Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਯੂਨਾਈਟਿਡ ਖਾਲਸਾ ਦਲ ਯੂ,ਕੇ ਬਲਜੀਤ ਸਿੰਘ ਘੁੰਮਣ ਦੇ ਉਪਰਾਲੇ ਦਾ ਸਮਰਥਨ

November 05, 2022 12:04 AM

ਯੂਨਾਈਟਿਡ ਖਾਲਸਾ ਦਲ ਯੂ,ਕੇ ਬਲਜੀਤ ਸਿੰਘ ਘੁੰਮਣ ਦੇ ਉਪਰਾਲੇ ਦਾ ਸਮਰਥਨ

" ਸਿੱਖ ਘੱਲੂਘਾਰੇ 1984 ਦੀ ਸਾਂਝੀ ਅਰਦਾਸ , ਅਹਿਸਾਸ ਅਤੇ ਪੀੜਾ ਦਾ ਰੂਪਕ “ ਸਰੋਂ ਦਾ ਪੀਲ਼ਾ ਫੁੱਲ “

ਲੰਡਨ -ਸ਼ਹੀਦ ਮੇਜਰ ਬਲਦੇਵ ਸਿੰਘ ਘੁੰਮਣ ਦੇ ਸਪੁੱਤਰ ਸ੍ਰ ,ਬਲਜੀਤ ਸਿੰਘ ਘੁੰਮਣ ਨੇ ਕਾਫੀ ਸੋਚ ਵਿਚਾਰ ਅਤੇ ਖੋਜ ਕਰਨ ਮਗਰੋਂ ਇਕ ਉਪਰਾਲਾ ਕੀਤਾ ਹੈ। ਜਿਸਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਹਾਰਦਿਕ ਪ੍ਰਸੰਸਾ ਕਰਦਿਆਂ ਸਿੱਖ ਸੰਸਥਾਵਾਂ ਨੂੰ ਧਿਆਨ ਦੇਣ ਲਈ ਆਖਿਆ ਗਿਆ ਹੈ। ਯੂਨਾਈਟਿਡ ਖਾਲਸਾ ਦਲ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਸ੍ਰ ਬਲਜੀਤ ਸਿੰਘ ਘੁੰਮਣ ਨੇ ਇਹ ਵਿਚਾਰ ਸਿੱਖ ਕੌਮ ਦੇ ਸਾਹਮਣੇ ਲਿਆਂਦਾ ਹੈ ਕਿ ਸੰਸਾਰ ਦੇ ਵੱਖੋ ਵੱਖ ਸੱਭਿਆਚਾਰਾਂ ਵਿੱਚ ਗੂੜ੍ਹੇ ਫਿੱਕੇ ਪੀਲ਼ੇ ਰੰਗਾਂ ਦੇ ਖਾਸ ਮਾਅਨੇ ਸਮਝੇ ਜਾਂਦੇ ਹਨ । ਪੀਲ਼ੇ ਰੰਗ ਦੀਆਂ ਅੱਡੋ-ਅੱਡ ਵੰਨਗੀਆਂ ਨੂੰ ਸ਼ਾਂਤੀ , ਸ਼ੋਕ, ਦ੍ਰਿੜਤਾ , ਬਹਾਦਰੀ, ਉੰਮੀਦ, ਨਿੱਘ, ਊਰਜਾ, ਆਸ , ਭਰੋਸੇ, ਚੇਤਨਤਾ, ਵਿੱਦਵਤਾ, ਸੱਜਰੀ ਬਸੰਤ, ਚਾਨਣ, ਜੀਵੰਤ ਅਤੇ ਚੜਦੀ ਕਲਾ ਦੇ ਅਰਥ ਹਾਸਿਲ ਹਨ । ਨਸਲਕੁਸ਼ੀ ਹੰਡਾ ਚੁੱਕੇ ਵੱਖੋ ਵੱਖ ਸੱਭਿਆਚਾਰਾਂ, ਕੌਮਾਂ ਅਤੇ ਧਰਮਾਂ ਨੇ ਆਪਣੇ ਸ਼ਹੀਦਾਂ ਦੀ ਸਾਲਾਨਾ ਯਾਦ ਲਈ ਵੱਖੋ ਵੱਖ ਰੂਪਕ ਸਥਾਪਿਤ ਕੀਤੇ ਹਨ । ਸਿੱਖ ਕੌਮ ਵੀ ਆਪਣੇ 600 ਸਾਲ ਦੇ ਥੋੜੇ ਜਿਹੇ ਸਮੇਂ ਵਿੱਚ ਹੀ ਤਿੰਨ ਘੱਲੂਘਾਰਿਆਂ ਵਿੱਚੋਂ ਲੰਘ ਚੁੱਕੀ ਹੈ । ਮੌਜੂਦਾ ਨਸਲਕੁਸ਼ੀ 1980 ਤੋਂ 1990 ਦੇ ਦਹਾਕੇ ਵਿੱਚ ਵਾਪਰੀ ਜਿਸਦਾ ਸਿਖਰ ਨਵੰਬਰ 1984 ਦਾ ਕਤਲੇਆਮ ਸੀ । ਸਰੋਂ ਦਾ ਬੂਟਾ ਅਤੇ ਇਸਦੇ ਪੀਲ਼ੇ ਫੁੱਲ ਸਦਾ ਤੋਂ ਸਿੱਖਾਂ ਦੀ ਜੱਦੀ ਭੋਇੰ , ਪੰਜਾਬ (ਹੁਣ ਦਾ ਚੜਦਾ ਪੰਜਾਬ ) ਨੂੰ ਦ੍ਰਿਸ਼ਟਮਾਨ ਕਰਦਾ ਹੈ ਅਤੇ ਪੰਜਾਬੀ ਲੋਕ-ਗਾਥਾ ਅਤੇ ਗੀਤਾਂ ਵਿੱਚ ਮੁਕਾਮੀ ਥਾਂ ਰੱਖਦਾ ਹੈ । ਪਰ 1980 ਦੇ ਦਹਾਕੇ ਵਿੱਚ ਸਰੋਂ ਦੇ ਖੇਤ ਸਿੱਖ ਗੱਭਰੂਆਂ ਦੇ ਖਾੜਕੂ ਸੰਘਰਸ਼ ਦੇ ਪਿੜ ਅਤੇ ਝੂਠੇ ਮੁਕਾਬਲਿਆਂ ਰਾਹੀਂ ਕਤਲਗਾਹ ਬਣ ਗਏ । ਸ੍ਰ ਬਲਜੀਤ ਸਿੰਘ ਘੁੰਮਣ ਵਲੋਂ ਮਹਿਸੂਸ ਕੀਤਾ ਗਿਆ ਕਿ ਸਰੋਂ ਦਾ ਪੀਲ਼ਾ ਫੁੱਲ ਕੌਮ ਦੇ ਮੌਜੂਦਾ ਘੱਲੂਘਾਰੇ ਦੀ ਸਾਂਝੀ ਪੀੜ , ਅਹਿਸਾਸ ਅਤੇ ਅਰਦਾਸ ਦਾ ਰੂਪਕ ਹੈ । ਇਸ ਫੁੱਲ ਵਿੱਚੋਂ ਪੰਜਾਬ ਦਿਸਦਾ ਹੈ, ਪਿੰਡ ਤੇ ਖੇਤ ਦਿਸਦੇ ਹਨ, ਸਿੱਖ ਕਿਸਾਨ ਦਿਸਦਾ ਹੈ, ਸਿੱਖਾਂ ਦਾ ਬੁਲੰਦ ਇਤਿਹਾਸ ਦਿਸਦਾ ਹੈ । ਫੁੱਲ ਦਾ ਪੀਲ਼ਾ ਰੰਗ ਪੰਜਾਬ ਅਤੇ ਸਿੱਖਾਂ ਦੇ ਮਾਣਮੱਤੇ ਇਤਿਹਾਸ ਨੂੰ ਚਿੰਨ੍ਹਿਤ ਕਰਦਾ , ਸਾਡੀ ਜੁਝਾਰੂ ਬਿਰਤੀ, ਬਹਾਦਰੀ, ਦਲੇਰੀ, ਵਿਦਵਤਾ, ਸ਼ਾਂਤੀ ਅਤੇ ਚੜ੍ਹਦੀ ਕਲਾ ਦੇ ਗੁਣਾਂ ਨੂੰ ਦਰਸਾਉਂਦਾ ਹੈ । ਇਹ ਰੰਗ ਭਰੋਸੇ , ਸਵੈ-ਮਾਣ , ਥਵਾਕ, ਭਰਦੇ ਜ਼ਖ਼ਮਾਂ, ਨਰੋਏਪਣ , ਅੜਨ, ਵੱਧਣ ਅਤੇ ਜੀਵਨ ਦੇ ਨਵੀਨ ਝਲਕਾਰਿਆਂ ਦਾ ਰਾਹ ਦਸੇਰਾ ਹੈ । ਇਹ ਸਰੋਂ ਦਾ ਪੀਲ਼ਾ ਫੁੱਲ #SikhGenocide ਨੂੰ ਯਾਦ ਕਰਦਿਆਂ, ਸੰਘਰਸ਼ ਵਿੱਚ ਸ਼ਹੀਦ ਹੋ ਗਏ , ਅਤੇ ਕਤਲੇਆਮ ਵਿੱਚ ਵਿੱਛੜ ਗਿਆਂ ਤੇ ਪੀੜਤਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਹਿਤ ਚਿਤਰਿਆ ਹੈ । ਅਸੀਂ ਦ੍ਰਿੜ੍ਹ ਹੋ ਕੇ , ਮਜ਼ਲੂਮ ਬਿਰਤੀ ਤਿਆਗ ਕੇ ਨਿੱਤ ਨਰੋਏ ਹੋ ਰਹੇ ਹਾਂ । ਆਪਣੇ ਵਡੇਰਿਆਂ ਦੀਆਂ ਬਾਤਾਂ ਤੇ ਕਥਾਵਾਂ ਨੂੰ ਹਿਰਦੇ ਵਿੱਚ ਵਸਾ ਕੇ ਨਵੀਆਂ ਵਾਟਾਂ ਦੇ ਰਾਹੀ ਹਾਂ । ਸ੍ਰ, ਬਲਜੀਤ ਵਲੋਂ ਸਾਰੇ ਸਿੱਖ ਮਾਈ-ਭਾਈ ਨੂੰ ਇਹ ਸੁਨੇਹਾ ਅਤੇ ਚਿੱਤਰ ਅੱਗੇ ਸਾਂਝਾ ਕਰਨ ਦੀ ਬੇਨਤੀ ਕੀਤੀ ਗਈ ਹੈ। ਉਥੇ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸ੍ਰੀ ਅਕਾਲ ਚਖਾਉਣ ਤਖਤ ਸਾਹਿਬ ਦੇ ਜਥੇਦਾਰ ਸਮੇਤ ਸਮੂਹ ਸਿੱਖ ਸੰਸਥਾਵਾਂ ਨੂੰ ਇਸ ਉਪਰਾਲੇ ਤੇ ਵਿਚਾਰ ਕਰਨ ਅਤੇ ਅੱਗੇ ਇਸ ਉਪਰਾਲੇ ਤੇ ਠੋਸ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।

Have something to say? Post your comment