Thursday, April 18, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਜਲਵੇ ਤੋਂ ਘਬਰਾਏ ਪੰਥ ਅਤੇ ਪੰਜਾਬ ਦੇ ਵਿਰੋਧੀ

December 06, 2022 12:38 AM
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਜਲਵੇ ਤੋਂ ਘਬਰਾਏ ਪੰਥ ਅਤੇ ਪੰਜਾਬ ਦੇ ਵਿਰੋਧੀ
 
ਭਾਈ ਅੰਮ੍ਰਿਤਪਾਲ ਸਿੰਘ ਜੀ ਦੁਬਈ ਤੋਂ ਏਥੇ ਪੰਜਾਬ ਕੀ ਆ ਗਏ, ਬਸ ਵਿਰੋਧੀਆਂ ਨੂੰ ਤਾਂ ਜਿਵੇਂ ਗੱਸ਼ਾਂ ਈ ਪੈ ਗਈਆਂ ਹੋਣ। ਵਿਰੋਧੀਆਂ ਦੀ ਤਾਂ ਗੱਲ ਹੀ ਛੱਡੋ, ਕੁਝ ਅਜਿਹੇ ਚਿਹਰੇ ਜਿਨ੍ਹਾਂ ਨੂੰ ਅਸੀਂ ਪੰਥ ਹਿਤੈਸ਼ੀ ਸਮਝਦੇ ਹਾਂ, ਉਹ ਵੀ ਇਸ ਕਾਂਵਾਂਰੌਲ਼ੀ 'ਚ ਸ਼ਾਮਲ ਹੋ ਕੇ ਇੱਕੋ ਹੀ ਹਾਲ ਦੁਹਾਈ ਪਾਈ ਜਾਂਦੇ ਨੇ, "ਆ ਗਿਆ ਅੰਮ੍ਰਿਤਪਾਲ, ਦੁਬਈ ਤੋਂ ਏਥੇ ਪੰਜਾਬ ਆ ਕੇ ਸਾਡੇ ਮੁੰਡੇ ਮਰਵਾਉਣ।" 
ਹੁਣ ਕੌਣ ਸਮਝਾਵੇ ਇਹਨਾਂ ਨੂੰ ਕਿ ਭਾਈ, ਜਰਾ ਠੰਡੇ ਦਿਮਾਗ ਦੇ ਨਾਲ਼ ਸੋਚੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੋ ਮੁੰਡੇ ਮਰਵਾਉਣ ਨਹੀਂ, ਸਗੋਂ ਬਚਾਉਣ ਆਇਆ ਹੈ। ਤੁਹਾਡੇ ਮੁੰਡਿਆਂ ਨੂੰ ਅਣਖ਼ ਤੇ ਗੈਰਤ ਦੇ ਨਾਲ਼ ਜਿਊਣ ਦਾ ਢੰਗ ਸਿਖਾਉਣ ਆਇਆ ਹੈ। ਤੁਹਾਡੇ ਸੋਹਣੇ-ਸੁਨੱਖੇ ਮੁੰਡਿਆਂ ਨੂੰ ਨਸ਼ਿਆਂ ਦੇ ਕੋਹੜ 'ਚੋਂ ਕੱਢ ਕੇ, ਖੰਡੇ ਬਾਟੇ ਦੀ ਪਾਹੁਲ ਛਕਾ ਕੇ ਗੁਰੂ ਦੇ ਲੜ ਲਾਉਣ ਆਇਆ ਹੈ। ਸੱਚ ਜਾਣਿਉਂ, ਅੱਜ ਜਦੋਂ ਚਿੱਟੇ ਰੂਪੀ ਦੈਂਤ ਨੇ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਹਨ, ਘਰ-ਘਰ ਵਿੱਚ ਸੱਥਰ ਵਿਛਾ ਦਿੱਤੇ ਹਨ ਤਾਂ ਅਜਿਹੇ ਬਿਖੜੇ ਤੇ ਨਾਜ਼ੁਕ ਸਮੇਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਵਰਗੇ ਪੰਥ ਦਰਦੀ ਤੇ ਜੁਝਾਰੂ ਸੋਚ ਦੇ ਮਾਲਕ ਦਾ ਅਚਾਨਕ ਪ੍ਰਗਟ ਹੋ ਜਾਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। 
ਜੂਨ 1984 ਦੇ ਘੱਲੂਘਾਰੇ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਨੌਜਵਾਨੀ, ਖਾਸ ਕਰਕੇ ਪੰਥਕ ਹਿਤੈਸ਼ੀ ਤੇ ਜੁਝਾਰੂ ਸੋਚ ਰੱਖਣ ਵਾਲ਼ੀ ਨੌਜਵਾਨੀ ਇੱਕ ਵਾਰ ਨਿਰਾਸ਼ਾ ਦੇ ਆਲਮ ਵਿੱਚ ਹੀ ਚਲੀ ਗਈ ਸੀ ਕਿਉਂਕਿ ਉਹਨਾਂ ਨੂੰ ਆਪਣੀ ਅਗਵਾਈ ਕਰਨ ਵਾਲ਼ਾ ਅਜਿਹਾ ਕੋਈ ਯੋਗ ਆਗੂ ਨਹੀਂ ਸੀ ਮਿਲ਼ ਰਿਹਾ, ਜੋ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਇਆਂ,  ਸਾਰੀਆਂ ਪੰਥਕ ਧਿਰਾਂ ਨੂੰ ਇੱਕ ਨਿਸ਼ਾਨ ਸਾਹਿਬ ਦੇ ਹੇਠ ਲਿਆ ਕੇ ਖੜ੍ਹਾ ਕਰ ਸਕਣ ਦੀ ਹਿੰਮਤ ਰੱਖ ਸਕਦਾ ਹੋਵੇ। 
ਬੇਸ਼ੱਕ ਜੂਨ 1984 ਵਿੱਚ ਆਪਣੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਮਗਰੋਂ ਹਰ ਸਿੱਖ ਨੌਜਵਾਨ ਕਮਰਕੱਸੇ ਕਰੀ ਬੈਠਾ ਸੀ, ਜੁਝਾਰੂ ਬਿਰਤੀ ਵਾਲ਼ੇ ਸਿੰਘ-ਸੂਰਮੇ ਤਾਂ ਆਪਣੇ ਘਰਾਂ-ਪਰਿਵਾਰਾਂ ਦਾ ਮੋਹ ਤਿਆਗ ਕੇ ਵੱਖ-ਵੱਖ ਜਥੇਬੰਦੀਆਂ ਬਣਾ ਕੇ ਤੇ ਹਥਿਆਰਬੰਦ ਹੋ ਕੇ ਸੰਘਰਸ਼ ਵਿੱਚ ਜੂਝ ਕੇ ਆਪਣਾ ਫਰਜ਼ ਅਦਾ ਕਰਦੇ ਹੋਏ ਉਹਨਾਂ ਨੇ ਬਹੁਤ ਸਾਰੇ ਪੰਥ ਦੋਖੀਆਂ, ਮੁਖ਼ਬਰਾਂ, ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਸੋਧੇ ਵੀ ਲਾਏ, ਪਰ ਕਿਤੇ ਨਾ ਕਿਤੇ ਇੱਕ ਯੋਗ ਆਗੂ ਦੀ ਘਾਟ ਉਹਨਾਂ ਨੂੰ ਜ਼ਰੂਰ ਖਟਕਦੀ ਸੀ। 
ਅਸੀਂ ਹਰ ਰੋਜ਼ ਇਹੀ ਅਰਦਾਸ ਕਰਦੇ ਸੀ ਕਿ ਆਪਣੇ ਖ਼ਾਲਸੇ 'ਤੇ ਮਿਹਰ ਕਰੋ ਅਤੇ ਨਿਰਾਸ਼ਾ ਦੇ ਆਲਮ ਵਿੱਚ ਜਾ ਰਹੀ ਕੌਮ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬਦਲ ਦੇ ਰੂਪ ਵਿੱਚ ਕੋਈ ਅਜਿਹਾ ਯੋਧਾ ਬਖ਼ਸ਼ਿਸ਼ ਕਰੋ ਜੋ ਸਾਰੀ ਸਿੱਖ ਕੌਮ ਨੂੰ ਬਿਨਾਂ ਕਿਸੇ ਵਾਦ-ਵਿਵਾਦ ਦੇ ਇੱਕ ਮੋੜ 'ਤੇ ਲਿਆ ਕੇ ਖੜ੍ਹਾ ਕਰ ਸਕਣ ਦੀ ਹਿੰਮਤ ਰੱਖਦਾ ਹੋਵੇ। ਗੁਰੂ ਨੇ ਮਿਹਰ ਕੀਤੀ। ਪਹਿਲਾਂ ਕਿਸਾਨੀ ਮੋਰਚੇ ਦੌਰਾਨ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੇ ਰੂਪ ਵਿੱਚ ਇੱਕ ਅਜਿਹਾ ਚਿਹਰਾ ਉਭਰ ਕੇ ਸਾਡੇ ਸਾਹਮਣੇ ਆਇਆ ਜੋ ਸਿੱਖੀ ਜਜ਼ਬਾਤਾਂ ਦਾ ਕਦਰਦਾਨ, ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਵਾਲ਼ਾ, ਬੇਬਾਕ ਹੋ ਕੇ ਨਿਡਰਤਾ ਦੇ ਨਾਲ਼ ਸਿੱਖ ਕੌਮ ਦੇ ਹਿੱਤਾਂ ਦੀ, ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ। ਆਪਣੀ ਹੋਂਦ ਨੂੰ ਬਚਾਉਣ ਅਤੇ ਕੌਮੀ ਘਰ ਖ਼ਾਲਿਸਤਾਨ ਦੀ ਪ੍ਰਾਪਤੀ ਦੀ ਗੱਲ ਕਰਦਾ ਸੀ। ਇਸ ਹਿੰਦੂਤਵੀ ਸਿਸਟਮ ਦੇ ਨਾਲ਼ ਆਪਣੇ ਹੱਕਾਂ ਦੀ ਗੱਲ ਬੜੀ ਬੇਬਾਕੀ ਅਤੇ ਤਰਕਸ਼ੀਲਤਾ ਦੇ ਆਧਾਰ 'ਤੇ ਕਰਨ ਦੀ ਹਿੰਮਤ ਸੀ ਉਸ ਅਣਖੀਲੇ ਗੱਭਰੂ ਵਿੱਚ। 
ਪਰ ਹਿੰਦੁਸਤਾਨ ਦੀ ਹਕੂਮਤ ਨੂੰ ਉਹ ਕਿੱਥੇ ਹਜ਼ਮ ਹੋਣਾ ਸੀ ਕਿ ਸਿੱਖ ਭਾਈਚਾਰੇ ਨੂੰ ਵੀ ਕੋਈ ਅਜਿਹੀ ਬੇਬਾਕ ਸੋਚ ਵਾਲ਼ਾ ਜੁਝਾਰੂ,  ਹਰ ਤਰ੍ਹਾਂ ਦੇ ਕਨੂੰਨੀ ਦਾਅ ਪੇਚਾਂ ਤੋਂ ਜਾਣੂੰ ਕੋਈ ਪੰਥ ਦਰਦੀ ਤੇ ਹਾਜ਼ਰ ਜਵਾਬ ਆਗੂ ਮਿਲ਼ੇ। ਸੋ ਅਜੇ ਤਾਂ ਉਸ 'ਦੀਪ' ਨੇ ਸਿੱਖ ਨੌਜਵਾਨੀ ਦਾ ਮਾਰਗ ਦਰਸ਼ਕ ਬਣ ਕੇ ਰੌਸ਼ਨੀ ਦੀ ਇਕ ਚਿਣਗ ਮਾਤਰ ਹੀ ਵਿਖਾਈ ਸੀ ਕਿ ਉਹ ਸਰਕਾਰੀ ਤੰਤਰ ਦੀ ਕੁਟਲਨੀਤੀ ਦਾ ਸ਼ਿਕਾਰ ਹੋ ਕੇ, ਸਰੀਰਕ ਤੌਰ ’ਤੇ ਤਾਂ ਬੇਸ਼ੱਕ ਸਾਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਕੇ ਸਾਥੋਂ ਦੂਰ ਚਲੇ ਗਿਆ, ਪਰ ਉਸਦੀ ਸੋਚ-ਵਿਚਾਰਧਾਰਾ ਅੱਜ ਵੀ ਸਾਡੇ ਸਾਰਿਆਂ ਦੇ ਮਨਾਂ ਅੰਦਰ ਜਿਉਂ ਦੀ ਤਿਉਂ ਉੱਕਰੀ ਪਈ ਹੈ। 
ਇਹ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਸੰਸਥਾਪਕ ਸ਼ਹੀਦ ਭਾਈ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ ਲਾਈ ਹੋਈ ਚਿੰਗਾਰੀ ਹੀ ਹੈ, ਜੋ ਅੱਜ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਯੋਗ ਅਗਵਾਈ ਹੇਠ ਇੱਕ ਭਾਂਬੜ ਬਣ ਕੇ ਨਾ ਕੇਵਲ ਪੰਜਾਬ ਵਿੱਚ ਹੀ, ਸਗੋਂ ਵਿਸ਼ਵ ਭਰ ਵਿੱਚ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਰਹੀ ਹੈ। ਭਾਰਤ ਸਰਕਾਰ ਕਿਸ ਤਰ੍ਹਾਂ ਏਥੇ ਜਮਹੂਰੀਅਤ ਦਾ ਕਤਲ ਕਰ ਰਹੀ ਹੈ, ਇਹ ਗੱਲ ਹੁਣ ਸਾਰੇ ਦੇਸ਼ਾਂ-ਵਿਦੇਸ਼ਾਂ ਵਿੱਚ ਫੈਲ ਚੁੱਕੀ ਹੈ। ਜਿਸ ਕਰਕੇ ਅੱਜ ਹਰ ਪਾਸੇ ਹਿੰਦ ਸਰਕਾਰ ਦੀ ਨਿੰਦਿਆ ਹੋ ਰਹੀ ਹੈ। ਅੱਜ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿਸ ਤਰੀਕੇ ਤੇ ਸੂਝ-ਬੂਝ ਨਾਲ਼ ਸਿੱਖ ਪੰਥ ਦੀ, ਸਿੱਖ ਨੌਜਵਾਨੀ ਦੀ ਅਗਵਾਈ ਕਰਦੇ ਹੋਏ, ਦੀਪ ਸਿੱਧੂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ, ਇਸਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ, ਥੋੜੀ ਹੈ।  
ਇਹ ਭਾਈ ਸਾਹਿਬ ਜੀ ਦੀ ਬੋਲ-ਬਾਣੀ ਤੇ ਤਰਕ ਭਰਪੂਰ ਵਿਚਾਰਾਂ ਦਾ ਹੀ ਅਸਰ ਸੀ ਕਿ ਭਾਈ ਸਾਹਿਬ ਜੀ ਵੱਲੋਂ ਇਕ ਹੋਕਾ ਦੇਣ 'ਤੇ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਸਿੱਖ ਬੱਚੇ-ਬੱਚੀਆਂ ਤੁਰ ਪਏ ਆਪਣੇ ਸੁਹਿਰਦ ਆਗੂ ਦੇ ਨਾਲ, ਇੱਕ ਵਿਸ਼ਾਲ ਕਾਫਲੇ ਦੇ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ। ਸਾਰਿਆਂ ਦੇ ਮਨਾਂ ਅੰਦਰ ਬੜੀ ਤਾਂਘ ਤੇ ਚਾਅ ਸੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਦੀ। 
ਹੁਣ ਇਹ ਗੱਲ ਤਾਂ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਦੁਬਈ ਦੇ ਇੱਕ ਏਨੇ ਵੱਡੇ ਕਾਰੋਬਾਰੀ ਪਰਿਵਾਰ ਨਾਲ਼ ਸੰਬੰਧਿਤ ਇੱਕ ਸ਼ਾਹੀ ਠਾਠਬਾਠ ਦੀ ਜਿੰਦਗੀ ਜੀਅ ਰਿਹਾ ਅੰਮ੍ਰਿਤਪਾਲ ਸਿੰਘ, ਅਚਾਨਕ ਇੱਕ ਦਿਨ ਦੁਬਈ ਤੋਂ ਏਥੇ ਪੰਜਾਬ ਆ ਕੇ, ਖੰਡੇ-ਬਾਟੇ ਦੀ ਪਾਹੁਲ ਛਕ ਕੇ, ਅੰਮ੍ਰਿਤਪਾਲ ਸਿੰਘ ਤੋਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਣ ਕੇ ਸਿੱਖ ਨੌਜਵਾਨੀ ਦੀ ਅਗਵਾਈ ਕਰਦਾ ਹੋਇਆ, ਦਿੱਲੀ ਸਰਕਾਰ ਹਿਲਾ ਕੇ ਰੱਖ ਦੇਵੇਗਾ। 
ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਕੇ ਉਹਨਾਂ ਨੂੰ ਇੱਕ ਅਜਿਹੀ ਸੇਧ ਦੇਵੇਗਾ ਕਿ ਉਹਨਾਂ ਅੰਦਰ ਆਪ-ਮੁਹਾਰੇ ਹੀ ਆਪਣੀ ਹੋਂਦ ਦੀ ਲੜਾਈ, ਸਿੱਖ ਕੌਮ ਦੀ ਅਜ਼ਾਦੀ, ਆਪਣੀ ਇੱਕ ਵੱਖਰੀ ਪਹਿਚਾਣ, ਆਪਣਾ ਇੱਕ ਵੱਖਰਾ ਕੌਮੀ ਘਰ ਬਣਾਉਣ ਦੀ ਚਿਣਗ ਪੈਦਾ ਹੋ ਜਾਵੇ। ਆਪਣੇ-ਆਪ ਨੂੰ ਪੰਥਕ ਕਹਾਉਣ ਵਾਲ਼ੇ ਕੁਝ ਅਖੌਤੀ ਆਗੂਆਂ ਨੂੰ ਹਲੂਣਾ ਦਿੱਤਾ, ਉਹਨਾਂ ਨੂੰ ਝੰਜੋੜਿਆ ਤੇ ਇੱਕ ਲੰਮੀ ਕੁੰਭਕਰਨੀ ਨੀਂਦ ਤੋਂ ਜਗਾਇਆ ਤੇ ਉਹਨਾਂ ਨੂੰ ਪੰਥ ਪ੍ਰਤੀ ਆਪਣੇ ਫਰਜਾਂ ਤੋਂ ਜਾਗਰੂਕ ਕਰਾਇਆ। ‘ਜਿਉਣਾ ਅਣਖ ਨਾਲ਼, ਮਰਨਾ ਧਰਮ ਲਈ’ ਬੱਸ ਇਹੀ ਉਸਦੀ ਜ਼ਿੰਦਗੀ ਦਾ ਮਾਟੋ ਹੈ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸਿੱਖ ਧਰਮ ਤਾਂ ਹੈ ਹੀ ਭਗਤੀ ਅਤੇ ਸ਼ਕਤੀ ਦਾ ਸੁਮੇਲ। ਸੋ ਖੰਡੇ ਬਾਟੇ ਦੀ ਪਾਹੁਲ ਛਕ ਕੇ, ਪੰਜ ਕਕਾਰਾਂ ਦਾ ਧਾਰਨੀ ਤੇ ਸ਼ਸਤਰਧਾਰੀ ਹੋਣਾ ਹਰ ਗੁਰਸਿੱਖ ਦਾ ਮੁਢਲਾ ਫਰਜ਼ ਬਣਦਾ ਹੈ।
ਹੁਣ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਿੱਖ ਰਾਜ ਦੀ ਬਹਾਲੀ ਦੇ ਲਈ (ਬਹਾਲੀ ਇਸ ਲਈ ਲਿਖਿਆ ਹੈ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਰਿਹਾ ਹੈ ਕਿਸੇ ਸਮੇਂ ਇਸ ਸਾਂਝੇ ਪੰਜਾਬ ਉੱਤੇ) ਅਤੇ ਆਪਣੇ ਜਮਹੂਰੀ ਹੱਕਾਂ ਦੀ ਰਾਖੀ ਲਈ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਹੋਣ ਦੀ ਗੱਲ ਕਰੇ ਤਾਂ ਉਹ ਅੱਤਵਾਦੀ ਐ! ਬੜੀਆਂ ਤੱਤੀਆਂ ਗੱਲਾਂ ਕਰਦੈ! ਪਰ ਜੇ ਸੁਧੀਰ ਸੂਰੀ, ਮੋਹਨ ਭਾਗਵਤ ਹੀ ਨਹੀਂ, ਸਗੋਂ ਭਾਰਤ ਦਾ ਪ੍ਰਧਾਨ ਮੰਤਰੀ ਖੁਦ ਵੀ ਹਿੰਦੂ ਰਾਸ਼ਟਰ ਦੀ ਗੱਲ, ਹਿੰਦੂਆਂ ਦੇ ਹਥਿਆਰਬੰਦ ਹੋਣ ਦੀ ਗੱਲ ਕਰੇ, ਤਾਂ ਉਹ ਸਤਿਵਾਦੀ। ਸਿੱਖਾਂ ਲਈ ਇਹ ਵਿਤਕਰਾ ਕਿਉਂ ? ਇਹ ਦੋਹਰਾ ਮਾਪਦੰਡ ਕਿਉਂ ? ਉਸੇ ਹੀ ਦੇਸ਼ 'ਚ ਰਹਿੰਦਿਆਂ ਸਿੱਖਾਂ ਲਈ ਕਨੂੰਨ ਹੋਰ ਤੇ ਹਿੰਦੂਆਂ ਲਈ ਕਨੂੰਨ ਹੋਰ ਕਿਉਂ ? 
ਹੁਣ ਜਿਹੜਾ ਵੀ ਕੋਈ ਅੰਮ੍ਰਿਤਧਾਰੀ ਸਿੰਘ ਆਪਣੀ ਅਣਖ਼ ਤੇ ਗ਼ੈਰਤ ਨੂੰ ਬਰਕਰਾਰ ਰੱਖਣ ਲਈ ਆਪਣੇ ਹੱਕਾਂ ਲਈ ਆਵਾਜ਼ ਚੁੱਕਦਾ ਹੈ ਤਾਂ ਇਹਨਾਂ ਫਿਰਕੂ ਹਿੰਦੂਤਵੀਆਂ ਨੂੰ ਹਰ ਉਸ ਅਣਖੀ ਤੇ ਜਾਗਦੀ ਜਮੀਰ ਵਾਲ਼ੇ ਨੌਜਵਾਨ ਸਿੰਘ 'ਚ ਅੱਤਵਾਦੀ ਹੋਣ ਦੀ ਝਲਕ ਪੈਂਦੀ ਹੈ। ਇਹ ਸਭ ਫਰਕ ਇਹਨਾਂ ਦੀ ਸਿੱਖਾਂ ਪ੍ਰਤੀ ਸੋਚ ਦੇ ਤੰਗ ਨਜ਼ਰੀਏ ਦੀ ਹੈ। 
ਹਰ ਰਵਾਇਤੀ ਪਾਰਟੀ ਭਾਵੇਂ ਉਹ ਕਾਂਗਰਸ ਹੈ, ਭਾਜਪਾ ਹੈ, ਕਾਮਰੇਡ ਹੈ ਤੇ ਜਾਂ ਫਿਰ ਝਾੜੂ ਮਹਿਕਮਾ ਹੈ, ਸਾਰਿਆਂ ਵਿੱਚ ਅੰਦਰਖਾਤੇ ਇੱਕ ਹਲਚਲ ਜਿਹੀ ਮੱਚੀ ਪਈ ਹੈ ਅਚਾਨਕ ਅੰਮ੍ਰਿਤਪਾਲ ਨੂੰ ਲੈ ਕੇ, ਸਾਰਿਆਂ ਦੀ ਨੀਂਦ ਹਰਾਮ ਹੋਈ ਪਈ ਹੈ। ਕੋਈ ਇਸ ਨੂੰ ਪਾਕਿਸਤਾਨੀ ਏਜੰਟ ਕਹਿ ਕੇ ਭੰਡਦੈ ਤੇ ਇਹਦੀ ਜਾਂਚ ਕਰਵਾਉਣ ਦੀ ਗੱਲ ਕਰਦਾ ਹੈ। ਕਰਵਾ ਲੳ ਬਈ ਜਿਹੜੀ ਜਾਂਚ ਕਰਵਾਉਣੀ ਐ ਤੁਸੀਂ। ਇਹ ਬੱਬਰ ਸ਼ੇਰ ਕਿਹੜਾ ਡਰਦੈ ਕਿਸੇ ਦੀਆਂ ਗਿੱਦੜ ਭਬਕੀਆਂ ਤੋਂ। ਕਾਮਰੇਡੀ ਲਾਣਾ ਤਾਂ ਇਸ ਨੂੰ ਏਜੰਸੀਆਂ ਦਾ ਬੰਦਾ,  ਮੋਦੀ ਦਾ ਬੰਦਾ, ਆਰ.ਐੱਸ.ਐੱਸ. ਦਾ ਬੰਦਾ ਕਹਿ ਕੇ ਭੰਡ ਰਿਹਾ। ਕਹੀ ਜਾਉ ਜੋ ਤੁਹਾਡੇ ਮਨ 'ਚ ਆਉਂਦਾ। ਸਾਨੂੰ ਨਹੀਂ ਲੋੜ ਤੁਹਾਡੇ ਵੱਲੋਂ ਦਿੱਤੇ ਕਿਸੇ ਸਰਟੀਫਿਕੇਟ ਦੀ। 
ਇਹੀ ਕਾਮਰੇਡ ਲਾਣੇ ਨੇ ਪਹਿਲਾਂ ਦੀਪ ਸਿੱਧੂ ਨੂੰ ਲੈ ਕੇ ਬੜਾ ਗਲਤ ਪ੍ਰਾਪੇਗੰਡਾ ਕੀਤਾ। ਤਾਂ ਹੀ ਤਾਂ ਦੀਪ ਨੇ ਇਹਨਾਂ ਦੀ ਤੁਲਨਾ ਕੌੜਤੁੰਮਿਆਂ ਨਾਲ਼ ਕਰਦਿਆਂ ਹੋਇਆਂ ਕਿਹਾ ਸੀ ਕਿ ਇਹ ਸਾਰੇ ਕੌੜਤੁੰਮੇ ਹਨ। ਜਿੰਨਾ ਮਰਜੀ ਖੰਡ ਜਾਂ ਮਿੱਠਾ ਪਾ ਲਉ। ਇਹ ਕੌੜਤੁੰਮੇ ਈ ਰਹਿਣਗੇ, ਖਰਬੂਜ਼ੇ ਨਹੀਂ ਬਣ ਸਕਦੇ ਕਦੇ। ਵੈਸੇ ਵੀ ਦੇਖਿਆ ਜਾਏ ਤਾਂ ਵਿਰੋਧੀਆਂ ਦਾ ਕੰਮ ਕੀ ਹੁੰਦਾ ਹੈ ? ਵਿਰੋਧਤਾ ਕਰਨਾ। ਕਰ ਲੈਣ ਜਿੰਨੀ ਮਰਜ਼ੀ ਵਿਰੋਧਤਾ। ਅਸਲ ਵਿੱਚ ਵਿਰੋਧੀ ਧਿਰਾਂ ਦੀ ਇਹ ਵਿਰੋਧਤਾ ਹੀ ਸਾਡੇ ਲਈ ਸ਼ੱਕਰ ਘਿਉ ਦਾ ਕੰਮ ਕਰ ਰਹੀ ਹੈ।  ਜਿਸ ਕਰਕੇ ਸਿੱਖ ਨੌਜਵਾਨੀ ਦੇ ਮਨਾਂ ਅੰਦਰ ਭਾਈ ਅੰਮ੍ਰਿਤਪਾਲ ਸਿੰਘ ਜੀ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। 
ਅੱਜ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜਿਸ ਬੇਬਾਕੀ ਨਾਲ ਸਿੱਖ ਨੌਜਵਾਨ ਮੁੰਡੇ-ਕੁੜੀਆਂ ਨੂੰ ਫੈਸ਼ਨ-ਪ੍ਰਸਤੀ, ਐਸ਼-ਪ੍ਰਸਤੀ,  ਨਸ਼ਿਆਂ ਆਦਿ ਦਾ ਤਿਆਗ ਕਰਕੇ ਅੰਮ੍ਰਿਤ ਛਕ ਕੇ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰ ਰਹੇ ਹਨ, ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਕਸਰ ਹੀ ਆਪਣੀਆਂ ਇੰਟਰਵਿਊਜ਼ ਵਿੱਚ, ਜਾਂ ਸਮਾਗਮਾਂ ’ਚ ਵੀ ਬੜੀ ਨਿਡਰਤਾ ਤੇ ਗਰਮਜੋਸ਼ੀ ਨਾਲ਼ ਕਹਿੰਦੇ ਹਨ ਕਿ ਸਾਡੀ ਸਿੱਖ ਕੌਮ ਦੀ ਲੜਾਈ ਕਿਸੇ ਖਾਸ ਧਰਮ ਜਿਵੇਂ ਕਿ ਹਿੰਦੂ, ਮੁਸਲਮਾਨਾਂ ਜਾਂ ਈਸਾਈਆਂ ਦੇ ਨਾਲ਼ ਨਹੀਂ ਹੈ। ਸਾਡੀ ਲੜਾਈ ਸਿੱਧੀ ਦਿੱਲੀ ਨਾਲ਼ ਹੈ। ਹਾਂ, ਜੇਕਰ ਕੋਈ ਸ਼ਖਸ ਦਿੱਲੀ ਦਾ ਦਲਾਲ ਜਾਂ ਪਿਆਦਾ ਬਣ ਕੇ ਸਾਡੇ ਰਾਹ ਦਾ ਰੋੜਾ ਬਣੇਗਾ, ਉਸ ਨਾਲ਼ ਕਿਵੇਂ ਨਜਿੱਠਣਾ ਹੈ, ਅਸੀਂ ਆਪੇ ਵੇਖ ਲਵਾਂਗੇ। 
ਭਾਈ ਸਾਹਿਬ ਕਹਿੰਦੇ ਹਨ ਕਿ ਸਾਡੀ ਟੱਕਰ ਸਟੇਟ ਨਾਲ਼ ਹੈ। ਸੰਘਰਸ਼ ਕੋਈ ਇੱਕ ਜਾਂ ਦੋ ਦਿਨ ਦਾ ਨਹੀਂ, ਲੰਮੀ ਲੜਾਈ ਹੈ। ਜਦੋਂ ਤਕ ਅਸੀਂ ਸਿੱਖ ਪੰਥ ਨੂੰ ਗ਼ੁਲਾਮੀ ਦੀ ਜਲਾਲਤ ਵਿੱਚੋਂ ਬਾਹਰ ਨਹੀਂ ਕੱਢ ਲੈਂਦੇ, ਹਿੰਦ ਸਟੇਟ ਨਾਲ਼ ਸਾਡੀ ਲੜਾਈ ਜਾਰੀ ਰਹੇਗੀ। ਇਸੇ ਕਰਕੇ ਭਾਈ ਸਾਹਿਬ ਜੀ ਨੌਜਵਾਨਾਂ ਨੂੰ ਨਾਲ ਚੱਲਣ ਤੋਂ ਪਹਿਲਾਂ ਸਪਸ਼ਟ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਉਹਨਾਂ ਦੇ ਸੰਪਰਕ ਵਿੱਚ ਕੇਵਲ ਓਹੀ ਨੌਜਵਾਨ ਆਉਣ ਜੋ ਜੁਝਾਰੂ ਸੋਚ ਹੋਣ ਦੇ ਨਾਲ਼ ਪੰਥ ਲਈ ਸਿਰ ਧੜ ਦੀ ਬਾਜੀ ਲਾਉਣ ਲਈ ਵੀ ਹਮੇਸ਼ਾਂ ਤਿਆਰ ਰਹਿਣ ਦੀ ਭਾਵਨਾ ਰੱਖਦੇ ਹੋਣ। ਕਿਉਂਕਿ ਗੁਰਬਾਣੀ ਦਾ ਸਿਧਾਂਤ ਹੈ :-" ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥"
ਸੋ ਅਜਿਹੇ ਹਲਾਤਾਂ ਦੇ ਮੱਦੇਨਜ਼ਰ ਹੀ ਭਾਰਤੀ ਮੀਡੀਏ ਸਮੇਤ ਸਮੂਹ ਦੁਸ਼ਮਣ ਤਾਕਤਾਂ ਦਾ ਸਾਰਾ ਜ਼ੋਰ ਸਿਖੀ ਅਤੇ ਸਿੱਖਾਂ ਨੂੰ ਬਦਨਾਮ ਕਰਨ 'ਤੇ ਲੱਗਿਆ ਹੋਇਆ ਹੈ। ਵਿਕਾਊ ਮੀਡੀਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ 'ਤੇ ਲੱਗਿਆ ਹੋਇਆ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਬਿਨਾਂ ਕਿਸੇ ਵੈਰ ਵਿਰੋਧ ਦੇ ਭਾਈ ਸਾਹਿਬ ਦਾ ਸਾਥ ਦਈਏ, ਅਤੇ ਸਾਡਾ ਇਹੀ ਸਾਥ ਵਿਰੋਧੀਆਂ ਦੇ ਮੂੰਹ ਬੰਦ ਕਰਨ ਦੇ ਲਈ ਕਾਫ਼ੀ ਹੋਵੇਗਾ।  
ਸੱਚ ਜਾਣਿਉਂ, ਅੱਜ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਇੰਝ ਬੇਖੌਫ ਹੋ ਕੇ ਮੈਦਾਨੇ ਜੰਗ ਵਿੱਚ ਨਿੱਤਰਿਆ ਵੇਖ ਕੇ ਮਨ ਨੂੰ ਇਕ ਬੜਾ ਹੀ ਸਕੂਨ ਜਿਹਾ ਮਿਿਲਆ ਹੈ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵੱਲੋਂ ਵਿੱਢੇ ਗਏ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਸਾਰੇ ਖਾੜਕੂ ਸਿੰਘਾਂ ਨੇ ਸੰਤ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਹਥਿਆਰਬੰਦ ਹੋ ਕੇ ਸਰਕਾਰ ਨਾਲ ਟੱਕਰ ਲੈਂਦਿਆਂ ਸ਼ਹਾਦਤਾਂ ਪਾਈਆਂ। ਪਰ ਸੰਘਰਸ਼ੀ ਯੋਧਿਆਂ ਦੇ ਬੁਲੰਦ ਹੌਂਸਲੇ ਤੇ ਜਾਹੋ-ਜਲਾਲ ਤੋਂ ਬੁਖਲਾਹਟ ਵਿੱਚ ਆ ਕੇ ਸਰਕਾਰ ਨੇ ਆਪਣੇ ਕੁਝ ਜੁੱਤੀ ਚੱਟਾਂ ਨੂੰ ਮੁਖ਼ਬਰ ਬਣਾ ਕੇ ਅਤੇ ਪੁਲੀਸ ਨੇ ਆਪਣੀਆਂ ਕੁਝ ਕਾਲੀਆਂ ਬਿੱਲੀਆਂ ਨੂੰ ਖਾੜਕੂ ਸਫਾਂ ਵਿੱਚ ਪ੍ਰਵੇਸ਼ ਕਰਵਾਇਆ ਤਾਂ ਕਿ ਉਹਨਾਂ ਨੂੰ ਖਾੜਕੂਆਂ ਦੀ ਹਰ ਗਤੀਵਿਧੀ ਦੀ ਸੂਚਨਾ ਮਿਲ਼ਦੀ ਰਹੇ ਅਤੇ ਹੋਇਆ ਵੀ ਇੰਝ ਹੀ। ਜਿਸ ਕਰਕੇ ਸਾਡੇ ਇੱਕ-ਇੱਕ ਕਰਕੇ ਚੋਟੀ ਦੇ ਸਿੰਘਾਂ ਦੀਆਂ ਸ਼ਹਾਦਤਾਂ ਹੋਣੀਆਂ ਸ਼ੁਰੂ ਹੋ ਗਈਆਂ। ਜਿਸ ਕਰਕੇ 1992-93 ਤੋਂ ਬਾਅਦ ਜਿਹੜਾ ਇੱਕ ਖਲਾਅ ਜਿਹਾ ਪੈਦਾ ਹੋ ਗਿਆ ਸੀ ਖਾੜਕੂ ਗਤੀਵਿਧੀਆਂ ਦੇ ਵਿੱਚ, ਉਸ ਖਲਾਅ ਨੂੰ ਮੁੜ ਹਰਕਤ ਵਿੱਚ ਲਿਆਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਬੜੀ ਸਰਗਰਮੀ ਵਿਖਾ ਰਿਹਾ ਹੈ। 
ਮੈਂ ਖੁਦ ਅਤੇ ਮੇਰੇ ਸਿੰਘ ਸਾਹਿਬ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ ਬਾਬਾ ਨੰਦ (ਤੁਗਲਵਾਲਾ) ਇਸ ਸੰਘਰਸ਼ ਦਾ ਹਿੱਸਾ ਰਹੇ ਹਾਂ। ਸਰਕਾਰੀ ਜਬਰ-ਜ਼ੁਲਮ ਦਾ ਸ਼ਿਕਾਰ ਵੀ ਹੋਏ ਹਾਂ। ਪਰ ਉਹਨਾਂ ਵੱਲੋਂ ਸਾਡੇ ’ਤੇ ਕੀਤਾ ਅਣਮਨੁੱਖੀ ਤਸ਼ੱਦਦ ਸਾਡਾ ਕੁਝ ਵਿਗਾੜ ਤਾਂ ਨਾ ਸਕਿਆ, ਹਾਂ ਸਾਡੇ ਹੌਂਸਲਿਆਂ ਨੂੰ ਬੁਲੰਦ ਜ਼ਰੂਰ ਕੀਤਾ। ਇਸ ਲਈ ਮੈਨੂੰ ਖ਼ੁਸ਼ੀ ਹੈ ਕਿ ਕੋਈ ਤਾਂ ਉੱਠਿਆ ਹੈ ਜੋ ਸਾਡੇ ਉਹਨਾਂ 84 ਤੋਂ ਬਾਅਦ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਪੂਰੇ ਜਾਹੋ-ਜਲਾਲ ਦੇ ਨਾਲ਼ ਮੈਦਾਨ ਵਿੱਚ ਨਿੱਤਰ ਕੇ ਸਾਹਮਣੇ ਆਇਆ ਹੈ। 
ਅੱਜ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਾਰੇ ਆਪਣੇ ਕੁਝ ਵਿਚਾਰ ਲਿਖਤੀ ਰੂਪ ਵਿੱਚ ਸਾਂਝੇ ਕਰਦਿਆਂ ਹੋਇਆਂ ਇੱਕ ਹੋਰ ਸੰਘਰਸ਼ੀ ਤੇ ਬਹਾਦਰ ਯੋਧੇ ਦੀ ਤਸਵੀਰ ਮੇਰੀਆਂ ਅੱਖਾਂ ਸਾਹਵੇਂ ਆਪ ਮੁਹਾਰੇ ਹੀ ਘੁੰਮਣੀ ਸ਼ੁਰੂ ਹੋ ਗਈ ਹੈ, ਜੋ ਇੱਕ ਸੰਘਰਸ਼ੀ ਤੇ ਸਿਰੜੀ ਯੋਧਾ ਹੋਣ ਦੇ ਨਾਲ਼-ਨਾਲ਼ ਕਲਮ ਦਾ ਵੀ ਧਨੀ ਹੈ। ਮੇਰੀ ਮੁਰਾਦ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਤੋਂ ਹੈ। ਮੈਂ ਜਦੋਂ ਵੀ ਕਿੱਧਰੇ ਸੋਸ਼ਲ ਮੀਡੀਏ 'ਤੇ, ਰਸਾਲਿਆਂ-ਅਖ਼ਬਾਰਾਂ ਆਦਿ ਵਿੱਚ ਇਹਨਾਂ ਦੋਵਾਂ ਸੂਰਮਿਆਂ ਦੀ ਇਕੱਠਿਆਂ ਦੀ ਫੋਟੋ ਵੇਖਦੀ ਹਾਂ, ਤਾਂ ਅਰਦਾਸ ਕਰਦੀ ਹਾਂ ਕਿ ਇਸ ਜੁਝਾਰੂ ਤੇ ਸੰਘਰਸ਼ੀ ਜੋੜੀ ਨੂੰ ਕਿਸੇ ਦੀ ਚੰਦਰੀ ਨਜ਼ਰ ਨਾ ਲੱਗੇ। ਮੈਨੂੰ ਤਾਂ ਇਹਨਾਂ ਦੋਵਾਂ ਸੂਰਮਿਆਂ ਦੀ ਜੋੜੀ ਵਿੱਚ ਕੋਈ ਜਿਆਦਾ ਫਰਕ ਮਹਿਸੂਸ ਨਹੀਂ ਹੁੰਦਾ। ਦੋਵੇਂ ਹੀ ਬੜੇ ਚੜ੍ਹਦੀ ਕਲਾ ਵਾਲ਼ੇ,  ਜੂਝਾਰੂ ਸੋਚ ਵਾਲ਼ੇ, ਸਿੱਖ ਪੰਥ ਦੇ ਹੱਕਾਂ ਲਈ ਤੇ ਸਿੱਖੀ ਸਿਧਾਂਤਾਂ ਤੇ ਪੂਰੀ ਤਨਦੇਹੀ ਦੇ ਨਾਲ਼ ਪਹਿਰਾ ਦੇਣ ਵਾਲ਼ੇ ਅਣਖ਼ੀ ਤੇ ਸਿਦਕੀ ਯੋਧੇ ਹਨ। ਦੋਵਾਂ ਨੂੰ ਮੈਂ ਅਕਸਰ ਹੀ ਸੋਸ਼ਲ ਮੀਡੀਆ ’ਤੇ ਸੁਣਦੀ ਰਹਿੰਦੀ ਹਾਂ। ਦੋਵੇਂ ਹੀ ਬੜੀ ਗਰਮਜੋਸ਼ੀ ਨਾਲ਼ ਅਤੇ ਜਜ਼ਬਾਤੀ ਰੌਂਅ ਵਿੱਚ ਆ ਕੇ ਸੱਚੀਆਂ ਤੇ ਖਰੀਆਂ ਗੱਲਾਂ ਕਰਦੇ ਹਨ। ਇਹ ਗੱਲਾਂ ਕਈਆਂ ਨੂੰ ਚੁਭਦੀਆਂ ਹਨ ਤੇ ਤੱਤੀਆਂ ਲਗਦੀਆਂ ਹਨ।  ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਅਜੇ ਮੈਂ ਸੁਣਿਆ ਹੀ ਹੈ, ਰੂ-ਬ-ਰੂ ਹੋਣ ਦਾ ਮੌਕਾ ਅਜੇ ਨਹੀਂ ਮਿਿਲ਼ਆ। ਪਰ ਜਿੱਥੋਂ ਤਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਗੱਲ ਹੈ ਉਸ ਨੂੰ ਤਾਂ ਮੈਂ ਬਹੁਤ ਨੇੜਿਉਂ ਹੋ ਕੇ ਜਾਣਿਆ ਹੈ। ਜਿਸ ਤਰ੍ਹਾਂ ਇਹ ਨੌਜਵਾਨ ਸ਼ਹੀਦ ਸਿੰਘਾਂ ਦੇ ਘਰਾਂ ਦੀਆਂ ਪੈੜਾਂ ਨੱਪਦਾ ਹੋਇਆ, ਉਹਨਾਂ ਦੇ ਘਰਾਂ ਤਕ ਪਹੁੰਚ ਕਰਕੇ, ਸ਼ਹੀਦਾਂ ਬਾਰੇ ਜਾਣਕਾਰੀ ਇਕੱਠੀ ਕਰਕੇ, ਉਸ ਨੂੰ ਕਲਮਬੱਧ ਕਰਕੇ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ, ਇਹ ਵੀ ਆਪਣੇ ਆਪ ਵਿੱਚ ਪੰਥ ਦੀ ਇੱਕ ਬਹੁਤ ਵੱਡੀ ਸੇਵਾ ਹੈ ਕਿਉਂਕਿ ਇਹੀ ਇਤਿਹਾਸ ਨੇ ਆਉਣ ਵਾਲੇ ਸਮੇਂ ’ਚ ਨੌਜਵਾਨਾਂ ਨੂੰ ਸੇਧ ਦੇਣੀ ਹੈ। 
- ਕੁਲਵਿੰਦਰ ਕੌਰ ਖ਼ਾਲਸਾ
(ਸੁਪਤਨੀ ਸ਼ਹੀਦ ਪਰਮਜੀਤ ਸਿੰਘ ਤੁਗਲਵਾਲਾ)

Have something to say? Post your comment

More From Punjab

ਸ਼ਾਰਟ ਸ਼ਰਕਟ ਹੋਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਸ਼ਾਰਟ ਸ਼ਰਕਟ ਹੋਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

ਗੈਂਗਸਟਰ ਬੰਬੀਹਾ ਗੁੁਰੱਪ ਨਾਲ ਸਬੰਧਿਤ 02 ਵਿਅਕਤੀ ਨਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਗੈਂਗਸਟਰ ਬੰਬੀਹਾ ਗੁੁਰੱਪ ਨਾਲ ਸਬੰਧਿਤ 02 ਵਿਅਕਤੀ ਨਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣਗੇ ਵਿਜੇ ਸਾਂਪਲਾ? ਟਿਕਟ ਰੱਦ ਹੋਣ 'ਤੇ ਜਤਾਈ ਨਾਰਾਜ਼ਗੀ, ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣਗੇ ਵਿਜੇ ਸਾਂਪਲਾ? ਟਿਕਟ ਰੱਦ ਹੋਣ 'ਤੇ ਜਤਾਈ ਨਾਰਾਜ਼ਗੀ, ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

PSEB 10th Result : ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ, ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਅੰਕਾਂ ਨਾਲ ਕੀਤਾ ਟਾਪ

PSEB 10th Result : ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ, ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਅੰਕਾਂ ਨਾਲ ਕੀਤਾ ਟਾਪ

ਨਸ਼ਾ ਬਣਿਆ ਨਾਸੂਰ: ਕੋਟਕਪੂਰਾ 'ਚ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਦੀ ਮੌਤ

ਨਸ਼ਾ ਬਣਿਆ ਨਾਸੂਰ: ਕੋਟਕਪੂਰਾ 'ਚ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਦੀ ਮੌਤ

ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਰੇਤ 'ਚ ਜ਼ਿੰਦਾ ਦਫ਼ਨ ਕਰ ਕੇ ਉਤਾਰਿਆ ਦੀ ਮੌਤ ਦੇ ਘਾਟ

ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਰੇਤ 'ਚ ਜ਼ਿੰਦਾ ਦਫ਼ਨ ਕਰ ਕੇ ਉਤਾਰਿਆ ਦੀ ਮੌਤ ਦੇ ਘਾਟ

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ " ਕੌਮੀ ਇਨਸਾਫ ਮੋਰਚੇ ਬਾਰੇ ਹਾਈਕੋਰਟ ਦਾ ਅਦੇਸ਼ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਮਾਣ "