Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਹਿੰਦੀ ਕਹਾਣੀ - ਹੱਥ ਤਾਂ ਹਨ ਨਾ!

January 23, 2022 12:06 AM
ਹਿੰਦੀ ਕਹਾਣੀ 
 
ਹੱਥ ਤਾਂ ਹਨ ਨਾ!
 
 
"ਮਾਂ ਨਾਰਾਜ਼ ਹੈਂ!" ਰਾਮ ਸ਼ਰਨ ਨੇ ਡੁਸਕਦੀ ਹੋਈ ਮਾਂ ਦੇ ਮੋਢੇ ਤੇ ਹੱਥ ਰੱਖਿਆ। ਸਤੀ ਨੇ ਸਿਰ ਚੁੱਕ ਕੇ ਵੇਖਿਆ। ਦੋਵੇਂ ਬੇਟੇ ਅਪਰਾਧੀ ਬਣੇ ਸਾਹਮਣੇ ਖੜ੍ਹੇ ਸਨ। ਉਹ ਝੱਟ ਕੁਰਸੀ ਤੋਂ ਖੜ੍ਹੀ ਹੋਈ ਅਤੇ ਦੋਵੇਂ ਬਾਹਵਾਂ ਫੈਲਾ ਕੇ ਬੇਟਿਆਂ ਨੂੰ ਸੀਨੇ ਨਾਲ ਲਾ ਲਿਆ। ਹੁਣ ਛੋਟੇ ਬੇਟੇ ਮੋਨੂ ਨੇ ਪੁੱਛਿਆ, "ਨਾਰਾਜ਼ ਹੈ ਮਾਂ? ਕੀ ਅਸੀਂ ਕੁਝ ਗਲਤ ਕੀਤਾ ਹੈ? ਉਸ ਬੰਦੇ ਨੂੰ ਵੇਖ ਕੇ ਹੀ ਸਾਨੂੰ ਗੁੱਸਾ ਆ ਗਿਆ ਸੀ।"
"ਨਹੀਂ ਬੇਟਾ, ਤੁਸੀਂ ਦੋਹਾਂ ਨੇ ਉਹੀ ਕੀਤਾ, ਜੋ ਤੁਹਾਨੂੰ ਕਰਨਾ ਚਾਹੀਦਾ ਸੀ। ਫਿਰ ਵੀ ਤੁਹਾਡਾ ਪਿਓ ਹੈ ਅਤੇ ਹੁਣ ਉਹ ਬੜਾ ਲਾਚਾਰ ਹੈ। ਕਿੱਥੇ ਜਾਏਗਾ? ਲੋਕ ਤਾਂ ਬੂਹੇ ਤੇ ਆਏ ਜਾਨਵਰ ਤੇ ਵੀ ਤਰਸ ਕਰ ਲੈਂਦੇ ਹਨ! ਬਸ ਇਹੋ ਸੋਚ ਰਹੀ ਸਾਂ।"
"ਨਾਰਾਜ਼ ਨਾ ਹੋਈਂ ਮਾਂ! ਤੂੰ ਕਹਿੰਦੀ ਹੈਂ ਤਾਂ ਅਸੀਂ ਉਹਨੂੰ ਵਾਪਸ ਬੁਲਾ ਲਿਆਉਂਦੇ ਹਾਂ। ਪਰ ਸਾਡੇ ਪਿਓ ਦੀ ਥਾਂ ਉਹ ਕਦੇ ਨਹੀਂ ਲੈ ਸਕਦਾ। ਤੇਰੀਆਂ ਤੂੰ ਜਾਣੇਂ!" ਰਾਮਸ਼ਰਨ ਬੋਲਿਆ। 
"ਪਿਆ ਰਹੇਗਾ ਬਾਹਰਲੇ ਕਮਰੇ ਵਿੱਚ। ਦੋ ਰੋਟੀਆਂ ਖਾ ਲਿਆ ਕਰੇਗਾ। ਕੀ ਘਾਟਾ ਹੈ ਹੁਣ ਸਾਡੇ ਕੋਲ। ਉਹਨੂੰ ਤਾਂ ਪਰਮਾਤਮਾ ਨੇ ਉਹਦੇ ਕਰਮਾਂ ਦਾ ਫਲ਼ ਦੇ ਹੀ ਦਿੱਤਾ ਹੈ।" ਸਤੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਅਤੇ ਚਿਹਰਾ ਖਿੜ ਗਿਆ। 
"ਠੀਕ ਹੈ ਮਾਂ, ਤੂੰ ਕਹਿੰਦੀ ਹੈਂ ਤਾਂ ਅਸੀਂ ਉਹਨੂੰ ਲੱਭ ਲਿਆਉਂਦੇ ਹਾਂ। ਤੂੰ ਜੀਅ ਛੋਟਾ ਨਾ ਕਰ। ਬਸ ਖ਼ੁਸ਼ ਰਹਿ। ਸਾਡੇ ਲਈ ਤਾਂ ਤੂੰ ਹੀ ਰੱਬ ਹੈਂ। ਚੱਲ ਮੋਨੂ।" ਰਾਮੂ ਨੇ ਆਪਣੇ ਭਰਾ ਨੂੰ ਬਾਹੋਂ ਫੜਿਆ ਅਤੇ ਮਾਂ ਦੀ ਖ਼ੁਸ਼ੀ ਲਈ ਉਸ ਪਿਓ ਨੂੰ ਲੱਭਣ ਲਈ ਦੋਵੇਂ ਭਰਾ ਘਰੋਂ ਬਾਹਰ ਚੱਲ ਪਏ, ਜੋ ਕਦੇ ਉਨ੍ਹਾਂ ਨੂੰ ਭੁੱਖ ਮਰਨ ਲਈ ਬੇਸਹਾਰਾ ਛੱਡ ਕੇ ਕਿਸੇ ਦੂਜੀ ਔਰਤ ਕੋਲ ਚਲਾ ਗਿਆ ਸੀ। ਵਰ੍ਹਿਆਂ ਪਿੱਛੋਂ ਹੁਣ ਉਹਨੂੰ ਆਪਣੇ ਬੱਚਿਆਂ ਅਤੇ ਘਰ ਦੀ ਯਾਦ ਉਦੋਂ ਆਈ, ਜਦੋਂ ਉਹਨੂੰ ਬਿਮਾਰ ਅਤੇ ਲਾਚਾਰ ਹਾਲਤ ਵਿੱਚ ਕਿਤੇ ਕੋਈ ਸਹਾਰਾ ਨਹੀਂ ਸੀ। ਬਿਮਾਰੀ ਕਰਕੇ ਨੌਕਰੀ ਜਾਂਦੀ ਰਹੀ, ਤਾਂ ਉਹ ਦੂਜੀ ਔਰਤ ਵੀ ਸਾਰਾ ਸਾਮਾਨ ਰਾਤੋ ਰਾਤ ਸਮੇਟ ਕੇ ਪਤਾ ਨਹੀਂ ਕਿੱਥੇ ਗਾਇਬ ਹੋ ਗਈ। 
ਅੱਜ ਮੋਨੂ ਅਠਾਰਾਂ ਸਾਲ ਦਾ ਸੀ ਅਤੇ ਰਾਮਸ਼ਰਨ ਵੀਹ ਸਾਲ ਦਾ। ਕੇਸਰ ਦੀ ਇਸੇ ਸਾਲ ਸ਼ਾਦੀ ਹੋਈ ਸੀ। ਉਦੋਂ ਰਾਮੂ (ਰਾਮ ਸ਼ਰਨ) ਦਸ ਸਾਲ ਦਾ ਸੀ ਅਤੇ ਮੋਨੂ ਅੱਠ ਦਾ, ਛੋਟੀ ਕੇਸਰ ਚਾਰ ਸਾਲ ਦੀ ਸੀ, ਜਦੋਂ ਉਨ੍ਹਾਂ ਦਾ ਪਿਓ ਦੂਜੀ ਔਰਤ ਕੋਲ ਚਲਾ ਗਿਆ ਸੀ। ਰੋਜ਼ ਦੀ ਖਿੱਚ-ਖਿੱਚ ਤੋਂ ਰਾਮੂ ਸਭ ਕੁਝ ਸਮਝਣ ਲੱਗ ਪਿਆ ਸੀ। ਬਾਕੀ ਕਸਰ ਮੁਹੱਲੇ ਵਾਲਿਆਂ ਨੇ ਪੂਰੀ ਕਰ ਦਿੱਤੀ। 
ਉਨ੍ਹਾਂ ਨੂੰ ਰੋਜ਼ ਹੀ ਗਲੀ-ਮੁਹੱਲੇ ਵਿੱਚ ਸੁਣਨ ਨੂੰ ਮਿਲਦਾ ਕਿ ਉਨ੍ਹਾਂ ਦਾ ਪਿਓ ਦੂਜੀ ਔਰਤ ਨਾਲ ਰਹਿੰਦਾ ਹੈ। 
ਸਮਾਂ ਬੀਤਿਆ। ਦਾਦਾ ਜੀ ਵੀ ਗੁਜ਼ਰ ਗਏ ਅਤੇ ਹੁਣ ਘਰ ਵਿੱਚ ਸਿਰਫ ਮਾਂ-ਪੁੱਤ ਸਨ। ਉਹ ਦੋਵੇਂ ਪੜ੍ਹ ਰਹੇ ਸਨ ਤੇ ਮਾਂ ਨਾਲ ਕੰਮ ਵਿੱਚ ਹੱਥ ਵੀ ਵਟਾ ਰਹੇ ਸਨ। ਅਜਿਹੇ ਸਮੇਂ ਵਿਚ ਉਸ ਭਗੌੜੇ ਪਿਓ ਨੂੰ ਵਾਪਸ ਆਇਆ ਵੇਖ ਕੇ ਦੋਹਾਂ ਦਾ ਖੂਨ ਖੌਲ ਉੱਠਿਆ ਅਤੇ ਉਹ ਮਾਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਧੱਕੇ ਮਾਰ ਕੇ ਉਹਨੂੰ ਬਾਹਰ ਕੱਢ ਚੁੱਕੇ ਸਨ। 
ਸਤੀ ਸੋਚ ਰਹੀ ਸੀ, ਗ਼ਲਤੀ ਕਿੱਥੇ ਹੋਈ ਹੋਵੇਗੀ! ਉਹਨੇ ਤਾਂ ਕਦੇ ਸੱਸ ਸਹੁਰੇ ਮੂਹਰੇ ਮੂੰਹ ਵੀ ਨਹੀਂ ਸੀ ਖੋਲ੍ਹਿਆ। ਬਹੁਤੀ ਪੜ੍ਹੀ-ਲਿਖੀ ਤਾਂ ਨਹੀਂ ਸੀ ਉਹ, ਫਿਰ ਵੀ ਘਰ ਦੀ ਇੱਜ਼ਤ ਦਾ ਧਿਆਨ ਰਹਿੰਦਾ ਹੀ ਸੀ ਉਹਨੂੰ।
ਹਰੀ ਰਾਮ ਇੱਕ ਸਰਕਾਰੀ ਦਫ਼ਤਰ ਵਿੱਚ ਚਪੜਾਸੀ ਸੀ। ਕਿੰਨਾ ਬਾਂਕਾ ਗੱਭਰੂ ਸੀ ਉਹ ਉਦੋਂ, ਜਦੋਂ ਸਤੀ ਵਿਆਹ ਕੇ ਇਸ ਘਰ ਵਿੱਚ ਆਈ ਸੀ। ਸਤੀ! ਸੁਰਸਤੀ ਯਾਨੀ ਸਰਸਵਤੀ, ਜੋ ਪੇਕੇ-ਸਹੁਰੇ ਵਿਚ ਸਤੀ ਹੀ ਬਣ ਕੇ ਰਹਿ ਗਈ ਸੀ, ਜਾਣ ਹੀ ਨਹੀਂ ਸਕੀ ਸੀ ਕਿ ਉਹਦਾ ਗੱਭਰੂ ਕਦੋਂ ਦੂਜੀ ਦਾ ਹੋ ਗਿਆ! ਪਤਾ ਹੀ ਨਹੀਂ ਲੱਗਿਆ ਅਤੇ ਘਰ ਵਿੱਚ ਤਿੰਨ ਬੱਚੇ ਵੀ ਆ ਗਏ, ਪਰ ਇਸ ਨਾਲ ਕੀ!
ਹੌਲੀ-ਹੌਲੀ ਹਰੀ ਦਾ ਸਮਾਂ ਕਿਤੇ ਹੋਰ ਬੀਤਣ ਲੱਗਿਆ ਅਤੇ ਇਹਦੇ ਨਾਲ ਹੀ ਕਮਾਈ ਵੀ ਪਰਾਈ ਹੋ ਗਈ ਅਤੇ ਘਰ ਵਿੱਚ ਫਾਕੇ ਹੋਣ ਲੱਗੇ। ਇਸ ਸਮੇਂ ਤਕ ਸੱਸ ਗੁਜ਼ਰ ਗਈ ਸੀ। ਬੇਟੇ ਦੇ ਰੰਗ-ਢੰਗ ਵੇਖ ਕੇ ਸਹੁਰੇ ਨੇ ਦੋ ਕਮਰਿਆਂ ਦਾ ਅੱਧਾ ਕੱਚਾ, ਅੱਧਾ ਪੱਕਾ ਮਕਾਨ ਬਹੂ ਦੇ ਨਾਂ ਕਰ ਦਿੱਤਾ। ਹਰੀ ਰਾਮ ਕਈ ਦਿਨਾਂ ਤੋਂ ਆਪਣੇ ਪਿਓ ਤੇ ਦਬਾਅ ਪਾ ਰਿਹਾ ਸੀ ਕਿ ਮਕਾਨ ਉਹਦੇ ਨਾਂ ਕਰ ਦੇਵੇ। ਉਸ ਦਿਨ ਪਿਓ-ਪੁੱਤ ਵਿੱਚ ਇਸ ਮੁੱਦੇ ਤੇ ਕਾਫੀ ਬਹਿਸ ਹੋਈ। 
"ਬਾਪੂ..." 
"ਹਾਂ..." ਬਾਪੂ ਨੇ ਹੁੱਕੇ ਦੀ ਨਲੀ ਮੂੰਹੋਂ ਕੱਢੇ ਬਿਨਾਂ ਹੁੰਗਾਰਾ ਭਰਿਆ। 
"ਉਹ... ਮੈਂ ਕਹਿ ਰਿਹਾ ਸੀ ਕਿ ਤੂੰ ਹੁਣ ਰੋਜ਼ ਹੀ ਬੀਮਾਰ ਰਹਿੰਦਾ ਹੈਂ।"
"ਫੇਰ..." 
"ਦੋ ਭੈਣਾਂ ਵੀ ਹਨ, ਮਕਾਨ ਦਾ ਕੁਝ ਕਰ ਦਿੰਦਾ ਤਾਂ..." ਉਹਨੇ ਗੱਲ ਅਧੂਰੀ ਛੱਡ ਦਿੱਤੀ। 
"ਉਹ ਤਾਂ ਮੈਂ ਕਰ ਚੁੱਕਾ ਹਾਂ। ਕੱਲ੍ਹ ਹੀ ਤਾਂ ਕਰਕੇ ਆਇਆ ਹਾਂ ਬਹੂ ਦੇ ਨਾਂ। ਵੈਸੇ ਤੂੰ ਕੀ ਸੋਚਦਾ ਹੈਂ, ਮੈਂ ਮਰਨ ਵਾਲਾ ਹਾਂ?" ਬਾਪੂ ਨੇ ਹੁੱਕੇ ਤੋਂ ਮੂੰਹ ਕੱਢ ਕੇ ਜਵਾਬ ਦਿੱਤਾ ਅਤੇ ਫਿਰ ਲਾਪ੍ਰਵਾਹੀ ਨਾਲ ਹੁੱਕਾ ਪੀਣ ਲੱਗਿਆ। ਹਰੀ ਰਾਮ ਨੂੰ ਬਾਪੂ ਤੋਂ ਇਹ ਉਮੀਦ ਬਿਲਕੁਲ ਨਹੀਂ ਸੀ। ਪਹਿਲਾਂ ਤਾਂ ਉਹ ਹੜਬੜਾ ਕੇ ਬਾਪੂ ਨੂੰ ਵੇਖਦਾ ਰਿਹਾ, ਫਿਰ ਅਚਾਨਕ ਭੜਕ ਉੱਠਿਆ, "ਤੈਨੂੰ ਆਪਣੇ ਪੁੱਤ ਤੋਂ ਜ਼ਿਆਦਾ ਇਹ ਪਰਾਈ ਲੜਕੀ ਪਿਆਰੀ ਹੋ ਗਈ?" 
"ਹਾਂ, ਹੁਣ ਤਾਂ ਹੈ ਹੀ। ਮੈਂ ਤੇਰੇ ਰੰਗ-ਢੰਗ ਵੇਖ ਹੀ ਰਿਹਾ ਹਾਂ। ਦੋ- ਦੋ ਦਿਨ ਘਰੇ ਨਹੀਂ ਵੜਦਾ। ਘਰੇ ਖ਼ਰਚਾ ਨਹੀਂ ਦਿੰਦਾ। ਇਹ ਨਹੀਂ ਸੋਚਿਆ ਕਿ ਘਰ ਦੇ ਲੋਕ ਕਿਵੇਂ ਜੀਅ ਰਹੇ ਨੇ! ਇਹ ਲੜਕੀ ਹੀ ਪਰਾਈ ਹੈ ਨਾ! ਇਹ ਪਿਓ ਤਾਂ ਤੇਰਾ ਹੈ, ਤੇ ਇਹ ਬੱਚੇ ਵੀ ਤੇਰੇ ਹਨ। ਇਕ ਕੱਚਾ-ਪੱਕਾ ਮਕਾਨ ਹੀ ਸਹੀ, ਛੱਤ ਤਾਂ ਹੈ ਸਾਡੇ ਸਿਰ 'ਤੇ।" ਕਹਿ ਕੇ ਬਾਪੂ ਉੱਠ ਕੇ ਬਾਹਰ ਚਲਾ ਗਿਆ।
ਹਰੀ ਆਪਣੇ ਪਿਓ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਹੁਣ ਕੁਝ ਨਹੀਂ ਹੋ ਸਕਦਾ। ਉਹਨੇ ਆਪਣਾ ਸਾਰਾ ਗੁੱਸਾ ਸਤੀ ਤੇ ਕੱਢਿਆ- "ਹਰਾਮਜ਼ਾਦੀ! ਇਹ ਸਾਰਾ ਤੇਰਾ ਹੀ ਕੀਤਾ-ਕਰਾਇਆ ਹੈ। ਮੇਰੇ ਪਿਓ ਨੂੰ ਮੇਰੇ ਖਿਲਾਫ ਕਰ ਦਿੱਤਾ। ਲੈ..."
ਅਤੇ ਹਰੀ ਰਾਮ ਦੇ ਲੱਤਾਂ-ਘਸੁੰਨ ਚੱਲਣ ਲੱਗੇ, ਤਾਂ ਬੱਚਿਆਂ ਨੇ ਰੋਣਾ-ਚੀਕਣਾ ਸ਼ੁਰੂ ਕਰ ਦਿੱਤਾ। ਰਾਮੂ ਰੋਂਦਾ-ਰੋਂਦਾ ਮਾਂ ਦੇ ਨੇੜੇ ਗਿਆ ਤਾਂ ਇੱਕ ਲੱਤ ਉਹਦੇ ਵੀ ਵੱਜ ਗਈ। ਸਤੀ ਆਪਣਾ ਦੁੱਖ ਭੁੱਲ ਕੇ ਰਾਮੂ ਵੱਲ ਵਧੀ। ਗੁੱਸੇ ਵਿੱਚ ਬੁੜਬੁੜਾਉਂਦਾ ਹਰੀ ਉਸੇ ਵੇਲੇ ਉਸ ਦੂਜੀ ਔਰਤ ਨਾਲ ਰਹਿਣ ਚਲਾ ਗਿਆ ਅਤੇ ਮੁੜ ਕੇ ਨਹੀਂ ਆਇਆ। ਗਲਾ ਸੁੱਕਣ ਲੱਗਿਆ ਤਾਂ ਸਤੀ ਨੇ ਉੱਠ ਕੇ ਪਾਣੀ ਪੀਤਾ ਅਤੇ ਉਸੇ ਕੁਰਸੀ ਤੇ ਆ ਬੈਠੀ ਜਿੱਥੇ ਬੇਟੇ ਉਹਨੂੰ ਛੱਡ ਗਏ ਸਨ। ਉਹ ਦਿਨ ਫਿਲਮ ਵਾਂਗ ਉਹਦੇ ਸਾਹਮਣੇ ਘੁੰਮ ਗਿਆ, ਜਿਸ ਦਿਨ ਹਰੀ ਘਰ ਛੱਡ ਕੇ ਗਿਆ ਸੀ। ਘਰ ਵਿਚ ਰਾਸ਼ਨ ਵੀ ਖਤਮ ਸੀ ਅਤੇ ਉਹਦੇ ਕੋਲ ਕੁਝ ਬਚਿਆ ਵੀ ਨਹੀਂ ਸੀ। ਉਹਨੇ ਸੋਚਿਆ ਸੀ ਕਿ ਪਤੀ ਦੇ ਘਰ ਆਉਣ ਤੇ ਉਹ ਉਸਦੀ ਮਿੰਨਤ ਕਰਕੇ ਕੁਝ ਪੈਸੇ ਲੈ ਲਵੇਗੀ ਤਾਂ ਕਿ ਰਾਸ਼ਨ ਲਿਆ ਸਕੇ। ਪਰ ਸਭ ਕੁਝ ਉਲਟ-ਪੁਲਟ ਹੋ ਗਿਆ। ਹਰੀ ਨੇ ਜਾਂਦੇ-ਜਾਂਦੇ ਸਾਫ਼ ਕਹਿ ਦਿੱਤਾ ਸੀ ਕਿ ਉਹ ਹੁਣ ਕਦੇ ਮੁੜ ਕੇ ਇਸ ਘਰ ਵਿੱਚ ਨਹੀਂ ਆਵੇਗਾ ਅਤੇ ਉਹ ਨਹੀਂ ਸੀ ਆਇਆ। 
ਉਸ ਦਿਨ ਸ਼ਾਮ ਦੇ ਭੋਜਨ ਲਈ ਜਦੋਂ ਉਹਨੇ ਰਸੋਈ ਵਿਚ ਵੇਖਿਆ ਤਾਂ ਮੁਸ਼ਕਿਲ ਨਾਲ ਦੋ ਡੰਗ ਦਾ ਆਟਾ ਅਤੇ ਥੋੜ੍ਹੀ ਜਿਹੀ ਦਾਲ ਬਚੀ ਸੀ। ਕੀ ਕਰੇ! ਹਰੀ ਦੇ ਸੁਭਾਅ ਨੂੰ ਉਹ ਜਾਣਦੀ ਸੀ। ਕਹਿ ਗਿਆ ਹੈ ਤਾਂ ਹੁਣ ਕਦੇ ਨਹੀਂ ਆਵੇਗਾ। ਤਿੰਨ ਬੱਚੇ, ਸਹੁਰਾ ਅਤੇ ਉਹਦਾ ਆਪਣਾ ਢਿੱਡ! ਕੀ ਹੋਵੇਗਾ ਹੁਣ...? 
ਫਿਰ ਵੀ ਰਾਤ ਦਾ ਭੋਜਨ ਬਣਾ ਕੇ ਉਹਨੇ ਜਿਵੇਂ-ਕਿਵੇਂ ਸਭ ਨੂੰ ਖੁਆਇਆ ਅਤੇ ਇੱਕ ਰੋਟੀ ਆਪ ਵੀ ਖਾਧੀ। 
ਝਗੜਾ ਹੋਣਾ ਤਾਂ ਉਂਜ ਰੋਜ਼ ਦੀ ਹੀ ਗੱਲ ਸੀ ਪਰ ਹਰੀ ਦਾ ਉਹ ਐਲਾਨ...! ਸਾਰੀ ਰਾਤ ਸਤੀ ਨੂੰ ਨੀਂਦ ਨਾ ਆਈ। ਉਧਰ ਸਹੁਰਾ ਵੀ ਜਾਗ ਰਿਹਾ ਸੀ। ਉਹ ਵੀ ਆਪਣੇ ਬੇਟੇ ਦੇ ਜ਼ਿੱਦੀ ਸੁਭਾਅ ਕਰਕੇ ਫ਼ਿਕਰਮੰਦ ਸੀ। ਪਰ ਉਹ ਇਹ ਵੀ ਜਾਣਦਾ ਸੀ ਕਿ ਮਕਾਨ ਹਰੀ ਦੇ ਨਾਂ ਕਰਨ ਪਿੱਛੋਂ ਉਨ੍ਹਾਂ ਪੰਜਾਂ ਜੀਆਂ ਨੇ ਸੜਕ ਤੇ ਆ ਜਾਣਾ ਹੈ। ਸਮੱਸਿਆ ਦੀ ਗੰਭੀਰਤਾ ਨੂੰ ਸਮਝਦਿਆਂ ਸਹੁਰਾ-ਬਹੂ, ਦੋਵੇਂ ਆਪਣੇ ਤੌਰ ਤੇ ਸੋਚਾਂ ਵਿਚ ਡੁੱਬੇ ਹੋਏ ਸਨ। ਰਾਤ ਦੇ ਬਚੇ ਖਾਣੇ ਨਾਲ ਦਿਨ ਦਾ ਕੰਮ ਚਲਾਉਣਾ ਮਜਬੂਰੀ ਸੀ ਤਾਂ ਕਿ ਬਚਿਆ ਰਾਸ਼ਨ ਰਾਤ ਦੇ ਕੰਮ ਆ ਸਕੇ। ਬੱਚੇ ਕੀ ਜਾਣਨ, ਕੀ ਮੁਸੀਬਤ ਆਈ ਹੈ! ਅਚਾਨਕ ਸਤੀ ਨੇ ਅਲਮਾਰੀ ਫਰੋਲਣੀ ਸ਼ੁਰੂ ਕਰ ਦਿੱਤੀ। ਪਰ ਅਲਮਾਰੀ ਵਿੱਚ ਕੀ ਸੀ, ਜੋ ਉਹਨੂੰ ਮਿਲਦਾ। ਅਸਲ ਵਿੱਚ ਕਦੇ-ਕਦੇ ਬਚੇ ਹੋਏ ਪੈਸੇ ਉਹ ਅਲਮਾਰੀ ਦੇ ਕਿਸੇ ਕੋਨੇ ਵਿੱਚ ਰੱਖ ਦਿੰਦੀ ਸੀ। ਉਹ ਉਨ੍ਹਾਂ ਨੂੰ ਹੀ ਲੱਭ ਰਹੀ ਸੀ। ਸਾਰੇ ਕੋਨੇ ਫਰੋਲਣ ਪਿੱਛੋਂ ਸਤੀ ਨੂੰ ਕੁਝ ਸਿੱਕੇ ਅਤੇ ਦਸ ਦਸ ਦੇ ਦੋ ਨੋਟ ਮਿਲੇ। ਸਤੀ ਨੇ ਪੈਸੇ ਗਿਣੇ, ਕੁੱਲ ਮਿਲਾ ਕੇ ਪੰਤਾਲੀ ਰੁਪਏ ਸਨ। ਸਤੀ ਨੇ ਉਹ ਪੈਸੇ ਸੰਭਾਲ ਕੇ ਬੰਨ੍ਹ ਲਏ। ਕੀ ਹੋਏਗਾ ਇਨ੍ਹਾਂ ਨਾਲ? 
ਸ਼ਾਮ ਦੇ ਪੰਜ ਵੱਜ ਗਏ ਸਨ। ਅੱਜ ਬਾਪੂ ਨੇ ਵੀ ਚਾਹ ਨਹੀਂ ਸੀ ਮੰਗੀ, ਨਾ ਹੀ ਸਤੀ ਨੂੰ ਯਾਦ ਆਇਆ ਕਿ ਬਾਪੂ ਨੂੰ ਚਾਹ ਦੇਣੀ ਹੈ। ਸਤੀ ਨੇ ਰਾਸ਼ਨ ਲਈ ਝੋਲਾ ਚੁੱਕਿਆ ਅਤੇ ਬਾਹਰ ਨਿਕਲ ਗਈ। ਚਲਦੇ-ਚਲਦੇ ਉਹ ਗਲੀ ਤੋਂ ਬਾਹਰ ਨਿਕਲ ਆਈ। ਪਰ ਉਹਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਹ ਕਰੇ ਕੀ? ਇਨ੍ਹਾਂ ਪੰਤਾਲੀ ਰੁਪਿਆਂ ਨਾਲ ਕੀ ਹੋਵੇਗਾ? ਉਹਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਜਾ ਕਿੱਧਰ ਰਹੀ ਹੈ। ਬਸ ਚੱਲ ਰਹੀ ਹੈ। ਉਹਨੂੰ ਲੱਗ ਰਿਹਾ ਸੀ ਕਿ ਉਹ ਕਿਸੇ ਦੇ ਪਿੱਛੇ ਤੁਰੀ ਜਾ ਰਹੀ ਹੈ। ਦਿਨ ਵੱਡੇ ਸਨ, ਇਸ ਲਈ ਹਨ੍ਹੇਰਾ ਹੋਣ ਵਿਚ ਅਜੇ ਦੇਰ ਸੀ। ਬਹੁਤ ਚਿਰ ਹੋ ਗਿਆ ਸੀ ਉਹਨੂੰ ਚਲਦੇ-ਚਲਦੇ। 
"ਓ ਬਈ, ਕਿੱਧਰ ਜਾ ਰਹੀ ਹੈਂ ਬੇਟੀ! ਸਾਹਮਣੇ ਵੇਖ ਬਲਦ ਆ ਰਿਹਾ ਹੈ। ਇਕ ਪਾਸੇ ਹੋ ਜਾ।" ਇੱਕ ਪਾਸਿਓਂ ਆਉਂਦੀ ਆਵਾਜ਼ ਨਾਲ ਉਹ ਤ੍ਰਭਕ ਗਈ। ਉਹਨੇ ਵੇਖਿਆ, ਉਹ ਸਬਜ਼ੀ ਮੰਡੀ ਵਿਚ ਖੜ੍ਹੀ ਸੀ। ਉਦੋਂ ਹੀ ਕਿਸੇ ਨੇ ਉਹਨੂੰ ਧੱਕਾ ਦੇ ਕੇ ਇਕ ਪਾਸੇ ਕਰ ਦਿੱਤਾ।
"ਨੀਂਦ ਵਿੱਚ ਹੈਂ?" ਉਹਨੇ ਵੇਖਿਆ ਕਿ ਇਕ ਬਜ਼ੁਰਗ ਜਿਹੇ ਦਿਸਦੇ ਬੰਦੇ ਨੇ ਉਸਨੂੰ ਧੱਕਾ ਨਾ ਦਿੱਤਾ ਹੁੰਦਾ, ਤਾਂ ਉਹ ਸਾਹਮਣੇ ਤੋਂ ਆਉਂਦੇ ਬਲਦ ਵਿੱਚ ਜਾ ਵੱਜਦੀ ਅਤੇ ਬਲਦ ਉਹਨੂੰ ਮਾਰ ਵੀ ਸਕਦਾ ਸੀ। ਉਹ ਥੱਕ ਕੇ ਇੱਕ ਬੰਦ ਦੁਕਾਨ ਦੇ ਬਾਹਰ ਬੈਠ ਗਈ। ਉਹ ਬਜ਼ੁਰਗ ਉਹਦੇ ਕੋਲ ਆ ਕੇ ਬਹਿ ਗਏ। ਉਨ੍ਹਾਂ ਨੂੰ ਲੱਗ ਰਿਹਾ ਸੀ ਕੀ ਇਹ ਔਰਤ ਬੜੀ ਪ੍ਰੇਸ਼ਾਨ ਹੈ। "ਕੀ ਹੋਇਆ ਬੇਟੀ? ਮੈਂ ਕੋਈ ਮਦਦ ਕਰਾਂ ਤੇਰੀ?" 
ਹੂੰਅ...ਹਾਂ... ਨਹੀਂ ਨਹੀਂ। ਮੈਂ ਠੀਕ ਹਾਂ।" ਉਹਨੇ ਆਪਣੇ ਹੱਥ 'ਚ ਫੜੇ ਝੋਲੇ ਨੂੰ ਫਰੋਲਿਆ। ਉਹਨੂੰ ਲੱਗਿਆ ਕਿ ਸ਼ਾਇਦ ਉਹਦੇ ਪੈਸੇ ਨਾ ਡਿੱਗ ਪਏ ਹੋਣ। ਰੁਮਾਲ ਨੂੰ ਠੀਕ-ਠਾਕ ਵੇਖ ਕੇ ਉਹਨੂੰ ਚੈਨ ਮਿਲਿਆ। ਫਿਰ ਉਹ ਸੋਚਣ ਲੱਗੀ ਕਿ ਇਨ੍ਹਾਂ ਪੈਸਿਆਂ ਨਾਲ ਕੀ ਹੋਵੇਗਾ? ਇਹ ਤਾਂ ਚਾਰ ਦਿਨ ਦੇ ਰਾਸ਼ਨ ਲਈ ਵੀ ਕਾਫੀ ਨਹੀਂ ਹਨ। ਨੇਡ਼ੇ ਬੈਠੇ ਸੱਜਣ ਨੇ ਫੇਰ ਪੁੱਛਿਆ, "ਸਬਜ਼ੀ ਲੈਣ ਆਈ ਹੈਂ? ਹਾਂ, ਇਹ ਠੀਕ ਸਮਾਂ ਹੈ। ਇਸ ਵੇਲੇ ਸਬਜ਼ੀ ਸਸਤੀ ਮਿਲਦੀ ਹੈ। ਜਾਹ, ਲੈ ਲੈ। ਇਹ ਰੇਹੜੀ ਵਾਲੇ ਘਰ ਜਾਣ ਕਰਕੇ ਬਚੀ ਹੋਈ ਸਬਜ਼ੀ ਸਸਤੀ ਦੇ ਦਿੰਦੇ ਹਨ।" ਕਹਿ ਕੇ ਉਹ ਇੱਕ ਪਾਸੇ ਚਲੇ ਗਏ ਅਤੇ ਸਤੀ ਇਕ ਰੇਹੜੀ ਵਾਲੇ ਕੋਲ ਜਾ ਖੜ੍ਹੀ ਹੋਈ, ਜਿਸ ਕੋਲ ਥੋੜ੍ਹੇ ਜਿਹੇ ਮਟਰ ਪਏ ਸਨ।
"ਕਿੰਨੇ ਦੇ ਹਨ?" 
"ਲੈ ਲੈ ਭੈਣੇ, ਸਾਰੇ ਦਸ ਰੁਪਏ ਦੇ ਹਨ। ਵੇਖੋ, ਬਿਲਕੁਲ ਤਾਜ਼ਾ ਮਟਰ ਹਨ।" ਪਰ ਸਤੀ ਕੁਝ ਸੋਚਣ ਤੋਂ ਅਸਮਰਥ ਸੀ। ਉਦੋਂ ਹੀ ਰੇਹੜੀ ਵਾਲਾ ਫਿਰ ਬੋਲਿਆ, "ਚੱਲ ਨੌੰ ਰੁਪਏ ਦਿਓ!" ਅਤੇ ਉਹਨੇ ਅਚਾਨਕ ਹੀ ਸਤੀ ਦੇ ਹੱਥੋਂ ਝੋਲਾ ਲਿਆ ਅਤੇ ਸਾਰੇ ਮਟਰ ਉਸ ਵਿੱਚ ਪਾ ਕੇ ਪੈਸਿਆਂ ਲਈ ਹੱਥ ਵਧਾਇਆ। ਸਤੀ ਨੇ ਬਿਨਾਂ ਕੁਝ ਸੋਚਿਆਂ ਉਹਨੂੰ ਗਿਣ ਕੇ ਨੌੰ ਰੁਪਏ ਦਿੱਤੇ। ਮਟਰ ਲੈ ਕੇ ਸਤੀ ਅੱਗੇ ਵਧੀ ਅਤੇ ਕੁਝ ਹੋਰ ਸਬਜ਼ੀਆਂ ਲੈ ਕੇ ਵਾਪਸ ਮੁੜਨ ਲੱਗੀ। ਪਰ ਅਜੇ ਵੀ ਉਹਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਇਨ੍ਹਾਂ ਸਬਜ਼ੀਆਂ ਦਾ ਕਰੇਗੀ ਕੀ! 
ਜਦੋਂ ਉਹ ਸਬਜ਼ੀਆਂ ਦਾ ਭਰਿਆ ਝੋਲਾ ਲੈ ਕੇ ਘਰੇ ਮੁੜੀ ਤਾਂ ਸਹੁਰਾ ਵੀ ਪ੍ਰੇਸ਼ਾਨ ਹੋ ਗਿਆ- "ਬਹੂ ਕੀ ਕਰੇਂਗੀ ਇੰਨੀਆਂ ਸਬਜ਼ੀਆਂ ਦਾ!" 
"ਪਤਾ ਨਹੀਂ।" ਉਹਦਾ ਜਵਾਬ ਸੀ। ਫਿਰ ਉਹ ਰਸੋਈ ਵਿੱਚ ਚਲੀ ਗਈ। ਬੱਚੇ ਖਾਣਾ ਮੰਗਣ ਲੱਗੇ ਸਨ। ਉਹ ਸਨ ਤਾਂ ਬੱਚੇ ਹੀ। ਲੱਗਦਾ ਹੈ ਕਿ ਉਨ੍ਹਾਂ ਨੂੰ ਪਿਛਲੇ ਦਿਨ ਦੀਆਂ ਗੱਲਾਂ ਯਾਦ ਹੀ ਨਹੀਂ ਸਨ। ਖਾਣਾ ਬਣਾਉਣ ਤਕ ਉਹਨੇ ਬੱਚਿਆਂ ਨੂੰ ਮਟਰ ਛਿੱਲਣ ਲਈ ਬਿਠਾ ਦਿੱਤਾ। ਹੁਣ ਸਤੀ ਨੇ ਰਾਤ ਨੂੰ ਹੀ ਸਾਰੀਆਂ ਸਬਜ਼ੀਆਂ ਧੋ-ਕੱਟ ਕੇ ਰੱਖ ਦਿੱਤੀਆਂ। ਪਰ ਅਜੇ ਵੀ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਨ੍ਹਾਂ ਦਾ ਕਰੇਗੀ ਕੀ! ਫਿਰ ਅਗਲੀ ਸਵੇਰ ਉਹ ਉਨ੍ਹਾਂ ਕੱਟੀਆਂ ਹੋਈਆਂ ਸਬਜ਼ੀਆਂ ਨੂੰ ਲੈ ਕੇ ਇਕ ਦੂਰ ਤੇ ਮੁਹੱਲੇ ਵਿਚ ਚਲੀ ਗਈ ਅਤੇ ਘਰਾਂ ਵਿਚ ਜਾ ਕੇ ਉਹਨੇ ਉਹ ਸਾਰੀਆਂ ਸਬਜ਼ੀਆਂ ਵੇਚ ਦਿੱਤੀਆਂ।
ਸੌ ਰੁਪਏ ਹੱਥ ਵਿੱਚ ਆਉਂਦੇ ਹੀ ਸਤੀ ਦੀ ਜਾਨ ਵਿੱਚ ਜਾਨ ਆਈ। ਮਨ ਵਿੱਚ ਇੱਕ ਨਵੀਂ ਉਮੀਦ ਜਾਗੀ। ਦੂਜੇ ਦਿਨ ਉਹ ਫਿਰ ਸਬਜ਼ੀ ਮੰਡੀ ਵਿਚ ਸੀ। ਹੁਣ ਇਹ ਹਰ ਰੋਜ਼ ਦਾ ਹੀ ਨਿਯਮ ਬਣ ਗਿਆ। ਘਰ ਵਿੱਚ ਬੱਚੇ ਅਤੇ ਸਹੁਰਾ ਵੀ ਕੰਮ ਵਿੱਚ ਸਤੀ ਦਾ ਹੱਥ ਵਟਾਉਣ ਲੱਗੇ। ਘਰ ਦੇ ਖਰਚੇ ਦੀ ਹੁਣ ਚਿੰਤਾ ਨਾ ਰਹੀ। ਹੁਣ ਸਤੀ ਨੂੰ ਪੂਰੇ ਸ਼ਹਿਰ ਤੋਂ ਐਡਵਾਂਸ ਆਰਡਰ ਮਿਲਣ ਲੱਗੇ। ਥੋੜ੍ਹੇ ਹੀ ਸਮੇਂ ਵਿੱਚ ਕੰਮ ਵਧ ਗਿਆ ਤਾਂ ਉਹਨੇ ਮੁਹੱਲੇ ਦੀਆਂ ਕੁਝ ਕੁੜੀਆਂ ਸਹਾਇਕ ਰੱਖ ਲਈਆਂ। 
ਕੰਮ ਹੋਰ ਵਧਿਆ ਤਾਂ ਸਬਜ਼ੀਆਂ ਬਚਣ ਲੱਗੀਆਂ। ਹੁਣ ਸਤੀ ਨੇ ਆਪਣੀ ਗਿਆਨ ਦੀ ਵਰਤੋਂ ਕਰਨੀ ਠੀਕ ਸਮਝੀ ਅਤੇ ਅਚਾਰ ਬਣਾਉਣ ਲੱਗ ਪਈ। ਕੁਝ ਹੀ ਵਰ੍ਹਿਆਂ ਵਿਚ ਸਤੀ ਦੇ ਬਣਾਏ ਤਾਜ਼ੇ ਅਤੇ ਸੁਆਦੀ ਆਚਾਰ ਦੀ ਪ੍ਰਸਿੱਧੀ ਫੈਲਣ ਲੱਗੀ। ਆਮਦਨ ਵਧੀ ਤਾਂ ਘਰ ਵੀ ਪੱਕਾ ਹੋ ਗਿਆ ਅਤੇ ਬੱਚੇ ਲਗਾਤਾਰ ਪੜ੍ਹਦੇ ਰਹੇ। ਪੂਰੇ ਨਗਰ ਵਿੱਚ ਸਤੀ ਦੀ ਕਹਾਣੀ ਬੜੇ ਸਤਿਕਾਰ ਨਾਲ ਸੁਣਾਈ ਜਾਂਦੀ ਅਤੇ ਜਿੱਥੇ ਵੀ ਉਹ ਜਾ ਖੜ੍ਹੀ ਹੁੰਦੀ, ਉਹਨੂੰ ਭਰਪੂਰ ਸਨਮਾਨ ਦਿੱਤਾ ਜਾਂਦਾ। ਇਸੇ ਦੌਰਾਨ ਸਹੁਰਾ ਪਰਲੋਕ ਸਿਧਾਰ ਗਿਆ। ਬੇਟੀ ਦਾ ਵਿਆਹ ਵੀ ਹੋ ਗਿਆ। ਪਰ ਜ਼ਿੰਦਗੀ ਇੱਕ ਰੁਟੀਨ ਬਣ ਗਿਆ ਸੀ। ਅਜਿਹੀ ਹਾਲਤ ਵਿੱਚ ਹਰੀ ਰਾਮ ਦਾ ਵਾਪਸ ਘਰ ਮੁੜਨਾ ਉਹਨੂੰ ਫਿਰ ਤੋਂ ਬੇਚੈਨ ਕਰ ਗਿਆ।
ਉਹਨੇ ਤ੍ਰਭਕ ਕੇ ਵੇਖਿਆ, ਕਾਫ਼ੀ ਸਮਾਂ ਹੋ ਗਿਆ ਸੀ, ਬੱਚੇ ਮੁੜ ਕੇ ਨਹੀਂ ਸਨ ਆਏ। ਪਤਾ ਨਹੀਂ ਕਿੱਥੇ ਚਲੇ ਗਏ ਹੋਣਗੇ! ਬੱਚਿਆਂ ਨੂੰ ਵੀ ਕੁਝ ਸੋਚਣਾ ਚਾਹੀਦਾ ਹੈ। ਇੰਨੀ ਗਰਮੀ ਨਹੀਂ ਵਿਖਾਉਣੀ ਚਾਹੀਦੀ। ਉਹਦੇ ਅੰਦਰ ਦੀ ਪਤਨੀ ਨੇ ਸਿਰ ਚੁੱਕਿਆ ਤਾਂ ਇੱਕ ਦੁਖੀ ਔਰਤ ਝੱਟ ਉਹਦਾ ਗਲਾ ਫੜ ਲਿਆ, "ਦੂਜੀ ਔਰਤ ਲਈ ਉਹਨੇ ਤੇਰੇ ਨਾਲ ਕੀ ਅੱਤਿਆਚਾਰ ਨਹੀਂ ਕੀਤਾ, ਭੁੱਲ ਗਈ?" 
"ਭਟਕ ਤਾਂ ਕੋਈ ਵੀ ਸਕਦਾ ਹੈ।" ਪਤਨੀ ਨੇ ਦਲੀਲ ਦਿੱਤੀ। ਉਦੋਂ ਹੀ ਔਰਤ ਨੇ ਪੀੜਾ ਨਾਲ ਉਹਨੂੰ ਹਰੀ ਰਾਮ ਵੱਲੋਂ ਕੀਤੀ ਕੁੱਟਮਾਰ ਕਰਕੇ ਹੋਏ ਜ਼ਖਮ ਵਿਖਾਏ। ਉਹ ਤੜਪ ਉੱਠੀ। 
ਉੱਠ ਕੇ ਕਮਰੇ ਵਿੱਚ ਜਾਣ ਲੱਗੀ ਤਾਂ ਦਰਵਾਜ਼ੇ ਨਾਲ ਠੋਕਰ ਵੱਜੀ। ਵੇਖਿਆ, ਗਲੀ ਵਿੱਚ ਰਾਮੂ ਅਤੇ ਮੋਨੂ ਪਿਓ ਨੂੰ ਨਾਲ ਲਈ ਘਰ ਵੱਲ ਆ ਰਹੇ ਸਨ। ਉਹ ਤੇਜ਼ੀ ਨਾਲ ਉੱਠ ਕੇ ਬਾਹਰ ਦੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਉੱਥੇ ਪਏ ਮੰਜੇ ਦਾ ਬਿਸਤਰਾ ਠੀਕ ਕਰਨ ਲੱਗੀ। ਉਦੋਂ ਹੀ ਉਹ ਜ਼ਖ਼ਮੀ ਔਰਤ ਫਿਰ ਰੋਣ ਲੱਗੀ। ਹੁਣ ਤੱਕ ਤਿੰਨੇ ਜਣੇ ਕਮਰੇ ਵਿੱਚ ਆ ਗਏ ਸਨ। 
"ਪਾ ਦਿਓ ਇਹਨੂੰ ਇੱਥੇ!" ਉਹ ਬੇਟਿਆਂ ਵੱਲ ਮੁੜੀ, "ਇਹਨੂੰ ਕਹਿ ਦਿਓ, ਅੰਦਰ ਆਉਣ ਦੀ ਕੋਸ਼ਿਸ਼ ਨਾ ਕਰੇ ਅਤੇ ਇਹਦੇ ਲਈ ਪਾਣੀ ਵਗੈਰਾ ਰੱਖ ਦਿਓ। ਇਹਨੂੰ ਲੱਗਿਆ ਹੋਵੇਗਾ ਕਿ ਅਸੀਂ ਇਹਤੋਂ ਬਿਨਾਂ ਭੁੱਖੇ ਮਰ ਜਾਵਾਂਗੇ। ਪਰ ਇਹ ਭੁੱਲ ਗਿਆ ਸੀ ਕਿ ਸਾਡੇ ਵੀ ਹੱਥ ਤਾਂ ਹਨ।" ਅਤੇ ਉਹਨੇ ਵਿਹਡ਼ੇ ਦਾ ਦਰਵਾਜ਼ਾ ਖੜਾਕ ਕਰਕੇ ਬੰਦ ਕਰ ਦਿੱਤਾ।
 
""""""""""""""""""""
* ਮੂਲ : ਆਸ਼ਾ ਸ਼ੈਲੀ 
* ਅਨੁ : ਪ੍ਰੋ. ਨਵ ਸੰਗੀਤ ਸਿੰਘ 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ