Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਨਿਊਜ਼ੀਲੈਂਡ ’ਚ ‘ਡੇਅਰੀ ਮੈਨੇਜਰ ਆਫ ਦਾ ਯੀਅਰ’ ਬਣਿਆ ਜਸਪਾਲ ਸਿੰਘ ਸਠਿਆਲਾ

May 21, 2022 02:09 PM

ਕਿੱਤਾਮੁਖੀ ਮੋੜ: ਵਾੜੇ ਤੋਂ ਵਾਇਮਾਟੇ ਡੇਅਰੀ ਫਾਰਮ ਮੈਨੇਜਰ
ਨਿਊਜ਼ੀਲੈਂਡ ’ਚ ‘ਡੇਅਰੀ ਮੈਨੇਜਰ ਆਫ ਦਾ ਯੀਅਰ’ ਬਣਿਆ ਜਸਪਾਲ ਸਿੰਘ ਸਠਿਆਲਾ
- ਕੰਪਿਊਟਰ ਦੀ ਪੜ੍ਹਾਈ ਪਰ ਮੱਝਾਂ-ਗਾਵਾਂ ਰੱਖਣ ਦੇ ਕਿੱਤਾ ਮੁਖੀ ਸ਼ੌਕ ਨੇ ਚਾਂਦੀ ਦੇ ਪਤੀਲੇ ਵਰਗਾ ਰਾਸ਼ਟਰੀ ਐਵਾਰਡ ਝੋਲੀ ਪਾਇਆ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 20 ਮਈ, 2022: ਪੰਜਾਬ ਦੇ ਪਸ਼ੂਆਂ ਦੇ ਵਾੜੇ ਦੀ ਗੱਲ ਕਰੀਏ ਤਾਂ ਘਰਾਂ ਵਿਚ ਰੱਖੀਆਂ ਮੱਝਾਂ ਅਤੇ ਗਾਵਾਂ ਦੇ ਭੋਲੇ-ਭਾਲੇ ਚਿਹਰੇ ਅੱਜ ਵੀ ਜ਼ਿਹਨ ’ਚ ਤਾਜ਼ਾ ਹੋ ਜਾਂਦੇ ਹਨ। ਪਹਿਲਾਂ ਪਹਿਲ ਦਾਦਿਆਂ ਤੇ ਮਾਪਿਆਂ ਨਾਲ ਖੇਤੀਬਾੜੀ ਦੇ ਕੰਮਾਂ ਵਿਚ ਸਾਥ ਦੇਣਾ, ਪਸ਼ੂਆਂ ਲਈ ਪੱਠੇ ਲਿਆਉਣੇ, ਕੁਤਰਨੇ, ਪਾਉਣੇ, ਕੁੰਡ ਕਰਨੀ, ਹਰਾ ਰਲਾਉਣਾ, ਥੱਲੇ ਰੇਤਾ ਸੁੱਟਣਾ, ਫੌੜੇ ਨਾਲ ਗੋਹਾ ਪਿਛਾਂਹ ਕਰਨਾ, ਪਿੱਤਲ ਅਤੇ ਸਟੀਲ ਦੀਆਂ ਬਾਲਟੀਆਂ ਦੇ ਵਿਚ ਦੁੱਧ ਚੋਣਾਂ ਸਿੱਖਣਾ, ਇਕ ਖੁੰਡ ਤੋਂ ਦੂਜੇ ਖੁੰਡ ਬੰਨਣਾ, ਨਲਕੇ ’ਤੇ ਲਿਜਾ ਕੇ ਬੱਠਾਂ ਵਿਚ ਪਾਣੀ ਪਿਆਉਣਾ ਆਦਿ ਬਹੁਤੇ ਕਰਦੇ ਰਹੇ ਹਨ, ਪਰ ਹੁਣ ਬਹੁਤਿਆਂ ਲਈ ਸਮਾਂ ਬਦਲ ਗਿਆ ਹੈ, ਸਕੂਲੀ ਪੜ੍ਹਾਈ ਤੋਂ ਬਾਅਦ ਅੰਗਰੇਜ਼ੀ ਪੜ੍ਹਾਈ (ਆਈਲੈਟਸ) ਕਰਕੇ ਹਰ ਕੋਈ ਉਡਦੇ ਜਹਾਜ਼ਾਂ ਵੱਲ ਵੇਖ ਰਿਹਾ ਹੁੰਦਾ ਹੈ ਅਤੇ ਧਾਰਮਿਕ ਅਸਥਾਨਾਂ ਉਤੇ ਜਾ ਕੇ ਜਹਾਜ਼ ਨਾਲ ਮੱਥਾ ਟੇਕ ਕੇ ਆਪਣੇ ਇਸ਼ਟ ਨੂੰ ਪੱਕਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦਰਮਿਆਨ ਬਹੁਤ ਸਾਰੇ ਮੁੰਡੇ ਕੁੜੀਆਂ ਬਾਹਰ ਆਉਣ ਵਾਸਤੇ ਮੌਕੇ ਦੇ ਹਿਸਾਬ ਨਾਲ ਪੜ੍ਹਾਈ ਲੈ ਲੈਂਦੇ ਹਨ ਪਰ ਸਮਾਂ ਪਾ ਕੇ ਆਪਣੇ ਪਹਿਲੇ ਸ਼ੋਕ ਵੱਲ ਮੋੜ ਕੱਟ ਲੈਂਦੇ ਹਨ।
ਅਜਿਹੀ ਹੀ ਉਦਾਹਰਣ ਪੇਸ਼ ਕੀਤੀ ਹੈ ਪਿੰਡ ਸਠਿਆਲਾ ਤਹਿਸੀਲ ਬਾਬਾ ਬਕਾਲਾ (ਅੰਮ੍ਰਿਤਸਰ) ਦੇ 31 ਸਾਲਾ ਪੰਜਾਬੀ ਨੌਜਵਾਨ ਸ. ਜਸਪਾਲ ਸਿੰਘ ਨੇ। ਪਿਤਾ ਸਵ. ਜਸਬੀਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਇਹ ਹੋਣਹਾਰ ਸਪੁੱਤਰ 2014 ਦੇ ਵਿਚ ਨਿਊਜ਼ੀਲੈਂਡ ਵਿਖੇ ਲੈਵਲ-7 ਵਿਚ ਸੂਚਨਾ ਤਕਨਾਲੋਜੀ (ਆਈ. ਟੀ.) ਦੀ ਪੜ੍ਹਾਈ ਪੜ੍ਹਨ ਆਇਆ ਸੀ। ਨਾਨਕਿਆਂ ਦੇ ਪਿੰਡ ਰੱਖੀਆਂ 4 ਮੱਝਾਂ ਅਤੇ 2 ਗਾਵਾਂ ਅਤੇ ਯੂ.ਪੀ. ਰਹਿੰਦੇ ਪਰਿਵਾਰ ’ਚ ਰੱਖੀਆਂ ਮੱਝਾਂ ਗਾਵਾਂ ਕਿਤੇ ਨਾ ਕਿਤੇ ਕੰਮ ਦੇ ਵਿਚ ਸ਼ਾਮਿਲ ਹੋਣ ਲੱਗੀਆਂ ਤਾਂ ਉਹ ਇਕ ਮਿੱਤਰ ਦੇ ਕਹਿਣ ਉਤੇ ਸਾਊਥ ਟਾਪੂ ਦੇ ਵਿਚ ਚਲੇ ਗਿਆ। ਉਥੇ 1000 ਗਾਵਾਂ ਦੇ ਡੇਅਰੀ ਫਾਰਮ ’ਤੇ ਜਸਪਾਲ ਸਿੰਘ ਫਾਰਮ ਸਹਾਇਕ ਵਜੋਂ 2 ਸਾਲ ਕੰਮ ਕਰਦਾ ਰਿਹਾ। ਹੁਣ ਡੇਅਰੀ ਫਾਰਮਿੰਗ ਦੇ ਵਿਚ ਹੁਣ ਇਸਨੂੰ 7 ਸਾਲ ਹੋ ਗਏ ਹਨ ਅਤੇ ਇਸ ਵੇਲੇ ਉਹ 800 ਗਾਵਾਂ ਦੇ ‘ਮਾਰਕ ਐਂਡ ਕਾਰਮਨ ਹਰਟਜ਼ ਵਾਇਮਾਟੇ’ ਡੇਅਰੀ ਫਾਰਮ ਜੋ ਕਿ 543 ਏਕੜਾਂ ਦੇ ਵਿਚ ਫੈਲਿਆ ਹੋਇਆ ਹੈ ਡੇਅਰੀ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ। ਨਿਊਜ਼ੀਲੈਂਡ ਡੇਅਰੀ ਉਦਯੋਗ ਵੱਲੋਂ ਹਰ ਸਾਲ ਪਹਿਲਾਂ  11 ਖੇਤਰੀ ਅਤੇ ਫਿਰ ਰਾਸ਼ਟਰੀ ਪੱਧਰ ਉਤੇ ਡੇਅਰੀ ਉਦਯੋਗ ਐਵਾਰਡ ਦਿੱਤੇ ਜਾਂਦੇ ਹਨ। ਜਸਪਾਲ ਸਿੰਘ ਨੇ ਪਹਿਲਾਂ ਕੈਂਟਰਬਰੀ (ਕ੍ਰਾਈਸਟਚਰਚ) ਦਾ ਖੇਤਰੀ ਐਵਾਰਡ ਜਿੱਤਿਆ ਅਤੇ ਹੁਣ ਰਾਸ਼ਟਰੀ ਐਵਾਰਡਾਂ ਦੇ ਵਿਚ ‘ਡੇਅਰੀ ਮੈਨੇਜਰ ਆਫ ਦਾ ਯੀਅਰ’ ਚੁਣਿਆ ਗਿਆ ਤੇ ਇਕ ਤਰ੍ਹਾਂ ਦੁੱਧ ਰੱਖਣ ਲਈ ਬਣਾਏ ਗਏ ਚਾਂਦੀ ਦੇ ਪਤੀਲੇ ਵਰਗਾ ਚਮਕਦਾ ਜੇਤੂ ਕੱਪ ਅਤੇ ਸਰਟੀਫਿਕੇਟ ਦਿੱਤਾ ਗਿਆ। ਜੱਜਾਂ ਦੇ ਪੈਨਲ ਨੇ ਜਸਪਾਲ ਸਿੰਘ ਦੇ ਬਹੁਤ ਸਾਰੇ ਉਹ ਕੰਮ ਵੇਖੇ ਜਿਹੜੇ ਕਿਸੇ ਫਾਰਮ ਦੇ ਵਿਚ ਗਾਈਆਂ ਦੇ ਰੱਖ-ਰਖਾਵ, ਸਿਹਤ ਸੁਧਾਰ, ਦੁੱਧਾਰੂ ਗਾਵਾਂ ਨੂੰ ਲਗਾਤਾਰ ਯੋਗ ਬਣਾਈ ਰੱਖਣਾ, ਦੁੱਧ ਦੀ ਉਚਤਿਮਾ ਬਰਕਰਾਰ ਰੱਖਣੀ, ਘਾਹ ਆਦਿ ਸੰਭਾਲੀ ਰੱਖਣਾ ਆਦਿ ਜਾਂ ਨਵੇਂ ਵਰਤੇ ਸਫਲ ਤਰੀਕਿਆਂ ਸਬੰਧੀ ਹੁੰਦੇ ਹਨ। ਕੁੱਲ 5 ਵਿਅਕਤੀਆਂ ਦੇ ਸਟਾਫ ਨਾਲ ਚਲਦੇ ਇਸ ਫਾਰਮ ਦੇ ਵਿਚ ਪ੍ਰਤੀ ਸੀਜ਼ਨ 45 ਲੱਖ ਲੀਟਰ ਤੋਂ ਉਪਰ ਦੁੱਧ ਦਾ ਉਤਪਾਦਨ ਹੁੰਦਾ ਹੈ। 54 ਗਾਵਾਂ ਇਕੋ ਵਾਰ ਚੋਣ ਵਾਸਤੇ ‘ਬੇਲ ਰੌਟਰੀ ਸ਼ੈਡ ਆਟੋਮੈਟਿਕ ਸਿਸਟਮ’ ਬਣਿਆ ਹੋਇਆ ਹੈ। ਇਸ ਕਾਰਜ ਦੇ ਵਿਚ ਉਨ੍ਹਾਂ ਦੀ ਧਰਮ ਪਤੀ ਰੂਬਿੰਦਰ ਕੌਰ ਰੂਬੀ ਵੀ ਉਨ੍ਹਾਂ ਦਾ ਸਾਥ ਨਿਭਾਉਂਦੇ ਹਨ। 800 ਗਾਵਾਂ ਨੂੰ ਮਸ਼ੀਨਾਂ ਦੇ ਨਾਲ ਚੋਣ ਲਈ ਸਿਰਫ 3 ਘੰਟੇ ਸਵੇਰੇ ਅਤੇ 2 ਘੰਟੇ ਸ਼ਾਮ ਨੂੰ ਸਮਾਂ ਲਗਦਾ ਹੈ। ਸਾਰਾ ਦੁੱਧ ਮਸ਼ੀਨਾਂ ਰਾਹੀਂ ਇਕ ਠੰਡੇ ਟੈਂਕ ਵਿਚ ਇਕੱਤਰ ਹੁੰਦਾ ਹੈ ਅਤੇ ਕੰਪਨੀ ਵਾਲੇ ਆਪ ਹੀ ਲੈ ਜਾਂਦੇ ਹਨ।
ਜਸਪਾਲ ਸਿੰਘ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦਾ ਸ਼ੌਕ ਡੇਅਰੀ ਫਾਰਮਿੰਗ ਦੇ ਵਿਚ ਹੈ ਤਾਂ ਤਰੱਕੀ ਕਰਨ ਦੇ ਬਹੁਤ ਸਾਰੇ ਮੌਕੇ ਇਥੇ ਉਪਲਬਧ ਹਨ। ਅਜਿਹੇ ਡੇਅਰੀ ਫਾਰਮ ਪੰਜਾਬ ਦੇ ਵਿਚ ਕਾਇਮ ਕਰਕੇ ਵੀ ਵਧੀਆ ਰੁਜ਼ਗਾਰ ਤੋਰਿਆ ਜਾ ਸਕਦਾ ਹੈ ਅਤੇ ਉਹ ਕਿਸੀ ਦੀ ਵੀ ਮਦਦ ਕਰ ਸਕਦੇ ਹਨ।
ਇੰਡੀਆ ਰਹਿੰਦੇ ਛੋਟੇ ਵੀਰ ਗੁਰਪਾਲ ਸਿੰਘ ਅਤੇ ਭੈਣ ਨਵਜੀਤ ਕੌਰ ਦਾ ਇਹ ਵੱਡਾ ਭਰਾ ਇਸ ਵੇਲੇ ਆਪਣੀ ਪਤਨੀ ਰੂਬੀ ਅਤੇ ਬੇਟੇ ਰੌਇਨ ਸਿੰਘ ਦੇ ਨਾਲ ਔਕਲੈਂਡ ਤੋਂ 1274 ਕਿਲੋਮੀਟਰ ਦੂਰ ਅਤੇ ਇੰਡੀਆ ਤੋਂ 13,000 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਖੁਸ਼ੀ-ਖੁਸ਼ੀ ਤਾਜ਼ੇ ਦੁੱਧ-ਕ੍ਰੀਮਾਂ ਵਿਚ ਰਹਿੰਦਿਆ ਵਧੀਆ ਜੀਵਨ ਬਤੀਤ ਕਰ ਰਿਹਾ ਹੈ। ਪਿੰਡ ਦੇ ਵਾੜੇ ਤੋਂ ਲੈ ਕੇ ਨਿਊਜ਼ੀਲੈਂਡ ਦੇ ਸ਼ਹਿਰ ਵਾਇਮਾਟੇ ਤੱਕ ਇਸ ਨੌਜਵਾਨ ਦਾ ਸਫਰ ਆਪਣੇ ਆਪ ਵਿਚ ਆਦਰਸ਼ਿਕ ਉਦਾਹਰਣ ਹੈ। ਪੰਜਾਬੀ ਕਮਿਊਨਿਟੀ ਨੂੰ ਜਸਪਾਲ ਸਿੰਘ ਉਤੇ ਮਾਣ ਹੈ। ਸ਼ਾਲਾ! ਇਹ ਨੌਜਵਾਨ ਹੋਰ ਤਰੱਕੀਆਂ ਕਰੇ।

Have something to say? Post your comment