ਸ਼ਕ ਦੇ ਜਖਮ ਦੀ ਦਵਾ ਮਿਲੀ ਨਾ,
ਢੂੰਡੇਆ ਬਹੁਤ ਮੈਂ ਸ਼ਹਿਰ ਬਜਾਰੇ।
ਜੁਆਨੀ ਮੇਰਾ ਦਾ ਸੂਟਾ ਮਾਰ ਗਏ,
ਸੱਜਣਾ ਤੇਰੇ ਲਾਏ ਲਾਰੇ।
ਬਾਲਣ ਕੀਤੀ ਦੇਹ ਚੰਦਨ ਜਹੀ,
ਕੀਤਾ ਨਸ਼ਾ ਲੈ ਸਾਹ ਉਧਾਰੇ।
ਪਹਿਲੋਂ ਪਹਿਲ ਤਾਂ ਬਾਗ ਦਿਖਾਏ,
ਸੁੱਟਿਆ ਲਿਆਕੇ ਮੈਨੂੰ ਵਿੱਚ ਗਾਰੇ।
ਹਰ ਕੋਈ ਤੇਰਾ ਹਮਦਰਦ ਹੈ,
ਨਿਆਂ ਲਈ ਜਾਵਾਂ ਕੀਹਦੇ ਦਰਬਾਰੇ।
ਅੱਧੀ ਰਾਤੀਂ ਅੱਖ ਖੁਲਦੀ ਜਦ,
ਪੀਂਦਾ ਸ਼ਰਾਬ ਚ ਪਾ ਹੰਝੂ ਖਾਰੇ।
ਬੇਵਸ ਕੀਹਨੂੰ ਦੋਸ਼ ਦੇਵੇ ਦੱਸ,
ਨਹਾਉਂਦਾ ਗ਼ਮਾਂ ਦੇ ਛੱਡ ਫੁਹਾਰੇ।
ਕਿਆਮਤ ਦੇ ਦਿਨ ਕੀ ਕਰੇਂਗੀ,
ਗਿਣ ਕਿੰਨੇ ਤੂੰ ਦਰਵੇਸ਼ ਨੇ ਚਾਰੇ।
ਮੇਰੀ ਖਿੰਡ ਗਈ ਜਿੰਦਗੀ ਸਾਰੀ,
ਮਹਿੰਗੇ ਪਏ ਤੇਰੇ ਕੇਸ ਸੁਆਰੇ।
ਗਮ ਨੇ ਖਾਧੇ ਲੋਥ ਹੋ ਗਏ,
ਐਸੇ ਤੂੰ ਆਂ ਸੱਜਣਾ ਮਾਰੇ।
ਮਨਜਿੰਦਰ ਕਾਲਾ