ਸੋਨੇ ਦੀ ਚਿੜੀ
ਭਾਰਤ ਦੇਸ਼ ਨੂੰ ਫਿਰ ਆਪਾਂ,
ਸੋਨੇ ਦੀ ਚਿੜੀ ਬਣਾਉਣਾ ਹੈ।
ਤਿੰਨ-ਰੰਗੇ ਪਰਚਮ ਨੂੰ ਰਲ ਕੇ,
ਦੁਨੀਆਂ ਵਿਚ ਲਹਿਰਾਉਣਾ ਹੈ।
ਗੁਰੂਆਂ, ਪੀਰਾਂ ਇਸ ਧਰਤੀ ਨੂੰ,
ਅਧਿਆਤਮ ਦਾ ਰੰਗ ਦਿੱਤਾ।
ਸੂਰਬੀਰਾਂ, ਬਲੀਦਾਨੀਆਂ ਸਾਨੂੰ,
ਦੇਸ਼-ਸੇਵਾ ਦਾ ਢੰਗ ਦਿੱਤਾ।
ਇੱਕ-ਇੱਕ ਬੱਚੇ ਵਿੱਚ ਆਪਾਂ ਨੇ,
ਅਣਖ ਦਾ ਬੀਜ ਉਗਾਉਣਾ ਹੈ।
ਭਾਰਤ ਦੇਸ਼ ਨੂੰ ਫਿਰ ਆਪਾਂ...
ਸਾਰੇ ਧਰਮ ਹੀ ਉੱਚੇ-ਸੁੱਚੇ,
ਸਾਰੇ ਰੰਗ ਹੀ ਚੰਗੇ ਨੇ।
ਇੱਕੋ ਜੋਤ ਤੋਂ ਪੈਦਾ ਹੋਏ,
ਭਾਵੇਂ ਰੰਗ-ਬਿਰੰਗੇ ਨੇ।
ਗਲੀ-ਗਲੀ ਵਿਚ ਜਾ ਕੇ ਸਭ ਨੂੰ,
'ਨਵ-ਸੰਗੀਤ' ਸੁਣਾਉਣਾ ਹੈ।
ਭਾਰਤ ਦੇਸ਼ ਨੂੰ ਫਿਰ ਆਪਾਂ...
ਕਵੀ-ਕਵੀਸ਼ਰਾਂ, ਸਾਹਿਤਕਾਰਾਂ ਨੇ,
ਐਸੀ ਕਲਮ ਚਲਾਈ ਹੈ।
ਆਪੋ-ਆਪਣੀ ਭਾਸ਼ਾ ਵਿੱਚ,
ਏਕੇ ਦੀ ਜਾਚ ਸਿਖਾਈ ਹੈ।
ਭੁੱਲਿਆਂ ਤੇ ਰੁੱਸਿਆਂ ਹੋਇਆਂ ਨੂੰ,
ਮਾਨਵ-ਪਾਠ ਪੜ੍ਹਾਉਣਾ ਹੈ।
ਭਾਰਤ ਦੇਸ਼ ਨੂੰ ਫਿਰ ਆਪਾਂ...
ਇਸ ਧਰਤੀ 'ਤੇ ਰਲ ਕੇ ਰਹਿੰਦੇ,
ਮੁਸਲਿਮ, ਸਿੱਖ ਜਾਂ ਹਿੰਦੂ ਨੇ।
ਸਾਂਝ ਇਨ੍ਹਾਂ ਵਿੱਚ ਪੱਕੀ-ਪੀਡੀ,
ਹਿੰਦ-ਗਗਨ ਦੇ ਇੰਦੂ ਨੇ।
ਏਕੇ ਵਿਚ ਏਦਾਂ ਹੀ ਹਰਦਮ,
ਸੁਰ ਤੇ ਤਾਲ ਮਿਲਾਉਣਾ ਹੈ।
ਭਾਰਤ ਦੇਸ਼ ਨੂੰ ਫਿਰ ਆਪਾਂ...
ਧਰਤ ਨੂੰ ਰੱਖੀਏ ਹਰੀ-ਭਰੀ,
ਤੇ ਨਸ਼ਿਆਂ ਤੋਂ ਬਸ ਦੂਰ ਰਹੀਏ।
ਮੰਦਾ ਬੋਲ ਨਾ ਮੂੰਹੋਂ ਕੱਢੀਏ,
ਨਾਲ ਮੁਹੱਬਤ ਮਿਲ ਬਹੀਏ।
ਨਾਲ 'ਰੂਹੀ' ਦੇ 'ਕੱਠੇ ਹੋ ਕੇ,
ਗੀਤ ਆਜ਼ਾਦੀ ਗਾਉਣਾ ਹੈ।
ਭਾਰਤ ਦੇਸ਼ ਨੂੰ ਫਿਰ ਆਪਾਂ,
ਸੋਨੇ ਦੀ ਚਿੜੀ ਬਣਾਉਣਾ ਹੈ।
ਤਿੰਨ-ਰੰਗੇ ਪਰਚਮ ਨੂੰ ਰਲ ਕੇ,
ਦੁਨੀਆਂ ਵਿਚ ਲਹਿਰਾਉਣਾ ਹੈ।
"""""""""""""""""
~ ਪ੍ਰੋ. ਨਵ ਸੰਗੀਤ ਸਿੰਘ