Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਸਾਮਰਾਜ ਦੀਆਂ ਅੱਥਰੀਆਂ ਲਾਲਸਾਵਾਂ ।ਵੱਡਾ ਦੁਖਾਂਤ, ਹੀਰੋਸ਼ੀਮਾ ਅਤੇ ਨਾਗਾਸਾਕੀ ਮਨੁੱਖੀ ਤਬਾਹੀ ਦਾ !

July 30, 2022 11:54 PM

ਸਾਮਰਾਜ ਦੀਆਂ ਅੱਥਰੀਆਂ ਲਾਲਸਾਵਾਂ ।ਵੱਡਾ ਦੁਖਾਂਤ, ਹੀਰੋਸ਼ੀਮਾ ਅਤੇ ਨਾਗਾਸਾਕੀ ਮਨੁੱਖੀ ਤਬਾਹੀ ਦਾ !

ਸਾਮਰਾਜੀਆਂ ਨੇ 77 ਵਰ੍ਹੇ ਪਹਿਲਾ ਮਨੁੱਖੀ ਇਤਿਹਾਸ ਅੰਦਰ, ਬਿਨ੍ਹਾ ਚਿਤਾਵਨੀ ਅਤੇ ਭੜਕਾਹਟ ਤੋਂ 6 ਅਗਸਤ ਅਤੇ 9 ਅਗਸਤ,
1945 ਨੂੰ ਜਾਪਾਨ ਦੇ ਦੋ ਸ਼ਹਿਰਾਂ, ਹੀਰੋਸ਼ੀਮਾ ਅਤੇ ਨਾਗਾਸਾਕੀ ਅੰਦਰ ਘੁੱਗ ਵੱਸਦੇ ਲੋਕਾਂ ‘ਤੇ ਪ੍ਰਮਾਣੂ ਬੰਬ (ਐਟਮ ਬੰਬ) ਸੁੱਟ ਕੇ ਮਨੁੱਖੀ ਤਬਾਹੀ
ਲਈ ਸਭ ਤੋ ਵੱਧ ਕਰੂਰਤਾ ਦਾ ਪ੍ਰਗਟਾਵਾ ਕਰਕੇ ਇੱਕ ਖ਼ੌੋਫਨਾਕ ਕੁਕਰਮ ਦਾ ਨਵਾਂ-ਇਤਿਹਾਸ ਸਿਰਜਿਆ । ਦੂਸਰੀ ਸੰਸਾਰ ਜੰਗ ਦਾ ਇਹ ਹੌਲਨਾਕ
ਅੰਤ,ਸੰਸਾਰ ਅੰਦਰ ਗਰੀਬੀ ਦੇ ਖਾਤਮੇ, ਅਨਪੜ੍ਹਤਾ ਦੂਰ ਕਰਨ ਜਾਂ ਲੋਕਾਂ ਦਾ ਖੁਸ਼ਹਾਲੀ ਲਈ ਨਹੀਂ ਸਗੋਂ ਲੋਕਾਂ ਦੀ ਮੁਕਤੀ ਦਿਵਾਉਣ ਲਈ ਨਵੀ
ਨਵੀ ਹੋਂਦ ਵਿੱਚ ਆਈ ਲੋਕ ਸ਼ਕਤੀ “ ਰੂਸੀ ਸਮਾਜਵਾਦ ” ਨੂੰ ਖਤਮ ਕਰਨ ਲਈ ਸੀ । ਪਰ ਅਮਲ ਵਿੱਚ ਦੁਨੀਆਂ ਅੰਦਰ ਵੱਖੋ ਵੱਖੋ ਰੂਪਾਂ ਵਿੱਚ
ਪਨਪ ਰਹੀਆਂ ਸਾਮਰਾਜੀ ਸ਼ਕਤੀਆਂ ਵਲੋਂ ਲੁੱਟ ਲਈ ਮੰਡੀਆਂ ਦੀ ਭਾਲ ਅਤੇ ਕੱਚੇ ਮਾਲ ‘ਤੇ ਕਬਜ਼ਾ ਕਰਨ ਲਈ ਇਹ ਜੰਗ ਸੀ। ਅੱਜ ਦੇ
ਇਤਿਹਾਸਕਾਰ ਭਾਵੇ ਸਾਮਰਾਜ ਅਤੇ ਪੂੰਜੀਪਤੀਆਂ ਦੀ ਖੁਸ਼ਾਮਦੀ ਲਈ ਇਤਿਹਾਸ ਨੂੰ ਭੰਨਤੋੜ ਕੇ ਸਾਮਰਾਜੀ ਅਮਰੀਕਾ ਦੀ ਜਿੱਤ ਦਸ ਰਹੇ ਹਨ,
ਪਰ! ਵਾਸਤਵਿਕ ‘ਚ ਜਿੱਥੇ ਨਾਜੀਵਾਦ, ਫਾਸ਼ੀਵਾਦ ਅਤੇ ਰਾਜਾਸ਼ਾਹੀ ਦਾ ਖਾਤਮਾ ਹੋਇਆ ਉੱਥੇ ਸਮਾਜਵਾਦੀ ਰੂਸ ਜੋ ਇਕ ਮਜ਼ਬੂਤ ਲੋਕ ਪੱਖੀ
ਬਲਾਕ ਬਣ ਕੇ ਉਭਰਿਆ,ਦੀਆਂ ਬਰਕਤਾਂ ਕਾਰਨ ਹੀ ਬਸਤੀਵਾਦੀ ਸਾਮਰਾਜੀਆਂ ਵਿਰੁੱਧ ਗੁਲਾਮ ਦੇਸ਼ਾਂ ਅਤੇ ਕੌਮਾਂ ਵੱਲੋਂ ਆਜ਼ਾਦੀ ਅਤੇ ਮੁਕਤੀ
ਲਈ ਸੰਘਰਸ਼ ਵਿੱਢੇ ਗਏ । ਪਰ ਇਨ੍ਹਾਂ ਘਟਨਾਵਾਂ ਤੋਂ ਭੈਅ-ਭੀਤ, ਇਤਿਹਾਸਕਾਰਾਂ ਦੀਆਂ ਕਲਮਾ,ਸਮਾਜਵਾਦੀ ਰੂਸ ਦੀ ਕੁਰਬਾਨੀ , ਜਿਸਨੇ ਹਿਟਲਰ
ਦੀ ਕਬਰ ਤਿਆਰ ਕੀਤੀ ਸੀ, ਦੂਸਰੀ ਸੰਸਾਰ ਜੰਗ ਦੌਰਾਨ ਪਾਸੇ ਪਲਟ ਦਿੱਤੇ ਸਨ, ਲਿਖਣ ਤੋਂ ਰੁੱਕ ਜਾਂਦੀਆਂ ਹਨ।
ਸਾਮਰਾਜੀ ਸ਼ਕਤੀਆਂ ਅਤੇ ਧੜਿਆਂ ਦਾ ਮਨੁੱਖਤਾ ਵਿਰੋਧੀ ਜੰਗ ਦਾ ਕਹਿਰ,ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਸੁਲਗ ਰਿਹਾ ਹੈ।ਕਰੋੜਾਂ
ਮਨੁੱਖੀ ਜਾਨਾਂ ਨਿਗਲਣ ਤੋਂ ਬਾਦ ਵੀ ਇਹ ਰੁਕਿਆ ਨਹੀਂ ਹੈ। ਪੂੰਜੀਵਾਦ ਵੱਲੋਂ ਮੁਨਾਫਿਆਂ ਦੀ ਲੁੱਟ ਲਈ ਜੰਗ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ
ਰੱਖਿਆ ਹੋਇਆ ਹੈ। ਦੁਨੀਆਂ ਭਰ ਵਿੱਚ ਅੱਜ ਨਾ ਤਾਂ ਹਿਟਲਰ ਹੈ, ਨਾ ਹੀ ਮੂਸੋਲਿਨੀ ਅਤੇ ਟੋਗੋ। ਸਮਾਜਵਾਦੀ ਰੂਸ ਵੀ ਟੁੱਟ ਗਿਆ ਹੈ। ਪਰ ਦੁਨੀਆਂ
ਅੰਦਰ ਫੌਜੀ ਦਖਲ ਰਾਹੀ ਆਪਣੀ ਸਰਦਾਰੀ ਬਣਾ ਕੇ ਰੱਖਣ ਲਈ ਅਮਰੀਕੀ ਸਾਮਰਾਜ ਅਤੇ ਉਸਦੀ ਨਾਟੋ ਜੁੰਡਲੀ ਪੂਰੀ ਤਰ੍ਹਾ ਸਰਗਰਮ ਹੈ। ਹਰ
ਰੋਜ਼ ਇਹ ਜੁੰਡਲੀ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਦਾ ਖੂਨ ਵਹਾਅ ਕੇ ਸਰਦਾਰੀ ਕਾਇਮ ਰੱਖ ਰਹੀ ਹੈ।ਮਿਡਲ ਈਸਟ, ਪੱਛਮੀ ਏਸ਼ੀਆਂ ਵਿੱਚ
ਆਫਗਾਨਿਸਤਾਨ, ਇਰਾਕ ਅਤੇ ਲਿਬਿਆ, ਟੂਨੇਸ਼ੀਆ ਤੇ ਸੀਰੀਆ ਵਿੱਚ ਅਮਰੀਕਾ ਦੀ ਅਗਵਾਈ ਅਤੇ ਦਖਲ ਕਾਰਨ ਵਿਨਾਸ਼ਕਾਰੀ ਨਤੀਜੇ, ਜਿਨਾਂ
ਕਾਰਨ ਇੱਕ ਵੱਡੀ ਗਿਣਤੀ ਵਿੱਚ ਜਾਨੀ ਅਤੇ ਮਾਲੀ ਬਰਬਾਦੀ ਹੋਈ ਹੈ। ਇਸ ਵਜਾ ਕਰਕੇ ਹੀ ਇਸਲਾਮਿਕ ਕੱਟੜਵਾਦ ਪੈਦਾ ਹੋਣ ਕਾਰਨ
ਇਸਲਾਮਿਕ ਅੱਤਵਾਦ ‘ਚ ਅਥਾਹ ਉਭਾਰ ਆਇਆ ਹੈ।ਅਮਰੀਕਾ ਅਤੇ ਨਾਟੋ ਫੌਜਾਂ ਅੱਜ ਵੀ ਲਾਤੀਨੀ-ਅਮਰੀਕਾ ਤੇ ਮੱਧ ਪੂਰਬ, ਪੱਛਮੀ-ਯੂਰਪੀ
ਦੇਸ਼ਾ ਅੰਦਰ ਵਿਸਥਾਰਵਾਦ ਦੇ ਰਾਹ ਚਲਦਿਆਂ ਹੋਇਆਂ ਉੱਥੋਂ ਦੀਆਂ ਚੁਣੀਆਂ ਸਰਕਾਰਾ ਲਈ ਤਨਾਅ ਪੈਦਾ ਕਰਕੇ ਅਮਨ ਲਈ ਖਤਰਾ ਪੈਦਾ ਕਰ
ਰਹੀਆ ਹਨ। ਅਮਰੀਕਾ ਦਾ ਏਸ਼ੀਆ ਉੱਤੇ ਧਿਆਨ ਕੇਂਦਰਿਤ ਕਰਨਾ ਅਤੇ ਇਸ ਤੇ ਚੱਲਦਿਆਂ ਹੋਇਆਂ ਉਸਦੇ ਯੁੱਧਨੀਤਕ ਅਤੇ ਫੌਜੀ
ਪੈਤੜੇ,ਜਿਸਦਾ ਮਕਸਦ ਚੀਨ ਦੀ ਵੱਧਦੀ ਸ਼ਕਤੀ ਅਤੇ ਪ੍ਰਭਾਵ ਉੱਤੇ ਰੋਕ ਲਾਉਣਾ ਹੈ। ਏਸ਼ੀਆ ਅੰਦਰ ਤਨਾਅ ਪੈਦਾ ਕਰਨਾ ਹੈ। ਇਸ ਤਰ੍ਹਾ
ਅਮਰੀਕਾ ਅੱਜ ਵੀ ਇਰਾਨ, ਲਤੀਨੀ ਅਮਰੀਕਾ, ਮੱਧ ਪੂਰਬ, ਏਸ਼ੀਆ, ਰੂਸ ,ਯੁਕਰੇਨ ਦੇ ਝਗੜੇ ਰਾਹੀ ਅਸਥਿਰਤਾ ਪੈਦਾ ਕਰਕੇ ਸੰਸਾਰ ਜੰਗ ਵਰਗੇ
ਹਾਲਾਤ ਪੈਦਾ ਕਰਨ ਤੋਂ ਬਾਜ ਨਹੀ ਆ ਰਿਹਾ ਹੈ।
ਦੂਸਰੇ ਸੰਸਾਰ ਯੁੱਧ ਦੀ ਸ਼ੁਰੂਆਤ ਦਾ ਮੁੱਖ ਕਾਰਨ 1930 ਦਾ ਮੰਦਾ ਸੀ।ਸਾਮਰਾਜੀ ਦੇਸ਼ਾਂ ਵੱਲੋ ਨਵੀਆਂ ਮੰਡੀਆਂ ਦਾ ਭਾਲ ਅਤੇ ਆਪਸੀ
ਖਹਿਬਾਜ਼ੀ ਨੇ ਉਕਸਾਹਟ ਨੂੰ ਜਨਮ ਦਿੱਤਾ। ਪਹਿਲੀ ਸੰਸਾਰ ਜੰਗ ਦੀ ਹਾਰ ਤੋਂ ਬਾਦ ਹਿਟਲਰ ਨਮੋਸ਼ੀ ਦੀ ਬਦਲਾ ਲੈਣਾ ਚਾਹੁੰਦਾ ਸੀ। ਦੋ ਧਰੁਵੀ ਹੋਂਦ
ਲੈ ਕੇ ਸਾਹਮਣੇ ਆਇਆ ਸਮਾਜਵਾਦੀ ਰੂਸ,ਸਾਮਰਾਜੀਆਂ ਨੂੰ ਬਹੁਤ ਚੁੱਭ ਰਿਹਾ ਸੀ। ਉਹ ਇਸ ਨਿਜ਼ਾਮ ਨੂੰ ਖਤਮ ਕਰਨਾ ਚਾਹੁੰਦੇ ਸਨ। ਅਜਿਹੇ
ਹਲਾਤਾਂ ਅੰਦਰ ਹਿਟਲਰ ਨੇ ਸਤੰਬਰ - 1939 ਨੂੰ ਪੋਲੈਂਡ ਤੇ ਹਮਲਾ ਕਰ ਦਿੱਤਾ। ਬਰਤਾਨੀਆਂ ਅਤੇ ਫਰਾਂਸ ਨੇ ਜਰਮਨ ਤੇ ਹਮਲਾ ਕਰ ਦਿੱਤਾ ਅਤੇ
ਜੰਗ ਦੀ ਸ਼ੁਰੂਆਤ ਹੋ ਗਈ। ਮੂਲ ਰੂਪ ਵਿੱਚ ਜਾਪਾਨ ਦਾ ਪ੍ਰਸਾਰਵਾਦ, ਜਰਮਨ ਦਾ ਸਾਰੇ ਯੂਰਪ ‘ਤੇ ਦਾਬਾ ਕਾਇਮ ਕਰਨ ਦੀ ਖਾਹਿਸ਼, ਇਟਲੀ ਤੇ
ਗਰੀਸ ਦਾ ਅਫਰੀਕਾ ਤੇ ਕਬਜੇ ਜਮਾਈ ਰੱਖਣੇ, ਇਸੇ ਤਰ੍ਹਾ ਬਰਤਾਨੀਆਂ ਅਤੇ ਫਰਾਂਸ ਵੱਲੋਂ ਕਾਬਜ਼ ਕਲੋਨੀਆਂ ਦੀ ਲੁੱਟ ਜਾਰੀ ਰੱਖਣ ਦੀ ਲਾਲਸਾ ਨੇ
ਧੁੱਖਦੀ ਜੰਗ ਤੇ ਤੇਲ ਪਾ ਕੇ ਭੜਾਬੇ ਸ਼ੁਰੂ ਕਰ ਦਿੱਤੇ। ਸਭ ਤੋਂ ਵੱਡਾ ਸਾਮਰਾਜੀ ਅਮਰੀਕਾ ਇਸ ਜੰਗ ਦੀ ਤਬਾਹੀ ਬਾਦ ਆਪਣੀ ਸਰਦਾਰੀ ਕਾਇਮ
ਕਰਨ ਲਈ ਬਾਜ਼ ਦੀ ਅੱਖ ਵਾਂਗ ਨੀਝ ਲਾ ਕੇ ਬੈਠਾ ਸੀ ! ਇਹ ਜੰਗ 1-ਸਤੰਬਰ 1939 ਤੋਂ ਸ਼ੁਰੂ ਹੋ ਕ 2-ਸਤੰਤਬ 1945 ਤੱਕ ਜਾਰੀ ਰਹੀ। ਇਸ ਜੰਗ
ਵਿੱਚ ਮੁੱਖ ਧੁਰਾ (ਐਕਸਿਸ) ਅਡੌਲਫ ਹਿਟਲਰ (ਜਰਮਨ) ਨਾਜੀਵਾਦ, ਬੇਨੀਟੋ ਮੁਸੋਲਿਨਾ(ਇਟਲੀ) ਫਾਸਿਸਟ ਅਤੇ ਹੀਦੋਕੀ ਟੋਜੋ(ਜਾਪਾਨ)
ਰਾਜਸ਼ਾਹੀ ਸੀ ਅਤੇ ਇਸ ਦੇ ਵਿਰੁੱਧ ਸਾਮਰਾਜੀ ਲਾਣਾ-ਬਰਤਾਨੀਆਂ, ਫਰਾਂਸ, ਅਮਰੀਕਾ ਅਤੇ ਇਨ੍ਹਾ ਦੇ ਮਿੱਤਰ ਦੇਸ਼, ਜਿਨ੍ਹਾ ਨੂੰ ਇਤਹਾਦੀ

(ਅਲਾਇਸ) ਕਿਹਾ ਜਾਦਾ ਸੀ, ਸਮਾਜਵਾਦੀ ਰੂਸ ਨੂੰ ਮਜਬੂਰੀ ਬਸ!ਇਸ ਜੰਗ ਵਿੱਚ ਸ਼ਾਮਿਲ ਹੋਣਾ ਪਿਆ ਕਿਉਕਿ ਜਰਮਨ ਅਤੇ ਰੂਸ ਵਿਚਕਾਰ ਜੰਗ
ਨਾ ਕਰਨ ਦਾ ਸਮਝੌਤਾ (ਅਗਸਤ 1939) ਖੁਦ ਹੀ ਜਰਮਨ ਨੇ ਤੋੜ ਦਿੱਤਾ ਸੀ ?
ਦੂਸਰੇ ਸੰਸਾਰ ਜੰਗ ਦਾ ਪਾਸਾ ਉਸ ਵੇਲੇ ਪਲਟ ਗਿਆ ਜਦ ਲਾਲ ਫੌਜ (ਰੈਡ ਆਰਮੀ) ਨੇ ਸਟਾਲਿਨ ਗ੍ਰਾਡ ਦਾ ਫੈਸਲਾਕੁੰਨ ਲੜਾਈ
ਅੰਦਰ ਜਰਮਨ ਫੌਜਾਂ ਨੂੰ ਮੁੜਨ ਲਈ ਅਜਿਹਾ ਮਜ਼ਬੂਰ ਕੀਤਾ, ਕਿ ਜਰਮਨ ਫੌਜ਼ਾ ਨੇ ਹਾਰ ਮੰਨ ਲਈ ਅਤੇ ਲਾਲ ਫੌਜ ਨੇ ਰੀਚਸਟਾਂਗ ਤੇ ਲਾਲ ਝੰਡਾ
ਲਹਿਰਾਅ ਦਿਤਾ। ਇਸ ਤਰ੍ਹਾ ਯੂਰਪ ਅੰਦਰ 8-ਮਈ, 1945 ਨੂੰ ਜਰਮਨ ਹਥਿਆਰ ਸੁਟ ਗਿਆ ਅਤੇ ਇੱਕ ਹਫਤੇ ਬਾਦ ਹੀ ਹਿਟਲਰ ਨੇ ਆਤਮ
ਹੱਤਿਆ ਕਰ ਲਈ। ਹਾਲਾਤ ਤੇਜ਼ੀ ਨਾਲ ਜੰਗ ਦੇ ਖਾਤਮੇ ਵੱਲ ਵੱਧ ਰਹੇ ਸਨ। ਪਰ ਸਾਮਰਾਜੀ ਅਮਰੀਕਾ ਆਪਣੀ ਤਾਕਤ ਦੇ ਪ੍ਰਦਰਸ਼ਨ ਲਈ
ਬਜ਼ਿਦ ਸੀ।24 ਜੁਲਾਈ 1945 ਨੂੰ ਹਾਰੇ ਹੋਏ ਜਰਮਨੀ ਦੇ ਸ਼ਹਿਰ ਪੋਟਬਡੈਮ ਵਿੱਚ ਟਰੂਮੈਨ ਨੇ ਸਟਾਲਿਨ ਨੂੰ ਦੱਸਿਆ ਕਿ ਸਾਡੇ ਪਾਸ ਤਬਾਹੀ ਦਾ
ਇੱਕ ਗੈਰ-ਮਮੂਲੀ ਹਥਿਆਰ ਵੀ ਹੈ। ਅਗਲੇ ਦਿਨ ਉਸ ਨੇ ਇਸ ਦੀ ਵਰਤੋਂ ਦੇ ਫੁਰਮਾਨ ‘ਤੇ ਦਸਤਖਤ ਕਰਕੇ ਜਨਰਲ ਸਪਾਜ਼ ਨੂੰ ਪ੍ਰਮਾਣੂ ਬੰਬ ਜਪਾਨ
ਤੇ ਸੁੱਟਣ ਦੇ ਆਦੇਸ਼ ਦੇ ਦਿੱਤੇ। 26-ਜੁਲਾਈ 1945 ਨੂੰ ਜਾਪਾਨ ਨੂੰ ਬਿਨਾ ਸ਼ਰਤ ਹਥਿਆਰ ਸੁੱਟਣ ਦਾ ਅਲਟੀਮੇਟ ਦੇ ਕੇ ਤੁਰੰਤ ਹਥਿਆਰ ਸੁੱਟਣ ਜਾਂ
ਸਿੱਟੇ ਭੁਗਤਣ ਲਈ ਵੀ ਕਹਿ ਦਿੱਤਾ ਗਿਆ ।
ਅਮੀਰਕਨ ਨੇਵੀ ਦੇ ਅੰਡਰ ਸੈਕਟਰੀ ਰੈਲਫ ਏ.ਬਾਰਡ ਨੇ 27-ਜੁਲਾਈ 1945 ਨੂੰ ਫਿਰ ਆਖਿਆ, ਕਿ ਬਿਨ੍ਹਾ ਵਾਰਨਿੰਗ ਦਿੱਤੇ ਬੰਬ ਨੂੰ
ਵਰਤਣਾ ਅਮਰੀਕਾ ਜਿਹੀ ਮਾਨਵਵਾਦੀ ਕੌਮ ਲਈ ਉੱਚਿਤ ਨਹੀ , ਖਾਸ ਕਰਕੇ ਉਸ ਸਮੇਂ ਜਦੋ ਕਿ ਜਾਪਾਨ ਵੀ ਹਥਿਆਰ ਸੁੱਟਣ ਲਈ ਸੋਚ ਰਿਹਾ
ਹੈ । ਅਗਲੇ ਦਿਨ ਜਿਲਾਰਡ ਨੇ ਟਰੂਮੈਨ ਨੂੰ ਮੁੜ ਪੱਤਰ ਲਿਖਿਆ, ਕਿ ਐਟਮ ਬੰਬ ਸ਼ਹਿਰਾਂ ਅਤੇ ਮਨੁੱਖਤਾ ਦੀ ਬੇਰਹਿਮ ਬਰਬਾਦੀ ਦਾ ਹਥਿਆਰ ਹੈ।
ਤੁਸੀ ਆਦੇਸ਼ ਦਿਉ ਕਿ ਅਮਰੀਕਾ ਇਸਨੂੰ ਜੰਗ ਵਿੱਚ ਬਿਲਕੁੱਲ ਨਾ ਵਰਤੇ। ਇਸ ਪੱਤਰ ਦੀ ਕਾਪੀ ਉਸਨੇ ਓਕ-ਰਿਜ, ਲਾਸ-ਅਲਮਾਸ ਅਤੇ ਮੈਨ
ਹਟਨ ਪ੍ਰੋਜੈਕਟ ਦੇ ਸਭ ਸਾਥੀਆਂ ਨੂੰ ਅਗਲੇ ਦਿਨ ਭੇਜੀ। ਸਭ ਨੂੰ ਬੰਬ ਦੀ ਵਰਤੋਂ ਦੇ ਸਿਲਸਿਲੇ ਵਿੱਚ ਨੈਤਿਕ ਸਟੈਂਡ ਲੈਣ ਲਈ ਵੰਗਾਰਿਆ। ਇਹ ਹੈ ,
ਇਸ ਦੀ ਬਰਬਾਦੀ ਦੀ ਕਹਾਣੀ ਦਾ ਅਧਿਆਏ । ਓਕ-ਰਿਜ ਦੇ 18 ਹੋਰ ਵਿਗਿਆਨੀਆਂ ਨੇ ਟਰੂਮੈਨ ਨੂੰ ਬੰਬ ਦੀ ਵਰਤੋਂ ਤੋਂ ਵਰਜਣ ਲਈ, 13-
ਜੁਲਾਈ ਨੂੰ ਵੀ ਇਕ ਹੋਰ ਪੱਤਰ ਲਿਖਿਆ ਸੀ। 67-ਵਿਗਿਆਨੀਆਂ ਨੇ ਓਕ-ਰਿਜ ਤੋ ਮੁੜ ਟਰੂਮੈਨ ਨੂੰ ਬੰਬ ਦੀ ਵਰਤੋਂ ਕਰਨ ਤੋਂ ਪਹਿਲਾਂ ਇਸਦੀ
ਤਾਕਤ ਦਾ ਪ੍ਰਗਟਾਵਾ ਉੱਚਿਤ ਤਰੀਕੇ ਨਾਲ ਕਰਨ ਲਈ ਕਿਹਾ, ਕਿ ਅੱਖਾਂ ਮੀਟ ਕੇ ਬੰਬ ਦਾ ਟੈਸਟ ਨਾ ਕੀਤਾ ਜਾਵੇ। ਅਖੀਰ ਮੈਨਹਟਨ ਪ੍ਰੋਜੈਕਟ ਦੇ
69-ਵਿਗਿਆਨੀਆਂ ਨੇ ਐਟਮ ਬੰਬ ਦੀ ਵਰਤੋਂ ਕਰਨ ਤੋਂ ਗਰੇਜ਼ ਕਰਨ ਲਈ ਕਿਹਾ, ਪਰ ਸਾਮਰਾਜੀ “ਮਨੁੱਖ -ਖਾਣੇ ” ਬਾਜ਼ ਨਾ ਆਏ।
6 ਅਗਸਤ-1945, ਸਮਾਂ 8 ਵੱਜ ਕੇ 14 ਮਿੰਟ ਸਵੇਰ ਦਾ, ਹਵਾਈ ਹਮਲੇ ਦਾ ਅਲਾਰਮ ਵੱਜਦਾ ਹੈ। ਸ਼ਹਿਰ ਹੈ ਹੀਰੋਸ਼ੀਮਾ! ਥੋੜੇ ਜਹਾਜ਼
ਹੋਣ ਕਰਕੇ ਅਲਰਟ ਦੀ ਸਥਿਤੀ ਖ਼ਤਮ ਕਰ ਦਿੱਤੀ ਗਈ। ਸ਼ਹਿਰ! ਯਕਦਮ ਇਕ ਖੁੰਬ ਵਾਂਗ ਉੱਠੇ ਬੱਦਲਾਂ ਨਾਲ ਸੜਨ ਲੱਗ ਪਿਆ। ਅਮਰੀਕਾ ਦੇ
ਬੀ-29 ਜਹਾਜ ਨੇ “ ਛੋਟਾ ਬੱਚਾ ” (ਲਿਟਲ ਬੁਆਏ) ਨਾਂ ਦਾ 15 ਕੇ.ਟੀ.(15000 ਟਨ ਟੀ.ਐਨ.ਟੀ) ਸਮਰਥਾ ਵਾਲਾ ਪ੍ਰਮਾਣੂ ਬੰਬ ਗੈਰ -ਫੌਜੀ
ਇਲਾਕੇ ‘ਤੇ ਸੁੱਟ ਕੇ ਦੁਨੀਆ ਅੰਦਰ ਨਵੇਂ ਢੰਗ ਨਾਲ ਤਬਾਹੀ ਕਰਕੇ ਇਕ ਬਹੁਤ ਹੀ ਬੇਸ਼ਰਮੀ ਵਾਲਾ ਇਤਿਹਾਸ ਸਿਰਜਿਆ । 4.7 ਵਰਗ ਮੀਲ ਦੇ
ਘੇਰੇ ਅੰਦਰ ਪੂਰੀ ਤਬਾਹੀ, 90,000ਤੋਂ1,66,000 ਲੋਕਾਂ ਦੀ ਮੌਕੇ ਤੇ ਮੌਤ! ਅਜੇ ਸਿਵੇ ਠੰਢੇ ਵੀ ਨਹੀ ਹੋਏ ਸਨ ,ਕਿ 9-ਅਗਸਤ 1945 ਨੂੰ 11 ਵੱਜ
ਕੇ 2 ਮਿੰਟ (ਸਵੇਰੇ) ਦੋ ਬੀ-29 ਜਹਾਜ਼ਾ ਨੇ ਉਹੀ ਭਾਣਾ ਨਾਗਾਸਾਕੀ ਤੇ ਵਰਤਾਅ ਦਿੱਤਾ! ਅੱਖਾਂ ਅੰਨੀਆ ਕਰਨ ਵਾਲੀ ਲਿਸ਼ਕਾਰ, 7-ਮਿੰਟ ਵਿੱਚ 12-
ਕਿਲੋਮੀਟਰ ਉੱਚਾ ਰੇਡੀਆਈ ਬੱਦਲ ਉੱਚਾ ਉੱਠਿਆ। ਹਰ ਪਾਸੇ ਤਬਾਹੀ ਹੀ ਤਬਾਹੀ । ਇਨਾਂ ਦੋਨੋ ਥਾਵਾਂ ਤੇ ਬੰਬ ਸੁੱਟਣ ਵਾਲੀ ਟੀਮ‘ਚ ਸ਼ਾਮਿਲ
ਸੀ,‘ਚਾਰਲਸ ਡਬਲਿਊ. ਸਵੀਨੀ ਜੋ ਪਾਗਲ ਹਾਲਤ ਵਿੱਚ 19 ਜੁਲਾਈ, 2004 ਨੂੰ ਮਰਿਆ। ਨਾਗਾਸਾਕੀ ਤੇ ਸੁੱਟੇ ਐਟਮ ਬੰਬ ਜਿਸ ਦਾ ਨਾਂ ਸੀ
“ਮੋਟਾ ਆਦਮੀ ” (ਫੈਟ ਮੈਨ) ਅਤੇ ਇਸਦਾ ਸਮਰੱਥਾ ਸੀ 21.ਕੇ.ਟੀ (21,000 ਟਨ ਟੀ.ਐਨ.ਟੀ.) ਜਿਸਨੇ 1.8 ਵਰਗ ਮੀਲ ਘੇਰੇ ਅੰਦਰ 60,000
ਤੋਂ 80,000 ਮਨੁੱਖੀ ਜਾਂਨਾ ਦਾ ਖੋਅ ਕੀਤੀ। ਮੌਤਾਂ ਦੀ ਘੱਟ ਗਿਣਤੀ ਦਾ ਕਾਰਨ,‘ਕਿ ਬਹੁਤ ਸਾਰੇ ਲੋਕ ਪਹਿਲਾਂ ਹੀ ਸ਼ਹਿਰੋਂ ਬਾਹਰ ਜਾ ਚੁੱਕੇ ਸਨ!
ਦੂਸਰੀ ਸੰਸਾਰ ਜੰਗ ਪਿਛਲੇ ਲੜੇ ਗਏ ਜੰਗਾਂ ਵਿੱਚੋਂ 20 ਵੀਂ ਸਦੀ ਦੀ ਸਭ ਤੋਂ ਵੱਧ ਬੇਕਿਰਕ ਅਤੇ ਤਬਾਹੀ ਕੁੰਨ ਸੀ। ਇਸ ਜੰਗ ਵਿੱਚ
ਸੋਵੀਅਤ ਯੂਨੀਅਨ (ਸਾਬਕਾ ਯੂ.ਐਸ.ਐਸ. ਆਰ.) ਦਾ ਸਭ ਤੋਂ ਵੱਧ ਜਾਨੀ ਨੁਕਸਾਨ ਹੋਇਆਂ। ਇੱਕ ਅਨੁਮਾਨ ਅਨੁਸਾਰ ਰੂਸ ਦੇ 2.5 ਕਰੋੜ,
ਚੀਨ-1.5 ਕਰੋੜ, ਜਰਮਨ- 80 ਲੱਖ,ਪੋਲੈਡ-57.20 ਲੱਖ, ਡੱਚ-35 ਲੱਖ, ਜਾਪਾਨ-28.70 ਲੱਖ, ਗੁਲਾਮ ਭਾਰਤ-20.87 ਲੱਖ, ਫਰੈਂਚ ਇੰਡੋਚੀਨ-
16 ਲੱਖ,ਫਰਾਂਸ-5.50 ਲੱਖ, ਇਟਲੀ 4.54 ਲੱਖ, ਯੂਨਾਨ-5.63 ਲੱਖ, ਕੈਨੇਡਾ-45 ਹਜ਼ਾਰ, ਆਸਟ੍ਰੇਲੀਆਂ-40 ਹਜ਼ਾਰ, ਬਰਤਾਨੀਆਂ-4.50 ਲੱਖ
ਅਮਰੀਕਾ-4.18 ਲੱਖ, ਕੁੱਲ ਮੌਤਾਂ-7.24,68,000,‘ਜਿਨ੍ਹਾ ਵਿੱਚੋਂ 2,36,37,900- ਫੌਜੀ ਅਤੇ 3,38,33,000 ਆਮ ਜਨਤਾ ਤੇ 59,07,900-
ਯਹੂਦੀ ਮਾਰੇ ਗਏ। ਤਬਾਹੀ ਕੁਦਰਤੀ ਆਫਤਾਂ, ਨਾਲ ਅਤੇ ਬਿਮਾਰੀਆਂ ਕਾਰਨ 1.95 ਕਰੋੜ ਤੋਂ 2.50 ਕਰੋੜ ਮੌਤਾਂ ਹੋਈਆਂ। ਉਸ ਵੇਲੇ ਦੁਨੀਆਂ ਦੀ
ਆਬਾਦੀ ਦਾ 2.30 ਅਰਬ ਸੀ 61 ਦੇਸ਼ ਸ਼ਾਮਿਲ ਸਨ। 50 ਫੀਸਦ ਸਿਵਲੀਅਨ ਮੌਤਾਂ ‘ਚ ਇਸਤਰੀਆਂ ਅਤੇ ਬੱਚੇ ਸਨ। ਦੁਨੀਆਂ ਦੀ 1.7 ਅਰਬ
ਆਬਾਦੀ ਪ੍ਰਭਾਵਤ ਹੋਈ। ਰੂਸ ਅੰਦਰ 1923 ਬਾਦ ਜੰਮੇ ਰੂਸੀਆਂ ਵਿੱਚੋਂ 1945 ਬਾਦ 20 ਫੀਸਦ ਹੀ ਬਚੇ, ਜਦ ਕਿ 80 ਫੀਸਦ ਇਸ ਜੰਗ ਦਾ ਭੇਂਟ
ਹੋ ਗਏ। ਕਿੰਨੀ ਭਿਆਨਕ ਅਤੇ ਤਬਾਹੀ ਕੁੰਨ ਸੀ ਇਹ ਜੰਗ ।

ਭਾਵੇਂ ਵਿਗਿਆਨੀ ਆਈਨ ਸਟਾਈਨ ਅਤੇ ਜ਼ਿਲਾਰਡ, ਜਿਨਾਂ ਆਪ ਰੂਜ਼ ਵੈਲਟ ਨੂੰ ਬੰਬ ਬਣਾਊਣ ਲਈ ਪੱਤਰ ਲਿਖਿਆਂ ਸੀ,ਪਰ ਬਾਦ
ਵਿੱਚ ਇਸ ਦੀ ਤਬਾਹੀ ਨੂੰ ਸਮਝਦੇ ਹੋਏ ਇੱਕ ਨਵਾਂ ਪੱਤਰ ਲਿਖ ਕੇ ਇਸਦੀ ਤਿਆਰੀ ਅਤੇ ਵਰਤੋਂ ਦੇ ਰਾਹ ਦਾ ਸਖਤ ਵਿਰੋਧਤਾ ਕੀਤੀ ਸੀ । ਇੱਕ
ਪਾਸੇ ਜਨਰਲ ਗਰਵਜ਼ ਟਰੂਮੈਨ,ਐਟਲੀ ਅਤੇ ਉਨ੍ਹਾ ਦਾ ਗੁਮਾਸ਼ਤਾ ਚਿਆਂਰਾ ਕਾਈ ਸ਼ੈਕ ਸੀ,ਜੋ ਅਮਰੀਕੀ ਤਾਕਤ ਅਤੇ ਦਾਬੇ ਨੂੰ ਦਿਖਾਉਣ ਲਈ ਪੂਰੇ
ਪਾਗਲ ਬਣੇ ਹੋਏ ਸਨ। ਦੂਸਰੇ ਪਾਸੇ “ ਉਪਨਹੀਮਰ ” ਦੀ ਟਾਰਗੈਟ ਕਮੇਟੀ ਨੇ 10 ਤੇ 11 ਮਈ ਦਾ ਮੀਟਿੰਗ ਵਿੱਚ ਐਟਮ ਬੰਬ ਦਾ ਬਿਹਤਰੀਨ ਵਰਤੋਂ
ਦੀ ਸਿਫਾਰਿਸ਼ ਕੀਤੀ ਸੀ। ਜਦ ਕਿ ਦੂਸਰੇ ਪਾਸੇ 11 ਜੂਨ ਨੂੰ ਫਰੈਂਕ ਦਾ ਰਿਪੋਰਟ, ਜਿਸ ਵਿੱਚ ਦੁਨੀਆਂ ਭਰਦੇ ਚੋਣਵੇਂ ਵਿਗਿਆਨੀਆਂ ਨੇ ਇਹ
ਕਿਹਾ,ਕਿ ਕਿਸੇ ਮਾਰੂਥਲ ਜਾਂ ਉਜਾੜ ਟਾਪੂ‘ਚ ਇਸਦਾ ਟੈਸਟ ਕਰਕੇ ਪਹਿਲਾ ਵਿਖਾਉ ਪਰ “ਫਰੈਂਕ” ਦੀ ਰੀਪੋਰਟ ਨੂੰ ਕਿਸੇ ਨਹੀ ਸੁਣਿਆਂ। 1945
ਤੱਕ ਜਰਮਨ ਪਾਸ ਕੋਈ ਐਟਮ ਬੰਬ ਨਹੀ ਸੀ,ਫਿਰ ਡਰ ਕਿਸਦਾ ਸੀ? ਸਾਮਰਾਜੀ ਅਮਰੀਕਾ ਅਤੇ ਉਸਦੇ ਜੁੰਡੀ ਯਾਰ ਇੰਗਲੈਂਡ ਨੇ,10 ਵਿਗਿਆਨੀ
ਜਿਨ੍ਹਾਂ ਵਿੱਚ ਨੋਬਲ ਇਨਾਮ ਜੇਤੂ, ਹਾਈਜਨ ਬਰਗ, ਸੀ ਔਟੋਹਾਨ, ਸੀ.ਮੈਕਸ(ਹਾਈਜਨ ਬਰਗ ਦਾ ਸਾਥੀ) ਨੂੰ ਕੈਦ ਕਰ ਰੱਖਿਆ। ਉਨ੍ਹਾਂ ਪਾਸੋ ਆਈਨ
ਸਟਾਈਨ ਦੇ ਸਿਧਾਂਤ ਈ = ਐਮ.ਸੀ. ਸੁਕੇਅਰ (-2) ਨੂੰ ਅਮਲੀ ਰੂਪ ਦੇਣ ਲਈ ਪਹਿਲਾ ਇੰਗਲੈਂਡ ਦੇੇ ਫਾਰਮ ਹਾਲ ‘ਚ 1945 ਨੂੰ ਕੈਂਦ ਰੱਖਿਆਂ।
24 ਅਪ੍ਰੈਲ ਤੋ 3 ਮਈ 1945,ਵਰਸੇਲਜ, ਫਿਰ “ ਲੀ-ਵੇਜੀ ਨੇ(ਫਰਾਂਸ), ਹਾਈ (ਬੈਲਜੀਅਮ) ਵਿੱਚ ਕੈਦ ਰੱਖ ਕੇ ਐਟਮ ਬੰਬ ਦੀ ਪ੍ਰਕਿਰਿਆਂ ਨੂੰ
ਮੁਕੰਮਲ ਕਰਾਇਆ। ਫਾਰਮ ਹਾਲ ਵਿੱਚ ਔਟੇਹਾਨ, ਹਾਈਜਨ ਬਰਗ, ਮੈਕਸ ਲਾਓ, ਡਬਲਿਓ ਗਰਲੈਕ, ਪੀ.ਹਾਰਟੈਕ,ਕੇ.ਡੀਥਨਰ, ਈ.ਬੈਗੇ, ਐਚ
ਕਰੋਸਿੰਗ, ਕਾਰਲ ਵਾਈਜੈਕਰ, ਕੇ.ਵਰਟਜ਼ ਦੀ ਟੀਮ ਸੀ,‘ਜਿਨ੍ਹਾੰ ਨੇ ਮਨੁੱਖਤਾ ਦੇ ਸਭ ਤੋਂ ਵੱਡੇ ਕਾਤਲ ਐਟਮ ਬੰਬ ਨੂੰ ਤਿਆਰ ਕੀਤਾ ਸੀ ਅਤੇ ਇਨ੍ਹਾਂ
ਦੀ ਰਿਹਾਈ 3-ਜਨਵਰੀ 1946 ਨੂੰ ਹੋਈ।
ਅਸਲ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਦਾ ਇਹ ਦੁਖਾਂਤ ਸਾਮਰਾਜੀ ਅਮਰੀਕਾ ਅਤੇ ਉਸਦੇ ਭਾਈਵਾਲ ਇੰਗਲੈਂਡ, ਫਰਾਂਸ ਆਦਿ ਦੇਸ਼ਾਂ
ਦਾ ਹਾਕਮਾਂ ਦੀ ਕਰੂਰਤਾਂ ਦਾ ਇੱਕ ਬਹੁਤ ਹੀ ਦਰਦਨਾਕ ਕਹਾਣੀ ਹੈ। ਐਟਮ ਬੰਬ ਦਾ ਤਿਆਰੀ ਲਈ ਮੈਨ ਹਟਨ ਪ੍ਰੌਜੈਕਟ ਵਿੱਚ ਕੰਮ ਕਰਨ ਵਾਲੇ
ਵਿਗਿਅਨੀਆਂ ਨੂੰ ਸੈਨਿਕ ਅਫਸਰਾਂ ਅਤੇ ਸਿਆਸਤਦਾਨਾਂ ਨੇ ਇਹੀ ਡਰ ਪਾਈ ਰੱਖਿਆ ਕਿ,ਇਹ ਬੰਬ ਦੁਨੀਆਂ ਅੰਦਰ ਅਮਨ ਅਤੇ ਸ਼ਾਂਤੀ ਦੀ ਰੱਖਿਆ
ਲਈ ਜਰੂਰੀ ਹੈ ! ਜਦਕਿ ਅਮਰੀਕਾ ਵੱਲੋਂ ਨਵੰਬਰ 1944 ਨੂੰ ‘‘ਸਟਰਾਸ ਬਰਮ’’ ਤੋਂ ਗੁਪਤ ਦਸਤਾਵੇਜ਼ ਫੜੇ ਗਏ ਸਨ, ‘ਤੋਂ ਪਤਾ ਚਲ ਗਿਆ ਸੀ ਕਿ
ਜਰਮਨ ਪਾਸ ਨਾ ਯੂਰੇਨੀਅਮ-235 ਦੇ ਨਿਖੇੜ ਲਈ ਫੈਕਟਰੀ ਅਤੇ ਨਾ ਰੀ-ਐਕਟਰ ਸੀ । ਇਸੇ ਤਰ੍ਹਾਂ ਜਾਪਾਨ ਪਾਸ ਵੀ ਅਜਿਹੀ ਕੋਈ ਸੰਭਾਵਨਾ ਸੀ
। ਅਸਲ ਸਾਮਰਾਜ ਸ਼ੁਰੂ ਤੋਂ ਸੰਸਾਰ ਸਰਦਾਰੀ ਲਈ ਯਤਨਸ਼ੀਲ ਸੀ। ਖਤਰਾ ਸਮਾਜਵਾਦੀ ਰੂਸ ਤੋਂ ਸੀ, ਜੋ ਇਕ ਤੇਜ਼ੀ ਨਾਲ ਲੋਕ ਸ਼ਕਤੀ ਵੱਲ ਵੱਧ
ਰਿਹਾ ਸੀ ।
ਦੂਸਰੇ ਸੰਸਾਰ ਯੁੱਧ ਬਾਦ ਪਹਿਲਾ ਸਬਕ ਜੋ ਅਸੀਂ ਸਿਖਿਆ ਹੈ,ਕਿ ਵਿਗਿਆਨ ਦੀ ਵਰਤੋਂ ਮਨੁੱਖੀ ਹਿਤਾਂ ਨਾਲੋਂ ਮਨੁੱਖਤਾ ਦੀ ਤਬਾਹੀ ਅਤੇ
ਸਰਵਨਾਸ਼ ਵਾਸਤੇ ਵਧੇਰੇ ਹੋ ਰਹੀ ਹੈ । ਪਰ ਦੁਨੀਆ ਨੂੰ ਤਬਾਹ ਕਰਕੇ ਹੀ ਕੋਈ ਤਾਨਾਸ਼ਾਹ ਖੁਦ ਜਿਊਂਦਾ ਰਹਿ ਸਕੇਗਾ । ਉਹ ਕਿਹੜੇ ਲੋਕਾਂ ਤੇ ਫਿਰ
ਸਰਦਾਰੀ ਕਰੇਗਾ ? ਸਮਾਜਵਾਦੀ ਰੂਸ ਦੇ ਟੁੱਟਣ ਦੇ ਬਾਦ ਇਕ ਧਰੁਵੀ ਦੁਨੀਆਂ ਨੇ ਹੁਣ ਪਿਛਲੇ 28-ਸਾਲਾਂ ਅੰਦਰ ਸਾਮਰਾਜੀਆਂ ਹੱਥੋ ਲੋਕਾਂ ਦੀ ਹੋ
ਰਹੀ ਬਰਬਾਦੀ ਦੇਖ ਲਈ ਹੈ। ਅੱਜ ਲੋੜ ਹੈ! ਸੰਸਾਰ ਅਮਨ, ਸੀ.ਟੀ.ਬੀ.ਟੀ. ਅਤੇ ਐਨ.ਪੀ.ਟੀ. ਨੂੰ ਸਖ਼ਤੀ ਨਾਲ ਲਾਗੂ ਕਰਕੇ ਸਾਰੇ ਪ੍ਰਮਾਣੂ ਹਥਿਆਰਾਂ
ਨੂੰ ਖਤਮ ਕਰਨ ਲਈ ਇਕ ਲਹਿਰ ਚਲਾਉਣ ਦੀ । ਕੁਦਰਤੀ ਸੋਮਿਆਂ ਦੀ ਲੁੱਟ-ਖਸੁੱਟ ਕਰਕੇ ਮੁਨਾਫੇ ਕਮਾਉਣ ਦੀ ਦੌੜ ਨੇ, ਅੱਜ ਮਨੁੱਖੀ ਸੱਭਿਅਤਾ
ਲਈ ਬਹੁਤ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ । ਖੁਸ਼ਹਾਲੀ ਘੱਟ ਰਹੀ ਹੈ, ਬ੍ਰਹਿਮੰਡ ਫੈਲ ਰਿਹਾ ਹੈ ਅਤੇ ਮਨੁੱਖਤਾ ਸੁੰਗੜ ਰਹੀ ਹ । ਇਸ ਸਾਰੇ ਵਰਤਾਰੇ
ਅਤੇ ਗੁਨਾਹਾਂ ਲਈ ਜਿੰਮੇਵਾਰ ਸਮਾਰਾਜ ਅਤੇ ਸਾਮਰਾਜੀ ਸ਼ਕਤੀਆ ਨੂੰ ਪਛਾਣ ਕੇ,
ਉਨ੍ਹਾਂ ਵਿਰੁਧ ਇਕ ਦਿ੍ਰੜਤਾ ਨਾਲ ਸੰਘਰਸ਼ ਕਰਨ ਦੀ ਮੁੱਖ ਲੋੜ ਹੈ । ਜੇਕਰ ਅਵੇਸਲੇ ਰਹੇ ਤਾਂ ਇਹ ਕਰੂਰਤਾਂ ਵਾਲੀ ‘‘ਸੁਨਾਮੀ’’ ਤੋਂ ਅਸੀਂ ਕਦੀ ਵੀ
ਬਚ ਨਹੀਂ ਸੱਕਾਂਗੇ । ਵਿਗਿਆਨ ਦੀ ਵਰਤੋਂ ਮਨੁੱਖੀ ਹਿਤਾਂ ਲਈ ਕਰਨ ਵਾਸਤੇ ਇਕ ਵੱਡੀ ਲਹਿਰ ਦੀ ਲੋੜ ਹੈ ।ਵਿਗਿਆਨ ਖੁਸ਼ੀਆਂ ਅਤੇ ਖੁਸ਼ਹਾਲੀ
ਵੰਡਣ ਵਾਲਾ ਹੋਣਾ ਚਾਹੀਦਾ ਹੈ, ਨਾ ਕਿ ਤਬਾਹੀ ਵਾਲੀ ਮਨੁੱਖੀ ਬਰਬਾਦੀ ਵਾਲਾ ਹੋਵੇ ।
ਅਸਲ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਦਾ ਦੁਖਾਂਤ ਸਾਡੀਆਂ ਕਲਪਨਾਵਾਂ ਤੋਂ ਵੀ ਕਈ ਗੁਣਾ ਵੱਡਾ, ਖਤਰਨਾਕ ਅਤੇ ਕਰੂਰ ਹੈ। ਅੱਜ
ਵੀ ਉਥੇ ਜਾਕੇ ਤੁਸੀ ‘‘ਸ਼ਾਂਤੀ-ਮਿਊਜ਼ੀਅਮ ਹੀਰੋਸ਼ੀਮਾ’’ ਅੰਦਰ, ਉਨ੍ਹਾਂ ਮਨਹੂਸ ਪਲਾਂ ‘ਚ ਜਦੋਂ ਸਵੇਰ ਦੇ 8-ਵੱਜ ਕੇ 14-ਮਿੰਟ ‘ਤੇ ਘੜੀ ਦੀਆਂ ਰੁਕੀਆਂ
ਸੂਈਆਂ ਅਤੇ ਸਾਰਾ ਮਨੁੱਖੀ ਜੀਵਨ ਤੈਹਿਸ-ਨੈਹਿਸ ਹੋ ਗਿਆ ਸੀ, ਦੀ ਤਬਾਹੀ ਨੂੰ ਦੇਖ ਸਕਦੇ ਹੋ ! ਨੰਨ੍ਹੇ-ਮੁੰਨ੍ਹੇ ਸਕੂਲੀ ਬੱਚਿਆਂ ਦੇ ਪਿਘਲੇ ਹੋਏ ਲੰਚ-
ਬਕਸ, ਝੁਲਸੀਆਂ ਸੜੀਆਂ ਪਾਣੀ ਦੀਆਂ ਬੋਤਲਾਂ ਹੋਰ ਨਿਕ-ਸੁਕ ਅੱਜ ਵੀ ਤਬਾਹੀ ਦੀ ਮੂੰਹ ਬੋਲਦੀ ਤਸਵੀਰ ਸਾਨੂੰ ਜੰਗ ਤੋਂ ਨਫਰਤ ਕਰਨ ਲਈ
ਪੁਕਾਰ ਰਹੀ ਹੈ। ਬੇ-ਅਸੂਲੇ ‘‘ਪੋਟਸਡੈਮ ਡੈਕਲੇਚੇਸ਼ਨ’’ ਜਿਸ ਰਾਹੀਂ ਜਾਪਾਨ ਨੂੰ ਫੋਰਮ ਹਥਿਆਰ ਸੁੱਟਣ ਦਾ ਅਲਟੀਮੇਟਮ ਦਿੱਤਾ ਸੀ, ਜਦ ਕਿ
ਜਾਪਾਨੀ ਜਰਮਨ ਦੀ ਹਾਰ ਬਾਦ ਇੱਜ਼ਤਦਾਰ ਰਾਹ ਲੱਭਣ ਲਈ ਸੋਚ ਰਹੇ ਸਨ, ਕਿ ਹਥਿਆਰ ਸੁੱਟ ਦਿੱਤੇ ਜਾਣ ! ਪਰ ਇਸ ਤੋਂ ਪਹਿਲਾਂ ਹੀ ਇਹ
ਕਾਰਾ ਵਰਤ ਗਿਆ।ਦੂਜੀ ਸੰਸਰ ਜੰਗ ਤੋ ਬਾਦ ਵੀ ਸਾਮਰਾਜ ਬਾਜ਼ ਨਹੀਂ ਅਇਆ। ਕੋਰੀਆ ਜੰਗ (1950-53), ਵੀਤਨਾਮ ਯੁੱਧ (1955-1975),

ਅਫਗਾਨਿਸਤਾਨ ਜੰਗ (1979-ਜਾਰੀ), ਇਰਾਕ ਜੰਗ (2003-ਜਾਰੀ ਹੈ), ਲੀਬੀਆ, ਟਿਊਨੀਸ਼ੀਆ, ਸੀਰੀਆ, ਰੂਸ-ਯੂਕਰੇਨ ਜੰਗ, ਚੁਣੀਆਂ
ਸਰਕਾਰਾਂ ਦੇ ਤਖਤੇ ਪਲਟਾਉਣੇ, ਫੌਜੀ ਬਗਾਵਤਾਂ ਸਭ ਲਈ ਸਾਮਰਾਜ ਜਿੰਮੇਵਾਰ ਹੈ। ਇਸ ਸੰਸਾਰ ਬੇਚੈਨੀ ਤੋਂ ਵੀ ਅਮਰੀਕਾ ਬਰੀ ਨਹੀਂ ਹੋ ਸਕਦਾ।
ਅੱਜ ! ਦੁਨੀਆਂ ਅੰਦਰ ਨੰਗ-ਭੁੱਖ ਦੇ ਖਾਤਮੇ ਵਾਂਗ ਵੀ ਵੱਡਾ ਮੱਸਲਾ ਅਮਨ ਦਾ ਹੈ। ਸਾਨੂੰ ਜੰਗ ਨਹੀ; ਅਮਨ ਲਈ ਆਵਾਜ਼ ਬੁਲੰਦ
ਕਰਨੀ ਚਾਹੀਦੀ ਹੈ! ਹੀਰੋਸ਼ੀਮਾ ‘ਚ ਐਟਮ ਬੰਬ ਨਾਲ ਇਕ ਨਹੀਂ ਹਜ਼ਾਰਾਂ-ਲੱਖਾਂ ਨੰਨ੍ਹ-ਮੁੰਨੇ ਬੱਚੇ ਮਾਰੇ ਗਏ ਸਨ । ਉਨ੍ਹਾਂ ‘ਚ ਇਕ ਬੱਚੀ ਦੀ ਰੂਹ
(ਅਨੇਕਾਂ ਦੀ) ਸਾਡੇ ਸਭ ਤੋਂ ਇਹ ਮੰਗ ਕਰਦੀ ਹੈ ! ਜੰਗ ਨਹੀ; ਅਮਨ ਚਾਹੀਦਾ ਹੈ !!!
ਇਕ ਨੰਨ੍ਹੀ-ਮੁੰਨ੍ਹੀ ਮੋਈ ਬਾਲੜੀ ਦੀ ਰੂਹ ਦੀ ਪੁਕਾਰ !
ਲੋਕੋ! ਮੈਂ ਤੁਹਾਡੇ ਦਰ ‘ਤੇ ਇਕ ਦਸਤਕ ਦੇ ਰਹੀ ਹਾਂ,
ਖੌਰੇ ਕਿੰਨੇ ਬਾਰੀ ਮੈਂ ਤੁਹਾਡੇ ਬੂਹੇ ਖੜਕਾਂ ਆਈ ਹਾਂ
ਪਰ ਤੁਸੀਂ ਮੈਨੂੰ (ਰੂਹ) ਦੇਖ ਨਹੀਂ ਸਕਦੇ ਹੋ !
ਕਿਉਂ ਕਿ ਮੋਏ ਹੋਏ ਬਾਲ ਦੁਨੀਆਂ ਤੋਂ ਅ-ਦਿ੍ਰਸ਼ਟ ਹੋ ਜਾਂਦੇ ਹਨ,
ਮੈਨੂੰ ਅਤੇ ਮੇਰੇ ਸਾਥੀਆਂ ਨੂੰ ਹੀਰੋਸ਼ੀਮਾ ‘ਚ ‘ਲਿਟਲ ਬੌਏ’ ਨੇ ਸੁਆਹ ਬਣਾ ਦਿੱਤਾ ਸੀ ।
ਉਦੋਂ ਮੈਂ ਅੱਜੇ 7-ਸਾਲ ਦੀ ਇਕ ਬਾਲੜੀ ਹੀ ਸਾਂ।
ਇਹ ਵੀ ਸੱਚ ਹੈ ਕਿ ਮੋਏ ਹੋਏ ਬਾਲ ਵੱਡੇ ਨਹੀਂ ਹੁੰਦੇ !
ਇਕ ਲਿਸ਼ਕਾਰੇ ਨਾਲ ਬੰਬ ਫੁੱਟਿਆ ਮੇਰੇ ਵਾਲ ਸੜੇ,
ਫਿਰੇ ਮੇਰੇ ਦੀਦੇ ਫੁੱਟ ਕੇ ਬਾਹਰ ਆ ਗਏ !
ਮੁੜ ਮੈਂ ਇਕ ਸੁਆਹ ਦੀ ਮੁੱਠੀ ਬਣ ਗਈ,
ਪੌਣਾਂ ਵੱਗੀਆਂ ਮੇਰੀ ਸੁਆਹ ਵੀ ਖਿੰਡ ਗਈ!
ਸਾਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ,
ਕਿਉਂਕਿ ਬੰਬਾਂ ਨਾਲ ਸੜ ਕੇ ਮੋਏ ਬਾਲ ਮਠਿਆਈਆਂ ਨਹੀ ਖਾ ਸਕਦੇ !
ਮੇਰੇ ਅੱਗੇ ਪਿਛੇ ਨੰਨ੍ਹੇ-ਮੁੰਨ੍ਹੇ, ਜਵਾਨ, ਬੁੱਢੇ, ਔਰਤਾਂ-ਮਰਦ,
ਅਸੀਂ ਸਾਰੇ ਤੁਹਾਡੇ ਹਸਤਾਖਰ ਤੇ ਹਮਦਰਦੀ ਲੈਣ ਆਏ ਹਾਂ !
ਤਾਂ ਜੋ ਮੁੜ ਇੰਝ ਕਦੇ ਬਾਲ ਨਾ ਮਰਨ,
ਉਹ ਖੇਡਣ-ਮੱਲਣ ਅਤੇ ਮਠਿਆਈਆਂ ਖਾਂਦੇ ਰਹਿਣ !
ਇਹ ਸੰਸਾਰ ਸਾਡੇ ਨਾਲ ਹੀ ਰੱਸਦਾ-ਵੱਸਦਾ ਰਹਿ ਸਕਦਾ ਹੈ!
ਜੰਗ ਨਹੀ; ਬਸ ! ਅਮਨ ਨਾਲ !!! ਅਮਨ ਨਾਲ !!!
(ਨਾਜ਼ਿਮ ਹਿਰਮਤ-ਟੁਰਕੀ)

 

ਜਗਦੀਸ਼ ਸਿੰਘ ਚੋਹਕਾ , 001-403-285-4208 , ਕੈਲਗਰੀ (ਕੈਨੇਡਾ),919217997445 (ਵਟਸ ਐਪ)

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ