Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Article

‘ਚਤਰ ਸਿੰਘ ਬੀਰ ਦਾ ਸੰਪੂਰਨ ਕਾਵਿ ਰੰਗ’ ਪੁਸਤਕ ਖੋਜੀਆਂ ਲਈ ਸਾਹਿਤਕ ਤੋਹਫ਼ਾ

November 02, 2022 03:18 PM

‘ਚਤਰ ਸਿੰਘ ਬੀਰ ਦਾ ਸੰਪੂਰਨ ਕਾਵਿ ਰੰਗ’ ਪੁਸਤਕ ਖੋਜੀਆਂ ਲਈ ਸਾਹਿਤਕ ਤੋਹਫ਼ਾ
ਉਜਾਗਰ ਸਿੰਘ
Êਪੰਜਾਬੀ ਦਾ ਕਾਵਿ ਰੰਗ ਬਹੁ ਰੰਗਾ ਅਤੇ ਬਹੁ-ਪਰਤੀ ਹੈ। ਪੁਰਾਤਨ ਕਵੀਆਂ ਦੀਆਂ ਕਵਿਤਾਵਾਂ ਅਧਿਆਤਮਿਕ ਕਿਸਮ ਦੇ ਰੰਗਾਂ ਵਿੱਚ
ਰੰਗੀਆਂ ਹੋਈਆਂ ਸਨ। ਬਾਬਾ ਬੁਲ੍ਹੇ ਸ਼ਾਹ ਤੋਂ ਸ਼ੁਰੂ ਹੋ ਕੇ ਆਧੁਨਿਕ ਦੌਰ ਤੱਕ ਪਹੁੰਚਦਿਆਂ ਬਹੁਤ ਰੰਗਾਂ ਦੀ ਕਵਿਤਾ ਪੜ੍ਹਨ ਨੂੰ ਮਿਲਦੀ ਹੈ।
ਹਰ ਕਵੀ ਨੇ ਆਪਣੀ ਕਾਵਿਕ ਕਲਾ ਦੀ ਛਾਪ ਛੱਡੀ ਹੈ। ਅਜਿਹੇ ਕਵੀਆਂ ਵਿੱਚ ਚਤਰ ਸਿੰਘ ਬੀਰ ਦਾ ਨਾਮ ਵੀ ਵਰਣਨਯੋਗ ਹੈ। ਉਸ
ਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਨਵੇਕਲੇ ਰੰਗ ਖਿਲਾਰਦੀਆਂ ਸਾਹਿਤਕ ਖ਼ੁਸ਼ਬੂ ਵਿੱਚ ਵਾਧਾ ਕਰਦੀਆਂ ਹਨ। ਉਹ ਆਸ਼ਾਵਾਦੀ ਸ਼ਾਇਰ
ਸਨ, ਜਿਹੜੇ ਸਰਲ ਸ਼ਬਦਾਵਲੀ ਵਿੱਚ ਬੇਬਾਕ ਹੋ ਕੇ ਕਵਿਤਾ ਲਿਖਦੇ ਰਹੇ। ਉਨ੍ਹਾਂ ਦੀਆਂ ਬਹੁਤੀਆਂ ਧਾਰਮਿਕ ਕਵਿਤਾਵਾਂ ਪੰਜਾਬੀ ਬੋਲੀ
ਦਾ ਪਰਚਮ ਝੁਲਾ ਰਹੀਆਂ ਹਨ। ਚਤਰ ਸਿੰਘ ਬੀਰ ਦੀਆਂ ਕਵਿਤਾਵਾਂ ਛੰਦ ਬੱਧ, ਲੰਬੀਆਂ/ਛੋਟੀਆਂ, ‘ਦੇਸ਼ ਦੀ ਵੰਡ’, ਧਾਰਮਿਕ, ਦੇਸ਼
ਭਗਤੀ ਅਤੇ ਇਸ਼ਕ ਮੁਸ਼ਕ ਦੇ ਵਿਸ਼ਿਆਂ ਵਾਲੀਆਂ ਹਨ। ਚਤਰ ਸਿੰਘ ਬੀਰ ਦੇ ਪੰਜ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋਏ ਹਨ। ਉਨ੍ਹਾਂ ਦੀ ਭੈਣ
ਪਰਮਜੀਤ ਪਰਮ ਨੇ ਬੀਰ ਦੀਆਂ ਪੰਜੇ ਪੁਸਤਕਾਂ ਨੂੰ ਸੰਪਾਦਿਤ ਕਰਕੇ ਇੱਕ ਪੁਸਤਕ ਵਿੱਚ ਪ੍ਰਕਾਸ਼ਤ ਕਰਵਾ ਦਿੱਤਾ ਹੈ। ਉਨ੍ਹਾਂ ਦਾ ਇਹ
ਉਦਮ ਸਾਹਿਤ ਦੇ ਵਿਦਿਆਰਥੀਆਂ ਖਾਸ ਤੌਰ ਤੇ ਖੋਜੀਆਂ ਲਈ ਲਾਭਦਾਇਕ ਹੋਵੇਗਾ। ਉਨ੍ਹਾਂ ਦੀ ਪਹਿਲੀ ਪੁਸਤਕ ‘ਝਾਂਜਰ ਛਣਕ ਪਈ’
(1954) ਵਿੱਚ ਪ੍ਰਕਾਸ਼ਤ ਹੋਈ ਸੀ। ਉਸ ਕਾਵਿ ਸੰਗ੍ਰਹਿ ਵਿੱਚ 23 ਕਵਿਤਾਵਾਂ/ਰੁਬਾਈਆਂ ਅਤੇ 8 ਗ਼ਜ਼ਲਾਂ ਹਨ। ਇਹ ਕਵਿਤਾਵਾਂ ਅਤੇ
ਗ਼ਜ਼ਲਾਂ ਪੰਜਾਬੀ ਸਭਿਅਚਾਰ ਦੀ ਪ੍ਰਤੀਨਿਧਤਾ ਕਰਦੀਆਂ ਹਨ। ਇਨ੍ਹਾਂ ਦੀ ਸ਼ਬਦਾਵਲੀ ਠੇਠ ਪੰਜਾਬੀ ਹੈ। ਪਹਿਲੀ ਹੀ ਕਵਿਤਾ ‘ਝਾਂਜਰ’
ਦੇ ਬੋਲ ਦਿਲ ਨੂੰ ਟੁੰਬਦੇ ਹਨ-
ਝਾਂਜਰ ਛਣਕੀ ਜ਼ੁਲਫਾਂ ਹਿੱਲੀਆਂ, ਨੱਚੇ ਨੈਣ ਮਮੋਲੇ।
Ê ਪੋਰੀ ਪੋਰੀ ਉਸ ਗੋਰੀ ਦੀ, ਖਾਣ ਲੱਗੀ ਹਿਚਕੋਲੇ।
ਸੰਗਦੇ ਸੰਗਦੇ ਨੇ ਮੈਂ ਓਧਰ, ਇੱਕ ਨਜ਼ਰ ਜਦ ਕੀਤੀ।
ਕਿਰ ਪਏ ਉਸਦੀ ਰਗ ਰਗ ਵਿੱਚੋਂ, ਨਖ਼ਰੇ ਪੋਲੇ ਪੋਲੇ।
ਕਵੀ ਵੱਲੋਂ ਕਵਿਤਾਵਾਂ ਵਿੱਚ ਵਰਤੀ ਗਈ ਸਰਲ ਪੰਜਾਬੀ ਉਸ ਨੂੰ ਲੋਕ ਕਵੀ ਬਣਾਉਂਦੀ ਹੈ। ਉਸਦੀ ਸ਼ਬਦਾਵਲੀ ਵਿੱਚ ਟਿੱਲਾ, ਚਰਖਾ,
ਪੀਂਘਾਂ, ਵੰਝਲੀ, ਅਲਗੋਜ਼ੇ, ਹੇਕ, ਨਾਜ਼ਕ, ਕਲੀਆਂ, ਰਾਵੀ, ਬਿਆਸ, ਪੰਜਾਬੀਅਤ ਦੇ ਦਰਸ਼ਨ ਕਰਵਾ ਰਹੇ ਹਨ। ਕੁਝ ਕਵਿਤਾਵਾਂ ਹੁਸਨ
ਇਸ਼ਕ ਦੀਆਂ ਬਾਤਾਂ ਪਾ ਰਹੀਆਂ ਹਨ। ਉਹ ਮੇਰਾ ਪੰਜਾਬ, ਗਿਲਾ ਕਿਸ ਤੇ ਅਤੇ ਤੇਰਾ ਪੰਜਾਬ ਲੰਬੀਆਂ ਕਵਿਤਾਵਾਂ ਪੰਜਾਬ ਦੀ ਸਭਿਅਤਾ
ਅਤੇ ਸਭਿਅਚਾਰ ਦਾ ਪ੍ਰਗਟਾਵਾ ਕਰਦੀਆਂ ਹਨ। ਦੇਸ਼ ਦੀ ਵੰਡ ਦੇ ਸੰਤਾਪ ਦੀ ਤ੍ਰਾਸਦੀ ਨੂੰ ਵੀ ਦਰਸਾ ਰਹੀਆਂ ਹਨ। ਦੇਸ਼ ਦੇ ਪੁਜਾਰੀ
ਕਵਿਤਾ ਵਿੱਚ ਉਸ ਸਮੇਂ ਦੇ ਸਮਾਜ ਦੀ ਤਸਵੀਰ ਖਿੱਚ ਦਿੱਤੀ-
ਧੋਖੇ ਬਾਜ਼ ਫਰੇਬੀ ਝੂਠੇ, ਉਤੋਂ ਮਿੱਠੇ ਅੰਦਰੋਂ ਜ਼ਹਿਰੀ।

ਗੱਲਾਂ ਨਾਲ ਪਰਚਾਵਣ ਵਾਲੇ, ਮੈਂ ਵੇਖੇ ਨੇ ਲੱਖਾਂ ਸ਼ਹਿਰੀ।
ਚਤਰ ਸਿੰਘ ਬੀਰ ਆਪਣੀ ਇਕ ਗ਼ਜ਼ਲ ਵਿੱਚ ਇਸ਼ਕ-ਮੁਸ਼ਕ ਦਾ ਜ਼ਿਕਰ ਕਰਦਾ ਹੋਇਆ ਧੋਖੇ ਖਾਣ ਦੀ ਗੱਲ ਕਰਦਾ ਹੈ-
ਹੁਸਨ ਸੀ ਜੋ ਚਾਰ ਦਿਨ ਲਈ, ਜਗ-ਮਗਾ ਜਾਂਦਾ ਰਿਹਾ।
ਇਸ਼ਕ ਸੀ ਜੋ ਮੁਰਦਿਆਂ ਵਿੱਚ, ਜਾਨ ਪਾ ਜਾਂਦਾ ਰਿਹਾ।
ਜੇ ਮੇਰੇ ਜੀਵਨ ‘ਚ ਆਈ ਹਾਰ, ਤਾਂ ਕੀ ਹੋ ਗਿਆ?
ਹਰ ਸਮੇਂ ਬੰਦੇ ਤੋਂ ਬੰਦਾ, ਧੋਖਾ ਖਾ ਜਾਂਦਾ ਰਿਹਾ।
ਚਤਰ ਸਿੰਘ ਬੀਰ ਦੀ ਦੂਜੀ ਪੁਸਤਕ ‘ਡੁੱਬਦੇ ਪੱਥਰ ਤਾਰੇ’ (1972), ਵਿੱਚ ਪ੍ਰਕਾਸ਼ਤ ਹੋਈ ਸੀ। ‘ਡੁੱਬਦੇ ਪੱਥਰ ਤਾਰੇ’ ਵਿੱਚ 24
ਕਵਿਤਾਵਾਂ ਅਤੇ ਦੋ ਸ਼ਿਅਰ ਹਨ। ਇਨ੍ਹਾਂ ਵਿੱਚੋਂ ਵੀ ਬਹੁਤੀਆਂ ਲੰਬੀਆਂ ਕਵਿਤਾਵਾਂ ਹਨ ਜੋ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਰਜਨ
ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰੇ ਸਾਹਿਬਜ਼ਾਦਿਆਂ ਅਤੇ ਸਿੱਖੀ ਨਾਲ ਸੰਬੰਧਤ ਕਵਿਤਾਵਾਂ ਹਨ। ਦੋ ਕਵਿਤਾਵਾਂ ਉਨ੍ਹਾਂ ਵੱਲੋਂ ਉਸ
ਸਮੇਂ ਹੋਈਆਂ ਵਿਦਿਅਕ ਕਾਨਫਰੰਸਾਂ ਵਿੱਚ ਪੜ੍ਹੀਆਂ ਗਈਆਂ ਕਵਿਤਾਵਾਂ ਸਨ, ਜੋ ਅੱਖਰੀ ਪੜ੍ਹਾਈ ਨਾਲੋਂ ਜ਼ਿੰਦਗੀ ਵਿੱਚ ਚੰਗੇ ਕੰਮ ਕਰਨ
ਵਾਲੀ ਪ੍ਰਾਪਤ ਕੀਤੀ ਵਿਦਿਆ ਬਾਰੇ ਹਨ-
Ê ਪੜ੍ਹ ਕੇ ਵਿਦਿਆ ਅਸੀਂ ਜੇ ਅਮਲ ਕਰੀਏ, ਸਾਡੀ ਬੇਇਤਫ਼ਾਕੀ ਵੀ ਦੂਰ ਹੋਵੇ।
ਝਖੜ ਝਗੜਿਆਂ ਦਾ ਵਗਣੋਂ ਬੰਦ ਹੋਵੇ, ਪਰਬਤ ਮੁਸ਼ਕਲਾਂ ਦਾ ਚੂਰ ਚੂਰ ਹੋਵੇ।
ਜੇਕਰ ਵਿਦਿਆ ਵਰਤਣੀ ਆ ਜਾਵੇ, ਸਾਡਾ ਰਾਹ ਸਾਰਾ ਨੂਰੋ ਨੂਰ ਹੋਵੇ।
ਇਸ ਪੁਸਤਕ ਦੀਆਂ ਕਵਿਤਾਵਾਂ ਵਿੱਚ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ ਗਈ ਹੈ। ਭਾਰਤ ਪਾਕਿ ਜੰਗ ਦੇ ਨੁਕਸਾਨ ਅਤੇ ਅਮਨ ਦੀ
ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ ਹੈ। ‘ਅਮਨ ਦਾ ਰਸਤਾ ਵਿਖਾ ਜਾ’ ਸਿਰਲੇਖ ਵਾਲੀ ਕਵਿਤਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੋ
ਕੇ ਸ਼ਾਇਰ ਲਿਖਦਾ ਹੈ, ਇਨਸਾਨ ਸਿੱਖ ਵਿਚਾਰਧਾਰਾ ਤੋਂ ਦੂਰ ਹੁੰਦਾ ਜਾ ਰਿਹਾ ਹੈ-
ਕੌਣ ਕਹਿੰਦਾ ਹੈ ਕਿ ਤੇਰੀ ਹੋਂਦ ਨਜ਼ਰੋਂ ਦੂਰ ਹੈ,
ਕਲੀਆਂ ‘ਚ ਤੇਰੀ ਵਾਸ਼ਨਾ ਫੁੱਲਾਂ ਤੇ ਤੇਰਾ ਨੂਰ ਹੈ।
ਚਮਨ ਦੀ ਸਾਰੀ ਫ਼ਿਜ਼ਾ ਤੇਰੇ ਨਸ਼ੇ ਵਿੱਚ ਚੂਰ ਹੈ,
Ê ਪਰ ਤੇਰਾ ਇਨਸਾਨ ਤੈਥੋਂ ਅੱਜ ਕੋਹਾਂ ਦੂਰ ਹੈ।

ਤੀਜੀ ਪੁਸਤਕ ‘ਮੈਂ ਵੀ ਹਾਜ਼ਰ ਹਾਂ’ ਜੋ (1983), ਵਿੱਚ ਪ੍ਰਕਾਸ਼ਤ ਹੋਈ ਸੀ, ਵਿੱਚ 38 ਕਵਿਤਾਵਾਂ ਅਤੇ 3 ਗੀਤ ਹਨ। ਇਨ੍ਹਾਂ ਵਿੱਚੋਂ 30
ਕਵਿਤਾਵਾਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਰੁਮਾਂਸਵਾਦ ਨਾਲ ਸੰਬੰਧਤ ਹਨ। ਇਨ੍ਹਾਂ ਕਵਿਤਾਵਾਂ ਵਿੱਚ ਪਿਆਰਿਆਂ ਵੱਲੋਂ ਧੋਖੇ, ਫਰੇਬ ਜਾਂ
ਗ਼ਰੀਬੀ ਅਮੀਰੀ ਦੇ ਪਾੜੇ ਦੇ ਵਾਸਤੇ ਪਾ ਕੇ ਇਸ਼ਕ ਅੱਧ ਵਿਚਕਾਰੋਂ ਹੀ ਟੁੱਟਦੇ ਵਿਖਾਏ ਗਏ ਹਨ। ਪਰੰਤੂ ਕਵੀ ਦੀ ਕਮਾਲ ਹੈ ਕਿ ਇਨ੍ਹਾਂ
ਕਵਿਤਾਵਾਂ ਵਿੱਚ ਉਹ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ ਵੀ ਆੜੇ ਹੱਥੀਂ ਲੈਂਦਾ ਹੈ। ਇਸ ਤੋਂ ਭਾਵ ਹੈ ਕਿ ਕਵੀ ਦੀਆਂ ਇਸ ਪੁਸਤਕ
ਵਿਚਲੀਆਂ ਕਵਿਤਾਵਾਂ ਸਮਾਜਵਾਦ ਅਤੇ ਰੁਮਾਂਸਵਾਦ ਦਾ ਸੁਮੇਲ ਕਹੀਆਂ ਜਾ ਸਕਦੀਆਂ ਹਨ। ਚਤਰ ਸਿੰਘ ਬੀਰ ਅਨੁਸਾਰ ਸਮਾਜ ਦੇ
ਲੋਕ ਦੋਗਲੇਪਣ ਦੇ ਸ਼ਿਕਾਰ ਹਨ। ਉਹ ਮੁਖੌਟੇ ਪਾਈ ਫਿਰਦੇ ਹਨ। ਅੰਦਰੋਂ ਤੇ ਬਾਹਰੋਂ ਇਕ ਨਹੀਂ ਹਨ। ਉਹ ਇਹ ਵੀ ਕਹਿੰਦਾ ਹੈ ਕਿ
ਪਿਆਰ ਘਾਟੇ ਦਾ ਸੌਦਾ ਹੈ। ਇਸ ਵਿੱਚ ਕੋਈ ਵਿਰਲਾ ਹੀ ਸਫਲ ਹੁੰਦਾ ਹੈ। ਸਤਵਾਰ ਸਿਰਲੇਖ ਵਾਲੀ ਕਵਿਤਾ ਪਿਆਰਿਆਂ ਦੀ ਹਫਤਾ
ਭਰ ਕੀ ਹਾਲਤ ਹੁੰਦੀ ਹੈ, ਉਸਦਾ ਪ੍ਰਗਟਾਵਾ ਕੀਤਾ ਗਿਆ ਹੈ-
ਐਤਵਾਰ ਅੱਖਾਂ ਅਸਾਂ ਕੀ ਲਾਈਆਂ, ਬੱਝ ਗਏ ਹਾਂ ਬਿਨਾ ਕਸੂਰ ਮੀਆਂ।
ਸੋਮਵਾਰ ਸਰੀਰ ਸੁਕਾ ਲਿਆ ਏ, ਚਸ਼ਮਾਂ ਰਹਿੰਦੀਆਂ ਫੇਰ ਵੀ ਤਰ ਮੀਆਂ।
ਮੰਗਲਵਾਰ ਮੁਸ਼ਕਲ ਉਤੇ ਬਣੀ ਮੁਸ਼ਕਲ, ਸਾਨੂੰ ਲੱਭਦਾ ਕੋਈ ਨਾ ਹੱਲ ਮੀਆਂ।
ਬੁੱਧਵਾਰ ਬਹਿ ਜਾ ਘੜੀ ਕੋਲ ਸਾਡੇ, ਨਾ ਤੂੰ ਪੱਲਾ ਛੁਡਾ ਕੇ ਨੱਸ ਮੀਆਂ।
ਵੀਰਵਾਰ ਵਿਛੋੜੇ ਦੀ ਰਾਤ ਆਈ, ਆਈ ਆਸ਼ਕਾਂ ਲਈ ਕਜ਼ਾ ਮੀਆਂ।
ਸ਼ੁਕਰਵਾਰ ਸ਼ਰਾਬ ਦੀ ਟੋਟ ਵਾਂਗੂੰ, ਪਵੇ ਸਾਰੇ ਸਰੀਰ ਧੂਹ ਮੀਆਂ।
ਸ਼ਨੀਵਾਰ ਸ਼ਿੰਗਾਰ ਦੇ ਸ਼ੌਕ ਮੁੱਕੇ, ਚਿੰਤਾ ਚੰਬੜੀ ਵਾਂਗ ਚੁੜੇਲ ਮੀਆਂ।
ਕਵੀ ਨੇ ਬਾਕੀ ਦੀਆਂ ਕਵਿਤਾਵਾਂ ਵਿੱਚ ਜ਼ਿੰਦਗੀ ਦੀ ਜਦੋਜਹਿਦ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਹੈ ਕਿ ਮਿਹਨਤ ਨਾਲ ਹੀ ਪ੍ਰਪਤੀ
ਕੀਤੀ ਜਾ ਸਕਦੀ ਹੈ। ਕਿਰਤੀ ਲੋਕਾਂ ਦੇ ਪੱਖ ਵਿੱਚ ਕਵਿਤਾਵਾਂ ਲਿਖੀਆਂ ਹਨ।
ਚੌਥੀ ਪੁਸਤਕ ‘ਅਸੀਂ ਕੌਣ ਹਾਂ?’ (1987) ਵਿੱਚ ਪ੍ਰਕਾਸ਼ਤ ਕਰਵਾਈ ਗਈ ਹੈ। ਇਸ ਪੁਸਤਕ ਵਿੱਚ 27 ਕਵਿਤਾਵਾਂ ਹਨ, ਇਨ੍ਹਾਂ ਵਿੱਚੋਂ 24
ਕਵਿਤਾਵਾਂ ਸਿੱਖ ਧਰਮ ਦੇ ਗੁਰੂਆਂ ਅਤੇ ਕੁਝ ਸਿੱਖ ਮਹਾਨ ਯੋਧਿਆਂ ਬਾਰੇ ਹਨ। ਵਰਤਮਾਨ ਸਮੇਂ ਵਿੱਚ ਲੋਕਾਂ ਦੇ ਕੁਰਾਹੇ ਪੈਣ ਬਾਰੇ
ਆਪਣੀ ਕਵਿਤਾ ਬਾਬਾ ਵਿੱਚ ਕਵੀ ਲਿਖਦਾ ਹੈ-
ਤੂੰ ਤੇ ਦੱਸਿਆ ਸੀ ਸਿੱਧਾ ਰਾਹ ਸਾਨੂੰ, ਐਪਰ ਅਸੀਂ ਫੜ ਲਈ ਪੁੱਠੀ ਚਾਲ ਬਾਬਾ।
ਮੂੰਹ ਚਲਦਾ ਸਾਡਾ ਮਸ਼ੀਨ ਵਾਂਗੂੰ, ਖਾਈਏ ਜਦੋਂ ਹਰਾਮ ਦਾ ਮਾਲ ਬਾਬਾ।
ਖਰੇ ਸੌਦੇ ਦੀ ਜਾਚ ਸਿਖਾਈ ਸੀ ਤੂੰ, ਅਸੀਂ ਝੂਠ ਦੇ ਬਣੇ ਦਲਾਲ ਬਾਬਾ।

ਇਸੇ ਤਰ੍ਹਾਂ ਹੋਰ ਸਮਾਜਿਕ ਬੁਰਾਈਆਂ ਨੂੰ ਵੀ ਸ਼ਾਇਰ ਨੇ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਏ ਹਨ। ਵਧਦੀ ਆਬਾਦੀ ਵਿਕਾਸ ਨੂੰ ਲੀਹ
ਤੋਂ ਉਤਾਰਨ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ। ਪਰਿਵਾਰ ਨਿਯੋਜਨ ਸੰਬੰਧੀ ਪਛਤਾਵਾ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੇ ਹਨ-
ਮੈਂ ਹਾਂ ਵੱਡੇ ਟੱਬਰ ਵਾਲਾ, ਸੁਣ ਲਓ ਮੇਰੀ ਰਾਮ-ਕਹਾਣੀ।
ਅੱਜ ਵੀ ਡੁੱਬਾ ਕਲ੍ਹ ਵੀ ਡੁੱਬਾ, ਮੇਰੇ ਗਲ ਗਲ ਚੜ੍ਹਿਆ ਪਾਣੀ।
ਖਾਣ ਪੀਣ ਨੂੰ ਮਿਲਦਾ ਕੁਝ ਨਾ, ਕਿੱਦਾਂ ਮੂੰਹ ‘ਤੇ ਆਵੇ ਲਾਲੀ।
ਪਹਿਲਾ ਹਫ਼ਤਾ ਬੀਤਣ ਤੇ ਹੀ, ਹੋ ਜਾਂਦਾ ਹੈ ਖੀਸਾ ਖਾਲੀ।
ਪੰਜਵੀਂ ਪੁਸਤਕ ‘ਸਿਫ਼ਤ ਸਲਾਹ’, (1995) ਪ੍ਰਕਾਸ਼ਤ ਹੋਈ ਹੈ। ‘ਸਿਫ਼ਤ ਸਲਾਹ’ ਵਿੱਚ 18 ਕਵਿਤਾਵਾਂ, 1 ਗ਼ਜ਼ਲ ਅਤੇ 1 ਗੀਤ ਸ਼ਾਮਲ
ਹਨ। ਪੁਸਤਕ ਦਾ ਨਾਮ ਹੀ ਦਸ ਰਿਹਾ ਹੈ ਕਿ ਪੁਸਤਕ ਵਿੱਚ ਕੀ ਮੈਟਰ ਹੈ? ਭਾਵ ਇਸ ਪੁਸਤਕ ਦੀਆਂ ਲਗਪਗ ਸਾਰੀਆਂ ਕਵਿਤਾਵਾਂ
ਹੀ ਪਰਮ ਪਿਤਾ ਪਰਮਾਤਮਾ ਦੀ ਮਹਿਮਾ ਵਿੱਚ ਲਿਖੀਆਂ ਗਈਆਂ ਹਨ ਪਰੰਤੂ ਉਨ੍ਹਾਂ ਕਵਿਤਾਵਾਂ ਵਿੱਚ ਸਮਾਜ ਵਿੱਚ ਸਮਾਜਿਕ ਕਦਰਾਂ
ਕੀਮਤਾਂ ਦੀ ਜੋ ਗਿਰਾਵਟ ਆਈ ਹੈ, ਉਸ ਬਾਰੇ ਵੀ ਲਿਖਿਆ ਗਿਆ ਹੈ। ਕਵੀ ਪਰਮਾਤਮਾ ਨੂੰ ਸੰਬੋਧਨ ਹੋ ਕੇ ਕਵਿਤਾਵਾਂ ਲਿਖ ਰਿਹਾ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਦਸਤਕਾਰਾਂ, ਕਲਾਕਾਰਾਂ ਅਤੇ ਮਿਹਨਤ ਕਰਨ ਵਾਲੇ ਮਜ਼ਦੂਰਾਂ ਬਾਰੇ ਵੀ ਕਵਿਤਾਵਾਂ ਵਿੱਚ ਲਿਖਿਆ
ਗਿਆ ਹੈ। ਦਸਤਕਾਰ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ-
ਥੋੜ੍ਹੇ ਸਮੇਂ ਅੰਦਰ ਦੁਨੀਆਂ ਵਿੱਚ ਇਹਨੇ, ਬਾਕੀ ਦੁਨੀਆਂ ਦਾ ਮੂੰਹ ਭਵਾ ਦੇਣਾ।
ਇਹਦੀਆਂ ਮਿਹਨਤਾਂ ਨੇ ਹਿੰਦੁਸਤਾਨ ਤਾਈਂ, ਮੁੜ ਕੇ ਸੋਨੇ ਦੀ ਚਿੜੀ ਬਣਾ ਦੇਣਾ।
ਭਾਈਚਾਰਕ ਸਾਂਝ ਵਿੱਚ ਆਈ ਗਿਰਾਵਟ ਬਾਰੇ ਕਵੀ ਲਿਖਦਾ ਹੈ-
ਉਸਰ ਗਈ ਏ ਵਿਹੜੇ ਵਿੱਚ ਭਰਾਵਾਂ ਦੇ, ਨਫ਼ਰਤ ਦੀ ਦੀਵਾਰ ਓ ਸਾਹਿਬਾ ਮੇਰਿਆ।
ਂਰੋਜ਼ ਸਵੇਰੇ ਆਉਂਦੀ ਮੇਰੇ ਬੂਹੇ ‘ਤੇ, ਲਹੂ ਲਿਬੜੀ ਅਖ਼ਬਾਰ ਓ ਸਾਹਿਬਾ ਮੇਰਿਆ।
ਪਰਮਜੀਤ ਪਰਮ ਨੇ ਚਤਰ ਸਿੰਘ ਬੀਰ ਦੀਆਂ ਪੰਜੇ ਪੁਸਤਕਾਂ ਇਕ ਪੁਸਤਕ ਵਿੱਚ ਸੰਕਲਤ ਕਰਕੇ ਖੋਜ ਕਰਨ ਵਾਲੇ ਵਿਦਿਆਰਥੀਆਂ
ਲਈ ਬਿਹਤਰੀਨ ਕੰਮ ਕੀਤਾ ਹੈ। 312 ਪੰਨਿਆਂ, 400 ਰੁਪਏ ਕੀਮਤ ਵਾਲੀ ਇਹ ਪੁਸਤਕ ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ ਨੇ
ਪ੍ਰਕਾਸ਼ਤ ਕੀਤੀ ਹੈ। ਉਨ੍ਹਾਂ ਦੀਆਂ ਕਵਿਤਾਵਾਂ ਦੀ ਬੋਲੀ ਸਰਲ ਹੈ। ਉਨ੍ਹਾਂ ਨੂੰ ਲੋਕ ਕਵੀ ਵੀ ਕਿਹਾ ਜਾ ਸਕਦਾ ਹੈ।

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ