Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Article

'ਖ਼ਾਲਸਾ ਵਹੀਰ’ ਪਾਤਸ਼ਾਹੀ ਪੈਂਡਾ ਹੈ

December 06, 2022 11:27 PM
'ਖ਼ਾਲਸਾ ਵਹੀਰ’ ਪਾਤਸ਼ਾਹੀ ਪੈਂਡਾ ਹੈ
 
ਵਾਰਿਸ ਪੰਜਾਬ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਰੋਡੇ ਪਿੰਡ ’ਚ ਆਪਣੀ ਦਸਤਾਰਬੰਦੀ ਦੌਰਾਨ ਸਟੇਜ ’ਤੇ ਸੰਗਤਾਂ ਨਾਲ਼ ਵਿਚਾਰਾਂ ਦੀ ਸਾਂਝ ਕਰਦਿਆਂ ਸੀ ਕਿ “ਅੱਜ ਤੁਸੀਂ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਉੱਤੇ ਸਾਡੇ ਸੱਦੇ ’ਤੇ ਹਜ਼ਾਰਾਂ ਦੀ ਗਿਣਤੀ ’ਚ ਪਹੁੰਚ ਕੇ ਪਿਆਰ ਦੇਣ ਆਏ ਹੋ ਤੁਹਾਡਾ ਸਭ ਦਾ ਧੰਨਵਾਦ। ਪਰ ਹੁਣ ਅਸੀਂ ਵਾਰ-ਵਾਰ ਇਕੱਠ ਕਰ ਕੇ ਤੁਹਾਨੂੰ ਨਹੀਂ ਬੁਲਾਵਾਂਗੇ, ਸਗੋਂ ਖੁਦ ਤੁਹਾਡੇ ਪਿੰਡੋਂ-ਪਿੰਡ ਚਲ ਕੇ ਆਵਾਂਗੇ ਅਤੇ ਸਿੱਖੀ ਪ੍ਰਚਾਰ ਤੇ ਕੌਮ ਦੀ ਅਜ਼ਾਦੀ ਦੀ ਲਹਿਰ ਬੁਲੰਦ ਕਰਾਂਗੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਾਵਾਂਗੇ, ਅੰਮ੍ਰਿਤ ਸੰਚਾਰ ਲਹਿਰ ਚਲਾਵਾਂਗੇ।” 
ਹੁਣ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਵੱਲੋਂ ਮਿਤੀ 23 ਨਵੰਬਰ 2022 ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤਕ ‘ਖ਼ਾਲਸਾ ਵਹੀਰ’ ਅਰੰਭ ਹੋ ਚੁੱਕੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰੰਭਤਾ ਦੀ ਅਰਦਾਸ ਸਮੇਂ ਹਜ਼ਾਰਾਂ ਸਿੱਖ ਸੰਗਤਾਂ ਦਾ ਭਰਵਾਂ ਇਕੱਠ ਸੀ। ਜਦ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ’ਚ ਖ਼ਾਲਸਾਈ ਜਾਹੋ-ਜਲਾਲ ਨਾਲ਼ ਸਿੱਖ ਨੌਜਵਾਨ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ’ਚ ਦਾਖਲ ਹੋਏ ਤਾਂ ਕੋਈ ਕਹਿ ਰਿਹਾ ਸੀ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਯਾਦ ਆ ਗਈ, ਕੋਈ ਕਹਿੰਦਾ ਕਿ ਜੁਝਾਰੂ ਸਿੰਘਾਂ ਦੀ ਯਾਦ ਆ ਗਈ ਤੇ ਕਿਸੇ ਨੇ ਕਿਹਾ ਕਿ 1986 ਦੇ ਸਰਬੱਤ ਖ਼ਾਲਸਾ ਦੀਆਂ ਯਾਦਾਂ ਤਾਜੀਆਂ ਹੋ ਗਈਆਂ।  
ਉਸ ਦਿਨ ਦਾਸ ਵੀ ਆਪਣੇ ਸਾਥੀਆਂ ਸਮੇਤ ਓਥੇ ਮੌਜੂਦ ਸੀ ਤੇ ਇਸ ਇਤਿਹਾਸਕ ਨਜ਼ਾਰੇ ਨੂੰ ਅੱਖੀਂ ਤੱਕਿਆ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਖ਼ਾਲਸਾ ਵਹੀਰ ਦੀ ਸ਼ੁਰੂਆਤ ਸਮੇਂ ਅਸੀਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਸਿਰੋਪਾਉ ਅਤੇ ‘ਖ਼ਾਲਸਾ ਫ਼ਤਹਿਨਾਮਾ’ ਰਸਾਲਾ ਵੀ ਭੇਂਟ ਕੀਤਾ ਤੇ ਪਹਿਲੇ ਪੜਾਅ ਤਕ ਖ਼ਾਲਸਾ ਵਹੀਰ ਦਾ ਅਨੰਦ ਮਾਣਿਆ। ਖ਼ਾਲਸਾ ਵਹੀਰ ’ਚ ਪਾਲਕੀ ਵਾਲ਼ੀ ਬੱਸ ’ਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਸ਼ੋਬਿਤ ਸਨ ਤੇ ਹਜ਼ਾਰਾਂ ਸੰਗਤਾਂ ਬੜੇ ਚਾਅ ਤੇ ਉਤਸ਼ਾਹ ਨਾਲ਼ ਦਰਸ਼ਨ ਕਰ ਰਹੀਆਂ ਸਨ। ਅਗਲੇ ਪਾਸੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਘੋੜਿਆਂ ’ਤੇ ਸਵਾਰ ਸਨ, ਸਾਰੇ ਸਿੰਘ ਸ਼ਸਤਰਧਾਰੀ ਅਤੇ ਤਿਆਰ-ਬਰ-ਤਿਆਰ ਤੇ ਚੜ੍ਹਦੀ ਕਲਾ ’ਚ ਸਨ। 
ਖ਼ਾਲਸਾ ਵਹੀਰ ਦਾ ਬੁਲੰਦ ਜੋਸ਼, ਜਜ਼ਬਾ ਅਤੇ ਜਲਵਾ ਤੇ ਰੂਹਾਨੀਅਤ ਵਰਤਾਰਾ ਕੋਈ ਅਗੰਮੀ ਬਾਤ ਹੀ ਪਾ ਰਿਹਾ ਸੀ। ਇਸ ਇਤਿਹਾਸਕ ਵਰਤਾਰੇ ਨਾਲ ਅਨੇਕਾਂ ਨੌਜਵਾਨ ਆਪਣੇ ਧਰਮ, ਇਤਿਹਾਸ ਅਤੇ ਬਾਣੀ-ਬਾਣੇ ਨਾਲ ਜੁੜ ਰਹੇ ਹਨ, ਖੰਡੇ ਬਾਟੇ ਦਾ ਅੰਮ੍ਰਿਤ ਛਕ ਰਹੇ ਹਨ ਤੇ ਖ਼ਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਨੂੰ ਵੀ ਬਲ ਮਿਲ਼ ਰਿਹਾ ਹੈ। ਖ਼ਾਲਸਾ ਵਹੀਰ 'ਚ ਸ਼ਾਮਲ ਹੋ ਕੇ ਹਰ ਸਿੱਖ ਆਪਣੇ ਧੰਨਭਾਗ ਸਮਝ ਰਿਹਾ ਹੈ, ਇਹ ਵਾਹਿਗੁਰੂ ਦੀ ਕਲਾ ਹੈ। 
ਇਸ ਸਰਗਰਮੀ ਨਾਲ਼ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਵਿਰੋਧੀ, ਹਿੰਦ ਹਕੂਮਤ, ਹਿੰਦੂ ਕੱਟੜਪੰਥੀ, ਭਾਜਪਾ, ਕਾਂਗਰਸ, ਬਾਦਲ ਦਲ ਤੇ ਝਾੜੂ ਪਾਰਟੀ ਵਾਲੇ ਚਾਰੇ ਖਾਨੇ ਚਿੱਤ ਹੋ ਚੁੱਕੇ ਹਨ। ਇਸ ਖ਼ਾਲਸਾਈ ਜਲੌਅ ਨੂੰ ਕੋਈ ਨਹੀਂ ਰੋਕ ਸਕਦਾ, ਹੁਣ ਪੰਥ ਅਤੇ ਪੰਜਾਬ ਦਾ ਭਵਿੱਖ ਰੁਸ਼ਨਾਇਆ ਜਾਏਗਾ। ਭਾਈ ਅੰਮ੍ਰਿਤਪਾਲ ਸਿੰਘ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਨ, ਸਿੱਖ ਜਵਾਨੀ ’ਚ ਵੱਡਾ ਬਦਲਾਅ ਵੇਖਣ ਨੂੰ ਮਿਲ਼ੇਗਾ।
ਖ਼ਾਲਸਾ ਵਹੀਰ (ਨਗਰ ਕੀਰਤਨ) ਨਾਲ਼ ਵੱਖ-ਵੱਖ ਸਥਾਨਾਂ 'ਤੇ ਸਿੱਖੀ ਪ੍ਰਚਾਰ ਦੇ ਪ੍ਰਵਾਹ ਚੱਲ ਰਹੇ ਹਨ, ਨੌਜਵਾਨ ਨਸ਼ਿਆਂ ਅਤੇ ਪਤਿਤਪੁਣੇ ਦਾ ਤਿਆਗ ਕਰ ਰਹੇ ਹਨ, ਸਿੱਖ ਸੰਗਤਾਂ 'ਚ ਜਾਗ੍ਰਿਤੀ ਆ ਰਹੀ ਹੈ, ਨੌਜਵਾਨ ਆਪਣੇ ਧਰਮ-ਇਤਿਹਾਸ ਅਤੇ ਸੱਭਿਆਚਾਰ ਤੇ ਬਾਣੀ-ਬਾਣੇ ਨਾਲ਼ ਜੁੜ ਰਹੇ ਹਨ, ਆਪਣੇ ਮੂਲ ਦੀ ਪਛਾਣ ਕਰ ਰਹੇ ਹਨ, ਧਾਰਮਿਕ ਅਤੇ ਪੰਥਕ ਖਲਾਅ ਪੂਰਿਆ ਜਾ ਰਿਹਾ ਹੈ, ਖ਼ਾਲਿਸਤਾਨੀ ਸੰਘਰਸ਼ ਆਪਣੇ ਸਫ਼ਰ ਵੱਲ ਅੱਗੇ ਤੇਜੀ ਨਾਲ਼ ਵਧ ਰਿਹਾ ਹੈ। 
ਇਹ 'ਖ਼ਾਲਸਾ ਵਹੀਰ' ਸਾਨੂੰ ਅਠਾਰ੍ਹਵੀਂ ਸਦੀ ਦੇ ਪੁਰਾਤਨ ਸਿੰਘਾਂ ਦੀ ਯਾਦ ਦਿਵਾਅ ਰਹੀ ਹੈ। ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੇ ਵੀ ਇਸੇ ਤਰ੍ਹਾਂ 37 ਨਗਰ ਕੀਰਤਨ ਕੱਢਦਿਆਂ ਨਾਅਰਾ ਦਿੱਤਾ ਸੀ ‘ਸਿਰ ਜਾਵੇ ਤਾਂ ਜਾਵੇ ਸਾਡਾ ਸਿੱਕੀ ਸਿਦਕ ਨਾ ਜਾਵੇ।’ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਵੀ ਇਸੇ ਤਰ੍ਹਾਂ ਦੇਸ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ’ਚ ਵਿਚਰ ਕੇ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਦੇ ਰਹੇ ਤੇ ਉਹਨਾਂ ਨਾਅਰਾ ਦਿੱਤਾ ਸੀ ਕਿ ‘ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ।’ ਹੁਣ ਫਿਰ ਉਸੇ ਵਰਤਾਰੇ ਦਾ ਅਹਿਸਾਸ ਹੋ ਰਿਹਾ ਹੈ, ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਨੌਜਵਾਨੋ ਆਪਣੇ ਸਿਰ ਗੁਰੂ ਨੂੰ ਭੇਟਾ ਕਰੋ, ਅੰਮ੍ਰਿਤ ਛਕੋ ਤੇ ਧਰਮ ਦੇ ਰਾਹ ਤੁਰੋ। ਅਖੰਡ ਕੀਰਤਨੀ ਜਥੇ ਦੇ ਸ਼ਹੀਦ ਭਾਈ ਫ਼ੌਜਾ ਸਿੰਘ ਜੀ, ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਬੱਬਰ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ ਵੱਲੋਂ ਵੀ ਅਜਿਹੇ 'ਖ਼ਾਲਸਾ ਵਹੀਰ' ਪਿੰਡਾਂ-ਪਿੰਡਾਂ ਵਿੱਚ ਕੀਤੇ ਜਾਂਦੇ ਸਨ। ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਵੀ ਗੁਰਮਤਿ ਕੈਂਪ ਲਗਦੇ ਸਨ। ਅਸੀਂ ਵੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਵੱਲੋਂ 2014-15 ’ਚ ਮਾਝੇ ਦੇ ਪਿੰਡਾਂ-ਪਿੰਡਾਂ ’ਚ ਵਿਚਰ ਕੇ ਗੁਰਮਤਿ ਸਮਾਗਮਾਂ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਤੋਰੀ ਸੀ। 
ਇਹ ਰਵਾਇਤ ਇੱਕ ਵਾਰ ਫਿਰ ਦੁਬਾਰਾ ਸੁਰਜੀਤ ਹੋਈ ਹੈ। ਤਾਂਹੀਂ ਤਾਂ ਸਰਕਾਰ ਨੂੰ ਡਰ ਇਕੱਲਾ ਅੰਮ੍ਰਿਤਪਾਲ ਸਿੰਘ ਤੋਂ ਹੀ ਨਹੀਂ ਬਲਕਿ ਅੰਮ੍ਰਿਤਪਾਨ ਤੋਂ ਲਗ ਰਿਹਾ ਹੈ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰ ਰਹੇ ਹਨ। ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਕਿਹਾ ਕਰਦੇ ਸਨ ਕਿ “ਹਰ ਅੰਮ੍ਰਿਤਧਾਰੀ ਸਿੰਘ ਸਰਕਾਰ ਲਈ ਇਕੱਲਾ-ਇਕੱਲਾ ਬੰਬ ਹੈ।”
ਖ਼ਾਲਸਾ ਵਹੀਰ ਦਾ ਰੂਹਾਨੀਅਤ ਅਤੇ ਅਨੰਦਮਈ ਵਰਤਾਰਾ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਿਰਫ਼ ਵਹੀਰ 'ਚ ਸ਼ਾਮਲ ਹੋ ਕੇ ਮਹਿਸੂਸ ਕੀਤਾ ਜਾ ਸਕਦਾ ਹੈ। ਸਿੱਖ ਸੰਗਤਾਂ ਵਿੱਚ ਖ਼ਾਲਸਾ ਵਹੀਰ ਦੇ ਦਰਸ਼ਨ ਕਰਨ ਦਾ ਬਹੁਤ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਗੁਰੂ ਦੇ ਚਰਨਾਂ 'ਚ ਸਿਰ ਹਾਜ਼ਰ ਕਰਨ ਦੀ ਬਖ਼ਸ਼ਿਸ਼ ਨਿਰਾਲੀ ਹੈ। ਇਹ ਕਹਿਣ-ਕਥਨ ਤੋਂ ਬਾਹਰੀ ਹੈ। ਸਿੱਖ ਜਵਾਨੀ ਨੂੰ ਅਪੀਲ ਹੈ ਕਿ ਤੁਸੀਂ ਅਸਲ ਸਰੂਪ 'ਚ ਪਰਤੋ, ਜੋ ਗੁਰੂ ਨੇ ਬਖਸ਼ਿਆ ਹੈ। ਇਸ 'ਚ ਪਰਤੇ ਬਿਨਾਂ ਖੁਆਰੀ ਹੈ, ਜ਼ਿੰਦਗੀ ਝੂਠੀ ਤੇ ਬਣਾਉਟੀ ਹੈ। ਕਾਗਜ਼ੀ ਫੁੱਲਾਂ ਤੇ ਗੁਲਾਬ ਦਾ ਫ਼ਰਕ ਸਮਝੋ। 
ਖ਼ਾਲਸਾ ਵਹੀਰ ’ਚ ਜੰਡਿਆਲਾ ਵਿਖੇ 70 ਪ੍ਰਾਣੀ, ਪਿੰਡ ਡੱਡੂਆਣਾ ’ਚ 48 ਅਤੇ ਭੋਏਵਾਲ ਵਿਖੇ 136 ਪ੍ਰਾਣੀ ਅੰਮ੍ਰਿਤਪਾਨ ਕਰਕੇ ਗੁਰੂ ਦੇ ਜਹਾਜ਼ੇ ਚੜ੍ਹੇ ਚੁੱਕੇ ਹਨ ਤੇ ਅਗਲੇ ਪੜਾਵਾਂ ਨਾਥ ਦੀ ਖੂਹੀ, ਮਹਿਤਾ ਅਤੇ ਬਾਬਾ ਬਕਾਲਾ ਵਿਖੇ ਵੀ ਹੁਣ ਤਕ 600 ਤੋਂ ਉੱਪਰ ਪ੍ਰਾਣੀਆਂ ਨੇ ਅੰਮ੍ਰਿਤ ਛਕ ਲਿਆ ਹੈ। ਗੁਰੂ ਪਾਤਸ਼ਾਹ ਜੀ ਲਗਾਤਾਰ ਰਹਿਮਤ ਵਰਸ ਰਹੀ ਹੈ। ਹਰੇਕ ਪੜਾਅ ’ਤੇ ਸਮਾਗਮ ਹੋ ਰਹੇ ਹਨ, ਗੁਰਬਾਣੀ ਦੇ ਜਾਪ, ਕੀਰਤਨ ਅਤੇ ਕਥਾ-ਵਿਚਾਰਾਂ ਹੋ ਰਹੀਆਂ ਹਨ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਸੰਗਤਾਂ ਆਪਣੇ ਜੋਸ਼ੀਲੇ ਵਿਚਾਰਾਂ ਰਾਹੀਂ ਹਲੂਣਾ ਦੇ ਰਹੇ ਹਨ। 
ਮਾਝੇ ਦੀ ਧਰਤੀ ਦਾ ਚੱਪਾ-ਚੱਪਾ ਗੁਰੂ ਸਾਹਿਬਾਨ, ਹਜ਼ੂਰੀ ਸਿੱਖਾਂ ਤੇ ਸ਼ਹੀਦ ਸਿੰਘਾਂ ਦੇ ਕਦਮਾਂ ਨਾਲ ਜ਼ਰਖੇਜ ਹੋਇਆ ਹੈ। ‘ਗੁਰ ਭਾਈ ਲਹਿਰ’ ਤਹਿਤ ਚਲਦਾ ‘ਖ਼ਾਲਸਾ ਵਹੀਰ’ 23 ਨਵੰਬਰ ਨੂੰ ਸਿੱਖੀ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਚਲ ਕੇ 2 ਦਸੰਬਰ ਤਕ ਸਿੱਖੀ ਦੇ ਧੁਰੇ ਗੋਇੰਦਵਾਲ ਸਾਹਿਬ ਤਕ ਦਾ ਸਫਰ ਤਹਿ ਕਰੇਗਾ। ਖ਼ਾਲਸਾ ਵਹੀਰ ਨੇ ਆਪਣਾ ਪੰਜਵਾਂ ਪੜਾਅ ਬਾਬਾ ਬਕਾਲਾ ਸਾਹਿਬ ਵਿਖੇ ਕੀਤਾ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ ਹੈ। ਅੱਗੇ ਗੁਰੂ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਸਥਾਨ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਵਿੱਚ ਵਿਚਰਦਿਆਂ ਬਿਆਸ ਦਰਿਆ ਪਾਰ ਕਰਕੇ 3 ਤਰੀਕ ਨੂੰ ਦੁਆਬੇ ਵਿੱਚ ਦਾਖਲ ਹੋਵੇਗੀ। ਖ਼ਾਲਸਾ ਵਹੀਰ ਦਾ ਪੂਰਾ ਅਤੇ ਮੁੱਖ ਸਫ਼ਰ ਇਸ ਪ੍ਰਕਾਰ ਹੈ:- ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਜੰਡਿਆਲਾ, ਬਾਬਾ ਬਕਾਲਾ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਕਪੂਰਥਲਾ, ਕਰਤਾਰਪੁਰ, ਜਲੰਦਰ, ਫਗਵਾੜਾ, ਬਹਿਰਾਮ, ਨਵਾਂ ਸ਼ਹਿਰ, ਬਲਾਚੌਰ, ਰੋਪੜ ਅਤੇ ਸਮਾਪਤੀ ਸ੍ਰੀ ਅਨੰਦਪੁਰ ਸਾਹਿਬ।   
ਖ਼ਾਲਸਾ ਵਹੀਰ ’ਚ ਭਾਈ ਅੰਮ੍ਰਿਤਪਾਲ ਸਿੰਘ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਇੱਕ ਹਿੰਦੂ ਨੌਜਵਾਨ ਸ਼ਿਵ ਕੁਮਾਰ ਜੋ ਅੰਮ੍ਰਿਤ ਛਕ ਕੇ ਅਜੇਪਾਲ ਸਿੰਘ ਖ਼ਾਲਸਾ ਬਣ ਗਿਆ ਹੈ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਸੱਦੇ ’ਤੇ ਪਹੁੰਚੇ ਇਕੱਠ ਵਿੱਚ ਇੱਕ ਮੁਸਲਮਾਨ ਨੌਜਵਾਨ ਹੈਪੀ ਖ਼ਾਨ ਵੀ ਅੰਮ੍ਰਿਤ ਛਕ ਕੇ ਕਰਮਜੀਤ ਸਿੰਘ ਖ਼ਾਲਸਾ ਬਣ ਗਿਆ ਸੀ। ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਕਿਸਾਨ ਯੂਨੀਅਨ ਦੇ ਆਗੂ ਸ. ਪ੍ਰੀਤਮ ਸਿੰਘ ਨੇ 38 ਸਾਲਾਂ ਬਾਅਦ ਹਰੀ ਦੀ ਥਾਂ ਨੀਲੀ ਦਸਤਾਰ ਸਜਾ ਲਈ ਹੈ। ਪ੍ਰੀਤਮ ਸਿੰਘ ਆਖ ਰਿਹਾ ਹੈ ਕਿ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਦੇ ਸਮੇਂ ਹੀ ਉਹ ਨੀਲੀ ਦਸਤਾਰ ਸਜਾਉਂਦਾ ਸੀ, ਉਹਨਾਂ ਤੋਂ ਬਾਅਦ ਕਦੇ ਨਹੀਂ ਸਜਾਈ ਸੀ। ਹੁਣ ਅੰਮ੍ਰਿਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਨੀਲੀ ਦਸਤਾਰ ਸਜਾਈ ਹੈ। 
ਸ. ਹਰਪ੍ਰੀਤ ਸਿੰਘ ਕਾਹਲੋਂ ਲਿਖਦੇ ਹਨ ਕਿ “ਖ਼ਾਲਸਾ ਵਹੀਰ ਕੋਈ ਹੁਣ ਨਵੀਂ ਥੋੜ੍ਹੀ ਹੈ। ਸਿੰਘਾਂ ਇੰਝ ਵਾਰ-ਵਾਰ ਪਾਤਸ਼ਾਹੀ ਪੈਂਡਿਆਂ ’ਤੇ ਤੁਰਨਾ ਹੈ ਅਤੇ ਤੁਰਦੇ ਆਏ ਹਨ। ਨਾਮ ਸਿਮਰਨ ਨਾਲ਼ ਗੁਰੂ ਵਾਲ਼ੇ ਬਣ ਕਿਰਦਾਰਾਂ ਨੂੰ ਬਲ਼ ਮਿਲ਼ੇਗਾ। ਸਰੀਰਕ-ਮਾਨਸਿਕ ਤੰਦਰੁਸਤੀ, ਨਸ਼ੇ-ਅਲਾਮਤਾਂ ਤੋਂ ਦੂਰ ਕਰਦਿਆਂ ਪੰਜਾਬ ਦੇ ਹੁਸਨ ਵਿੱਚ ਫਿਰ ਤੋਂ ਚੜ੍ਹਦੀ ਕਲਾ ਭਰੇਗੀ। ਇਹ ਧਰਮ ਦਾ ਅਗੰਮੀ ਵਰਤਾਰਾ ਹੈ ਜੀਹਨੂੰ ਨਾਦਾਨ ਦਿਲ ਕੱਟੜਤਾ ਅਤੇ ਸੰਕੀਰਨਤਾ ਕਹਿ ਉੱਠਦੇ ਹਨ। 
ਪੰਜਾਬ ਦਾ ਮੁਹਾਵਰਾ, ਲੋਕ ਧਾਰਾ ਵਿੱਚ ਪੰਜਾਬ ਗੁਰਾਂ ਦੇ ਨਾਮ ’ਤੇ ਜਿਉਂਦਾ ਹੈ ਅਤੇ ਪੰਜਾਬ ਇੱਥੇ ਵੱਸਦੀ ਹੋਂਦ ਦਾ ਨਾਮ ਹੈ। ਖ਼ੁਸ਼ ਹੋਇਆ ਕਰੋ ਪੰਜਾਬ ਤਮਾਮ ਝੱਖੜਾਂ ਵਿੱਚੋਂ ਲੰਘਦਿਆਂ ਅਖ਼ੀਰ ਆਪਣੀ ਖ਼ਸਲਤ ਤੋਂ ਖ਼ਾਲਸਈ ਸੁਰਤਿ ਦਾ ਜਲਾਲ ਹੈ।
ਤਖ਼ਤ ਅਕਾਲ ਤਖ਼ਤ ਸਾਹਿਬ ਤੋਂ ਥਾਪੜਾ ਲੈ ਸ੍ਰੀ ਅਨੰਦਪੁਰ ਸਾਹਿ ਜਾ ਪਹੁੰਚਣਾ ਹੈ। ਮੁੱਖ ਗੁਰੂ ਦੀ ਚਰਨਛੋਹ ਨਗਰੀ ਵੱਲ ਹੋਣੇ ਹਨ। ਪੋਹ ਮਹੀਨਾ ਪੰਜਾਬ ਵਿੱਚ ਸ਼ਹੀਦੀਆਂ ਦਾ ਹੈ। ਜਿੱਥੇ ਤਵਾਰੀਖ਼ ਬੋਲਦੀ ਹੈ:- 
ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲ੍ਹਾ-ਓ-ਗ਼ਨੀ ਹੈ।
ਮਸਕੀਨ ਗ਼ਰੀਬੋਂ ਮੇਂ ਦਲੇਰੋਂ ਮੇਂ ਜਰੀ ਹੈ।
‘ਅੰਗਦ’ ਹੈ ‘ਅਮਰਦਾਸ’ ਹੈ ‘ਅਰਜੁਨ’ ਭੀ ਤੂਹੀ ਹੈ।
‘ਨਾਨਕ’ ਸੇ ਲੇ ਤਾ ‘ਤੇਗ ਬਹਾਦੁਰ’ ਤੂ ਸਭੀ ਹੈ।
ਤੀਰਥ ਨਹੀਂ ਕੋਈ ਰੂਏ ਰੌਸ਼ਨ ਕੇ ਬਰਾਬਰ।
ਦਰਸ਼ਨ ਤੇਰੇ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ। 
ਖ਼ਾਲਸਾ ਵਹੀਰ ਭਾਈ ਅੰਮ੍ਰਿਤਪਾਲ ਸਿੰਘ ਦੀ ਨਹੀਂ, ਇਹ ਗੁਰੂ ਸੰਗਤ ਦੀ ਹੈ। ਗੁਰੂ ਸੰਗਤ ਵਿੱਚ ਗੁਰੂ ਆਪ ਹਾਜ਼ਰ ਹੁੰਦੇ ਹਨ। ਨਿਤਨੇਮ, ਜਪੁ ਜੀ ਸਾਹਿਬ ਆਸਾ ਕੀ ਵਾਰ, ਰਹਿਰਾਸ ਸਾਹਿਬ ਦੇ ਪਾਠ ਹੋਣਗੇ। ਗੁਰਬਾਣੀ ਦਾ ਪ੍ਰਵਾਹ ਚਲਦਾ ਹੈ। ‘ਖ਼ਾਲਸਾ ਵਹੀਰ; ਪਾਤਸ਼ਾਹੀ ਪੈਂਡਾ ਹੈ।” 
ਖ਼ਾਲਸਾ ਵਹੀਰ ’ਚ ਗੂੰਜ ਰਹੀਆਂ ਗੁਰਬਾਣੀ ਦੀਆਂ ਧੁਨਾਂ ਅਤੇ ਰਾਜ ਕਰੇਗਾ ਖ਼ਾਲਸਾ ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਕੋਈ ਖ਼ਾਸ ਸੁਨੇਹਾ ਦੇ ਰਹੇ ਹਨ ਕਿ ਹਲੇਮੀ ਰਾਜ, ਬੇਗਮਪੁਰਾ, ਖ਼ਾਲਸਾ ਰਾਜ, ਖ਼ਾਲਿਸਤਾਨ ਅਵੱਸ਼ ਹੋਂਦ ’ਚ ਆਉਣ ਵਾਲ਼ਾ ਹੈ। ਗੁਰੂ ਸਾਹਿਬ ਨੇ ਖ਼ਾਲਸੇ ਨੂੰ ਪਾਤਸ਼ਾਹੀ ਬਖ਼ਸ਼ੀ ਹੈ, ਖ਼ਾਲਸਾ ਤਖ਼ਤਾਂ-ਤਾਜਾਂ ਤੇ ਰਾਜ-ਭਾਗ ਦਾ ਮਾਲਕ ਬਣੇਗਾ। 
ਅਰਸ਼ਾਂ ਤੋਂ ਫਰਿਸ਼ਤੇ ਵੀ ਲੱਗੇ ਵੇਖਣ,
ਖ਼ਾਲਸੇ ਦੀ ਵਹੀਰ ਨੀ ਮਾਏਂ।
ਕੋਈ ਪਰਤਿਆ ਏ ਸਿੱਖੀ ਸਿਦਕ ਲੈ ਕੇ,
ਬਦਲੂ ਕੌਮ ਦੀ ਤਕਦੀਰ ਨੀ ਮਾਏਂ।
 
- ਰਣਜੀਤ ਸਿੰਘ ਦਮਦਮੀ ਟਕਸਾਲ 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ