Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪੈਨਲਟੀ ਕਾਰਨਰ ਦੇ ਕਿੰਗ ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਯਾਦ ਕਰਦਿਆਂ

May 21, 2022 02:08 PM
 
ਪੈਨਲਟੀ ਕਾਰਨਰ ਦੇ ਕਿੰਗ ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਯਾਦ ਕਰਦਿਆਂ
ਲੁਧਿਆਣਾ - ਉਲੰਪੀਅਨ ਪ੍ਰਿਥੀਪਾਲ ਸਿੰਘ 20ਵੀਂ ਸਦੀ ਦੇ 60ਵੇਂ ਦਹਾਕੇ ਦਾ ਇੱਕ ਅਜਿਹਾ ਚਰਚਿਤ ਖਿਡਾਰੀ ਸੀ, ਜਿਸਨੇ ਭਾਰਤ ਦੀ ਹਾਕੀ ਨੂੰ ਵਿਸ਼ਵ ਪੱਧਰ ਤੇ ਚਮਕਾਇਆ ਅਤੇ ਆਪਣੀ ਪਹਿਚਾਣ ਵੀ ਦੁਨੀਆ ਦੇ ਮਹਾਂਰਥੀ ਖਿਡਾਰੀਆਂ 'ਚ ਬਣਾਈ। ਸ. ਪ੍ਰਿਥੀਪਾਲ ਸਿੰਘ ਨੇ ਤਿੰਨ ਓਲੁੰਪਿਕਸ ਖੇਡੀਆਂ ਜਿਨ੍ਹਾਂ ਵਿਚ 1960 ਰੋਮ, 1964 ਟੋਕੀਓ, 1968 ਮੈਕਸੀਕੋ ਸ਼ਾਮਿਲ ਹਨ। ਉਹ ਤਿੰਨੇ ਓਲੰਪਿਕਾਂ ਵਿਚ ਦੁਨੀਆਂ ਦਾ ਸਰਵੋਤਮ ਸਕੋਰਰ ਰਿਹਾ ਅਤੇ ਤਿੰਨਾ ਵਿੱਚ ਹੀ ਭਾਰਤੀ ਹਾਕੀ ਟੀਮ ਨੂੰ ਜੇਤੂ ਸਟੈਂਡ ਤੇ ਖੜਨ ਦਾ ਮਾਣ ਦਿਵਾਇਆ।
ਪ੍ਰਿਥੀਪਾਲ ਸਿੰਘ ਨੇ ਆਪਣੀ ਜਿੰਦਗੀ ਦਾ ਸਫ਼ਰ 28 ਜਨਵਰੀ 1932 ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸ਼ੁਰੂ ਕੀਤਾ, ਇਸੇ ਕਰਕੇ ਕਈ ਖੇਡ ਲੇਖਕਾਂ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਗਰਾਈਂ ਵਜੋਂ ਪਹਿਚਾਣ ਨੂੰ ਦਰਸਾਇਆ। ਪ੍ਰਿਥੀਪਾਲ ਸਿੰਘ ਨੇ ਪਹਿਲਾਂ ਫੁੱਟਬਾਲ ਖੇਡਣੀ ਸ਼ੁਰੂ ਕੀਤੀ ਪਰ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਪ੍ਰਿਥੀਪਾਲ ਸਿੰਘ ਦਾ ਪਰਿਵਾਰ ਇੱਧਰ ਆਇਆ ਤਾਂ ਉਸਦਾ ਇਕ ਬਚਪਨ ਦਾ ਦੋਸਤ ਗੁਲਾਮ ਰਸੂਲ ਖਾਨ ਜੋ ਹਾਕੀ ਦਾ ਖਿਡਾਰੀ ਸੀ ਉਸਨੂੰ ਮਿਲਣ ਦੀ ਚਾਹਤ ਨਾਲ ਉਸਨੇ ਹਾਕੀ ਖੇਡਣੀ ਸ਼ੁਰੂ ਕੀਤੀ ਕਿਉਂਕਿ ਪ੍ਰਿਥੀਪਾਲ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸਦਾ ਦੋਸਤ ਇਕ ਨਾ ਇਕ ਦਿਨ ਪਾਕਿਸਤਾਨੀ ਹਾਕੀ ਟੀਮ ਦਾ ਮੈਂਬਰ ਬਣੇਗਾ, ਕਿਉਂ ਨਾ ਉਹ ਵੀ ਆਪਣੀ ਮਿਹਨਤ ਸਦਕਾ ਭਾਰਤੀ ਹਾਕੀ ਟੀਮ ਦਾ ਮੈਂਬਰ ਬਣੇ। ਪ੍ਰਿਥੀਪਾਲ ਸਿੰਘ ਦੇ ਹਾਕੀ ਹੁਨਰ ਅਤੇ ਉਸਦੀ ਮਿਹਨਤ ਨੇ ਉਸ ਵੇਲੇ ਰੰਗ ਲਿਆਂਦਾ ਜਦੋਂ 1958 ਟੋਕੀਓ ਏਸ਼ੀਅਨ ਖੇਡਾਂ ਮੌਕੇ ਉਸਦੀ ਨਿਯੁਕਤੀ ਭਾਰਤੀ ਹਾਕੀ ਟੀਮ ਲਈ ਹੋਈ। ਪਨੈਲਟੀ ਕਾਰਨਰ ਮਾਹਿਰ ਖਿਡਾਰੀ ਪ੍ਰਿਥੀਪਾਲ ਸਿੰਘ ਨੇ 1960 ਰੋਮ ਉਲੰਪਿਕ ਵਿਚ 10 ਗੋਲ, 1964 ਉਲੰਪਿਕ ਵਿਚ ਭਾਰਤੀ ਟੀਮ ਵੱਲੋਂ ਕੀਤੇ ਕੁਲ 22 ਗੋਲਾਂ ਵਿਚੋਂ 11 ਗੋਲ (ਦੋ ਹੈਟਰਿਕ ਸਮੇਤ) ਅਤੇ 1968 ਉਲੰਪਿਕ ਵਿਚ 6 ਗੋਲ ਕੀਤੇ। 1968 ਮੈਕਸੀਕੋ ਉਲੰਪਿਕ ਵਿਚ ਉਸਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ। ਉਸਦੀ ਜਿੰਦਗੀ ਦੀ ਸਭ ਤੋਂ ਅਹਿਮ ਗੱਲ ਅਤੇ ਤਮੰਨਾ ਪੂਰੀ ਹੋਈ ਜਦੋਂ 1960 ਰੋਮ ਉਲੰਪਿਕ ਪ੍ਰਿਥੀਪਾਲ ਖੇਡਣ ਗਿਆ ਤਾਂ ਪਾਕਿਸਤਾਨ ਟੀਮ ਵੱਲੋਂ ਉਸਦਾ ਸਾਥੀ ਗੁਲਾਮ ਰਸੂਲ ਖਾਨ ਵੀ ਖੇਡ ਰਿਹਾ ਸੀ। ਕੌਮਾਂਤਰੀ ਹਾਕੀ ਸੰਘ ਨੇ ਪ੍ਰਿਥੀਪਾਲ ਸਿੰਘ ਨੂੰ ਹਾਕੀ ਦੇ ਜਾਦੂਗਰ ਧਿਆਨਚੰਦ ਤੋਂ ਬਾਅਦ ਦੁਨੀਆਂ ਦਾ ਦੂਸਰਾ 20ਵੀਂ ਸਦੀ ਦਾ ਮਹਾਨ ਖਿਡਾਰੀ ਐਲਾਨਿਆ। ਪ੍ਰਿਥੀਪਾਲ ਸਿੰਘ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਉਸਨੂੰ ਅਰਜੁਨਾ ਐਵਾਰਡ ਅਤੇ ਪਦਮਸ੍ਰੀ ਐਵਾਰਡ ਨਾਲ ਨਿਵਾਜਿਆ। ਜਦੋਂ ਪ੍ਰਿਥੀਪਾਲ ਸਿੰਘ ਨੇ ਆਪਣੇ ਖੇਡ ਕੈਰੀਅਰ ਦੀ ਸਮਾਪਤੀ ਤੋਂ ਬਾਅਦ ਵਿਦੇਸ਼ ਸਥਾਪਤ ਹੋਣਾ ਚਾਹੁੰਦੇ ਸਨ ਤਾਂ ਉਸ ਵੇਲੇ ਦੇ ਰਾਸ਼ਟਰਪਤੀ ਸ੍ਰੀ ਰਾਧਾ ਕ੍ਰਿਸ਼ਨਨ ਨੇ ਆਖਿਆ ਕਿ ਜੇਕਰ ਤੁਸੀਂ ਵਿਦੇਸ਼ ਵਿਚ ਜਾ ਕੇ ਵਸ ਗਏ ਤਾਂ ਭਾਰਤ ਨੂੰ ਪ੍ਰਿਥੀਪਾਲ ਵਰਗੇ ਹਾਕੀ ਖਿਡਾਰੀ ਕੌਣ ਪੈਦਾ ਕਰਕੇ ਦੇਵੇਗਾ। ਰਾਸ਼ਟਰਪਤੀ ਦੇ ਬੋਲੇ ਸ਼ਬਦਾਂ ਦਾ ਸਤਿਕਾਰ ਕਰਦਿਆਂ ਪ੍ਰਿਥੀਪਾਲ ਸਿੰਘ ਨੇ ਆਪਣਾ ਬਾਹਰ ਜਾਣ ਦਾ ਸੁਪਨਾ ਤਿਆਗਿਆ ਅਤੇ ਆਪਣੀ ਜ਼ਿੰਦਗੀ ਨੂੰ ਭਾਰਤੀ ਹਾਕੀ ਦੇ ਲੇਖੇ ਲਾਇਆ। ਪ੍ਰਿਥੀਪਾਲ ਸਿੰਘ ਨੇ ਪਹਿਲਾਂ ਪੰਜਾਬ ਪੁਲਿਸ ਦੇ ਵਿਚ ਨੌਕਰੀ ਕੀਤੀ। ਉਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉਹ ਲੰਬਾ ਅਰਸਾ ਡਾਇਰੈਕਟਰ ਸਪੋਰਟਸ ਵੈਲਫੇਅਰ ਅਫ਼ਸਰ ਰਹੇ।
ਇਸ ਵਾਰ 1982 ਵਿਚ ਜਦੋਂ ਉਸਦਾ ਸਾਥੀ ਗੁਲਾਮ ਰਸੂਲ ਖਾਨ ਪਾਕਿਸਤਾਨ ਤੋਂ ਨਵੀਂ ਦਿੱਲੀ ਵਿਖੇ ਏਸ਼ੀਅਨ ਖੇਡਾਂ ਦੇਖਣ ਆਇਆ ਪਰ ਪ੍ਰਿਥੀਪਾਲ ਸਿੰਘ ਨੂੰ ਭਾਰਤ ਸਰਕਾਰ ਨੇ ਸੱਦਾ ਪੱਤਰ ਭੇਜਣਾ ਵੀ ਮੁਨਾਸਿਬ ਨਾ ਸਮਝਿਆ। ਅਖੀਰ ਗੁਲਾਮ ਰਸੂਲ ਖਾਨ ਆਪਣੇ ਪੁਰਾਣੇ ਸਾਥੀ ਨੂੰ ਲੁਧਿਆਣਾ ਵਿਖੇ ਉਚੇਚੇ ਤੌਰ ਉੱਤੇ ਪੀ.ਏ.ਯੂ ਵਿੱਚ ਮਿਲਣ ਆਇਆ ਤਾਂ ਉਸਨੇ ਆਖਿਆ ਕਿ ਜਿਹੜਾ ਮੁਲਕ ਪ੍ਰਿਥੀਪਾਲ ਸਿੰਘ ਵਰਗੇ ਮਹਾਨ ਖਿਡਾਰੀਆਂ ਨੂੰ ਅਣਗੌਲਿਆਂ ਕਰੇਗਾ ਉਥੇ ਹਾਕੀ ਦਾ ਭਲਾ ਨਹੀਂ ਹੋ ਸਕਦਾ। ਉਸੇ ਸਮੇਂ ਭਾਰਤ 1982 ਏਸ਼ੀਅਨ ਖੇਡਾਂ ਦੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਹੱਥੋਂ ਬੁਰੀ ਤਰ੍ਹਾਂ 7-1 ਨਾਲ ਹਾਰਿਆ ਸੀ।
20 ਮਈ 1983 ਨੂੰ ਸਮਾਜ ਦੇ ਕੁਝ ਗਲਤ ਅਨਸਰਾਂ ਨੂੰ ਭਾਵੇਂ ਦੁਨੀਆਂ ਦੇ ਇਸ ਮਹਾਨ ਖਿਡਾਰੀ ਨੂੰ ਪੀ. ਏ. ਯੂ. ਵਿਖੇ ਸ਼ਹੀਦ ਕਰਕੇ ਸਾਡੇ ਕੋਲੋਂ ਸਦਾ ਲਈ ਖੋਹ ਲਿਆ ਪਰ ਹਾਕੀ ਖੇਡ ਪ੍ਰਤੀ ਉਸਦੇ ਪਾਏ ਪੂਰਨਿਆਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਪਰ ਭਾਰਤ ਸਰਕਾਰ ਨੇ ਜਿਊਂਦੇ ਜੀਅ ਪ੍ਰਿਥੀਪਾਲ ਸਿੰਘ ਦੀ ਕਦਰ ਨਹੀਂ ਪਾਈ। 1964 ਟੋਕੀਓ ਉਲੰਪਿਕ ਦੀ ਜਿੱਤ ਵੇਲੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਪੂਰੀ ਭਾਰਤੀ ਟੀਮ ਨੂੰ ਚੰਡੀਗੜ੍ਹ ਵਿਖੇ ਇਕ ਇਕ ਪਲਾਟ ਦੇਣ ਦਾ ਵਾਅਦਾ ਕੀਤਾ ਸੀ। ਪ੍ਰਿਥੀਪਾਲ ਨੇ ਆਪਣੀ ਜ਼ਿੰਦਗੀ ਦੇ ਅੰਤ ਤੱਕ ਇਹ ਰੌਲਾ ਵੀ ਪਾਇਆ ਕਿ ਉਸਦੇ ਉਲੰਪਿਕ ਖੇਡਾਂ ਦੇ ਤਿੰਨੇ ਤਮਗੇ ਸਰਕਾਰ ਲੈ ਲਵੇ ਪਰ ਉਸਨੂੰ ਐਲਾਨਿਆ ਪਲਾਟ ਦੇ ਦੇਵੇ, ਪਰ ਸਰਕਾਰਾਂ ਨੂੰ ਕੀ ਪਤਾ ਕਿ ਖਿਡਾਰੀਆਂ ਦੀ ਕਦਰ  ਕੀਮਤ ਕੀ ਹੁੰਦੀ ਹੈ?
 ਉਨ੍ਹਾਂ ਦੀ ਧਰਮਪਤਨੀ ਚਰਨਜੀਤ ਕੌਰ ਅਤੇ ਬੇਟੀ ਜਸਪ੍ਰੀਤ ਕੌਰ ਜੋ ਲੁਧਿਆਣਾ ਵਿਖੇ ਜ਼ਿੰਦਗੀ ਦਾ ਨਿਰਬਾਹ ਕਰ ਰਹੇ ਹਨ। ਸਾਢੇ ਤਿੰਨ ਦਹਾਕੇ ਬੀਤ ਜਾਣ ਦੇ ਬਾਵਜੂਦ ਜੋ ਉਨ੍ਹਾਂ ਨੇ ਉਸ ਵੇਲੇ ਪੱਗ ਬੰਨ੍ਹੀ ਹੋਈ ਸੀ ਉਸਨੂੰ ਉਸੇ ਤਰ੍ਹਾਂ ਸੰਭਾਲਿਆ ਹੋਇਆ ਹੈ। 1964  ਟੋਕੀਓ ਉਲੰਪਿਕ ਵਾਲੀ ਹਾਕੀ ਸਟਿੱਕ ਨੂੰ ਵੀ ਡਰਾਇੰਗ ਰੂਮ ਦੇ ਸ਼ੋਅ ਕੇਸ 'ਚ ਸਜਾ ਕੇ ਰੱਖਿਆ ਹੈ, ਇਸ ਤੋਂ ਇਲਾਵਾ ਪ੍ਰਿਥੀਪਾਲ ਸਿੰਘ ਨੂੰ ਮਿਲੇ ਐਵਾਰਡ ਅਰਜਨਾ ਐਵਾਰਡ, ਪਦਮਸ੍ਰੀ ਐਵਾਰਡ ਅਤੇ ਹੋਰ ਯਾਦਗਾਰੀ ਐਵਾਰਡ, ਮਾਣ ਪੱਤਰ ਸਭ ਸੰਭਾਲ ਕੇ ਰੱਖੇ ਹੋਏ ਹਨ, ਇਨ੍ਹਾਂ ਸੰਭਾਲੀਆਂ ਚੀਜ਼ਾਂ ਨੂੰ ਦੇਖਦਿਆਂ ਲੱਗਦਾ ਹੈ ਉਹ ਅੱਜ ਵੀ ਪ੍ਰਿਥੀਪਾਲ ਸਿੰਘ ਦੀ ਉਡੀਕ 'ਚ ਬੈਠੇ ਹਨ। ਮਾਤਾ ਚਰਨਜੀਤ ਕੌਰ ਜੀ ਹਾਕੀ ਅਤੇ ਆਪਣੇ ਪਤੀ ਪ੍ਰਤੀ ਇੱਕ ਵੱਡੀ ਤਪੱਸਿਆ ਹੈ, ਉਨ੍ਹਾਂ ਔਖਾ ਵਖਤ ਕੱਟਿਆ ਪਰ ਕਿਸੇ ਅੱਗੇ ਮਦਦ ਲਈ ਹੱਥ ਨਹੀਂ ਅੱਡੇ। ਪਰ ਪਰਿਵਾਰ ਨੂੰ ਸਰਕਾਰਾਂ ਪ੍ਰਤੀ ਤਾਂ ਡਾਹਢਾ ਗਿਲਾ ਵੀ ਹੈ। ਵੈਸੇ ਇਹ ਸਰਕਾਰਾਂ ਦਾ ਫਰਜ਼ ਸੀ ਕਿ ਦੁਨੀਆ ਦੇ ਸਟਾਰ ਪ੍ਰਿਥੀਪਾਲ ਸਿੰਘ ਦੀਆਂ ਯਾਦਾਂ ਨੂੰ ਕਿਸੇ ਮਿਊਜ਼ਿਮ ਵਿਚ ਸੰਭਾਲ ਕੇ ਰੱਖਦੀ ਤਾਂ ਜੋ ਉਸਦੀਆਂ ਪ੍ਰਾਪਤੀਆਂ ਇੱਕ ਇਤਿਹਾਸ ਬਣਦੀਆਂ, ਪਰ ਇਸ ਮੁਲਕ ਵਿਚ ਇਤਿਹਾਸ ਰਚਣ ਵਾਲਿਆਂ ਦੀ ਕਦੇ ਕੋਈ ਕਦਰ ਨਾ ਹੋਈ ਤੇ ਨਾ ਹੀ ਭਵਿੱਖ 'ਚ ਹੋਣ ਦੇ ਆਸਾਰ ਹਨ।
ਪੀ ਏ ਯੂ ਵਿਖੇ ਉਨ੍ਹਾਂ ਦੀ ਯਾਦ ਵਿਚ ਪ੍ਰਿਥੀਪਾਲ ਸਿੰਘ ਐਸਟਰੋਟਰਫ਼ ਹਾਕੀ ਮੈਦਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਆਦਮਕੱਦ ਬੁੱਤ ਸਥਾਪਿਤ ਕੀਤਾ ਗਿਆ ਹੈ। ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਲੁਧਿਆਣਾ ਵੱਲੋਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ  ਹਰ ਸਾਲ ਸੀਨੀਅਰ,  ਅਤੇ ਸਬ ਜੂਨੀਅਰ ਦੀ ਲੀਗ ਕਰਾਈ ਜਾਦੀਂ  ਹੈ । ਜਿਸ 'ਚ 16 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਅੰਡਰ-12 ਸਾਲ ਵਰਗ ਦੇ ਹਾਕੀ ਮੁਕਾਬਲਿਆਂ 'ਚ ਨਿੱਕੇ ਬੱਚਿਆਂ ਵੱਲੋਂ ਹਾਕੀ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਸਾਰੇ ਮੈਚ ਸਟੇਡੀਅਮ ਵਿਖੇ ਨਵੇਂ ਲੱਗੇ ਨੀਲੇ ਐਸਟੋਟਰਫ਼ ਮੈਦਾਨ ਤੇ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਹੋ ਰਹੇ ਹਨ। ਇਸ ਸਟੇਡੀਅਮ ਅਤੇ ਇਹਨਾਂ ਮੈਚਾਂ ਦਾ ਨਜ਼ਾਰਾ ਤਾਂ ਦੇਖਿਆ ਹੀ ਬਣਦਾ ਹੈ ਅਤੇ ਹਾਕੀ ਦੇ ਬਾਦਸ਼ਾਹ ਸ. ਪ੍ਰਿਥੀਪਾਲ ਸਿੰਘ ਦੀ ਯਾਦ ਨੂੰ ਵਾਕਿਆ ਹੀ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾਪਦੀ ਹੈ। ਇਸ ਫੈਸਟੀਵਲ ਦਾ ਫਾਈਨਲ ਮੁਕਾਬਲਾ 29 ਮਈ ਨੂੰ ਜਰਖੜ ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਜਦਕਿ 21ਮਈ  ਉਹਨਾਂ ਦੀ ਬਰਸੀ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਵੇਗੀ। ਇਸ ਦੌਰਾਨ ਖਿਡਾਰੀਆ ਅਤੇ ਖੇਡ ਪ੍ਰਬੰਧਕਾਂ ਵਲੋਂ ਉਨ੍ਹਾਂ ਦੇ ਆਦਮਕੱਦ ਬੁੱਤ ਉੱਪਰ ਹਾਰ ਪਾ ਕੇ ਅਤੇ ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂ ਦੇ ਫ਼ੁੱਲ ਭੇਂਟ ਕਰਕੇ ਜਰਖੜ ਅਕੈਡਮੀ ਦੇ ਖਿਡਾਰੀਆ ਵਲੋਂ ਉਨ੍ਹਾਂ ਵਰਗਾ ਖਿਡਾਰੀ ਬਣਨ ਦਾ ਪ੍ਰਣ ਕੀਤਾ ਜਾਵੇਗਾ।
 
ਖੇਡ ਲੇਖਕ
ਜਗਰੂਪ ਸਿੰਘ ਜਰਖੜ 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ