Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਨਿਊਜ਼ੀਲੈਂਡ ਪੁਲਿਸ ਨੇ ਪਹਿਲੀ ਵਾਰ ਏਥਨਿਕ ਮੀਡੀਆ ਨੂੰ ਟ੍ਰੇਨਿੰਗ ਕਾਲਜ ਤੇ ਹੈਡ ਕੁਆਰਟਰ ਦਾ ਟੂਰ ਕਰਵਾਇਆ

June 10, 2022 11:48 AM

ਏਥਨਿਕ ਮੀਡੀਆ: ਆਪਣੀ ਪਹਿਚਾਣ ਤੇ ਮਾਨਤਾ ਵੱਲ
ਨਿਊਜ਼ੀਲੈਂਡ ਪੁਲਿਸ ਨੇ ਪਹਿਲੀ ਵਾਰ ਏਥਨਿਕ ਮੀਡੀਆ ਨੂੰ ਟ੍ਰੇਨਿੰਗ ਕਾਲਜ ਤੇ ਹੈਡ ਕੁਆਰਟਰ ਦਾ ਟੂਰ ਕਰਵਾਇਆ
-ਵੱਡੀ ਗੱਲ: ਦੇਸ਼ ਦੇ ਉਪ ਪੁਲਿਸ ਕਮਿਸ਼ਨਰ, ਸਹਾਇਕ ਕਮਿਸ਼ਨਰ ਅਤੇ ਰਾਸ਼ਟਰੀ ਏਥਨਿਕ ਪਾਰਟਨਰਸ਼ਿੱਪ ਮੈਨੇਜਰ ਤੇ ਸੁਪਰਡੰਟ ਸ੍ਰੀ ਰਾਕੇਸ਼ ਨਾਇਡੂ ਟੂਰ ਵਿਚ ਰਹੇ ਸ਼ਾਮਿਲ
-ਏਥਨਿਕ ਮੀਡੀਆ ਦੀ ਸਥਾਪਤੀ ਆਪਣਾ ਅਕਸ ਬਨਾਉਣ ਵਿਚ ਕਾਮਯਾਬ
-ਪੰਜਾਬੀ ਮੀਡੀਆ ਕਰਮੀਆਂ ਤੋਂ ‘ਰੇਡੀਓ ਸਪਾਈਸ’ ਅਤੇ ‘ਪੰਜਾਬੀ ਹੈਰਲਡ’ ਬਣੇ ਹਿੱਸਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 10 ਜੂਨ, 2022: ਬਹੁ-ਸਭਿਆਚਾਰਕ ਮੁਲਕ ਕਿਵੇਂ ਆਪਣੇ ਦੇਸ਼ ਅੰਦਰ ਸੁਰੱਖਿਅਤ ਸਮਾਜ ਸਿਰਜ ਕੇ ਇਕੱਠਿਆਂ ਚੱਲ ਦੁਨੀਆ ਦੇ ਨਕਸ਼ੇ ਉਤੇ ਚਮਕ ਵਧਾਉਂਦੇ ਹਨ ਅਤੇ ਦੇਸ਼ ਦੀ ਹਰਮਨ ਪਿਆਰਤਾ ਨੂੰ ਉਪਰ ਲੈ ਕੇ ਜਾਂਦੇ ਹਨ, ਦੇ ਵਿਚ ਉਥੇ ਦੀ ਪੁਲਿਸ ਦਾ ਵੱਡਾ ਹੱਥ ਹੁੰਦਾ ਹੈ। ਪੁਲਿਸ ਦੀ ਜਾਣਕਾਰੀ ਆਮ ਲੋਕਾਂ ਤੱਕ ਪੁੱਜਣੀ ਜਿੱਥੇ ਉਸ ਦੇਸ਼ ਦੀ ਮੂਲ ਭਾਸ਼ਾ ਦੇ ਵਿਚ ਤਾਂ ਜ਼ਰੂਰੀ ਹੁੰਦੀ ਹੀ ਹੈ, ਪਰ ਜਦੋਂ ਬਹੁ ਕੌਮੀਅਤ ਵਾਲਾ ਦੇਸ਼ ਹੋਵੇ ਤਾਂ ਦੂਜੀਆਂ ਭਾਸ਼ਾਵਾਂ ਅਤੇ ਧਰਮੀ ਵਿਰਾਸਤ ਦੀ ਕਦਰ (ਏਥਨਿਕ ਕਮਿਊਨਿਟੀ) ਬਰਾਬਰਤਾ ਵੱਲ ਉਸ ਪੁਲਿਸ ਦਾ ਧਿਆਨ ਖਿੱਚਦੀ ਹੈ। ਨਿਊਜ਼ੀਲੈਂਡ ਵਸਦੇ ਬਹੁ ਕੌਮੀ ਲੋਕਾਂ ਨੂੰ ਖੁਸ਼ੀ ਹੋਵੇਗੀ ਕਿ ਇਥੇ ਦੀ ਪੁਲਿਸ ਜਿਸ ਦਾ ਮਾਟੋ (ਮੂਲ ਉਦੇਸ਼) ਹੈ ‘ਸੁਰੱਖਿਅਤ ਸਮਾਜ ਰਲ ਮਿਲ ਕੇ’ (Safer 3ommunities “ogether) ਵੱਲੋਂ ਜਦੋਂ ਰਲ-ਮਿਲ ਕੇ ਚੱਲਣ ਦੀ ਗੱਲ ਹੋਵੇ ਤਾਂ ਲੋਕਾਂ ਦੇ ਨਾਲ-ਨਾਲ ਏਥਨਿਕ ਮੀਡੀਆ ਵੀ ਅਹਿਮ ਭੂਮਿਕਾ ਵਿਚ ਉਨ੍ਹਾਂ ਨੂੰ ਨਜ਼ਰ ਆਉਂਦਾ ਹੈ। ਅਜ ਦੇਸ਼ ਦੇ ਵਿਚ ਏਥਨਿਕ ਮੀਡੀਆ ਆਪਣੀ ਖੁਦ ਦੀ ਚਾਲ ਦੇ ਸਹਾਰੇ ਦੇਸ਼ ਦੇ ਰਾਸ਼ਟਰੀ ਅਦਾਰਿਆਂ ਤੱਕ ਆਪਣੀ ਪਹਿਚਾਣ ਬਨਾਉਣ ਅਤੇ ਮਾਨਤਾ ਪ੍ਰਾਪਤ ਕਰਨ ਦੇ ਵਿਚ ਕਾਮਯਾਬ ਹੋਇਆ ਅਤੇ ਕਈ ਪੌੜੀਆਂ ਉਪਰ ਚੜ੍ਹ ਗਿਆ ਪ੍ਰਤੀਤ ਹੁੰਦਾ ਹੈ। ਇਸਦੀ ਉਦਾਹਰਣ ਇਹ ਹੈ ਕਿ ਨਿਊਜ਼ੀਲੈਂਡ ਪੁਲਿਸ ਦੇ ਮੀਡੀਆ ਵਿੰਗ ਵੱਲੋਂ ਜਿਸ ਦੇ ਵਿਚ ‘ਏਥਨਿਕ ਰਿਸਪੌਂਸੀਵਨਿਸ ਮੈਨੇਜਰ’ ਜੈਸਿਕਾ ਫੌਂਗ (ਕੂਈਨਜ਼ ਸਰਵਿਸ ਮੈਡਲ) ਪ੍ਰਾਪਤ ਦੀ ਕਈ ਸਾਲਾਂ ਦੀ ਮਿਹਨਤ ਸਦਕਾ ਹੁਣ ਏਥਨਿਕ ਮੀਡੀਆ ਨਾਲ ਪੁਲਿਸ ਦੀਆਂ ਮੀਟਿੰਗਾਂ ਹੋਣ ਲੱਗੀਆਂ ਹਨ, ਵੱਡੇ ਪੁਲਿਸ ਸਟੇਸ਼ਨਾਂ ਦੇ ਵਿਚ ਲਗਾਤਾਰ ਪੰਜਾਬੀ ਪੁਲਿਸ ਸਲਾਹਕਾਰ (ਹੁਣ ਸ. ਪਰਮਿੰਦਰ ਸਿੰਘ ਪਾਪਾਟੋਏਟੋਏ) ਅਤੇ ਪੁਲਿਸ ਦੇ ਰਾਸ਼ਟਰੀ ਦਫਤਰਾਂ ਤੱਕ ਪੈਰ ਰੱਖਣ ਵਿਚ ਕਾਮਯਾਬ ਹੋ ਗਏ ਹਨ। ਨਿਊਜ਼ੀਲੈਂਡ ਪੁਲਿਸ ਦੇ ਵਿਚ ਪਹਿਲੇ ਸੁਪਰਡੰਟ ਬਣੇ ਭਾਰਤੀ ਮੂਲ ਦੇ ਸ੍ਰੀ ਰਾਕੇਸ਼ ਨਾਇਡੂ ਅਤੇ ਪੁਲਿਸ ਦੇ ਅਜਾਇਬ ਘਰ ਵਿਚ ਆਪਣੀ ਤਸਵੀਰ ਤੇ ਜੀਵਨ ਵੇਰਵੇ (ਜਨਮ ਭੂਮੀ ਪੰਜਾਬ) ਨਾਲ ਪਹੁੰਚ ਬਨਾਉਣ ਵਾਲੀ ਮਨਦੀਪ ਕੌਰ ਭਵਿੱਖ ਦੇ ਬੱਚੇ ਬੱਚੀਆਂ ਲਈ ਲੀਹਾਂ ਕੱਢਣ ਵਿਚ ਕਾਮਯਾਬ ਹੋਏ ਹਨ।
ਬੀਤੇ ਦੋ ਦਿਨ ਏਥਨਿਕ ਮੀਡੀਆ ਦਾ ਇਕ ਗਰੁੱਪ ਜਿਸ ਦੇ ਵਿਚ ਪੰਜਾਬੀ, ਹਿੰਦੀ, ਕੋਰੀਅਨ, ਜਾਪਾਨੀ, ਮਲੇਸ਼ੀਅਨ, ਚਾਈਨੀਜ਼, ਅਫਗਾਨੀ ਅਤੇ ਹੋਰ ਭਾਸ਼ਾਵਾਂ ਦੇ ਮੀਡੀਆ ਕਰਮੀ ਸਨ, ਦੋ ਦਿਨਾਂ ਦੇਸ਼ ਦੀ ਰਾਜਧਾਨੀ ਵਲਿੰਗਟਨ ਟੂਰ ਉਤੇ ਗਏ। ਇਸ ਦੌਰਾਨ ਉਨ੍ਹਾਂ ਪਹਿਲੇ ਦਿਨ ਨਿਊਜ਼ੀਲੈਂਡ ਪੁਲਿਸ ਦੇ ਵਿਚ ਭਰਤੀ ਕੀਤੇ ਜਾਣ ਉਪਰੰਤ ਸਰੀਰਕ ਐਕਸ਼ਨ ਟ੍ਰੇਨਿੰਗ ਲੈਣ ਅਤੇ ਦਿੱਤੀ ਜਾਂਦੀ ਤਕਨੀਕੀ ਸਿੱਖਲਾਈ ਸਬੰਧੀ ਜਾਣਕਾਰੀ ਲਈ। ਵੱਡੀ ਗੱਲ ਇਹ ਰਹੀ ਹੈ ਕਿ ਇਸ ਕਾਰਜ ਵਾਸਤੇ ਜਿੱਥੇ ਮੈਨੁਕਾਓ ਪੁਲਿਸ ਤੋਂ ਕੁਝ ਪੁਲਿਸ ਅਫਸਰ ਜਿਵੇਂ ਸ੍ਰੀ ਦੀਪਕ ਕਾਲੜਾ ਏਥਨਿਕ ਕੋਆਰਡੀਨੇਟਰ ਤੇ ਪੁਲਿਸ ਅਫਸਰ ਕੇਵਿਨ ਅਤੇ ਵਿਨੇਸ਼ ਸਿਮਾ ਪਹਿਲਾਂ ਹੀ ਗਏ ਹੋਏ ਸਨ ਉਥੇ ਨਿਊਜ਼ੀਲੈਂਡ ਪੁਲਿਸ ਦੇ ਰਾਸ਼ਟਰੀ ਉਪ ਕਮਿਸ਼ਨਰ ਸ੍ਰੀ ਵੈਲੀ ਹਾਊਮਾਹਾ, ਸਹਾਇਕ ਕਮਿਸ਼ਨਰ ਸ੍ਰੀ ਕ੍ਰਿਸ ਵਾਟਿਗਨਰ ਅਤੇ ਸ੍ਰੀ ਰਾਕੇਸ਼ ਨਾਇਡੂ ਸਮੇਤ ਹੋਰ ਉਚ ਪੁਲਿਸ ਅਫਸਰ ਰਸਮੀ ਸਵਾਗਤ ਵਾਸਤੇ ਪਹਿਲਾਂ ਹੀ ਪਹੁੰਚੇ ਸਨ। ਵੱਡੀ ਗੱਲ ਇਹ ਸੀ ਕਿ ਜਿੱਥੇ ਉਨ੍ਹਾਂ ਆਪਣੇ ਮੀਟਿੰਗ ਹਾਲ ਦੇ ਵਿਚ ਜਿਸ ਰਸਮੀ ਤਰੀਕੇ ਨਾਲ ਬਾ ਕਮਾਲ ਸਵਾਗਤ ਕੀਤਾ, ਉਥੇ ਪੁਲਿਸ ਦੀ ਸਥਾਪਨਾ, ਜਾਨਾ ਗਵਾਉਣ ਵਾਲਿਆਂ, ਕਾਲਜ ਨੂੰ ਸੌਗਾਤ ਵਜੋਂ ਜ਼ਮੀਨ ਦੇਣ ਵਾਲਿਆਂ ਨੂੰ ਯਾਦ ਕਰਕੇ ਜਾਣਕਾਰੀ ਦੇਣਾ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦਿਆਂ ਸਿੱਖਿਆ ਵਾਲੀ ਕਿਤਾਬ ਦਾ ਇਕ ਹੋਰ ਪੰਨਾ ਪੜ੍ਹਾ ਦਿੱਤਾ।
ਏਥਨਿਕ ਮੀਡੀਆ ਦੇ ਸਾਹਮਣੇ ਜਦੋਂ ਸਾਰੇ ਅਫ਼ਸਰ ਕੁਰਸੀਆਂ ਲਾ ਕੇ ਆਹਮੋ-ਸਾਹਮਣੇ ਬੈਠੇ ਤਾਂ ਪੁਲਿਸ ਦੀ ਏਥਨਿਕ ਕਮਿਊਨਿਟੀ ਨਾਲ ਵਿਚਰਨ ਦੀ ਭਾਵਨਾ ਹੋਰ ਨਿੱਖਰ ਕੇ ਸਾਹਮਣੇ ਆਈ। ਟੂਰ ਦੌਰਾਨ ਹੁਣ ਤੱਕ ਪੁਲਿਸ ਅਫਸਰ ਜੋ ਲੋਕਾਂਦੀ ਸੁਰੱਖਿਆ ਲਈ ਆਪਣੀ ਜਾਨਾ ਵਾਰ ਗਏ, ਉਨ੍ਹਾਂ ਦੇ ਨਾਮ ਦੀਆਂ ਪਲੇਟਾਂ ਵਿਖਾਈਆਂ। ਇਹ ਪੌੜੀਆਂ ਚੜ੍ਹਨ ਅਤੇ ਉਤਰਨ ਵਾਲੇ ਇਕ ਸਥਾਨ ਉਤੇ ਸਨ ਤਾਂ ਕਿ ਆਪਣੇ ਕਿੱਤੇ ਦੀਆਂ ਪੌੜੀਆਂ ਚੜ੍ਹਦਿਆਂ ਉਤਰਦਿਆਂ ਇਕ ਸ਼ਕਤੀ ਅਤੇ ਪ੍ਰਣ ਮਿਲਦਾ ਰਹੇ।
ਟ੍ਰੇਨਿੰਗ ਕਾਲਜ ਤੋਂ ਬਾਅਦ ਪੁਲਿਸ ਅਜਾਇਬ ਘਰ ਵੇਖਿਆ ਗਿਆ ਜਿੱਥੇ ਸਾਲਾਂ ਪੁਰਾਣਾ ਪੁਲਿਸ ਦੀ ਵਰਤੋਂ ਵਾਲਾ ਸਾਮਾਨ, ਬੁਰੀ ਤਰ੍ਹਾਂ ਦੁਰਘਟਨਾ ਗ੍ਰਸਤ ਕਾਰ ਦਾ ਨਮੂਨਾ, ਪੁਰਾਣੇ ਹਥਿਆਰ, ਮਾਓਰੀ ਨਿਸ਼ਾਨੀਆਂ, ਮੋਟਰਸਾਈਕਲ, ਪੁਰਾਣੀ ਮਸ਼ੀਨਰੀ ਅਤੇ ਫੋਰੈਂਸਿਕ ਪ੍ਰਣਾਲੀ ਸਮੇਤ ਇਤਿਹਾਸ ਸਿਰਜਣ ਵਾਲਿਆਂ ਦੀਆਂ ਤਸਵੀਰਾਂ ਵੇਖੀਆਂ। ਇਥੇ ਨਿਊਜ਼ੀਲੈਂਡ ਪੁਲਿਸ ਦੇ ਵਿਚ ਭਰਤੀ ਹੋਈ ਪਹਿਲੀ ਪੰਜਾਬੀ ਕੁੜੀ ਮਨਦੀਪ ਕੌਰ ਦੀ ਫੋਟੋ ਜ਼ਰੂਰ ਮਾਣ ਮਹਿਸੂਸ ਕਰਾਉਂਦੀ ਹੈ। ਸ਼ਾਮ 4 ਵਜੇ ਤੋਂ ਬਾਅਦ ਸ੍ਰੀ ਰਾਕੇਸ਼ ਨਾਇਡੂ ਹੋਰਾਂ ਇਕ ਹੋਰ ਅਧਿਆਏ ਜੋੜਦਿਆਂ ਭਾਰਤੀ ਏਥਨਿਕ ਮੀਡੀਆ ਦੇ ਮੈਂਬਰਾਂ ਨੂੰ ਨਵੇਂ ਬਣੇ ਭਾਰਤੀ ਹਾਈ ਕਮਿਸ਼ਨ ਦਾ ਟੂਰ ਵੀ ਕਰਵਾ ਦਿੱਤਾ। ਕਮਾਲ ਦੀ ਬਣੀ ਇਸ ਇਮਾਰਤ ਦੇ ਵਿਚ ਸ੍ਰੀ ਦੁਰਗਾ ਦਾਸ ਅਤੇ ਸ੍ਰੀ ਮੁਕੇਸ਼ ਘੀਆ ਨੇ ਭਰਵਾਂ ਸਵਾਗਤ ਕੀਤਾ, ਵਿਸ਼ੇਸ਼ ਤੌਰ ’ਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਅਤੇ ਪੂਰੇ ਦਫਤਰ ਦਾ ਚੱਕਰ ਲਗਾਇਆ। ਤਿੰਨ ਮੰਜ਼ਿਲੀ ਇਸ ਦਫਤਰ ਦੇ ਵਿਚ ਭਾਰਤੀ ਕਮਿਊਨਿਟੀ ਦੇ ਲਈ ਫ੍ਰੀ ਸਮਾਗਮ ਕਰਨ ਦੇ ਲਈ ਤਿੰਨ ਲੇਅਰਾਂ ਵਾਲਾ ਹਾਲ ਵੀ ਸਟੇਜ, ਸਾਊਂਡ ਅਤੇ ਕਿਚਨ ਦੇ ਨਾਲ ਤਿਆਰ ਕੀਤਾ ਗਿਆ ਹੈ। ਚਿਨਾਰ ਦਾ ਦਰੱਖਤ, ਰਾਜਸਥਾਨੀ ਪੱਥਰ ਅਤੇ ਕਿਤਾਬਾਂ ਦਾ ਘਰ ਵੀ ਬਣਾਇਆ ਗਿਆ ਹੈ।
ਦੂਜੇ ਦਿਨ ਇਹ ਏਥਨਿਕ ਮੀਡੀਆ ਦਾ ਸਮੂਹ ਨਿਊਜ਼ੀਲੈਂਡ ਪੁਲਿਸ ਦੇ ਹੈਡ ਕੁਆਰਟਰ ਗਿਆ ਜਿੱਥੇ ਫਿਰ ਦੇਸ਼ ਦੇ ਉਪ ਪੁਲਿਸ ਕਮਿਸ਼ਨਰ ਸ੍ਰੀ ਵੈਲੀ ਹਾਊਮਾਹਾ ਤੇ ਸਹਾਇਕ ਕਮਿਸ਼ਨਰ ਸ੍ਰੀ ਕ੍ਰਿਸ, ਸੁਪਰਡੈਂਟ ਪੁਲਿਸ ਸ੍ਰੀ ਰਾਕੇਸ਼ ਨਾਇਡੂ ਤੇ ਏਥਨਿਕ ਕੋਆਰਡੀਨੇਟਰ ਸ੍ਰੀ ਦੀਪਕ ਕਾਲੜਾ ਮਿਲੇ। ਉਪ ਪੁਲਿਸ ਕਮਿਸ਼ਨਰ ਨੇ ਆਪਣਾ ਦਫਤਰ ਵਿਖਾਇਆ, ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਕੋਈ ਏਥਨਿਕ ਮੀਡੀਆ ਉਨ੍ਹਾਂ ਦੇ ਦਫਤਰ ਤੱਕ ਪੁੱਜਿਆ ਹੋਵੇ। ਉਨ੍ਹਾਂ ਵੱਖ-ਵੱਖ ਦੇਸ਼ਾਂ ਤੋਂ ਮਿਲੀਆਂ ਪੁਲਿਸ ਸੇਵਾ ਵਾਸਤੇ ਸੌਗਤਾਂ ਨੂੰ ਸਜਾ ਕੇ ਰੱਖਿਆ ਹੋਇਆ ਸੀ ਅਤੇ ਵਿਖਾਇਆ। ਇਥੇ ਭਾਰਤੀ ਸੌਗਾਤਾਂ ਵੀ ਆਪਣੀ ਪਹਿਚਾਣ ਬਣਾ ਕੇ ਬੈਠੀਆਂ ਨਜ਼ਰ ਆਈਆਂ ਅਤੇ ਬਹੁਤ ਚੰਗਾ ਲੱਗਾ। ਉਨ੍ਹਾਂ ਪੁਲਿਸ ਦੀ ਕਾਰਵਾਈ ਕਿਵੇਂ ਹੁੰਦੀ ਹੈ, ਕਿਵੇਂ ਅਪਰਾਧ ਉਤੇ ਕਾਬੂ ਪਾਉਣ, ਘੱਟ ਕਰਨ ਅਤੇ ਸੁਰੱਖਿਅਤ ਢੰਗ ਨਾਲ ਪੁਲਿਸ ਦੇ ਜਵਾਨ ਕੰਮ ਕਰਨ, ਸਬੰਧੀ ਜਾਣਕਾਰੀ ਦਿੱਤੀ। ਸੀ. ਸੀ. ਕੈਮਰਿਆਂ ਰਾਹੀਂ ਕਿਵੇਂ ਪ੍ਰਬੰਧ ਅਤੇ ਐਕਸ਼ਨ ਹੁੰਦਾ ਵੇਖਿਆ।
 ਇਸ ਤੋਂ ਬਾਅਦ ਦੋ ਟ੍ਰੇਨਿੰਗ ਸ਼ੈਸਨ ਚੱਲੇ ਜਿਸ ਦੇ ਵਿਚ ਏਥਨਿਕ ਮੀਡੀਆ ਨਾਲ ਵਰਤ ਰਹੇ ਪੁਲਿਸ ਅਫ਼ਸਰ ਸ਼ਾਮਿਲ ਹੋਏ ਜਿਸ ਵਿਚ ਮੀਡੀਆ ਰਿਲੇਸ਼ਨ ਟੀਮ ਲੀਡਰ ਸਟੇਫਨੀ ਮਕੈ, ਜੈਰਿਡ ਵਿਲੀਅਮਜ਼ ਸ਼ਾਮਿਲ ਹੋਏ। ਦੂਸਰੇ ਸ਼ੈਸਨ ਦੇ ਵਿਚ ਨਿਊਜ਼ੀਲੈਂਡ ਪੁਲਿਸ ਦੇ ਵਿਚ ਭਰਤੀ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਦੇ ਵਿਚ ਪੁਲਿਸ ਅਫਸਰ ਸ੍ਰੀ ਵਿਨੇਸ਼ ਸਿਮਾ ਅਤੇ ਐਚ.ਆਰ. ਤੋਂ ਨੇਰੀਸਾ ਸ਼ਾਮਿਲ ਹੋਈ।
ਪੰਜਾਬੀ ਮੀਡੀਆ ਤੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਰੇਡੀਓ ਸਪਾਈਸ ਤੋਂ ਅਤੇ ਪੰਜਾਬੀ ਹੈਰਲਡ ਤੋਂ ਹਰਜਿੰਦਰ ਸਿੰਘ ਬਸਿਆਲਾ ਸ਼ਾਮਿਲ ਹੋਏ। ਇਸ ਟੂਰ ਦੇ ਵਿਚ ਪੁਲਿਸ ਵਿਭਾਗ ਦੇ ਮੀਡੀਆ ਵਿੰਗ ਵੱਲੋਂ ਆਪ ਹੀ ਪਹੁੰਚ ਕਰਕੇ ਏਥਨਿਕ ਮੀਡੀਆ ਕਰਮੀਆਂ ਨਾਲ ਸੰਪਰਕ ਕੀਤਾ ਗਿਆ ਸੀ। ਆਸ ਹੈ ਕਿ ਅਗਲੀ ਵਾਰ ਏਥਨਿਕ ਮੀਡੀਆ ਦੇ ਵਿਚ ਹੋਰ ਵਾਧਾ ਵੀ ਹੋਵੇਗਾ।

Have something to say? Post your comment