ਪਿੰਡਾਂ ਵਿੱਚ ਸਿਆਸੀ ਪਾਰਟੀਆਂ ਦੀਆਂ ਝੰਡੀ ਵਾਲੀਆਂ ਗੱਡੀਆਂ ਤੇ ਝੰਡਿਆਂ ਤੋਂ ਸੱਖਣੇ ਨੇ ਅੱਜ ਵੀ ਬਨੇਰੇ
ਸ਼ੇਰਪੁਰ, 25 ਜਨਵਰੀ (ਹਰਜੀਤ ਕਾਤਿਲ) - ਭਾਵੇਂ ਸੂਬੇ 'ਚ ਵਿਧਾਨ ਸਭਾ ਚੋਣਾਂ ਸਿਰ ਤੇ ਆ ਗਈਆਂ ਹਨ ਅਤੇ ਇਕ ਅੱਧੀ ਪਾਰਟੀ ਨੂੰ ਛੱਡ ਕੇ ਬਹੁਤੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵੱਖ -ਵੱਖ ਹਲਕਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਪਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਵਾਰ ਪਿੰਡਾਂ 'ਚ ਪਹਿਲਾਂ ਵਾਲੀ ਰੌਣਕ ਵੇਖਣ ਨੂੰ ਨਹੀਂ ਮਿਲ ਰਹੀ । ਜਿੱਥੇ ਇਸ ਵਾਰ ਪਿੰਡਾਂ ਅੰਦਰ ਹੁਣ ਤੱਕ ਕਿਸੇ ਵੀ ਉਮੀਦਵਾਰ ਦਾ ਕੋਈ ਵੀ ਵਾਹਨ ਚੋਣ ਪ੍ਰਚਾਰ ਕਰਦਾ ਵਿਖਾਈ ਨਹੀਂ ਦੇ ਰਿਹਾ, ਉਥੇ ਹੀ ਪਿੰਡਾਂ 'ਚ ਲੋਕਾਂ ਦੇ ਘਰਾਂ ਤੇ ਅਜੇ ਤਕ ਕਿਸੇ ਵੀ ਰਾਜਨੀਤਕ ਪਾਰਟੀ ਦੇ ਕਿਸੇ ਵੀ ਉਮੀਦਵਾਰ ਦਾ ਝੰਡਾ ਲੱਗਿਆ ਵੀ ਵਿਖਾਈ ਨਹੀਂ ਦੇ ਰਿਹਾ। ਹਾਂ ਪਿੰਡਾਂ 'ਚ ਲੋਕਾਂ ਦੇ ਬਨੇਰਿਆਂ ਤੇ ਅਜੇ ਤਕ ਕਿਸਾਨੀ ਅੰਦੋਲਨ ਵੇਲੇ ਦੇ ਕਿਸਾਨੀ ਝੰਡੇ ਹੀ ਝੂਲ ਰਹੇ ਹਨ ਅਤੇ ਉਹ ਵੀ ਪੁਰਾਣੇ ਹੋਕੇ ਸੁੱਘੜ ਚੁੱਕੇ ਹਨ । ਅਜਿਹਾ ਇਸ ਕਰਕੇ ਵੀ ਹੈ ਕਿ ਪਾਰਟੀ ਉਮੀਦਵਾਰਾਂ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਕੋਵਿਡ -19 ਦੀਆਂ ਹਦਾਇਤਾਂ ਦੇ ਮੱਦੇਨਜ਼ਰ ਆਪੋ ਆਪਣਾ ਘਰ-ਘਰ ਚੋਣ ਪ੍ਰਚਾਰ ਕਰਨ ਲਈ ਸਮਰਥਕਾਂ ਦੀ ਗਿਣਤੀ 10 ਵਿਅਕਤੀਆਂ ਤਕ ਹੀ ਸੀਮਤ ਰੱਖੀ ਜਾਵੇ। ਜਿਸ ਕਾਰਨ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਵੀ ਉਮੀਦਵਾਰ ਚੋਣ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਕਮਿਸ਼ਨ ਦੀ ਨਾਰਾਜ਼ਗੀ ਖੱਟਣ ਲਈ ਤਿਆਰ ਨਹੀਂ। ਉੱਥੇ ਹੀ ਹੁਣ ਵੋਟਰ ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਹਰ ਵਾਰ ਕੀਤੇ ਜਾ ਰਹੇ ਵੱਡੇ - ਵੱਡੇ ਲੋਕ ਲੁਭਾਊ ਲਾਰਿਆਂ ਤੋਂ ਵੀ ਅੱਕ ਚੁੱਕੇ ਹਨ। ਜਿਸ ਕਾਰਨ ਉਨ੍ਹਾਂ ਵੱਲੋਂ ਹੁਣ ਚੋਣਾਂ 'ਚ ਦਿਲਚਸਪੀ ਨਹੀਂ ਵਿਖਾਈ ਜਾ ਰਹੀ।