ ਵਿੱਚ ਸ਼ਾਮਲ ਸਿੰਘਾਂ ਦੀ ਜੋਰਦਾਰ ਪ੍ਰਸੰਸਾ ਕੀਤੀ ਗਈ ਹੈ । ਲੱਚਰ ਗਾਇਕੀ ਜਾਰੀ ਰੱਖਣ ਕਰਕੇ ,ਖਾੜਕੂਆਂ ਨੂੰ ਪੈਸੇ ਦੇਣ ਦੀਆਂ ਝੂਠੀਆਂ ਗੱਲਾਂ( ਗੱਪਾਂ ) ਫੈਲਾ ਕੇ ਸਿੱਖ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਭਾਈ ਗੁਰਜੀਤ ਸਿੰਘ ਨੂੰ ਬਦਨਾਮ ਕਰਨ ਦੇ ਦੋਸ਼ੀ ਅਤੇ ਖਾੜਕੂਆਂ ਨੂੰ ਵੰਗਾਰਨ ਵਰਗੇ ਤਿੰਨ ਪ੍ਰਮੁੱਖ ਕਾਰਨਾਂ ਕਰਕੇ ਖਾਲਿਸਤਾਨ ਕਮਾਂਡੋ ਫੋਰਸ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਿੰਘਾਂ ਵਲੋਂ ਇਸ ਨੂੰ ਸੋਧਿਆ ਗਿਆ ਸੀ ਜੋ ਕਿ ਸਮੇਂ ਮੁਤਾਬਿਕ ਬਹੁਤ ਜਰੂਰੀ ਸੀ । ਚਮਕੀਲਾ ਸੋਧਕ ਕਾਂਡ ਨੂੰ ਹਰ ਪੱਖ ਤੋਂ ਜਾਇਜ ਠਹਿਰਾਉਂਦਿਆਂ ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਸ ਖਾੜਕੂ ਐਕਸ਼ਨ ਦੀ ਡੱਟ ਕੇ ਹਿਮਾਇਤ ਕੀਤੀ ਗਈ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਸਿੱਖ ਫੈਡਰੇਸ਼ਨ ਯੂ,ਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਤਰਸੇਮ ਸਿੰਘ ਦਿਓਲ, ਸ੍ਰੋਮਣੀ ਅਕਾਲੀ ਦਲ ਯੂ,ਕੇ ਦੇ ਪ੍ਰਧਾਨ ਭਾਈ ਗੁਰਦੇਵ ਸਿੰਘ ਚੋਹਾਨ, ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਬੈਂਸ, ਧਰਮਯੁੱਧ ਜਥਾ ਦਮਦਮੀ ਟਕਸਾਲ ਯੂ,ਕੇ ਦੇ ਮੁੱਖੀ ਭਾਈ ਬਲਵਿੰਦਰ ਸਿੰਘ ਵੁਲਵਰਹੈਂਪਟਨ, ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਭਾਈ ਗੁਰਮੇਜ ਸਿੰਘ ਗਿੱਲ, ਧਰਮਯੁੱਧ ਜਥਾ ਦਮਦਮੀ ਟਕਸਾਲ ਟਿਵੀਡੇਲ ਦੇ ਮੁੱਖੀ ਭਾਈ ਚਰਨ ਸਿੰਘ ਅਤੇ ਬੱਬਰ ਅਕਾਲੀ ਆਰਗੇਨਾਈਜ਼ੇਸ਼ਨ ਯੂ,ਕੇ ਦੇ ਭਾਈ ਕੁਲਦੀਪ ਸਿੰਘ ਨਿਹੰਗ ਨੇ ਆਖਿਆ ਕਿ ਸਿੱਖ ਸੰਘਰਸ਼ ਦੇ ਦੋਖੀਆਂ ਵਲੋਂ ਜਾਣਬੁੱਝ ਕੇ ਸਿੱਖ ਸੰਘਰਸ਼ ਅਤੇ ਸਿੱਖ ਸ਼ਹੀਦਾਂ ਪ੍ਰਤੀ ਗਲਤ ਪ੍ਰਚਾਰ ਕਰਨ ਲਈ ਤਰਾਂ ਤਰਾਂ ਦੇ ਮਨਸੂਬੇ ਘੜੇ ਜਾ ਰਹੇ ਹਨ। ਸਿੱਖ ਜਥੇਬੰਦੀਆਂ ਵਲੋਂ ਸਪੱਸ਼ਟ ਕੀਤਾ ਗਿਆ ਕਿ ਚਮਕੀਲਾ ਸੋਧਕ ਕਾਂਡ ਦਾ ਸਬੰਧ ਜਾਤੀਵਾਦ ਨਾਲ ਬਿਲਕੁਲ ਨਹੀ ਸੀ ਕਿਉਂ ਕਿ ਸਿੱਖ ਧਰਮ ਵਿੱਚ ਜਾਤ ਪਾਤ ,ਭਿੰਨ ਭੇਦ ਦਾ ਕੋਈ ਸੰਕਲਪ ਹੀ ਨਹੀਂ ਹੈ। ਸਿੱਖ ਜਥੇਬੰਦੀਆਂ ਵਲੋਂ ਜਿੱਥੇ ਸਿੱਖ ਸੰਘਰਸ਼ ਅਤੇ ਸਿੱਖ ਸ਼ਹੀਦਾਂ ਦੇ ਸਤਿਕਾਰਤ ਅਕਸ ਨੂੰ ਬਰਕਰਾਰ ਰੱਖਣ ਦਾ ਅਹਿਦ ਕੀਤਾ ਗਿਆ ਉੱਥੇ ਨੱਚਾਰਾਂ,ਗਾਇਕਾਂ ਅਤੇ ਐਕਟਰਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਉਹ ਸਿੱਖ ਧਰਮ, ਸਿੱਖ ਸੰਘਰਸ਼ ਅਤੇ ਸਿੱਖ ਸ਼ਹੀਦਾਂ ਬਾਰੇ ਕੋਈ ਭੰਬਲ ਭੂਸਾ ,ਵਾਦ ਵਿਵਾਦ ਪੈਦਾ ਕਰਨ ਜਾਂ ਉਹਨਾਂ ਦੇ ਸਤਿਕਾਰ ਨੂੰ ਸੱਟ ਮਾਰਨ ਤੋਂ ਗੁਰੇਜ਼ ਕਰਨ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਵਲੋਂ ਕੀਤਾ ਜਾ ਰਹੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਸਿੱਖ ਕੌਮ ਨੰ ਡੱਟ ਕੇ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਉਸ ਅਦੇਸ਼ ਦੀ ਸਖਤ ਅਲੋਚਨਾ ਕੀਤੀ ਗਈ ਜਿਸ ਵਿੱਚ ਮੋਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੂੰ ਖਤਮ ਕਰਵਾਉਣ ਲਈ ਆਖਿਆ ਗਿਆ ਹੈ। ਉਕਤ ਫੈਂਸਲਾ ਜਿੱਥੇ ਸਿੱਖ ਵਿਰੋਧੀ ਅਤੇ ਪੱਖਪਾਤੀ ਹੈ ਉੱਥੇ ਇਸ ਨਾਲ ਭਾਜਪਾ ਦੇ ਪੱਖ ਹਿੰਦੂ ਵੋਟ ਭਗਤਾਉਣ ਦਾ ਅਦਿੱਖ ਯਤਨ ਜਾਪਦਾ ਹੈ। ਸਿੱਖ ਵਿਰੋਧੀ ਲਾਬੀ ਨੂੰ ਖੁਸ਼ ਕਰਨ ਦਾ ਇਹ ਇੱਕ ਏਜੰਡਾ ਹੈ। ਕਿਉ ਕਿ ਸਿੱਖ ਨੌਜਵਾਨ ਢਾਈ ਢਾਈ ,ਤਿੰਨ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਅਦਾਲਤਾਂ ਵਲੋਂ ਸੁਣਾਈ ਗਈ ਸਜਾ ਨਾਲੋਂ ਡਬਲ ਤੋਂ ਵੀ ਵੱਧ ਕੈਦਾਂ ਕੱਟ ਚੁੱਕੇ ਹਨ ।