ਸ਼ਹੀਦ-ਏ-ਆਜ਼ਮ
ਨੌਵੇਂ ਮਾਹ ਦੀ ਮਿਤੀ ਅਠਾਈ, ਸੰਨ ਉੱਨੀ ਸੌ ਸੱਤ ਸੀ
ਦੇਸ਼ ਆਜ਼ਾਦ ਕਰਾਵਣ ਦੇ ਲਈ, ਜੰਮਿਆ ਸਿੰਘ ਭਗਤ ਸੀ।
ਵਿੱਦਿਆਵਤੀ ਤੇ ਕਿਸ਼ਨ ਸਿੰਘ ਦਾ, ਪੁੱਤ ਸੀ ਭਾਗਾਂ ਵਾਲਾ
ਦੇਸ਼-ਪ੍ਰੇਮ ਦੇ ਜਜ਼ਬੇ ਵਿਚ ਉਹ, ਬਣ ਬੈਠਾ ਮਤਵਾਲਾ।
ਗਾਂਧੀ ਜੀ ਨਾਮਿਲਵਰਤਣ ਦੀ, ਐਸੀ ਲਹਿਰ ਚਲਾਈ
ਭਗਤ ਸਿੰਘ ਪ੍ਰਭਾਵਿਤ ਹੋ, ਅੱਧ-ਵਿੱਚੋਂ ਛੱਡੀ ਪੜ੍ਹਾਈ।
ਇਨਕਲਾਬ ਤੇ ਜ਼ਿੰਦਾਬਾਦ ਦੇ, ਨਾਅਰੇ ਅਰਸ਼ੀਂ ਗੂੰਜੇ
ਗੋਰਾ ਸਾਂਡਰਸ ਮਾਰ ਮੁਕਾਇਆ, ਲਾ ਦਿੱਤਾ ਸੀ ਖੂੰਜੇ।
ਭਗਤ ਸਿੰਘ, ਬਟੁਕੇਸ਼ਵਰ ਰਲ਼ ਕੇ, ਬੰਬ ਅਸੈਂਬਲੀ ਸੁੱਟਿਆ
ਪਰ ਭੱਜਣ ਲਈ ਦੋਹਾਂ ਉੱਥੋਂ, ਇੱਕ ਵੀ ਕਦਮ ਨਾ ਪੁੱਟਿਆ।
ਕ੍ਰਾਂਤੀਕਾਰੀ ਫੜ੍ਹ ਕੇ ਗੋਰਿਆਂ, ਹੱਥਕੜੀਆਂ ਸੀ ਲਾਈਆਂ
ਵਤਨ-ਪ੍ਰੇਮੀ ਸੁੱਟੇ ਜੇਲ੍ਹੀਂ, ਪੈ ਗਏ ਵੱਸ ਕਸਾਈਆਂ।
ਰਾਜਗੁਰੂ, ਸੁਖਦੇਵ, ਭਗਤ ਸਿੰਘ, ਚਡ਼੍ਹ ਗਏ ਫਾਂਸੀ ਹੱਸਦੇ
"ਫੇਰ ਮਿਲਾਂਗੇ, ਦੇਸ਼ਵਾਸੀਓ! ਰਹਿਣਾ ਵੱਸਦੇ-ਰਸਦੇ।"
ਸੰਨ ਉਨੀ ਸੌ 'ਕੱਤੀ ਦਾ ਸੀ, ਮਿਤੀ ਮਾਰਚ ਦੀ ਤੇਈ
ਨਮ ਅੱਖਾਂ ਨਾਲ 'ਰੂਹੀ' ਆਖੇ: 'ਮਿੱਤਰ ਅਸਾਡੇ ਸੇਈ।'
ਜੀਵਨ ਅਤੇ ਵਿਚਾਰਧਾਰਾ ਸੀ, ਭਗਤ ਸਿੰਘ ਦੀ ਐਸੀ
ਸ਼ਹੀਦੇ-ਆਜ਼ਮ ਰੁਤਬਾ ਪਾਇਆ, ਕਰਨੀ ਕੀਤੀ ਕੈਸੀ।
ਐਸੇ ਸੂਰੇ ਯੋਧਿਆਂ ਨੂੰ ਸਭ, ਰਲ ਕੇ ਸੀਸ ਝੁਕਾਈਏ
ਭੀੜ ਬਣੇ ਜੇ ਦੇਸ਼ ਦੇ ਉੱਤੇ, ਕਦੇ ਨਾ ਪਿੱਠ ਵਿਖਾਈਏ।