Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਦੀਵਾਲੀ ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ

October 22, 2022 11:08 PM

ਦੀਵਾਲੀ ਦੇ ਦਿਨ ਬੁਝਿਆ ਮਾਂ ਦਾ ਚਿਰਾਗ: ਸੁਰਿੰਦਰ ਸਿੰਘ ਮਾਹੀ
ਉਜਾਗਰ ਸਿੰਘ
ਦੀਵਾਲੀ ਦੇ ਸ਼ੁਭ ਦਿਨ ਜਦੋਂ ਸਾਰਾ ਭਾਰਤੀ ਸੰਸਾਰ ਦੀਵੇ ਰੌਸ਼ਨਾ ਕੇ ਖ਼ੁਸ਼ੀਆਂ ਮਨਾ ਰਿਹਾ ਹੋਵੇ ਤੇ ਉਸ ਦਿਨ ਇਕ ਇਕੱਲੀ ਕਹਿਰੀ ਮਾਂ
ਦਾ ਚਿਰਾਗ ਬੁਝ ਜਾਵੇ ਤਾਂ ਉਸ ਮਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਂ37 ਸਾਲ ਪਹਿਲਾਂ 1985 ਨੂੰ ਦੀਵਾਲੀ ਵਾਲੇ ਦਿਨ ਮਾਤਾ ਸੰਤ
ਕੌਰ ਦਾ ਚਿਰਾਗ ਬੁਝਣ ਨਾਲ ਚਾਰੇ ਪਾਸੇ ਭਵਿਖ ਅੰਧੇਰਾ ਪਸਰ ਗਿਆ। ਮਾਂ ਦੇ ਭਵਿਖ ਨੂੰ ਵੀ ਗ੍ਰਹਿਣ ਲੱਗ ਗਿਆ। ਮਾਂ ਦੇ ਸਤਿਕਾਰ
ਲਈ ਕੁਰਬਾਨੀ ਦੇਣ ਵਾਲਾ ਸਪੁੱਤਰ ਪੰਜਾਬੀ ਅਤੇ ਉਰਦੂ ਦਾ ਕਵੀ ਅਤੇ ਸੰਪਾਦਕ ਸੁਰਿੰਦਰ ਸਿੰਘ ਮਾਹੀ ਆਪਣੀ ਹੀ ਮਾਂ ਨੂੰ ਬੇਸਹਾਰਾ
ਛੱਡ ਕੇ ਅਣਦੱਸੇ ਰਾਹ ਪੈ ਗਿਆ। ਸੁਰਿੰਦਰ ਸਿੰਘ ਮਾਹੀ ਆਪਣੇ ਪਿਤਾ ਵੱਲੋਂ ਮਾਂ ਨੂੰ ਅਣਡਿਠ ਕਰਕੇ ਦੂਜਾ ਵਿਆਹ ਕਰਵਾਉਣ ਦੇ ਗੁੱਸੇ
ਵਜੋਂ ਮਾਂ ਦਾ ਸਤਿਕਾਰ ਬਰਕਰਾਰ ਰੱਖਣ ਲਈ ਸਾਰੀ ਉਮਰ ਵਿਆਹ ਨਾ ਕਰਵਾਕੇ ਮਾਂ ਦੀ ਸੇਵਾ ਕਰਨ ਵਾਲਾ ਸਰਵਣ ਸਪੁੱਤਰ ਬਣਕੇ
ਵਿਚਰਿਆ। ਸੰਸਾਰ ਬਹੁਰੰਗਾ ਹੈ, ਇਸ ਵਿੱਚ ਰੰਗ ਬਰੰਗੇ ਲੋਕ ਰਹਿੰਦੇ ਹਨ। ਇਨ੍ਹਾਂ ਬਹੁਰੰਗੇ ਲੋਕਾਂ ਦੀ ਖ਼ੁਸ਼ਬੋ ਮਾਨਣ ਦਾ ਇਤਫ਼ਾਕ
ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ। ਅਜਿਹੇ ਬਹੁਰੰਗੇ ਮਹਿਕ ਵੰਡਣ ਵਾਲੇ ਲੋਕਾਂ ਵਿੱਚੋਂ ਸੁਰਿੰਦਰ ਸਿੰਘ ਮਾਹੀ ਇੱਕ ਸੀ। ਜਿਸਦਾ ਸਾਥ
ਮਾਣਕੇ ਮੈਂ ਉਸਦੀ ਸਾਹਿਤਕ ਖੁਸ਼ਬੋ ਦਾ ਆਨੰਦ ਮਾਣਦਾ ਰਿਹਾ ਹਾਂ। ਉਹ ਹਮੇਸ਼ਾ ਹਰ ਔਕੜ ਦੇ ਸਮੇਂ ਵੀ ਮੱਥੇ ਤੇ ਵੱਟ ਨਹੀਂ ਪਾਉਂਦਾ ਸੀ
ਸਗੋਂ ਮੁਸਕਰਾਹਟ ਨਾਲ ਹੀ ਦੁੱਖ ਨੂੰ ਪੀ ਜਾਂਦਾ ਸੀ। ਉਹ ਕਿਹੜੀਆਂ ਜਹਿਮਤਾਂ ਦਾ ਮੁਕਾਬਲਾ ਕਰਦਾ ਰਿਹਾ, ਉਸ ਬਾਰੇ ਉਸਨੇ ਕਦੀਂ
ਕਿਸੇ ਨਾਲ ਦਿਲ ਦੀ ਗੱਲ ਸਾਂਝੀ ਨਹੀਂ ਕੀਤੀ। ਜੇਕਰ ਉਸਤੋਂ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਸਿਰਫ ਮੁਸਕਰਾਹਟ ਨਾਲ ਹੀ ਟਾਲ ਜਾਂਦਾ
ਸੀ। ਮਿੱਤਰਾਂ ਦੋਸਤਾਂ ਦਾ ਮਾਹੀ ਆਪਣੀ ਮਹਿਬੂਬਾ ‘ਰੂਪ’ ਦੇ ਦਿਲ ਵਿੱਚ ਭਾਵੇਂ ਵਸਦਾ ਰਿਹਾ ਹੋਵੇਗਾ ਪ੍ਰੰਤੂ ਉਸ ਦਾ ਮਾਹੀ ਨਾ ਬਣ
ਸਕਿਆ। ਜੇ ਮਾਹੀ ਬਣਿਆਂ ਤਾਂ ਆਪਣੀ ਮਾਂ ਦਾ ਸਰਬਣ ਪੁਤਰ ਬਣਕੇ ਮਾਹੀ ਬਣਿਆਂ ਕਿਉਂਕਿ ਸਾਰੀ ਉਮਰ ਆਪਣੀ ਮਾਂ ਦੀ ਖਿਦਮਤ
ਹੀ ਕਰਦਾ ਰਿਹਾ। ਸੁਰਿੰਦਰ ਸਿੰਘ ਮਾਹੀ ਪੰਜਾਬ ਸਿਵਲ ਸਕੱਤਰੇਤ ਦੇ ਗਲਿਆਰਿਆਂ, ਮੰਤਰੀਆਂ ਦੇ ਕਮਰਿਆਂ, 17 ਸੈਕਟਰ ਦੇ ਕਾਫ਼ੀ
ਹਾਊਸ, 18 ਸੈਕਟਰ ਦੀ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਪਿ੍ਰੰਟਿੰਗ ਪ੍ਰੈਸ ਅਤੇ 22 ਸੈਕਟਰ ਦੇ ਰਾਈਟਰਜ਼ ਕਾਰਨਰ ‘ਤੇ ਸ਼ਬਦਾਂ ਦੀ ਮਹਿਕ
ਖਿਲਾਰਦਾ ਅਤੇ ਮੁਸਕਰਾਹਟਾਂ ਵੰਡਦਾ ਆਮ ਤੌਰ ‘ਤੇ ਵੇਖਿਆ ਜਾ ਸਕਦਾ ਸੀ। ਲੋਭ ਦੇ ਮੋਹ ਤੋਂ ਬਿਨਾ ਭਿੰਨੀ ਭਿੰਨੀ ਖ਼ੁਸ਼ਬੋ ਵੰਡਦਾ
ਰਹਿੰਦਾ ਸੀ। ਸੁਰਿੰਦਰ ਸਿੰਘ ਮਾਹੀ ਬਹੁਪੱਖੀ ਸ਼ਖ਼ਸ਼ੀਅਤ ਦਾ ਮਾਲਕ ਸੀ। ਸ਼ਾਇਰ, ਲੇਖਕ, ਸੰਪਾਦਕ, ਸਿਆਸਤਦਾਨ, ਸਮਾਜ ਸੇਵਕ
ਅਤੇ ਬਿਹਤਰੀਨ ਇਨਸਾਨ ਸੀ। ਉਹ ਦੋਸਤਾਂ ਦਾ ਦੋਸਤ, ਯਾਰਾਂ ਦਾ ਯਾਰ, ਸਾਹਿਤਕ ਮਹਿਫ਼ਲਾਂ ਦਾ ਸ਼ਿੰਗਾਰ ਸੀ। ਉਹ ਆਪਣੇ ਲਈ
ਨਹੀਂ ਸਗੋਂ ਲੋਕਾਂ ਤੇ ਦੋਸਤਾਂ ਲਈ ਜੀਵਿਆ। ਜਿਸਨੂੰ ਇਕ ਵਾਰ ਮਿਲ ਲਿਆ ਫਿਰ ਉਹ ਸਾਰੀ ਉਮਰ ਉਸਦਾ ਹੀ ਬਣਕੇ ਰਹਿ ਗਿਆ।
ਅਸੂਲਾਂ ਦਾ ਪੱਕਾ ਅਤੇ ਜ਼ਿੰਦਾਦਿਲ ਇਨਸਾਨ ਸੀ। ਉਸਨੂੰ ਸੱਚ ਵਰਗੀ ਹਰ ਸ਼ੈ ਭਾਉਂਦੀ ਸੀ। ਸਾਧਾਰਨ ਪ੍ਰੰਤੂ ਸਲੀਕੇ ਵਾਲਾ ਜੀਵਨ
ਜਿਉਣ ਵਾਲਾ ਦਿਆਨਤਦਾਰ ਇਨਸਾਨ ਸੀ। ਉਨ੍ਹਾਂ ਦਾ ਖਾਣਾ, ਪੀਣਾ ਅਤੇ ਪਹਿਨਣਾ ਫ਼ਕਰਾਂ ਵਾਲਾ ਸੀ। ਉਹ ਸਿੱਧਾ ਸਾਦਾ ਜਿਹਾ ਫ਼ਕੀਰ
ਸੀ। ਵੇਖਣ ਵਾਲੇ ਨੂੰ ਉਹ ਸਫ਼ੈਦ ਪਹਿਰਾਵੇ ਵਿੱਚ ਸ਼ਾਂਤੀ ਦਾ ਪੁਜਾਰੀ ਲੱਗਦਾ ਸੀ। ਕੋਈ ਰੜਕ ਅਤੇ ਮੜਕ ਨਹੀਂ ਸੀ। ਚਿੱਟੇ ਦੁੱਧ ਵਰਗੇ
ਕਮੀਜ਼ ਦੇ ਕਾਲਰ ਦਾ ਫਟਣਾ, ਪੈਂਟ ਦੀ ਕਰੀਜ਼ ਦਾ ਟੁੱਟਣਾ ਅਤੇ ਪੱਗ ਦੇ ਲੜਾਂ ਵਿੱਚ ਸਿਲਵਟ ਦਾ ਪੈਣਾ ਉਸਦੀ ਹੋਂਦ ‘ਤੇ ਕਦੇ ਭਾਰੂ ਨਹੀਂ
ਹੋ ਸਕੇ। ਹਮੇਸ਼ਾ ਬਣ ਠਣ ਕੇ ਰਹਿੰਦਾ ਸੀ। ਕਦੀਂ ਕਿਸੇ ਦਾ ਮਾੜਾ ਨਹੀਂ ਸੋਚਣਾ, ਬੁਰਾ ਨਹੀਂ ਕਰਨਾ ਅਤੇ ਹਮੇਸ਼ਾ ਚੁਭਵੀਂ ਗੱਲ ਕਰਨ
ਵਾਲੇ ਤੋਂ ਗੁਰੇਜ਼ ਕਰਨਾ, ਉਸਦੀ ਜ਼ਿੰਦਗੀ ਦਾ ਵਿਲੱਖਣ ਗੁਣ ਸੀ। ਸੱਚੀ ਸੁੱਚੀ ਗੱਲ ਬੇਬਾਕੀ ਨਾਲ ਮੂੰਹ ‘ਤੇ ਕਹਿ ਦੇਣਾ ਉਸਦਾ ਸੁਭਾਅ

ਸੀ। ਉਹ ਹਰ ਇਨਸਾਨ ਦੀ ਮਜ਼ਬੂਰੀ ਸਾਹਿਤਕ ਰੁਚੀਆਂ ਵਾਲਾ ਹੋਣ ਕਰਕੇ ਭਲੀ ਭਾਂਤ ਸਮਝ ਜਾਂਦਾ ਅਤੇ ਮਦਦ ਲਈ ਤਤਪਰ ਹੋ
ਜਾਂਦਾ ਸੀ। ਪੰਜਾਬੀ, ਉਰਦੂ ਅਤੇ ਫਾਰਸੀ ਦਾ ਵਿਦਵਾਨ ਹੋਣ ਕਰਕੇ ਨਾਪ ਤੋਲ ਕੇ ਠਰੰਮੇ ਨਾਲ ਗੱਲ ਕਰਦਾ ਸੀ। ਯਾਰਾਂ ਦਾ ਯਾਰ ਹਮੇਸ਼ਾ
ਮੁਸਕਰਾਹਟ ਖਿਲਾਰਦਾ ਰਹਿੰਦਾ ਸੀ। ਬਚਪਨ ਵਿੱਚ ਹੀ ਉਹ ਉਦੋਂ ਆਪਣੀ ਮਾਂ ਦਾ ਸਹਾਰਾ ਬਣਿਆਂ ਜਦੋਂ ਉਸਦੇ ਆਪਣੇ ਖ਼ੂਨ ਦੇ
ਰਿਸ਼ਤੇ ਪਿਤਾ ਤੋਂ ਧੋਖ਼ਾ ਖਾਣ ਮਗਰੋਂ ਕੇਵਲ ਮਾਂ ਦੀ ਕੁੱਖ ਦਾ ਕਰਜ਼ਾ ਚੁਕਾਉਣ ਲਈ ਜੀਵਿਆ। ਉਸਦੀ ਮਾਂ ਹੀ ਉਸਦਾ ਰੱਬ ਸੀ ਕਿਉਂਕਿ
ਉਸਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ। ਉਸਨੇ ਆਪਣੇ ਪਿਤਾ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਤਾਅ ਉਮਰ ਆਪਣੀ
ਮਾਂ ਦਾ ਸਾਥ ਦਿੱਤਾ ਤੇ ਮਾਂ ਦੀ ਸਰਪ੍ਰਸਤੀ ਦਾ ਆਨੰਦ ਮਾਣਿਆਂ। ਸਾਰੀ ਉਮਰ ਉਸਨੇ ਵਿਆਹ ਨਹੀਂ ਕਰਵਾਇਆ ਤਾਂ ਜੋ ਉਸਦੀ ਮਾਂ ਦੀ
ਵੇਖ ਭਾਲ ਦੇ ਰਾਹ ਵਿੱਚ ਉਸਦੀ ਪਤਨੀ ਅੜਿਕਾ ਨਾ ਬਣ ਜਾਵੇ ਕਿਉਂਕਿ ਉਸਨੇ ਆਪਣੀ ਮਾਂ ਦੀ ਭਰ ਜਵਾਨੀ ਵਿੱਚ ਅਣਵੇਖੀ ਦੀ
ਤ੍ਰਾਸਦੀ ਨੂੰ ਅੱਖੀਂ ਵੇਖਿਆ ਸੀ। ਉਹ ਆਪਣੀ ਮਾਂ ਨੂੰ ਸਾਰੀ ਉਮਰ ਹਰ ਹਾਲਾਤ ਵਿੱਚ ਖ਼ੁਸ਼ ਰੱਖਣਾ ਚਾਹੁੰਦਾ ਸੀ। ਮਾਂ ਦਾ ਚੂਲਾ ਟੁੱਟਣ ਤੋਂ
ਬਾਅਦ ਸਵੇਰੇ ਉਠਕੇ ਆਪ ਭਾਵੇਂ ਚਾਹ ਨਹੀਂ ਪੀਂਦਾ ਸੀ ਪ੍ਰੰਤੂ ਮਾਂ ਲਈ ਚਾਹ ਦਾ ਕੱਪ ਬਣਾ ਕੇ ਦੇਣਾ ਕਦੀਂ ਭੁਲਦਾ ਨਹੀਂ ਸੀ। ਨਾਸ਼ਤਾ
ਤਿਆਰ ਕਰਕੇ ਖੁਆਉਣਾ ਅਤੇ ਫਿਰ ਦਫ਼ਤਰ ਜਾਣਾ। ਦੁਪਹਿਰ ਨੂੰ ਅੱਧੀ ਛੁੱਟੀ ਵੇਲੇ ਘਰ ਆ ਕੇ ਮਾਂ ਲਈ ਰੋਟੀ ਬਣਾਉਣੀ ਤੇ ਫਿਰ
ਦਫਤਰ ਜਾਣਾ ਅਤੇ ਸ਼ਾਮ ਨੂੰ ਦਫ਼ਤਰੋਂ ਆ ਕੇ ਚਾਹ ਬਣਾ ਕੇ ਦੇਣਾ , ਉਸਦਾ ਰੋਜ਼ ਮਰਰ੍ਹਾ ਦਾ ਕੰਮ ਸੀ। ਮਾਂ ਨੂੰ ਖਾਣਾ ਖੁਆ ਕੇ ਉਸਦੇ ਸੌਣ
ਤੋਂ ਬਾਅਦ ਆਪ ਸੌਂਦਾ ਸੀ। ਮਾਂ ਦੇ ਕਪੜੇ ਆਪ ਧੋਂਦਾ ਸੀ। ਸਾਹਿਤਕ ਮਸ ਹੋਣ ਕਰਕੇ ਸ਼ਾਮ ਨੂੰ ਸਹੀ 6 ਵਜੇ ਚੰਡੀਗੜ੍ਹ ਦੇ 22 ਸੈਕਟਰ
ਵਿਖੇ ਰਾਈਟਰ ਕਾਰਨਰ ‘ਤੇ ਲੇਖਕਾਂ ਦੀ ਮਹਿਫਲ ਦਾ ਹਿੱਸਾ ਬਣ ਜਾਣਾ ਉਸਦਾ ਸ਼ੌਕ ਸੀ। ਰਾਈਟਰ ਕਾਰਨਰ ‘ਤੇ ਭਾਗ ਸਿੰਘ, ਸਿਰੀ
ਰਾਮ ਅਰਸ਼, ਭਗਵੰਤ ਸਿੰਘ, ਭੂਸ਼ਨ ਧਿਆਨਪੁਰੀ, ਰਤਨੀਵ ਅਤੇ ਕਦੇ ਕਦੇ ਸ਼ਿਵ ਕੁਮਾਰ ਬਟਾਲਵੀ ਦੇ ਪਹੁੰਚਣ ਨਾਲ ਮਹਿਫਲ ਰੰਗੀਨ
ਹੋ ਜਾਂਦੀ ਸੀ। ਇਸ ਮਹਿਫਲ ਦਾ ਆਨੰਦ ਮਾਨਣ ਤੋਂ ਬਾਅਦ ਫਿਰ ਆਪਣੀ ਮਾਂ ਦੀ ਸੇਵਾ ਵਿਚ ਪਹੁੰਚ ਜਾਣਾ, ਇਹ ਉਨ੍ਹਾਂ ਦਾ ਰੋਟੀਨ ਸੀ।
ਚੰਡੀਗੜ੍ਹ ਦੀਆਂ ਸਾਹਿਤ ਸਭਾਵਾਂ ਦਾ ਉਹ ਸ਼ਿੰਗਾਰ ਸਨ। ਉਹ ਲੋਕ ਸੰਪਰਕ ਵਿਭਾਗ ਦੇ ਉਰਦੂ ਦੇ ਮਾਸਕ ਰਸਾਲੇ ‘ਪਾਸਵਾਨ’ ਦਾ
ਸੰਪਾਦਕ ਸੀ। ਉਸਦਾ ਖਾਸਾ ਤਾਂ ਸੀ ਆਪਣੇ ਕੰਮ ਵਿੱਚ ਮਗਨ ਰਹਿਣਾ। ਆਪਣੇ ਦਫ਼ਤਰੀ ਫ਼ਰਜ਼ਾਂ ਨੂੰ ਨਿਭਾਉਂਦੇ ਤੁਰੀ ਜਾਣਾ। ਉਸ ਦਾ
ਉਰਦੂ ਦੇ ਉਚ ਕੋਟੀ ਦੇ ਕਵੀਆਂ ਨਾਲ ਗੂੜ੍ਹਾ ਸਹਿਚਾਰ ਸੀ। ਉਹ ਖੁਦ ਉਰਦੂ ਅਤੇ ਪੰਜਾਬੀ ਵਿੱਚ ਗ਼ਜ਼ਲਾਂ ਲਿਖਦੇ ਸਨ। ਉਨ੍ਹਾਂ ਦੀ ਮੌਤ
ਤੋਂ ਬਾਅਦ ਮਾਹੀ ਦੀ ਨਿੱਜੀ ਡਾਇਰੀ ਤੋਂ ਉਸਦੇ ਰੂਪਾ ਨਾਮ ਦੀ ਲੜਕੀ ਨਾਲ ਪਿਆਰ ਦੇ ਅਧਵਾਟੇ ਟੁੱਟਣ ਦਾ ਇਜ਼ਹਾਰ ਹੋਇਆ। ਉਨ੍ਹਾਂ
ਦੀ ਮੌਤ ਤੋਂ ਬਾਅਦ ਮੈਂ ਉਨ੍ਹਾਂ ਦੀ ਗ਼ਜ਼ਲਾਂ ਅਤੇ ਨਜ਼ਮਾ ਦੀ ਇਕ ਪੁਸਤਕ ‘ਕੰਡੇ ਦਾ ਜ਼ਖ਼ਮ’ ਪ੍ਰਕਾਸ਼ਤ ਕਰਵਾਈ।
ਪੰਜਾਬ ਸਿਵਲ ਸਕੱਤਰੇਤ ਵਿਖੇ ਸੁਰਿੰਦਰ ਸਿੰਘ ਮਾਹੀ ਦੇ ਕੈਬਿਨ ਵਿੱਚ ਸਾਹਿਤਕਾਰਾਂ ਅਤੇ ਪੱਤਰਕਾਰਾਂ ਦਾ ਜਮਘਟਾ ਲੱਗਿਆ
ਰਹਿੰਦਾ ਸੀ। ਚਾਹ ਦੇ ਗੱਫ਼ੇ ਚਲਦੇ ਰਹਿੰਦੇ ਸਨ ਪ੍ਰੰਤੂ ਉਹ ਖੁਦ ਚਾਹ ਨਹੀਂ ਪੀਂਦਾ ਸੀ। ਚਿੱਟੇ ਪੈਂਟ ਕਮੀਜ਼ ਅਤੇ ਚਿੱਟੀ ਦੀ ਗੁਰਗਾਬੀ ਨਾਲ
ਇਕ ਸੰਤ ਮਹਾਤਮਾ ਦਾ ਭੁਲੇਖਾ ਪੈਂਦਾ ਸੀ। ਭਰ ਜਵਾਨੀ ਵਿੱਚ ਸਾਹਿਤਕ ਹੋਣ ਕਰਕੇ ਉਹ ਜਲੰਧਰ ਵਿਖੇ ਪੰਜਾਬ ਕਵੀ ਮੰਡਲ ਦੇ ਪ੍ਰਧਾਨ
ਵੀ ਰਹੇ ਸਨ। ਇਸ ਦੌਰਾਨ ਹੀ ਉਨ੍ਹਾਂ ਜਲੰਧਰ ਤੋਂ ਇਕ ਸਪਤਾਹਕ ਪਰਚਾ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਪ੍ਰਫ਼ੈਸਰ ਮੋਹਨ
ਸਿੰਘ ਲੁਧਿਆਣਾ ਤੋਂ ‘ਪੰਜ ਦਰਿਆ’ ਰਸਾਲਾ ਪ੍ਰਕਾਸ਼ਤ ਕਰਦੇ ਸਨ। ਜਦੋਂ ਪ੍ਰੋ. ਮੋਹਨ ਸਿੰਘ ਨੇ ਆਰਥਿਕ ਮਜ਼ਬੂਰੀਆਂ ਕਰਕੇ ‘ਪੰਜ
ਦਰਿਆ’ ਸਿਆਸਤਦਾਨ ਦਵਿੰਦਰ ਸਿੰਘ ਗਰਚਾ ਨੂੰ ਵੇਚ ਦਿੱਤਾ ਤਾਂ ਸੁਰਿੰਦਰ ਸਿੰਘ ਮਾਹੀ ਲੁਧਿਆਣਾ ਆ ਕੇ ‘ਪੰਜ ਦਰਿਆ’ ਦਾ
ਸੰਪਾਦਕ ਬਣ ਗਿਆ। ਇਸ ਪ੍ਰਕਾਰ ਉਹ ਇਕੋ ਸਮੇਂ ਦੋ ਮਾਸਕ ਪੱਤਰਾਂ ਦਾ ਸੰਪਾਦਕ ਰਿਹਾ। ਮਾਹੀ ਨੂੰ ਦੋਸਤੀਆਂ ਬਣਾਉਣੀਆਂ ਅਤੇ
ਨਿਭਾਉਣੀਆ ਆਉਂਦੀਆਂ ਸਨ। ਉਸ ਦੇ ਦੋਸਤਾਂ ਦਾ ਘੇਰਾ ਵਿਸ਼ਾਲ ਸੀ। ਸਿਆਸਤਦਾਨ, ਅਧਿਕਾਰੀ ਅਤੇ ਸਾਹਿਤਕਾਰ ਉਸਦੇ ਦੋਸਤ

ਸਨ। ਜਿਸ ਕਰਕੇ ਉਹ ਹਮੇਸ਼ਾ ਦੋਸਤਾਂ ਦੀ ਮਹਿਫਲਾਂ ਵਿੱਚ ਵਿਚਰਦਾ ਰਹਿੰਦਾ ਸੀ। ਆਪਣੀ ਜ਼ਿੰਦਗੀ ਦੀ ਜਦੋਜਹਿਦ ਬਾਰੇ ਮਾਹੀ
ਲਿਖਦੈ:
ਬੜੀ ਹੋਈ ਵਾਹਵਾ ਬੜੀ ਬੱਲੇ ਬੱਲੇ, ਮੁਹੱਬਤ ‘ਚ ਆਖ਼ਰ ਪਈ ਹਾਰ ਪੱਲੇ।
ਕਿਵੇਂ ਸਫਰ ਜੀਵਨ ਦਾ ਮੁੱਕਾ ਨਾ ਪੁੱਛੋ, ਬੜੇ ਜਫ਼ਰ ਜਾਲੇ ਬੜੇ ਜ਼ਬਰ ਝੱਲੇ।
ਕਾਲਜ ਦੀ ਪੜ੍ਹਾਈ ਦੌਰਾਨ ਉਹ ਵਿਦਿਆਰਥੀ ਜਥੇਬੰਦੀ ਦੇ ਸਰਗਰਮ ਮੈਂਬਰ ਸਨ। ਇਸ ਸਮੇਂ ਹੀ ਉਹ ਕਾਂਗਰਸ ਪਾਰਟੀ ਨਾਲ ਜੁੜ
ਗਏ। ਫਿਰ ਉਹ ਸਾਂਝੇ ਪੰਜਾਬ ਦੀ1952 ਵਿੱਚ ਪਹਿਲਾਂ ‘ਪੰਜਾਬ ਸਟੂਡੈਂਟ ਕਾਂਗਰਸ’ ਦਾ ਜਨਰਲ ਸਕੱਤਰ ਅਤੇ ਬਾਅਦ ਵਿੱਚ ਪ੍ਰਧਾਨ
ਰਿਹਾ। 1959 ਤੱਕ ਉਹ ਇਸਦੇ ਪ੍ਰਧਾਨ ਰਹੇ। ਉਨ੍ਹਾਂ ਦਿਨਾਂ ਵਿੱਚ ਯੂਥ ਕਾਂਗਰਸ ਨੂੰ ਸਟੂਡੈਂਟ ਕਾਂਗਰਸ ਕਿਹਾ ਜਾਂਦਾ ਸੀ। ਉਨ੍ਹਾਂ ਦਾ
ਸੁਭਾਅ ਸੀ ਕਿ ਉਹ ਕਿਸੇ ਦੀ ਈਨ ਨਹੀਂ ਮੰਨਦੇ ਸਨ, ਜਿਸ ਕਰਕੇ ਉਨ੍ਹਾਂ ਦੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਨਾਲ
ਮਤਭੇਦ ਪੈਦਾ ਹੋ ਗਏ। 1962 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਹ ਉਮੀਦਵਾਰ ਸਨ ਪ੍ਰੰਤੂ ਕਾਂਗਰਸ ਦੀ ਧੜੇਬੰਦੀ ਕਰਕੇ ਉਨ੍ਹਾਂ
ਦਾ ਟਿਕਟ ਪਰਤਾਪ ਸਿੰਘ ਕੈਰੋਂ ਨੇ ਕਟਵਾ ਦਿੱਤਾ। ਜਿਸ ਕਰਕੇ ਉਨ੍ਹਾਂ ਸਿਆਸਤ ਨੂੰ ਹਮੇਸ਼ਾ ਲਈ ਤਿਲਾਂਜ਼ਲੀ ਦੇ ਦਿੱਤੀ। ਫਿਰ ਉਹ ਲੋਕ
ਸੰਪਰਕ ਵਿਭਾਗ ਵਿੱਚ ਫੀਲਡ ਪਬਲਿਸਿਟੀ ਅਸਿਸਟੈਂਟ ਭਰਤੀ ਹੋ ਗਏ ਅਤੇ ਆਪਣੀ ਮਾਤਾ ਨੂੰ ਲੈ ਕੇ ਚੰਡੀਗੜ੍ਹ ਆ ਗਏ। ਜਦੋਂ
ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਹੰਸ ਰਾਜ ਸ਼ਰਮਾ ਸੁਰਿੰਦਰ ਸਿੰਘ ਮਾਹੀ ਦੇ ਦੋਸਤ ਖਜਾਨਾ ਮੰਤਰੀ ਸਨ। ਸੁਰਿੰਦਰ
ਸਿੰਘ ਮਾਹੀ ਕੋਲ ਕੋਈ ਮਕਾਨ ਨਹੀਂ ਸੀ। ਹੰਸ ਰਾਜ ਸ਼ਰਮਾ ਉਨ੍ਹਾਂ ਨੂੰ ਸਰਕਾਰੀ ਕੋਟੇ ਵਿੱਚੋਂ ਮੁਹਾਲੀ ਵਿਖੇ ਮਕਾਨ ਦੇਣਾ ਚਾਹੁੰਦੇ ਸਨ ਪ੍ਰੰਤੂ
ਮਾਹੀ ਖੁਦਦਾਰ ਸੀ, ਇਸ ਲਈ ਉਸਨੇ ਅਰਜੀ ਹੀ ਲਿਖਕੇ ਨਹੀਂ ਦਿੱਤੀ। ਲੋਕਾਂ ਦੇ ਕੰਮਾ ਲਈ ਉਹ ਮੰਤਰੀਆਂ ਕੋਲ ਜਾਂਦਾ ਰਹਿੰਦਾ ਸੀ
ਪ੍ਰੰਤੂ ਆਪ ਕਦੀਂ ਲਾਭ ਨਹੀਂ ਲਿਆ। ਉਹ ਇਕ ਸਮਾਜ ਸੇਵਕ ਵੀ ਸੀ। ਹਰ ਇਕ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸੀ।
ਸੁਰਿੰਦਰ ਸਿੰਘ ਮਾਹੀ ਆਪਣੀ ਮਾਂ ਤੋਂ ਬਿਨਾ ਕਿਸੇ ਦਾ ਮਾਹੀ ਨਾ ਬਣ ਸਕਿਆ। ਉਹ ਕਿਸੇ ਨੂੰ ਦਿਲ ਤਾਂ ਨਹੀਂ ਦੇ ਸਕਿਆ ਪ੍ਰੰਤੂ ਦਿਲ ਦਾ
ਮਰੀਜ਼ ਬਣਕੇ 12 ਨਵੰਬਰ 1985 ਨੂੰ ਦੀਵਾਲੀ ਵਾਲੇ ਦਿਨ ਬਜ਼ੁਰਗ ਮਾਂ ਨੂੰ ਬੇਸਹਾਰਾ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ
ਗਿਆ। ਦੁੱਖ ਦੀ ਗੱਲ ਹੈ ਕਿ ਉਸਦੀ ਮਾਂ ਸੰਤ ਕੌਰ ਬੈਡ ਰਿਡਨ ਹੋਣ ਕਰਕੇ ਹਸਪਤਾਲ ਨਹੀਂ ਜਾ ਸਕਦੇ ਸਨ। ਇਸ ਲਈ ਬਲਜੀਤ
ਸਿੰਘ ਸੈਣੀ ਅਤੇ ਮੈਂ ਉਸਦੇ ਭਰਾ ਬਣਕੇ ਹਸਪਤਾਲ ਤੋਂ ਪਾਰਥਿਕ ਸਰੀਰ ਲੈ ਖ਼ੂਨ ਕੇ ਆਏ ਅਤੇ ਅੰਤਮ ਸਸਕਾਰ ਕੀਤਾ। ਖ਼ੂਨ ਦੇ ਰਿਸ਼ਤੇ
ਵੀ ਅੰਤਮ ਮੌਕੇ ਬਹੁੜੇ ਨਹੀਂ। ਉਸਦੀ ਮਾਤਾ ਦੇ ਬੁਢਾਪੇ ਦੀ ਡੰਗੋਰੀ ਮਨਜੀਤ ਸਿੰਘ ਸ਼ੇਖ਼ੂਰੀਆ ਹੀ ਬਣਿਆਂ। ਹੋਰ ਕੋਈ ਵੀ ਰਿਸ਼ਤੇਦਾਰ
ਨਹੀਂ ਆਇਆ। 37 ਸਾਲ ਬਾਅਦ ਵੀ ਮਾਹੀ ਦੀ ਯਾਦ ਤਾਜਾ ਹੈ। ਉਸ ਨਾਲ ਬਿਤਾਏ ਪਲ ਹਮੇਸ਼ਾ ਯਾਦ ਰਹਿਣਗੇ। ਮਾਹੀ ਨੂੰ ਅੰਦਾਜ਼ਾ ਸੀ
ਕਿ ਉਹ ਮਾਂ ਤੋਂ ਪਹਿਲਾਂ ਤੁਰ ਜਾਵੇਗਾ, ਮਾਂ ਸਿਰਲੇਖ ਵਾਲੀ ਕਵਿਤਾ ਦਾ ਸ਼ੇਅਰ ਸਾਰੀ ਕਹਾਣੀ ਬਿਆਨ ਕਰਦਾ ਹੈ:
ਕੀ ਕਰੇਗੀ ਇਹ ਵਿਚਾਰੀ, ਬਾਝ ਤੇਰੇ ਬੇਸਹਾਰੀ।
ਕੀ ਕਰੋਗੇ ਫੋਲਕੇ, ਹੈ ਦੁੱਖਾਂ ਦੀ ਇਕ ਪਟਾਰੀ।
ਆ ਵੀ ਜਾਓ ਜ਼ਿੰਦਗੀ ਦੇ ਮਾਲਕੋ, ਕਰ ਹੀ ਨਾ ਜਾਏ ਤਿਆਰੀ।

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ