Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਹਿੰਦੀ ਕਹਾਣੀ - ਖੜਖੜਾਉਂਦੇ ਪੱਤੇ

January 17, 2022 12:38 AM
ਹਿੰਦੀ ਕਹਾਣੀ 
 
                        ਖੜਖੜਾਉਂਦੇ ਪੱਤੇ
                   
 
 
        ਉਹ ਸਰਦੀਆਂ ਦੀ ਇੱਕ ਸਵੇਰ ਸੀ। ਨੀਲਕਾਂਤ ਧੁੱਪ ਸੇਕਣ ਬਾਹਰ ਲਾਅਨ ਵਿਚ ਆ ਗਿਆ ਸੀ। ਡੇਵਿਡ ਨੇ ਲਾਅਨ ਵਿਚ ਬੈਂਤ ਦੀਆਂ ਕੁਰਸੀਆਂ ਅਤੇ ਸੈਂਟਰ ਟੇਬਲ ਲਾ ਦਿੱਤਾ ਸੀ। ਨੀਲਕਾਂਤ ਦੇ ਪਿਛਲੇ ਸਾਲਾਂ 'ਚ ਕਈ ਨੌਕਰ ਬਦਲ ਚੁੱਕੇ ਸਨ। ਨੌਕਰ ਦਾ ਨਾਮ ਚਾਹੇ ਜੋ ਵੀ ਹੋਵੇ, ਪਰ ਇਸ ਘਰ ਵਿੱਚ ਆ ਕੇ ਉਹਦਾ ਨਾਂ ਡੇਵਿਡ ਹੋ ਜਾਂਦਾ ਸੀ। ਘਰ 'ਚ ਵਰ੍ਹਿਆਂ ਤੋਂ ਜੋ ਲੋਕ ਫੋਨ ਕਰ ਰਹੇ ਸਨ, ਉਨ੍ਹਾਂ ਦਾ ਫੋਨ ਡੇਵਿਡ ਨਾਂ ਦਾ ਆਦਮੀ ਹੀ ਚੁਕਦਾ ਸੀ। ਇਸਲਈ ਨੀਲਕਾਂਤ ਦੇ ਕਈ ਮਿੱਤਰ ਉਸ ਨੂੰ ਕਹਿੰਦੇ ਵੀ ਸਨ- 'ਯਾਰ, ਡੇਵਿਡ ਤੇਰਾ ਬੜਾ ਪੁਰਾਣਾ ਸੇਵਕ ਹੈ।' ਨੀਲਕਾਂਤ ਸਿਰਫ਼ ਮੁਸਕਰਾ ਪੈਂਦਾ ਸੀ। 
      ਨੀਲਕਾਂਤ ਧੁੱਪ ਲਈ ਲਾਅਨ ਵਿੱਚ ਆ ਗਿਆ ਸੀ, ਹਾਲਾਂਕਿ ਅੱਜ ਧੁੱਪ ਨਹੀਂ ਸੀ। ਉਸੇ ਵੇਲੇ ਉਸਨੂੰ ਬਾਹਰਲਾ ਗੇਟ ਖੁੱਲ੍ਹਣ ਦੀ ਆਵਾਜ਼ ਆਈ। ਕੁਝ ਦੇਰ ਬਾਅਦ ਇੱਕ ਆਦਮੀ ਉਹਦੇ ਸਾਹਮਣੇ ਖੜ੍ਹਾ ਸੀ। ਨੀਲਕਾਂਤ ਨੇ ਉਹਨੂੰ ਆਪਣੇ ਸਾਹਮਣੇ ਪਈ ਬੈਂਤ ਦੀ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ। ਉਹ ਬਹਿ ਗਿਆ। ਨੀਲਕਾਂਤ ਉਹਨੂੰ ਪਹਿਚਾਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਦੋਹਾਂ ਵਿੱਚ ਗੱਲਬਾਤ ਕੁਝ ਇਸ ਤਰ੍ਹਾਂ ਸ਼ੁਰੂ ਹੋਈ-
        "ਫੁਰਮਾਓ!"
        "ਤੁਸੀਂ ਹੀ ਨੀਲਕਾਂਤ ਜੀ ਹੋ?"
        "ਜੀ ਹਾਂ, ਮੈਂ ਹੀ ਨੀਲਕਾਂਤ ਹਾਂ।"
        "ਇਕ ਮੈਗਜ਼ੀਨ ਵਿੱਚ ਤੁਹਾਡੀ ਕਹਾਣੀ ਹੇਠਾਂ ਛਪਿਆ ਤੁਹਾਡਾ ਪਤਾ ਵੇਖਿਆ।" 
        ਨੀਲਕਾਂਤ ਨੂੰ ਲੱਗਿਆ ਕਿ ਇਹ ਕੋਈ ਪਾਠਕ ਹੈ ਜੋ ਉਹਦੀ ਕਹਾਣੀ ਪੜ੍ਹ ਕੇ ਉਹਦਾ ਫੈਨ ਹੋ ਗਿਆ ਅਤੇ ਘਰ ਮਿਲਣ ਆ ਗਿਆ। ਨੀਲਕਾਂਤ ਨੇ ਡੇਵਿਡ ਨੂੰ ਆਵਾਜ਼ ਦਿੱਤੀ ਅਤੇ ਚਾਹ ਦਾ ਆਰਡਰ ਕੀਤਾ। ਚਾਹ ਆਉਣ ਤੱਕ ਇਹ ਸਾਫ ਹੋ ਚੁੱਕਿਆ ਸੀ ਕਿ ਆਉਣ ਵਾਲਾ ਆਦਮੀ ਉਹਦਾ ਕੋਈ ਫੈਨ ਨਹੀਂ ਹੈ, ਸਗੋਂ ਉਹ ਤਾਂ ਨੀਲਕਾਂਤ ਦੀ ਬੀਤੀ ਜ਼ਿੰਦਗੀ ਦੀ ਕਿਤਾਬ ਦੇ ਕੁਝ ਪੰਨੇ ਆਪਣੇ ਨਾਲ ਲੈ ਕੇ ਆਇਆ ਸੀ।
       "ਕਿਹੋ ਜਿਹੀ ਲੱਗੀ ਤੁਹਾਨੂੰ ਕਹਾਣੀ?" ਨੀਲਕਾਂਤ ਨੇ ਪੁੱਛਿਆ।
      "ਜੀ, ਕਹਾਣੀ ਤਾਂ ਮੈਂ ਅਜੇ ਪੜ੍ਹੀ ਨਹੀਂ।"
      "ਫੇਰ?"
      "ਦਰਅਸਲ ਗੱਲ ਇਹ ਹੈ ਕਿ ਮੇਰਾ ਨਾਮ ਅਭੈ ਬੈਨਰਜੀ ਹੈ ਅਤੇ ਮੈਂ ਇੰਡੀਅਨ ਬੈਂਕ ਵਿੱਚ ਅਸਿਸਟੈਂਟ ਮੈਨੇਜਰ ਹਾਂ।"
     "ਤਾਂ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?"
     "ਤੁਸੀਂ ਸਾਡੇ ਬੈਂਕ ਵਿੱਚ ਵੀਹ ਸਾਲ ਪਹਿਲਾਂ ਇਕ ਲਾਕਰ ਲਿਆ ਸੀ। ਅੱਜ ਤੱਕ ਤੁਸੀਂ ਇੱਕ ਵਾਰ ਵੀ ਉਹਨੂੰ ਆਪਰੇਟ ਨਹੀਂ ਕੀਤਾ ਅਤੇ ਨਾ ਹੀ ਉਹਦਾ ਕਿਰਾਇਆ ਜਮ੍ਹਾ ਕਰਵਾਇਆ ਹੈ।"
     "ਓਹ!" ਨੀਲਕਾਂਤ ਦੇ ਮੂੰਹੋਂ ਨਿਕਲਿਆ। ਅਚਾਨਕ ਸਰਦ ਹਵਾ ਦਾ ਇੱਕ ਝੋਂਕਾ ਆਇਆ ਅਤੇ ਉਸ ਦੇ ਸਰੀਰ ਵਿੱਚ ਝੁਣਝੁਣੀ ਜਿਹੀ ਦੌੜ ਗਈ।
     ਉਸ ਆਦਮੀ ਦੀ ਆਵਾਜ਼ ਸੁਣੀ ਤਾਂ ਜਿਵੇਂ ਵਕਤ ਦੀਆਂ ਤਹਿਆਂ ਨੂੰ ਲੰਘਦਿਆਂ ਨੀਲਕਾਂਤ ਨੀਂਦ 'ਚੋਂ ਜਾਗਿਆ। ਵੀਹ ਸਾਲ ਪਿੱਛੋਂ ਜਿਵੇਂ ਅੱਖਾਂ ਖੁੱਲ੍ਹੀਆਂ ਹੋਣ। ਉਹ ਆਦਮੀ ਬੋਲੀ ਜਾ ਰਿਹਾ ਸੀ- "ਬੈਂਕ ਵਿੱਚ ਤੁਸੀਂ ਜੋ ਪਤਾ ਦਿੱਤਾ ਸੀ, ਉਹ ਬਦਲ ਗਿਆ ਸੀ। ਤੁਹਾਡਾ ਨਵਾਂ ਪਤਾ ਕਿਤੋਂ ਵੀ ਨਹੀਂ ਮਿਲਿਆ। ਅਚਾਨਕ ਮੈਗਜ਼ੀਨ ਵਿੱਚ ਛਪੀ ਕਹਾਣੀ ਨਾਲ ਤੁਹਾਡਾ ਪਤਾ ਵੇਖਿਆ। ਮੈਗਜ਼ੀਨ ਵਿਚ ਤੁਹਾਡਾ ਮੋਬਾਈਲ ਨੰਬਰ ਵੀ ਸੀ, ਪਰ ਮੈਂ ਸੋਚਿਆ ਤੁਹਾਡੇ ਨਾਲ ਮੁਲਾਕਾਤ ਵੀ ਹੋ ਜਾਵੇਗੀ, ਇਸ ਲਈ ਆ ਗਿਆ।"  
       ਅਚਾਨਕ ਨੀਲਕਾਂਤ ਦੀ ਇੱਛਾ ਹੋਈ। ਉਹਨੇ ਪੁੱਛਿਆ- "ਨੀਲਕਾਂਤ ਤਾਂ ਦੁਨੀਆਂ ਵਿਚ ਬਹੁਤ ਹੋਣਗੇ। ਤੁਹਾਨੂੰ ਇਹ ਕਿਵੇਂ ਪਤਾ ਲੱਗਿਆ ਕਿ ਮੈਂ ਹੀ ਉਹ ਨੀਲਕਾਂਤ ਹਾਂ, ਜਿਸ ਦੀ ਤੁਹਾਨੂੰ ਤਲਾਸ਼ ਸੀ।"
     "ਬਸ, ਐਵੇਂ ਹੀ ਹਨੇਰੇ ਵਿੱਚ ਤੀਰ ਮਾਰ ਲਿਆ।"
     "ਤੀਰ ਤਾਂ ਤੁਹਾਡਾ ਸਹੀ ਥਾਂ ਲੱਗ ਚੁੱਕਿਆ ਹੈ। ਹੁਣ ਤੁਸੀਂ ਦੱਸੋ, ਮੈਂ ਕੀ ਕਰਨਾ ਹੈ?"
     "ਕੁਝ ਨਹੀਂ, ਤੁਸੀਂ ਲਾਕਰ ਦਾ ਕਿਰਾਇਆ ਜਮ੍ਹਾਂ ਕਰਵਾ ਦਿਓ।"
    "ਠੀਕ ਹੈ, ਤੁਸੀਂ ਦੱਸੋ, ਕਿੰਨੇ ਪੈਸੇ ਦੇਣੇ ਹਨ, ਮੈਂ ਜਮ੍ਹਾਂ ਕਰਵਾ ਦੇਵਾਂਗਾ।" 
    "ਤੁਹਾਡੇ ਕੋਲ ਲਾਕਰ ਦੀ ਚਾਬੀ ਤਾਂ ਹੋਵੇਗੀ?"
    "ਚਾਬੀ? ਹੁਣ ਚਾਬੀ ਕਿੱਥੇ?"
    ਨੀਲਕਾਂਤ ਸੋਚ ਰਿਹਾ ਸੀ, 'ਕਾਸ਼! ਕੋਈ ਅਜਿਹੀ ਚਾਬੀ ਹੁੰਦੀ, ਜਿਸ ਨਾਲ ਬੀਤੇ ਹੋਏ ਵਕਤ ਦੇ ਦਰਵਾਜ਼ੇ ਖੋਲ੍ਹੇ ਜਾ ਸਕਦੇ!'
    "ਤਾਂ ਫਿਰ ਲਾਕਰ ਦਾ ਤਾਲਾ ਤੋੜਨਾ ਪਵੇਗਾ। ਉਹਦੇ ਪੈਸੇ ਤੁਹਾਨੂੰ ਵੱਖਰੇ ਦੇਣੇ ਪੈਣਗੇ।"
    "ਠੀਕ ਹੈ, ਉਹ ਵੀ ਦੇ ਦੇਵਾਂਗਾ।"
    "ਜਦੋਂ ਲਾਕਰ ਤੋੜਿਆ ਜਾਵੇਗਾ, ਤਾਂ ਮੈਂ ਤੁਹਾਨੂੰ ਸੂਚਿਤ ਕਰ ਦੇਵਾਂਗਾ। ਉਸ ਵੇਲੇ ਤੁਹਾਨੂੰ ਮੌਜੂਦ ਰਹਿਣਾ ਪਵੇਗਾ।"
    "ਲਾਕਰ ਵਿਚ ਕੋਈ ਸਮਾਨ ਨਹੀਂ ਹੈ। ਉਹ ਖਾਲੀ ਪਿਆ ਹੈ। ਜਦੋਂ ਤੁਸੀਂ ਚਾਹੋ, ਤੋੜ ਸਕਦੇ ਹੋ। ਮੇਰਾ ਉੱਥੇ ਮੌਜੂਦ ਰਹਿਣਾ ਕੋਈ ਜ਼ਰੂਰੀ ਨਹੀਂ ਹੈ। ਮੈਂ ਲਿਖ ਕੇ ਦੇ ਦੇਵਾਂਗਾ।"
    "ਨਹੀਂ, ਨਿਯਮਾਂ ਮੁਤਾਬਕ ਤੁਹਾਨੂੰ ਉੱਥੇ ਹੋਣਾ ਹੀ ਚਾਹੀਦਾ ਹੈ।"
    ਨੀਲਕਾਂਤ ਸੋਚਣ ਲੱਗਿਆ- ਬੈਂਕ ਦੇ ਲਾਕਰ ਵਿੱਚ ਲੋਕ ਪਤਾ ਨਹੀਂ ਕੀ-ਕੀ ਰੱਖਦੇ ਨੇ। ਜ਼ੇਵਰਾਤ ਰੱਖਦੇ ਨੇ, ਨੋਟਾਂ ਦੀਆਂ ਗੱਡੀਆਂ ਵੀ ਰੱਖਦੇ ਹੋਣਗੇ। ਪਰ ਮੇਰੇ ਲਾਕਰ ਵਿੱਚ ਕੀ ਸੀ? ਕੁਝ ਵੀ ਤਾਂ ਨਹੀਂ। ਸਨ ਤਾਂ ਕੇਵਲ ਸੁਪਨੇ। ਕਈ ਵਾਰ ਸੁਪਨਿਆਂ ਦੇ ਟੁੱਟਣ ਦੀ ਆਵਾਜ਼ ਵੀ ਸੁਣਾਈ ਨਹੀਂ ਦਿੰਦੀ ਅਤੇ ਇਸ ਸੁਪਨੇ ਦੀ ਤਾਂ ਆਉਂਦੀ ਵੀ ਕਿਵੇਂ! ਉਹ ਤਾਂ ਲਾਕਰ ਦੀ ਹਨੇਰੀ ਗੁਫ਼ਾ ਵਿਚ ਕੈਦ ਹੋ ਕੇ ਰਹਿ ਗਿਆ ਸੀ। ਨੀਲਕਾਂਤ ਨੂੰ ਲੱਗਿਆ ਕਿ ਹੁਣ ਜਦੋਂ ਲਾਕਰ ਟੁੱਟੇਗਾ, ਤਾਂ ਉਹ ਵੀਹ ਸਾਲ ਬਾਅਦ ਆਪਣੇ ਸੁਪਨੇ ਟੁੱਟਣ ਦੀ ਆਵਾਜ਼ ਸੁਣੇਗਾ। ਇਹਦੇ ਲਈ ਜਿਵੇਂ ਉਹ ਆਪਣੇ ਆਪ ਨੂੰ ਤਿਆਰ ਕਰਨ ਲੱਗਿਆ। ਨੀਲਕਾਂਤ ਨੇ ਮੈਨੇਜਰ ਦੇ ਦੱਸੇ ਅਨੁਸਾਰ ਚੈੱਕ ਕੱਟ ਕੇ ਦੇ ਦਿੱਤਾ ਅਤੇ ਕਿਹਾ- "ਠੀਕ ਹੈ, ਤੁਸੀਂ ਦੱਸ ਦੇਣਾ ਕਿ ਕਦੋਂ ਤੋੜੋਗੇ ਲਾਕਰ। ਮੈਂ ਆ ਜਾਵਾਂਗਾ।"
     ਇਹਦੇ ਨਾਲ ਹੀ ਉਹ ਆਦਮੀ ਚਲਾ ਗਿਆ, ਪਰ ਦਿਲ ਅਤੇ ਦਿਮਾਗ਼ ਵਿੱਚ ਇੱਕ ਤੂਫ਼ਾਨ ਜਿਹਾ ਖੜ੍ਹਾ ਕਰ ਗਿਆ। ਜੋ ਤੂਫ਼ਾਨ ਕਦੋਂ ਦਾ ਗੁਜ਼ਰ ਚੁੱਕਿਆ ਸੀ, ਜਿਸ ਨੂੰ ਨੀਲਕਾਂਤ ਪਤਾ ਨਹੀਂ ਕਿੱਥੇ ਪਿੱਛੇ ਛੱਡ ਆਇਆ ਸੀ, ਉਹਨੂੰ ਉਹ ਘਰ ਦੇ ਲਾਅਨ ਵਿੱਚ ਫਿਰ ਛੱਡ ਕੇ ਚਲਾ ਗਿਆ ਸੀ। ਉਹਨੂੰ ਲੱਗਿਆ ਉਹ ਬੀਤਿਆ ਸੁਪਨਾ ਹੁਣ ਫਿਰ ਤੋਂ ਲਾਅਨ ਦੇ ਪੱਤਿਆਂ ਵਿਚ ਸਰਸਰਾਹਟ ਕਰਦਾ ਇਧਰੋਂ ਉਧਰ ਦੌੜ ਰਿਹਾ ਹੈ। ਵੀਹ ਸਾਲ ਵਿੱਚ ਪਤਾ ਨਹੀਂ ਰਾਮਗੜ੍ਹ ਬੰਨ੍ਹ ਦਾ ਕਿੰਨਾ ਪਾਣੀ ਵਹਿ ਗਿਆ।
     ਨੀਲਕਾਂਤ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਬਣ ਚੁੱਕਿਆ ਸੀ। ਉਸ ਦਿਨ ਯੂਨੀਵਰਸਿਟੀ 'ਚ ਛੁੱਟੀ ਸੀ। ਸਾਰਾ ਦਿਨ ਉਹ ਬੇਚੈਨ ਜਿਹਾ ਰਿਹਾ ਅਤੇ ਕਿਸੇ ਕੰਮ ਵਿੱਚ ਜੀਅ ਨਹੀਂ ਲੱਗਿਆ। ਦੁਪਹਿਰ ਨੂੰ ਡੇਵਿਡ ਨੇ ਖਾਣਾ ਲਾਇਆ। ਨੀਲਕਾਂਤ ਦੁਪਹਿਰ ਦਾ ਖਾਣਾ ਖਾ ਕੇ ਆਪਣੀ ਇਕ ਅਧੂਰੀ ਕਹਾਣੀ ਲੈ ਕੇ ਬੈਠਾ, ਪਰ ਕੁਝ ਸ਼ਬਦ ਲਿਖਦੇ ਹੀ ਅਸਿਸਟੈਂਟ ਮੈਨੇਜਰ ਦੀ ਤਸਵੀਰ ਪੰਨਿਆਂ ਤੇ ਤੈਰਨ ਲੱਗਦੀ ਸੀ। ਨੀਲਕਾਂਤ ਤੋਂ ਹਿਸਾਬ ਮੰਗਦੇ ਹੋਏ। ਜ਼ਿੰਦਗੀ ਵਿੱਚ ਜਿਸ ਹਿਸਾਬ ਦੇ ਪੰਨੇ ਹੰਝੂਆਂ ਨਾਲ ਧੋਤੇ ਜਾ ਚੁੱਕੇ ਸਨ, ਉਸ ਹਿਸਾਬ ਦੀ ਮੰਗ ਉਹ ਹੁਣ ਕਰ ਰਿਹਾ ਸੀ।
****
      ਯੂਨੀਵਰਸਿਟੀ ਕੈਂਪਸ ਵਿੱਚ ਨੀਲਕਾਂਤ ਅਤੇ ਅੰਜਲੀ ਦੇ ਮਿਲਣ ਦੀਆਂ ਦੋ ਥਾਂ ਲਗਪਗ ਪੱਕੀਆਂ ਸਨ- ਇਕ ਤਾਂ ਸੈਂਟਰਲ ਲਾਇਬ੍ਰੇਰੀ ਅਤੇ ਦੂਜਾ ਸਪੋਰਟਸ ਕੰਪਲੈਕਸ ਦੇ ਨੇੜੇ ਪਿੱਪਲ ਦੇ ਇੱਕ ਵਿਸ਼ਾਲ ਅਤੇ ਸੰਘਣੇ ਰੁੱਖ ਦੀ ਛਾਂ। ਅਕਸਰ ਇਸ ਰੁੱਖ ਦੇ ਹੇਠਾਂ ਹੀ ਨੀਲਕਾਂਤ ਅਤੇ ਅੰਜਲੀ ਸੁਪਨੇ ਬੁਣਦੇ ਰਹਿੰਦੇ ਸਨ। ਇੱਕ ਦਿਨ ਉਹ ਇਸੇ ਦਰਖਤ ਦੇ ਹੇਠਾਂ ਬੈਠਾ ਸੀ। ਸਾਹਮਣੇ ਤੋਂ ਅੰਜਲੀ ਆਉਂਦੀ ਦਿਖਾਈ ਦਿੱਤੀ। ਉਹਦੇ ਹੱਥ ਵਿੱਚ ਗੁਲਾਬ ਦੇ ਫੁੱਲ ਸਨ। ਉਹ ਫੁੱਲ ਵੇਖ ਕੇ ਤ੍ਰਭਕਿਆ। ਉਦੋਂ ਹੀ ਨੇੜੇ ਆ ਕੇ ਅੰਜਲੀ ਨੇ ਨੀਲਕਾਂਤ ਦੇ ਹੱਥ ਵਿੱਚ ਫੁੱਲਾਂ ਦਾ ਗੁੱਛਾ ਫੜਾਇਆ ਅਤੇ ਕਿਹਾ- "ਹੈਪੀ ਬਰਥਡੇਅ।" ਨੀਲਕਾਂਤ ਮੂੰਹੋਂ ਇੰਨਾ ਹੀ ਨਿਕਲਿਆ- "ਮੈਂ ਤਾਂ ਭੁੱਲ ਹੀ ਗਿਆ ਸੀ।"
     "ਤੁਹਾਨੂੰ ਆਪਣਾ ਵੀ ਜਨਮਦਿਨ ਯਾਦ ਨਹੀਂ ਰਹਿੰਦਾ!"
     "ਮੈਨੂੰ ਜੀਵਨ ਵਿਚ ਅੱਜ ਪਹਿਲੀ ਵਾਰ ਕਿਸੇ ਨੇ ਜਨਮ ਦਿਨ ਤੇ ਵਿਸ਼ ਕੀਤਾ ਹੈ।" ਇਹ ਕਹਿੰਦਿਆਂ ਹੀ ਉਹਦੀਆਂ ਅੱਖਾਂ ਵਿਚ ਹੰਝੂ ਭਰ ਆਏ।
     ਅੰਜਲੀ ਹੱਸ ਪਈ- "ਇਉਂ ਕਿਉਂ ਕਹਿੰਦੇ ਹੋ? ਚਲੋ, ਅੱਜ ਤੁਹਾਡਾ ਜਨਮਦਿਨ ਮਨਾਵਾਂਗੇ।" 
     ਨੀਲਕਾਂਤ ਕੁਝ ਚੁੱਪ ਬੈਠਾ ਰਿਹਾ। ਫਿਰ ਅਚਾਨਕ ਉਹਦਾ ਧਿਆਨ ਗੁਲਾਬ ਦੇ ਫੁੱਲਾਂ ਦੀ ਗਿਣਤੀ ਤੇ ਗਿਆ। ਗੁੱਛੇ ਵਿੱਚ ਸਿਰਫ਼ ਚਾਰ ਗੁਲਾਬ ਸਨ। ਨੀਲਕਾਂਤ ਨੇ ਪੁੱਛਿਆ- "ਇਹ ਚਾਰ ਗੁਲਾਬ ਹੀ ਕਿਉਂ? ਘੱਟ ਵੱਧ ਵੀ ਹੋ ਸਕਦੇ ਸਨ?"  
     ਉਹ ਖਿੜਖਿੜਾ ਕੇ ਹੱਸੀ ਅਤੇ ਬੋਲੀ- "ਮੈਨੂੰ ਪਤਾ ਹੈ, ਤੁਹਾਨੂੰ ਚਾਰ ਦਾ ਅੰਕ ਪਸੰਦ ਹੈ, ਇਸ ਲਈ ਚਾਰ ਹੀ ਗੁਲਾਬ ਲੈ ਕੇ ਆਈ ਹਾਂ।"
     ਨੀਲਕਾਂਤ ਨੂੰ ਯਾਦ ਆਇਆ, ਚਾਰ ਦਾ ਅੰਕ ਪਤਾ ਨਹੀਂ ਕਿਵੇਂ ਉਹਦੇ ਨਾਲ ਆ ਕੇ ਚਿਪਕ ਗਿਆ ਸੀ। ਅੰਜਲੀ ਨੂੰ ਵੀ ਉਸਨੇ ਇਹੀ ਕਿਹਾ ਹੋਇਆ ਸੀ ਕਿ ਘਰ ਦੇ ਲੈਂਡਲਾਈਨ ਫੋਨ ਤੇ ਜਦੋਂ ਚਾਰ ਵਾਰ ਘੰਟੀ ਵੱਜ ਕੇ ਬੰਦ ਹੋ ਜਾਵੇ ਤਾਂ ਸਮਝ ਲਵੀਂ ਕਿ ਮੇਰਾ ਫ਼ੋਨ ਹੈ। ਚਾਰ ਘੰਟੀਆਂ ਸੁਣ ਕੇ ਉਹ ਫੋਨ ਦੇ ਕੋਲ ਆ ਕੇ ਬਹਿ ਜਾਂਦੀ ਸੀ। ਫਿਰ ਕੁਝ ਸਕਿੰਟਾਂ ਪਿੱਛੋਂ ਨੀਲਕਾਂਤ ਦੁਬਾਰਾ ਫੋਨ ਕਰਦਾ ਅਤੇ ਗੱਲ ਹੋ ਜਾਂਦੀ। ਉਹ ਸਿੱਕੇ ਵਾਲੇ ਪਬਲਿਕ ਬੂਥ ਤੋਂ ਫੋਨ ਕਰਿਆ ਕਰਦਾ ਸੀ। ਇਹ ਉਹ ਜ਼ਮਾਨਾ ਸੀ, ਜਦੋਂ ਮੋਬਾਇਲ ਫ਼ੋਨ ਨਹੀਂ ਆਇਆ ਸੀ।
     ਨੀਲਕਾਂਤ ਗੁਲਾਬ ਦੇ ਚਾਰ ਫੁੱਲਾਂ ਨੂੰ ਧਿਆਨ ਨਾਲ ਵੇਖ ਰਿਹਾ ਸੀ। ਸੁੰਘ ਰਿਹਾ ਸੀ। ਉਹਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ- "ਤੁਹਾਡਾ ਸਾਥ, ਸਾਥ ਫੁੱਲਾਂ ਦਾ!" ਉਹ ਮੁਸਕੁਰਾਈ। ਫਿਰ ਖਿੜਖਿੜਾਈ। ਫਿਰ ਅਚਾਨਕ ਬੋਲੀ- "ਚਲੋ, ਅੱਜ ਆਊਟਿੰਗ ਤੇ ਚਲਦੇ ਹਾਂ!"
     ਨੀਲਕਾਂਤ ਨੇ ਕਿਹਾ- "ਆਊਟਿੰਗ ਤੇ? ਕਿਵੇਂ ਚੱਲਾਂਗੇ? ਬੱਸ ਰਾਹੀਂ?"
     ਉਹ ਜ਼ੋਰ ਨਾਲ਼ ਹੱਸੀ- "ਓ ਯਾਰ, ਆਊਟਿੰਗ ਬੱਸ ਰਾਹੀਂ ਥੋੜ੍ਹਾ ਹੁੰਦੀ ਹੈ!"
     "ਤਾਂ ਫਿਰ, ਮੇਰੇ ਕੋਲ ਤਾਂ ਸਾਈਕਲ ਵੀ ਨਹੀਂ ਹੈ!"
     "ਮੇਰੀ ਹੁਣ ਕਲਾਸ ਹੈ। ਮੈਂ ਅਟੈਂਡ ਕਰ ਕੇ ਆਉਂਦੀ ਹਾਂ। ਫਿਰ ਸੋਚਦੇ ਹਾਂ।"
     "ਠੀਕ ਹੈ।" ਨੀਲਕਾਂਤ ਨੇ ਕਿਹਾ।
      ਅਤੇ ਉਹ ਚਲੀ ਗਈ। ਨੀਲਕਾਂਤ ਹਿੰਦੀ ਵਿੱਚ ਐਮ ਏ ਕਰ ਰਿਹਾ ਸੀ ਅਤੇ ਅੰਜਲੀ ਅੰਗਰੇਜ਼ੀ ਵਿੱਚ ਐਮ ਏ ਕਰ ਰਹੀ ਸੀ। ਦੋਵੇਂ ਫਾਈਨਲ ਈਅਰ ਵਿੱਚ ਸਨ। ਅੰਜਲੀ ਚਲੀ ਗਈ, ਤਾਂ ਨੀਲਕਾਂਤ ਨੂੰ ਲੱਗਿਆ ਜਿਵੇਂ ਹੁਣੇ-ਹੁਣੇ ਇੱਕ ਖੁਸ਼ਬੋ ਉਹਦੇ ਕੋਲ ਹਵਾ ਵਿੱਚ ਤੈਰ ਰਹੀ ਸੀ, ਜੋ ਹੁਣ ਦੂਰ ਜਾ ਚੁੱਕੀ ਹੈ। ਹਵਾਵਾਂ ਨੀਲਕਾਂਤ ਨੂੰ ਉਡਾ ਕੇ ਉਹਦੇ ਪਿੰਡ ਲੈ ਗਈਆਂ, ਜਿੱਥੇ ਉਹਦੀ ਮਾਂ ਗਾਵਾਂ-ਮੱਝਾਂ ਦੇ ਚਾਰੇ ਤੋਂ ਲੈ ਕੇ ਗੋਹਾ ਤੱਕ ਸੰਭਾਲਦੀ ਸੀ। ਵੱਡਾ ਭਰਾ ਪੜ੍ਹ ਨਹੀਂ ਸੀ ਸਕਿਆ, ਜੋ ਪਿਤਾ ਜੀ ਨਾਲ ਖੇਤੀ ਵਿੱਚ ਮਦਦ ਕਰਦਾ ਸੀ। ਖੇਤੀ ਘੱਟ ਸੀ। ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਸੀ। ਉਨ੍ਹਾਂ ਦੀ ਉਮੀਦ ਨੀਲਕਾਂਤ ਤੇ ਟਿਕੀ ਸੀ ਕਿ ਪੜ੍ਹ-ਲਿਖ ਕੇ ਉਹ ਕੁਝ ਬਣ ਜਾਵੇ ਤਾਂ ਉਨ੍ਹਾਂ ਦੀ ਮਦਦ ਕਰੇ। ਨੀਲਕਾਂਤ ਸੋਚ ਰਿਹਾ ਸੀ- 'ਕਿੱਥੇ ਗੋਹਾ, ਪਾਥੀਆਂ, ਗਾਂ, ਮੱਝ, ਖੇਤ ਅਤੇ ਕਿੱਥੇ ਅੰਜਲੀ ਵਰਗਾ ਗੁਲਾਬ ਦਾ ਫੁੱਲ! ਕੀ ਇਹ ਗੁਲਾਬ ਦਾ ਫੁੱਲ ਉਥੇ ਖਿੜ ਸਕੇਗਾ?' ਫਿਰ ਖ਼ੁਦ ਨੂੰ ਤਸੱਲੀ ਦਿੰਦਾ- 'ਮੈਂ ਕਿਹੜਾ ਹੁਣ ਪਿੰਡ ਜਾਵਾਂਗਾ। ਇੱਥੇ ਹੀ ਸ਼ਹਿਰ ਵਿੱਚ ਕੋਈ ਛੋਟੀ ਜਿਹੀ ਕੁਟੀਆ ਬਣਾਵਾਂਗਾ। ਫੁੱਲਾਂ ਦਾ ਬਗੀਚਾ ਸਜਾਵਾਂਗਾ।' ਉਹ ਅਜਿਹੇ ਹੀ ਖਿਆਲਾਂ ਵਿੱਚ ਡੁੱਬਿਆ ਰਿਹਾ ਅਤੇ ਰੁੱਖ ਦੀ ਠੰਢੀ ਛਾਂ ਵਿੱਚ ਪਤਾ ਨਹੀਂ ਕਦੋਂ ਉਹਦੀ ਅੱਖ ਲੱਗ ਗਈ। ਉਹ ਉੱਥੇ ਹੀ ਰੁੱਖ ਹੇਠਾਂ ਘਾਹ ਤੇ ਸੌਂ ਗਿਆ। ਪਿੱਛੋਂ ਅੰਜਲੀ ਨੇ ਆ ਕੇ ਉਹਨੂੰ ਜਗਾਇਆ। ਅੰਜਲੀ ਦੇ ਨਾਲ ਇਕ ਮੁੰਡਾ ਹੋਰ ਸੀ। ਅੰਜਲੀ ਨੇ ਉਹਦੀ ਜਾਣ-ਪਛਾਣ ਕਰਵਾਈ- "ਇਹ ਮੇਰਾ ਕਲਾਸਮੇਟ ਹੈ- ਰੂਪੇਸ਼। ਆਪਾਂ ਰੂਪੇਸ਼ ਦੀ ਕਾਰ 'ਤੇ ਰਾਮਗਡ਼੍ਹ ਬੰਨ੍ਹ ਤੱਕ ਚੱਲਾਂਗੇ ਅਤੇ ਓਥੇ ਜਨਮਦਿਨ ਸੈਲੀਬ੍ਰੇਟ ਕਰਾਂਗੇ।"
     ਨੀਲਕਾਂਤ ਨੇ ਕਿਹਾ- "ਬਈ, ਇੰਨਾਂ ਸਭ ਕਰਨ ਦੀ ਕੀ ਲੋੜ ਹੈ? ਯੂਨੀਵਰਸਿਟੀ ਦਾ ਕੈਂਪਸ ਵੇਖੋ, ਕਿੰਨਾ ਹਰਾ-ਭਰਾ ਹੈ। ਇੱਥੇ ਹੀ ਕਿਤੇ ਕਿਸੇ ਰੁੱਖ ਹੇਠਾਂ ਬਹਿ ਕੇ ਸੈਲੀਬ੍ਰੇਟ ਕਰ ਲੈਂਦੇ ਹਾਂ। ਮੈਂ ਖਾਣ ਲਈ ਕੁਝ ਲੈ ਆਉਂਦਾ ਹਾਂ।"  
    "ਬਈ, ਨਹੀਂ ਯਾਰ ਨੀਲ!" ਅੰਜਲੀ ਬੋਲੀ- "ਤੂੰ ਬਸ ਖੜ੍ਹਾ ਹੋ ਜਾ। ਤੈਨੂੰ ਕੁਝ ਕਰਨ ਦੀ ਲੋੜ ਨਹੀਂ।" 
    ਨੀਲਕਾਂਤ ਉਨ੍ਹਾਂ ਦੇ ਨਾਲ ਚੱਲ ਪਿਆ। ਨੇੜੇ ਹੀ ਰੂਪੇਸ਼ ਦੀ ਫੀਏਟ ਕਾਰ ਖੜ੍ਹੀ ਸੀ। ਤਿੰਨੇ ਉਸ ਵਿੱਚ ਬੈਠ ਕੇ ਚੱਲ ਪਏ। ਕਾਰ ਦੀ ਨੀਲਕਾਂਤ ਵਾਲੇ ਪਾਸੇ ਦੀ ਖਿੜਕੀ ਚੰਗੀ ਤਰ੍ਹਾਂ ਬੰਦ ਨਹੀਂ ਸੀ ਹੋਈ। ਰੂਪੇਸ਼ ਨੇ ਗੱਡੀ ਰੋਕ ਕੇ ਉਸ ਨੂੰ ਠੀਕ ਤਰੀਕੇ ਨਾਲ ਬੰਦ ਕੀਤਾ। ਅੰਜਲੀ ਮੂਹਰੇ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ਤੇ ਬੈਠੀ ਸੀ ਅਤੇ ਨੀਲਕਾਂਤ ਪਿੱਛੇ। ਰੂਪੇਸ਼ ਕਾਰ ਚਲਾ ਰਿਹਾ ਸੀ। ਰਾਹ ਵਿਚ ਬਜ਼ਾਰ ਆਇਆ ਤਾਂ ਰੂਪੇਸ਼ ਨੇ ਕਾਰ ਰੋਕੀ। ਅੰਜਲੀ ਕਾਰ ਤੋਂ ਉਤਰ ਕੇ ਗਈ। ਵਾਪਸ ਆਈ ਤਾਂ ਉਹਦੇ ਹੱਥ ਵਿਚ ਕੇਕ ਸੀ। ਕੋਲਡ ਡਰਿੰਕ ਸੀ। 
     ਪਿਛਲੇ ਇਕ ਸਾਲ ਤੋਂ ਨੀਲਕਾਂਤ ਅਤੇ ਅੰਜਲੀ ਦੋਵੇਂ ਹਮੇਸ਼ਾ ਇਕੱਲੇ ਹੀ ਮਿਲਿਆ ਕਰਦੇ ਸਨ। ਅੱਜ ਪਹਿਲਾ ਮੌਕਾ ਸੀ ਜਦੋਂ ਇੱਕ ਅਣਜਾਣ ਲੜਕਾ ਵੀ ਉਨ੍ਹਾਂ ਦੇ ਨਾਲ ਸੀ। ਨੀਲਕਾਂਤ ਸੰਕੋਚ ਕਰ ਰਿਹਾ ਸੀ। ਜਦਕਿ ਅੰਜਲੀ ਨੂੰ ਇਸ ਨਾਲ ਜਿਵੇਂ ਕੋਈ ਫ਼ਰਕ ਹੀ ਨਹੀਂ ਸੀ ਪੈ ਰਿਹਾ। ਉਹ ਹਮੇਸ਼ਾ ਵਾਂਗ ਖਿੜਖਿੜਾ ਰਹੀ ਸੀ। ਰਾਹ ਵਿਚ ਰੂਪੇਸ਼ ਨੇ ਇਕ ਵਾਰ ਫਿਰ ਕਾਰ ਰੋਕੀ। ਇਸ ਵਾਰੀ ਉਹ ਗੱਤੇ ਦੇ ਇੱਕ ਡੱਬੇ ਵਿਚ ਬੀਅਰ ਦੀਆਂ ਬੋਤਲਾਂ ਲੈ ਕੇ ਆਇਆ, ਜੋ ਪਿੱਛੇ ਦੀ ਸੀਟ ਤੇ ਨੀਲਕਾਂਤ ਦੇ ਨੇੜੇ ਉਸ ਨੇ ਰੱਖ ਦਿੱਤੀਆਂ। ਉਹ ਇੱਕ ਵਾਰ ਫੇਰ ਦੁਕਾਨਾਂ ਵੱਲ ਗਿਆ। ਇਸ ਵਾਰ ਉਹ ਖਾਣ ਲਈ ਕੁਝ ਪੈਕੇਟ ਲੈ ਕੇ ਆਇਆ ਅਤੇ ਉਨ੍ਹਾਂ ਨੂੰ ਨੀਲਕਾਂਤ ਦੇ ਨੇਡ਼ੇ ਦੀ ਸੀਟ ਤੇ ਰੱਖਦਿਆਂ ਹੋਇਆਂ ਬੋਲਿਆ- "ਲਓ ਨੀਲਕਾਂਤ ਜੀ, ਹੋ ਗਈ ਤੁਹਾਡੇ ਜਸ਼ਨ ਦੀ ਤਿਆਰੀ।"
    "ਓਹ!" ਨੀਲਕਾਂਤ ਦੇ ਮੂੰਹੋਂ ਸਿਰਫ਼ ਇੰਨਾ ਹੀ ਨਿਕਲਿਆ।
     ਕਾਰ ਫਿਰ ਸੜਕ ਤੇ ਦੌੜ ਪਈ। ਅੱਗੇ ਬੈਠੀ ਅੰਜਲੀ ਨੇ ਜੀਨਜ਼ ਨਾਲ ਲਾਲ ਗੂੜ੍ਹੇ ਰੰਗ ਦਾ ਟੌਪ ਪਹਿਨਿਆ ਹੋਇਆ ਸੀ। ਖਿੜਕੀ ਤੋਂ ਆਉਂਦੀ ਹਵਾ ਨਾਲ ਉਹਦੇ ਕਾਲੇ ਵਾਲ ਉੱਡ ਕੇ ਪਿੱਛੇ ਆਉਂਦੇ ਤਾਂ ਨੀਲਕਾਂਤ ਦੀ ਇੱਛਾ ਹੁੰਦੀ ਕਿ ਉਹ ਇਨ੍ਹਾਂ ਕਾਲੀਆਂ ਘਟਾਵਾਂ ਨੂੰ ਚੁੰਮ ਲਵੇ!
     ਰੂਪੇਸ਼ ਨੇ ਵੀ ਨੀਲੀ ਸ਼ਰਟ ਨਾਲ ਜੀਨਜ਼ ਪਹਿਨੀ ਹੋਈ ਸੀ। ਨੀਲਕਾਂਤ ਤਾਂ ਪੈਂਟ ਸ਼ਰਟ ਵਿਚ ਹੀ ਸੀ। ਨੀਲਕਾਂਤ ਮਨ ਹੀ ਮਨ ਇਕ ਕਵਿਤਾ ਜੋੜਨ ਲੱਗਿਆ: 
ਤਿੰਨ ਚੀਜ਼ਾਂ ਸਫ਼ਰ ਕਰ ਰਹੀਆਂ ਸਨ ਕਾਰ ਵਿੱਚ 
ਦੋ ਜੀਨਜ਼ ਅਤੇ ਇੱਕ ਪੈਂਟ 
ਲਾਲ ਸੂਰਜ ਨੂੰ ਜਦੋਂ-ਜਦੋਂ 
ਢਕ ਲੈਂਦੀਆਂ ਸਨ ਕਾਲੀਆਂ ਘਟਾਵਾਂ
ਮੈਂ ਦੌੜ ਰਿਹਾ ਸਾਂ
ਬੱਦਲਾਂ ਨੂੰ ਫੜਨ 
ਘਟਾਵਾਂ ਨੂੰ ਚੁੰਮਣ!
      ਕੁਝ ਹੀ ਸਮੇਂ ਵਿੱਚ ਕਾਰ ਰਾਮਗਡ਼੍ਹ ਪੁਲ਼ ਤੇ ਜਾ ਪਹੁੰਚੀ। ਇਹ ਉਹ ਸਮਾਂ ਸੀ ਜਦੋਂ ਰਾਮਗਡ਼੍ਹ ਬੰਨ੍ਹ ਵਿਚ ਦੂਰ ਤਕ ਪਾਣੀ ਹੀ ਪਾਣੀ ਨਜ਼ਰ ਆਉਂਦਾ ਸੀ। ਇਕ ਪਾਸੇ ਹਰਾ-ਭਰਾ ਪਹਾੜ ਅਤੇ ਹੇਠਾਂ ਝੀਲ ਵਿਚ ਲਹਿਰਾਉਂਦਾ ਨੀਲਾ ਪਾਣੀ ਦਿਲਕਸ਼ ਨਜ਼ਾਰਾ ਪੇਸ਼ ਕਰ ਰਿਹਾ ਸੀ। ਰੂਪੇਸ਼ ਕਾਰ ਦੀ ਡਿੱਗੀ 'ਚੋਂ ਇਕ ਦਰੀ ਕੱਢ ਕੇ ਲਿਆਇਆ, ਜਿਸਨੂੰ ਵਿਛਾ ਕੇ ਸਾਰੇ ਪੁਲ 'ਤੇ ਬਹਿ ਗਏ। ਬੀਅਰ ਦੀਆਂ ਬੋਤਲਾਂ ਬਾਹਰ ਕੱਢੀਆਂ ਗਈਆਂ। ਨੀਲਕਾਂਤ ਨੇ ਕਿਹਾ- "ਮੈਂ ਨਹੀਂ ਪੀਵਾਂਗਾ।"
     "ਕਿਉਂ?" ਅੰਜਲੀ ਨੇ ਪੁੱਛਿਆ। "ਤੂੰ ਪੀਂਦਾ ਤਾਂ ਹੈਂ।"
     "ਹਾਂ, ਪਰ ਅੱਜ ਮਨ ਨਹੀਂ ਕਰਦਾ।"
     "ਮਨ ਕੀ ਹੁੰਦਾ ਹੈ? ਪੀ ਲੈ। ਰੂਪੇਸ਼ ਤੇਰਾ ਸਾਥ ਦੇਵੇਗਾ। ਮੈਂ ਆਪਣੇ ਲਈ ਕੋਲਡ ਡਰਿੰਕ ਲੈ ਕੇ ਆਈ ਆਂ।" 
      ਕੇਕ ਕੱਟਿਆ ਗਿਆ। ਅੰਜਲੀ ਅਤੇ ਰੂਪੇਸ਼ ਨੇ ਤਾੜੀਆਂ ਵਜਾ ਕੇ 'ਹੈਪੀ ਬਰਥਡੇ ਟੂ ਯੂ' ਦਾ ਗੀਤ ਗਾਇਆ। ਪਤਾ ਨਹੀਂ ਕਿਉਂ, ਇਹ ਸਭ ਨੀਲਕਾਂਤ ਨੂੰ ਬਨਾਉਟੀ ਜਿਹਾ ਲੱਗ ਰਿਹਾ ਸੀ। ਉਦੋਂ ਹੀ ਅੰਜਲੀ ਨੇ ਨੀਲਕਾਂਤ ਦੀਆਂ ਗੱਲ੍ਹਾਂ 'ਤੇ, ਮੱਥੇ 'ਤੇ ਕੇਕ ਮਲ਼ ਦਿੱਤਾ। ਤਾਂ ਉਸ ਨੂੰ ਬਹੁਤ ਮਜ਼ਾ ਆਇਆ। ਉਹਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਖਾਇਆ ਜਾਣ ਵਾਲਾ ਕੇਕ ਇਸ ਤਰ੍ਹਾਂ ਚਿਹਰੇ 'ਤੇ ਵੀ ਲਾਇਆ ਜਾਂਦਾ ਹੈ। ਉਹਨੂੰ ਲੱਗਿਆ ਜਿਵੇਂ ਅੰਜਲੀ ਨੇ ਹੋਲੀ ਖੇਡੀ ਹੋਵੇ। ਰੂਪੇਸ਼ ਨੇ ਵੀ ਨੀਲਕਾਂਤ ਨੂੰ ਆਪਣੇ ਹੱਥ ਨਾਲ ਕੇਕ ਖੁਆਇਆ।
      ਨੀਲਕਾਂਤ ਅਤੇ ਰੂਪੇਸ਼ ਨੇ 'ਚੀਅਰਜ਼' ਕੀਤਾ ਅਤੇ ਬੀਅਰ ਦਾ ਦੌਰ ਸ਼ੁਰੂ ਹੋ ਗਿਆ। ਅੰਜਲੀ ਨੇ ਕੋਲਡ ਡਰਿੰਕ ਨੂੰ ਹੀ ਟਕਰਾ ਕੇ ਚੀਅਰਜ਼ ਕੀਤਾ। ਗੱਪਸ਼ੱਪ ਸ਼ੁਰੂ ਹੋ ਗਈ।
****
      ਨੀਲਕਾਂਤ ਨੂੰ ਹੁਣ ਤਕ ਨਸ਼ਾ ਚੜ੍ਹ ਚੁੱਕਾ ਸੀ। ਨੀਲਕਾਂਤ ਦੀਆਂ ਅੱਖਾਂ ਵਿੱਚ ਹੰਝੂ ਛਲਕ ਪਏ ਅਤੇ ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਅੰਜਲੀ ਅਤੇ ਰੂਪੇਸ਼ ਤ੍ਰਭਕ ਗਏ। ਉਨ੍ਹਾਂ ਨੇ ਪੁੱਛਿਆ- "ਇਹ ਅਚਾਨਕ ਕੀ ਹੋ ਗਿਆ?" ਸ਼ਾਮ ਢਲ ਚੁੱਕੀ ਸੀ ਅਤੇ ਪੁਲ ਤੇ ਸੰਨਾਟੇ ਵਿੱਚ ਨੀਲਕਾਂਤ ਦਾ ਰੋਣਾ ਗੂੰਜ ਰਿਹਾ ਸੀ। ਸਹਿਜ ਹੋਣ ਵਿੱਚ ਉਹਨੂੰ ਕਾਫੀ ਵਕਤ ਲੱਗਿਆ। ਫਿਰ ਉਹਨੇ ਕਿਹਾ- "ਮੈਨੂੰ ਅੱਜ ਅਹਿਸਾਸ ਹੋਇਆ ਕਿ ਮੈਂ ਕਦੇ ਪੈਦਾ ਵੀ ਹੋਇਆ ਸਾਂ, ਨਹੀਂ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਤਾਂ ਇਉਂ ਹੀ ਅਸਮਾਨ ਤੋਂ ਟਪਕ ਪਿਆ ਸਾਂ।"
      ਮਾਹੌਲ ਕੁਝ ਸਮੇਂ ਲਈ ਗ਼ਮਗੀਨ ਜਿਹਾ ਹੋ ਗਿਆ ਸੀ। ਰੂਪੇਸ਼ ਸਮਾਨ ਸਮੇਟ ਕੇ ਕਾਰ ਵਿਚ ਰੱਖਣ ਲੱਗਿਆ।
      ਜਦੋਂ ਮੁੜਨ ਲੱਗੇ ਤਾਂ ਕਾਫੀ ਹਨੇਰਾ ਹੋ ਚੁੱਕਿਆ ਸੀ। ਪਿੱਛੇ ਦੀ ਸੀਟ ਤੇ ਬੈਠਾ ਨੀਲਕਾਂਤ ਲੜਖੜਾਉਂਦੀ ਆਵਾਜ਼ ਵਿੱਚ ਗਾ ਰਿਹਾ ਸੀ- "ਨਾਇਕ ਨਹੀਂ, ਖਲਨਾਇਕ ਹੂੰ ਮੈਂ...।" ਅੱਗੇ ਬੈਠੀ ਅੰਜਲੀ ਨੇ ਕਿਹਾ- "ਨੀਲ, ਕੀ ਹੋਇਆ?"
     "ਕੁਝ ਨਹੀਂ, ਐਵੇਂ ਹੀ ਗੁਣਗੁਣਾ ਰਿਹਾ ਹਾਂ। ਉਹਦੀ ਜ਼ੁਬਾਨ ਅਜੇ ਵੀ ਲੜਖੜਾ ਰਹੀ ਸੀ। ਬੋਲਿਆ- "ਮੈਂ ਤਾਂ ਨਾਇਕ ਵੀ ਨਹੀਂ ਹਾਂ, ਖਲਨਾਇਕ ਵੀ ਨਹੀਂ ਹਾਂ, ਪਤਾ ਨਹੀਂ ਕੀ ਹਾਂ?"
    "ਕੁਝ ਨਹੀਂ ਨੀਲ, ਤੂੰ ਚੰਗਾ ਭਲਾ ਆਦਮੀ ਹੈਂ।"
    "ਪਤਾ ਨਹੀਂ, ਮੈਂ ਆਦਮੀ ਦੀ ਜੂਨ ਵਿੱਚ ਹਾਂ ਵੀ ਜਾਂ ਨਹੀਂ। ਮੈਨੂੰ ਤਾਂ ਕੁਝ ਵੀ ਪਤਾ ਨਹੀਂ।" ਉਹ ਨੇ ਇਕ ਲੰਮੀ ਉਬਾਸੀ ਲਈ।
    "ਤੈਨੂੰ ਨੀਂਦ ਆ ਰਹੀ ਹੈ। ਕੁਝ ਚਿਰ ਪਿੱਛੇ ਦੀ ਸੀਟ ਤੇ ਸਿਰ ਟਿਕਾ ਕੇ ਸੌਂ ਜਾ। ਹੋਸਟਲ ਪਹੁੰਚ ਕੇ ਅਸੀਂ ਤੈਨੂੰ ਜਗਾ ਦੇਵਾਂਗੇ।"
     "ਚੰਗਾ!" ਉਹਨੇ ਇੰਨਾ ਹੀ ਕਿਹਾ ਅਤੇ ਪਿੱਛੇ ਢੋਅ ਲਾ ਕੇ ਪੈ ਗਿਆ। 
     ਹੋਸਟਲ ਪਹੁੰਚ ਕੇ ਰੂਪੇਸ਼ ਨੇ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਅਤੇ ਨੀਲਕਾਂਤ ਨੂੰ ਜਗਾਇਆ। ਉਹ ਉੱਠ ਕੇ ਕਾਰ ਤੋਂ ਬਾਹਰ ਨਿਕਲਿਆ ਤਾਂ ਉਸ ਤੋਂ ਠੀਕ ਤਰ੍ਹਾਂ ਨਾਲ ਖੜ੍ਹਾ ਵੀ ਨਹੀਂ ਹੋਇਆ ਸੀ ਜਾ ਰਿਹਾ। ਉਸਨੇ ਰੂਪੇਸ਼ ਤੇ ਮੋਢੇ 'ਤੇ ਹੱਥ ਰੱਖਿਆ ਅਤੇ ਕਿਹਾ- "ਅੱਛਾ ਖਲਨਾਇਕ ਭਾਈ, ਫਿਰ ਮਿਲਾਂਗੇ।" ਇਸ ਤੇ ਅੰਜਲੀ ਅਤੇ ਰੂਪੇਸ਼ ਦੋਵਾਂ ਨੂੰ ਹਾਸਾ ਆ ਗਿਆ। ਨੀਲਕਾਂਤ ਨੇ ਜਾਣ ਲਈ ਅੱਗੇ ਕਦਮ ਵਧਾਏ ਤਾਂ ਉਹ ਲੜਖੜਾ ਕੇ ਹੇਠਾਂ ਡਿੱਗਣ ਲੱਗਿਆ। ਨੇੜੇ ਹੀ ਅੰਜਲੀ ਖੜ੍ਹੀ ਸੀ। ਉਹਨੇ ਨੀਲਕਾਂਤ ਨੂੰ ਸੰਭਾਲਿਆ ਅਤੇ ਸਹਾਰਾ ਦੇ ਕੇ ਅੱਗੇ ਲਿਜਾਣ ਲੱਗੀ। ਉਦੋਂ ਹੀ ਸਾਹਮਣੇ ਤੋਂ ਇਕ ਮੁੰਡਾ ਆਇਆ। ਉਹਨੇ ਕਿਹਾ- "ਮੈਂ ਅਭਿਸ਼ੇਕ ਹਾਂ, ਇਹਦਾ ਰੂਮਮੇਟ। ਮੈਂ ਇਹਨੂੰ ਕਮਰੇ ਵਿੱਚ ਲੈ ਜਾਵਾਂਗਾ। ਤੁਸੀਂ ਨਿਸ਼ਚਿੰਤ ਰਹੋ। ਤੁਸੀਂ ਇਹਨੂੰ ਛੱਡ ਜਾਓ।" ਤਾਂ ਅੰਜਲੀ ਅਤੇ ਰੂਪੇਸ਼ ਵਾਪਸ ਮੁੜ ਗਏ।
      ਅਭਿਸ਼ੇਕ ਆਪਣੇ ਹੱਥਾਂ ਨਾਲ ਨੀਲਕਾਂਤ ਨੂੰ ਸਹਾਰਾ ਦੇ ਕੇ ਹੋਸਟਲ ਵੱਲ ਚੱਲ ਪਿਆ। ਉਹਨੇ ਰਾਹ ਵਿੱਚ ਨੀਲਕਾਂਤ ਤੋਂ ਪੁੱਛਿਆ- "ਕੌਣ ਸੀ ਇਹ?" ਇਸ ਤੇ ਨੀਲਕਾਂਤ ਚਲਦਾ-ਚਲਦਾ ਰੁਕ ਗਿਆ। ਉਹਨੇ ਅਭਿਸ਼ੇਕ ਦੀਆਂ ਅੱਖਾਂ ਵਿੱਚ ਘੂਰ ਕੇ ਵੇਖਿਆ ਅਤੇ ਚੀਕਿਆ- "ਓਏ, ਉਹਦੇ ਵੱਲ ਅੱਖ ਚੁੱਕ ਕੇ ਵੀ ਨਾ ਵੇਖੀਂ।"
     "ਠੀਕ ਹੈ, ਨਹੀਂ ਵੇਖਾਂਗਾ। ਤੂੰ ਚੱਲ।" ਅਭਿਸ਼ੇਕ ਨੇ ਕਿਹਾ ਅਤੇ ਨੀਲਕਾਂਤ ਨੂੰ ਆਪਣੇ ਮੋਢੇ ਨਾਲ ਸਹਾਰਾ ਦੇ ਕੇ ਲਗਪਗ ਉਹਨੂੰ ਘੜੀਸਦਾ ਹੋਇਆ ਚੱਲਦਾ ਰਿਹਾ।
****
     ਸਵੇਰੇ ਦੋਵੇਂ ਹੀ ਲੇਟ ਉੱਠੇ। ਸੂਰਜ ਕਾਫੀ ਚੜ੍ਹ ਆਇਆ ਸੀ, ਜਿਸ ਦੀਆਂ ਕਿਰਨਾਂ ਕਮਰੇ ਵਿੱਚ ਖਿੜਕੀ ਰਾਹੀਂ ਅੰਦਰ ਤੱਕ ਆ ਰਹੀਆਂ ਸਨ। 
      ਨੀਲਕਾਂਤ ਨੇ ਅਭਿਸ਼ੇਕ ਨੂੰ ਕਿਹਾ- "ਯਾਰ ਉੱਠਣ ਵਿੱਚ ਬੜੀ ਦੇਰ ਹੋ ਗਈ।"
     "ਦੇਰ ਤਾਂ ਹੋਣੀ ਹੀ ਸੀ। ਤੂੰ ਰਾਤ ਨੂੰ ਨਾ ਆਪ ਸੁੱਤਾ ਨਾ ਸੌਣ ਦਿੱਤਾ।"
      "ਕੀ ਕੀਤਾ ਮੈਂ?"
      "ਹੁਣ ਤੈਨੂੰ ਕੀ ਪਤਾ, ਤੂੰ ਕੀ ਕੀਤਾ। ਉਲਟੀ ਤੱਕ ਕਰ ਦਿੱਤੀ, ਜੀਹਨੂੰ ਮੈਂ ਸਾਫ਼ ਕੀਤਾ। ਕਿਸੇ 'ਖਲਨਾਇਕ ਦੇ ਬੱਚੇ' ਨੂੰ ਗਾਲ੍ਹਾਂ ਕੱਢਦਾ ਰਿਹਾ। ਲਗਾਤਾਰ ਬੁੜਬੁੜਾਉਂਦਾ ਰਿਹਾ। ਮੈਂ ਵੀ ਕਿਵੇਂ ਸੌਂਦਾ।"
     "ਸੌਰੀ ਯਾਰ, ਗਲਤੀ ਹੋ ਗਈ। ਹੁਣ ਨਹੀਂ ਹੋਵੇਗੀ। ਚੱਲ ਨ੍ਹਾ-ਧੋ ਕੇ ਤਿਆਰ ਹੋ ਜਾ।"  
     ਦੋਵੇਂ ਜਣੇ ਤਿਆਰ ਹੋ ਕੇ ਮੈੱਸ ਵਿਚ ਪਹੁੰਚੇ ਤਾਂ ਨਾਸ਼ਤੇ ਦਾ ਸਮਾਂ ਖ਼ਤਮ ਹੋ ਚੁੱਕਿਆ ਸੀ ਅਤੇ ਮੈੱਸ ਬੰਦ ਹੋ ਗਈ ਸੀ। ਦੋਵੇਂ ਬਾਹਰ ਨਿਕਲੇ। ਨੀਲਕਾਂਤ ਨੇ ਕਿਹਾ- "ਚੱਲ ਕੰਟੀਨ ਚਲਦੇ ਹਾਂ।"
     ਰਾਹ ਵਿੱਚ ਉਨ੍ਹਾਂ ਨੂੰ ਇੱਕ ਦਰਖਤ ਹੇਠਾਂ ਬੈਠਾ ਰਾਮਲਾਲ ਦਿਸਿਆ। ਰਾਮਲਾਲ ਕੋਈ ਅਠਾਰਾਂ-ਵੀਹ ਸਾਲ ਦਾ ਮੁੰਡਾ ਸੀ ਅਤੇ ਮੈੱਸ ਵਿੱਚ ਵੇਟਰ ਦਾ ਕੰਮ ਕਰਦਾ ਸੀ। ਇੱਕ ਵੱਡੇ ਸਾਰੇ ਪੱਥਰ ਤੇ ਉਹ ਆਪਣੇ ਮੱਥੇ ਤੇ ਹੱਥ ਰੱਖ ਕੇ ਬੈਠਾ ਸੀ। ਕੋਲ ਗਏ ਤਾਂ ਨੀਲਕਾਂਤ ਨੂੰ ਉਹਦੇ ਰੋਣਹਾਕੇ ਚਿਹਰੇ 'ਤੇ ਅੱਖਾਂ ਵਿਚ ਹੰਝੂ ਵਿਖਾਈ ਦਿੱਤੇ। ਨੀਲਕਾਂਤ ਨੇ ਪੁੱਛਿਆ- "ਕੀ ਹੋਇਆ ਰਾਮਲਾਲ?"
     ਇੰਨਾ ਪੁੱਛਦਿਆਂ ਹੀ ਜਿਵੇਂ ਰਾਮਲਾਲ ਦੇ ਦੁੱਖ ਦੇ ਬੱਦਲ ਫਟ ਗਏ ਅਤੇ ਹੰਝ ਬਰਸਾਤ ਵਿੱਚ ਬਦਲ ਗਏ। ਉਹ ਉੱਚੀ-
ਉੱਚੀ ਰੋਣ ਲੱਗ ਪਿਆ। 
    ਨੀਲਕਾਂਤ ਨੇ ਕੋਲ ਜਾ ਕੇ ਰਾਮਲਾਲ ਦੇ ਸਿਰ 'ਤੇ ਹੱਥ ਰੱਖਿਆ ਅਤੇ ਪੁਚਕਾਰ ਕੇ ਪੁੱਛਿਆ- "ਕੀ ਹੋਇਆ ਰਾਮਲਾਲ, ਕੁਝ ਦੱਸ ਤਾਂ ਸਹੀ!"
     ਰਾਮਲਾਲ ਭਰੇ ਹੋਏ ਗਲੇ ਨਾਲ ਬੋਲਿਆ- "ਉਹ ਉਹਨੂੰ ਲੈ ਗਿਆ।"  
    "ਕੌਣ ਲੈ ਗਿਆ, ਕੀ ਲੈ ਗਿਆ?"
    "ਕਨ੍ਹੱਈਆ ਰਤਨਾ ਨੂੰ ਆਪਣੀ ਸਾਈਕਲ ਤੇ ਬਿਠਾ ਕੇ ਲੈ ਗਿਆ।"
    "ਤਾਂ ਕੀ ਹੋਇਆ?"
    "ਮੈਂ ਰਤਨਾ ਨੂੰ ਪਿਆਰ ਕਰਦਾ ਸਾਂ ਪਰ ਮੇਰੇ ਕੋਲ ਸਾਈਕਲ ਨਹੀਂ ਸੀ, ਇਸ ਲਈ ਮੈਂ ਹਾਰ ਗਿਆ ਅਤੇ ਕਨ੍ਹੱਈਆ ਜਿੱਤ ਗਿਆ।" ਇਸ ਤੇ ਨੀਲਕਾਂਤ ਅਤੇ ਅਭਿਸ਼ੇਕ ਹਾਸਾ ਪਏ। 
    ਗੱਲਬਾਤ ਵਿੱਚ ਪਤਾ ਲੱਗਿਆ ਕਿ ਰਤਨਾ ਇੱਕ ਮਾਲੀ ਦੀ ਕੁੜੀ ਸੀ, ਜੋ ਮੈੱਸ ਦੇ ਪਿੱਛੇ ਬੱਕਰੀਆਂ ਲਈ ਘਾਹ ਲੈਣ ਆਉਂਦੀ ਸੀ ਅਤੇ ਆਪਣੇ ਪਿਤਾ ਦੇ ਕੰਮ ਵਿੱਚ ਮਦਦ ਕਰਦੀ ਸੀ। ਕਨ੍ਹੱਈਆ ਵੀ ਮੈੱਸ ਵਿੱਚ ਹੀ ਕੰਮ ਕਰਦਾ ਸੀ।
    ਉਦੋਂ ਹੀ ਰਾਮਲਾਲ ਨੀਲਕਾਂਤ ਨੂੰ ਬੋਲਿਆ- "ਸਾਬ ਜੀ, ਮੈਨੂੰ ਇੱਕ ਸਾਈਕਲ ਉਧਾਰ ਦਿਵਾ ਦਿਓ। ਮੈਂ ਤਨਖ਼ਾਹ ਤੋਂ ਪੈਸੇ ਕਢਵਾ ਲਵਾਂਗਾ।"
    ਉਹਦੀ ਗੱਲ ਸੁਣ ਕੇ ਨੀਲਕਾਂਤ ਅਤੇ ਅਭਿਸ਼ੇਕ ਫਿਰ ਹੱਸ ਪਏ। ਪਿੱਛੋਂ ਨੀਲਕਾਂਤ ਨੇ ਉਹਨੂੰ ਤਸੱਲੀ ਦਿੱਤੀ- "ਚਿੰਤਾ ਨਾ ਕਰ। ਮੈਂ ਤੈਨੂੰ ਸਾਈਕਲ ਦਿਵਾ ਦੇਵਾਂਗਾ।" ਇਹਦੇ ਨਾਲ ਹੀ ਦੋਵੇਂ ਕਨਟੀਨ ਵੱਲ ਵਧ ਗਏ।  
****
     ਨੀਲਕਾਂਤ ਨੂੰ ਅੰਜਲੀ ਨਾਲ ਮਿਲਿਆ ਤਿੰਨ-ਚਾਰ ਦਿਨ ਹੋ ਗਏ ਸਨ। ਅੰਜਲੀ ਲਈ ਉਹ ਬੇਚੈਨ ਹੋ ਉੱਠਿਆ ਸੀ। ਉਹ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਕਿਤਾਬਾਂ ਦੀ ਦੁਕਾਨ ਕੋਲ ਲੱਗੇ ਪੀਸੀਓ ਤੱਕ ਗਿਆ, ਜਿੱਥੇ ਟੈਲੀਫੋਨ ਵਿੱਚ ਸਿੱਕਾ ਪਾ ਕੇ ਗੱਲ ਹੁੰਦੀ ਸੀ। ਨੀਲਕਾਂਤ ਨੇ ਅੰਜਲੀ ਦੇ ਟੈਲੀਫੋਨ ਦਾ ਨੰਬਰ ਡਾਇਲ ਕਰਕੇ ਚਾਰ ਵਾਰ ਘੰਟੀ ਵਜਾ ਦਿੱਤੀ ਅਤੇ ਫੋਨ ਕੱਟ ਦਿੱਤਾ। ਕੁਝ ਚਿਰ ਪਿੱਛੋਂ ਫਿਰ ਫੋਨ ਕੀਤਾ ਤਾਂ ਅੰਜਲੀ ਨਾਲ ਗੱਲ ਹੋ ਗਈ। ਅੰਜਲੀ ਦੀ ਆਵਾਜ਼ ਸੁਣ ਕੇ ਉਹਦੇ ਚਿਹਰੇ 'ਤੇ ਮੁਸਕਾਨ ਆ ਗਈ। ਜਿਵੇਂ ਸੁੱਕਿਆ ਤਣਾ ਬਰਸਾਤ ਦੀਆਂ ਬੂੰਦਾਂ ਪੈਂਦਿਆਂ ਹੀ ਹਰਾ ਹੋ ਜਾਂਦਾ ਹੈ। ਫੋਨ ਤੇ ਤੈਅ ਹੋਇਆ ਕਿ ਅੰਜਲੀ ਬਾਰਾਂ ਵਜੇ ਸੈਂਟਰਲ ਲਾਇਬ੍ਰੇਰੀ ਆਵੇਗੀ। ਘਰੋਂ ਟਿਫਨ ਨਾਲ ਲੈ ਕੇ ਆਵੇਗੀ ਅਤੇ ਲੰਚ ਦੋਵੇਂ ਇਕੱਠੇ ਕਰਨਗੇ।
     ਨੀਲਕਾਂਤ ਸੈਂਟਰਲ ਲਾਇਬ੍ਰੇਰੀ ਵਿੱਚ ਆ ਕੇ ਬਹਿ ਗਿਆ। ਸਾਢੇ ਬਾਰਾਂ ਵੱਜ ਗਏ ਸਨ, ਪਰ ਅੰਜਲੀ ਅਜੇ ਤੱਕ ਨਹੀਂ ਸੀ ਆਈ। ਉਹ ਆਪਣੀ ਸੀਟ ਤੋਂ ਉੱਠਣ ਲੱਗਿਆ, ਉਦੋਂ ਹੀ ਸਾਹਮਣੇ ਤੋਂ ਅੰਜਲੀ ਆਉਂਦੀ ਦਿਖਾਈ ਦਿੱਤੀ। ਨੀਲਕਾਂਤ ਦੇ ਚਿਹਰੇ ਤੇ ਰੌਣਕ ਆ ਗਈ। ਅੰਜਲੀ ਉਹਦੇ ਕੋਲ ਆ ਕੇ ਬਹਿ ਗਈ। ਉਹਦੇ ਆਉਂਦਿਆਂ ਹੀ ਨੀਲਕਾਂਤ ਬੋਲਿਆ- "ਅੱਜ ਤੇਰੀ ਉਡੀਕ ਕਰਦੇ-ਕਰਦੇ ਮੈਂ ਅਜੀਬ ਜਿਹੀਆਂ ਗੱਲਾਂ ਸੋਚ ਰਿਹਾ ਸਾਂ।"
     "ਕੀ?"
     "ਬੁਰਾ ਤਾਂ ਨਹੀਂ ਮੰਨੇਗੀ?"
     "ਮੈਂ ਤੇਰੀ ਕਿਸੇ ਗੱਲ ਦਾ ਬੁਰਾ ਮੰਨ ਸਕਦੀ ਹਾਂ?"
     "ਮੈਂ ਸੋਚ ਰਿਹਾ ਸਾਂ ਕਿ ਸਾਡੀ ਸ਼ਾਦੀ ਦਾ ਕਾਰਡ ਕਿਹੋ ਜਿਹਾ ਹੋਵੇਗਾ?"
     ਇਸ ਤੇ ਅੰਜਲੀ ਜ਼ੋਰ ਨਾਲ ਹੱਸੀ। ਫਿਰ ਕਿਹਾ- "ਸ਼ਾਦੀ ਦੀ ਹੁਣੇ ਕੀ ਕਾਹਲੀ ਹੈ?"
    "ਹਾਂ, ਕਾਹਲੀ ਤਾਂ ਨਹੀਂ ਹੈ। ਫਿਰ ਵੀ ਪਤਾ ਨਹੀਂ ਕਿਉਂ ਮੈਂ ਸੋਚ ਰਿਹਾ ਸਾਂ ਕਿ ਸਾਡੀ ਸ਼ਾਦੀ ਦਾ ਕਾਰਡ ਪਰੰਪਰਾਗਤ ਨਹੀਂ ਹੋਵੇਗਾ, ਜਿਵੇਂ ਲੋਕ ਅੱਜਕੱਲ੍ਹ ਛਪਵਾਉਂਦੇ ਹਨ।"
    "ਓ ਬਈ, ਇਹ ਸਭ ਤਾਂ ਠੀਕ ਹੈ, ਪਰ ਕੀ ਸ਼ਾਦੀ ਦੀ ਤਰੀਕ ਵੀ ਤੈਅ ਕਰ ਲਈ?" 
    "ਨਹੀਂ ਨਹੀਂ, ਅਜੇ ਤਰੀਕ-ਤਰੂਕ ਕੁਝ ਨਹੀਂ। ਇਹ ਤਾਂ ਬਸ ਐਵੇਂ ਹੀ ਦਿਲ ਵਿੱਚ ਫਤੂਰ ਆ ਗਿਆ ਸੀ।"
    "ਤਾਂ ਛੱਡ ਫਿਰ। ਇਸ ਨੂੰ ਬਾਅਦ ਵਿੱਚ ਵੇਖਾਂਗੇ।"
    ਅੰਜਲੀ ਨੇ ਨੀਲਕਾਂਤ ਨੂੰ ਪਹਿਲਾਂ ਘੂਰ ਕੇ ਵੇਖਿਆ ਅਤੇ ਫਿਰ ਖਿੜਖਿੜਾ ਕੇ ਹੱਸ ਪਈ। ਕਿਹਾ- "ਕੀ ਅੱਜ ਹੀ ਸ਼ਾਦੀ ਕਰਨੀ ਹੈ?"
   "ਓ ਬਈ, ਸ਼ਾਦੀ ਤਾਂ ਬਾਅਦ ਵਿੱਚ ਕਰਾਂਗੇ। ਅਜੇ ਤਾਂ ਸੋਚ ਰਹੇ ਹਾਂ।"
   "ਤੈਨੂੰ ਅੱਜ ਅਚਾਨਕ ਇਹ ਸ਼ਾਦੀ ਦੀ ਕਿਵੇਂ ਸੁੱਝੀ?"
   "ਯਾਰ, ਸ਼ਾਦੀ ਤਾਂ ਕਰਨੀ ਹੀ ਹੈ ਨਾ! ਅੱਜ ਐਵੇਂ ਹੀ ਕਾਰਡ ਦੇ ਡਿਜ਼ਾਈਨ ਦਾ ਆਈਡੀਆ ਦਿਲ ਵਿਚ ਆਇਆ ਅਤੇ ਮੈਂ ਤੈਨੂੰ ਦੱਸ ਦਿੱਤਾ।"
   "ਹੁਣ ਸ਼ਾਦੀ-ਸ਼ੂਦੀ ਛੱਡ। ਚੱਲ, ਲੰਚ ਕਰਦੇ ਆਂ। ਤੈਨੂੰ ਗੁਆਰੇ ਦੀਆਂ ਫਲੀਆਂ ਬਹੁਤ ਪਸੰਦ ਹਨ ਨਾ! ਮੈਂ ਖ਼ੁਦ ਆਪਣੇ ਹੱਥੀਂ ਬਣਾ ਕੇ ਲਿਆਈ ਆਂ।"
    ਦੋਵੇਂ ਸੈਂਟਰਲ ਲਾਇਬਰੇਰੀ ਤੋਂ ਉੱਠ ਕੇ ਉਸੇ ਪਿੱਪਲ ਦੇ ਰੁੱਖ ਹੇਠਾਂ ਜਾ ਕੇ ਬਹਿ ਗਏ, ਜਿੱਥੇ ਅਕਸਰ ਮਿਲਦੇ ਸਨ। ਨੀਲਕਾਂਤ ਨੇ ਉੱਥੇ ਪਹੁੰਚਦਿਆਂ ਹੀ ਕਿਹਾ- "ਅੰਜਲੀ, ਤੈਨੂੰ ਇੱਕ ਗੱਲ ਦੱਸਾਂ! ਇਸ ਰੁੱਖ ਦੇ ਹੇਠਾਂ ਆਉਂਦਿਆਂ ਹੀ ਮੈਨੂੰ ਲੱਗਦਾ ਹੈ ਜਿਵੇਂ ਮੈਂ ਤੇਰੀ ਛਾਂ ਵਿੱਚ ਆ ਕੇ ਬਹਿ ਗਿਆ ਹਾਂ। ਇਹ ਛਾਂ ਮੈਨੂੰ ਤੇਰੇ ਪੱਲੇ ਦੀ ਛਾਂ ਵਰਗੀ ਸੀਤਲ ਅਤੇ ਨਰਮ ਲਗਦੀ ਹੈ।" 
****
      ਨੀਲਕਾਂਤ ਇੱਕ ਦਿਨ ਦੁਪਹਿਰੇ ਜਦੋਂ ਹੋਸਟਲ ਮੁੜ ਰਿਹਾ ਸੀ ਤਾਂ ਉਹਦੇ ਕਦਮ ਪਿੱਪਲ ਦੇ ਰੁੱਖ ਵੱਲ ਵਧ ਗਏ। ਰੁੱਖ ਦੇ ਕੋਲ ਪਹੁੰਚਦੇ ਹੀ ਉਹਦੀ ਪੈਰ ਰੁਕ ਗਏ। ਰੁੱਖ ਦੇ ਹੇਠਾਂ ਅੰਜਲੀ ਅਤੇ ਰੂਪੇਸ਼ ਬੈਠੇ ਹੋਏ ਸਨ। ਉਹ ਤੁਰੰਤ ਵਾਪਸ ਹੋ ਗਿਆ। ਇਸ ਦੌਰਾਨ ਅੰਜਲੀ ਨੇ ਉਹਨੂੰ ਵੇਖ ਲਿਆ ਸੀ। ਅੰਜਲੀ ਨੇ ਉਹਨੂੰ ਕਈ ਆਵਾਜ਼ਾਂ ਮਾਰੀਆਂ, ਪਰ ਉਹ ਰੁਕਿਆ ਨਹੀਂ। ਉਹ ਉੱਚੀ-ਉੱਚੀ ਬੁਲਾਉਂਦੀ ਰਹੀ- "ਓ ਨੀਲ, ਸੁਣ ਤਾਂ ਸਹੀ। ਏਧਰ ਤਾਂ ਆ।" ਪਰ ਉਹ ਅਣਸੁਣੀ ਕਰ ਗਿਆ। ਉਹ ਸਿੱਧਾ ਆਪਣੇ ਹੋਸਟਲ ਆਇਆ ਅਤੇ ਪਲੰਘ ਤੇ ਮੂਧੇ ਮੂੰਹ ਡਿੱਗ ਪਿਆ। ਅੱਖਾਂ 'ਚੋਂ ਹੰਝੂਆਂ ਦੀ ਧਾਰਾ ਵਹਿ ਨਿਕਲੀ। ਸਿਰਹਾਣਾ ਭਿੱਜ ਗਿਆ ਸੀ, ਪਰ ਕੁਝ ਚਿਰ ਉਹ ਏਸੇ ਤਰ੍ਹਾਂ ਪਿਆ ਰਿਹਾ। ਉਹ ਉਦੋਂ ਹੀ ਉੱਠਿਆ ਜਦੋਂ ਅਭਿਸ਼ੇਕ ਕਮਰੇ ਵਿਚ ਆਇਆ।
     ਅਭਿਸ਼ੇਕ ਨੀਲਕਾਂਤ ਦਾ ਰੋਣਹਾਕਾ ਚਿਹਰਾ ਵੇਖਦੇ ਹੀ ਬੋਲਿਆ- "ਕੀ ਹੋਇਆ, ਮੇਰੇ ਭਰਾ?"
    "ਕੁਝ ਨਹੀਂ ਯਾਰ!" ਨੀਲਕਾਂਤ ਨੇ ਕਿਹਾ, ਪਰ ਫਿਰ ਉਸ ਨੇ ਅਭਿਸ਼ੇਕ ਨੂੰ ਸਾਰਾ ਕਿੱਸਾ ਸੁਣਾ ਦਿੱਤਾ। ਇਸ ਤੇ ਅਭਿਸ਼ੇਕ ਨੇ ਉਹਨੂੰ ਡਾਂਟਿਆ- "ਰੁਪੇਸ਼ ਅੰਜਲੀ ਦਾ ਕਲਾਸ-ਫੈਲੋ ਹੈ। ਉਹਦੇ ਨਾਲ ਉਹ ਕਿਤੇ ਵੀ ਉੱਠ-ਬੈਠ ਸਕਦੀ ਹੈ। ਉਹਨੇ ਬੁਲਾਇਆ ਤਾਂ ਤੈਨੂੰ ਜ਼ਰੂਰ ਜਾਣਾ ਚਾਹੀਦਾ ਸੀ‌। ਪਰ ਦਿੱਕਤ ਇਹੀ ਹੈ ਕਿ ਆਪਾਂ ਪਿੰਡ ਦੇ ਲੋਕ ਕਿੰਨਾ ਵੀ ਪੜ੍ਹ-ਲਿਖ ਜਾਈਏ, ਪਰ ਇਹ ਖੁੱਲ੍ਹਾਪਣ ਬਰਦਾਸ਼ਤ ਨਹੀਂ ਕਰ ਸਕਦੇ। ਤੂੰ ਕੀ ਉਹਨੂੰ ਬੰਨ੍ਹ ਕੇ ਰੱਖੇਂਗਾ, ਜੋ ਉਹ ਕਿਸੇ ਦੇ ਨਾਲ ਉੱਠੇਗੀ-ਬੈਠੇਗੀ ਵੀ ਨਹੀਂ?"
    ਨੀਲਕਾਂਤ ਕੁਝ ਨਹੀਂ ਬੋਲਿਆ। ਉਹ ਖ਼ਿਆਲਾਂ ਵਿੱਚ ਗੁਆਚ ਗਿਆ। ਉਹਨੂੰ ਅੰਜਲੀ ਦਾ ਪ੍ਰੇਮ ਇੱਕ ਫ਼ਿਲਮੀ- ਕਹਾਣੀ ਵਰਗਾ ਲੱਗਿਆ। ਜਿਵੇਂ ਫ਼ਿਲਮਾਂ ਵਿੱਚ ਇੱਕ ਖਲਨਾਇਕ ਦਾ ਹੋਣਾ ਜ਼ਰੂਰੀ ਹੈ, ਉਵੇਂ ਹੀ ਉਹਦੀ ਜ਼ਿੰਦਗੀ ਵਿਚ ਵੀ ਇਕ ਖਲਨਾਇਕ ਆ ਕੇ ਟਪਕ ਗਿਆ ਸੀ। ਇਹ ਖਿਆਲ ਆਉਂਦਿਆਂ ਹੀ ਉਹਨੇ ਫਿਰ ਖ਼ੁਦ ਦਿਲ ਹੀ ਦਿਲ ਨੂੰ ਤਸੱਲੀ ਦਿੱਤੀ- ਖਲਨਾਇਕ ਆ ਗਿਆ ਤਾਂ ਕੀ ਹੋਇਆ? ਖਲਨਾਇਕ ਕਿੰਨਾ ਵੀ ਅਮੀਰ ਹੋਵੇ, ਫ਼ਿਲਮਾਂ ਵਿੱਚ ਆਖ਼ਿਰਕਾਰ ਨਾਇਕ ਦੀ ਹੀ ਜਿੱਤ ਹੁੰਦੀ ਹੈ। ਇਸ ਵਿਚਾਰ ਨੇ ਜਿਵੇਂ ਉਹਦੇ ਜ਼ਖ਼ਮ ਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ ਅਤੇ ਉਹ ਹੌਲੀ-ਹੌਲੀ ਸਹਿਜ ਹੋਣ ਲੱਗਿਆ।
***
      ਅਚਾਨਕ ਹੀ ਪਿਛਲੇ ਕੁਝ ਦਿਨਾਂ ਵਿਚ ਅਜਿਹਾ ਹੋਇਆ ਕਿ ਨੀਲਕਾਂਤ ਦਾ ਅੰਜਲੀ ਨਾਲ ਮਿਲਣਾ-ਜੁਲਣਾ ਘੱਟ ਹੋ ਗਿਆ। ਇਕ ਦਿਨ ਉਹ ਕੈਂਪਸ ਵਿੱਚ ਮਿਲੀ ਤਾਂ ਕਾਹਲੀ ਵਿੱਚ ਸੀ। ਬੋਲੀ- "ਮੇਰੀ ਜ਼ਰੂਰੀ ਕਲਾਸ ਹੈ। ਅਟੈਂਡ ਕਰਕੇ ਆਉਂਦੀ ਹਾਂ।" ਉਸ ਤੋਂ ਪਿੱਛੋਂ ਉਹ ਫਿਰ ਨਹੀਂ ਮਿਲੀ। ਪਹਿਲਾਂ ਤਾਂ ਉਹਦੇ ਲਈ ਉਹ ਕਲਾਸ ਵੀ ਛੱਡ ਦਿੰਦੀ ਸੀ। ਸ਼ੱਕ ਦੇ ਬੱਦਲ ਦਿਮਾਗ ਵਿੱਚ ਘੁੰਮਣ ਲੱਗੇ।
     ਇੱਕ ਦਿਨ ਉਹ ਸੈਂਟਰਲ ਲਾਇਬ੍ਰੇਰੀ ਤੋਂ ਬਾਹਰ ਨਿਕਲਿਆ ਤਾਂ ਵੇਖਿਆ ਕਿ ਰੂਪੇਸ਼ ਦੀ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਅੰਜਲੀ ਅੰਦਰ ਬੈਠ ਰਹੀ ਸੀ। ਉਹਨੇ ਵੇਖ ਵੀ ਲਿਆ ਸੀ, ਪਰ ਸਿਰਫ਼ ਹੱਥ ਹਿਲਾ ਕੇ ਬਾਏ-ਬਾਏ ਕੀਤਾ ਅਤੇ ਕਾਰ ਦਾ ਦਰਵਾਜ਼ਾ ਬੰਦ ਕਰ ਲਿਆ। ਧੂੰਆਂ ਸੁੱਟਦੀ ਕਾਰ ਅੱਗੇ ਵਧ ਗਈ। ਉਹਨੂੰ ਰੂਪੇਸ਼ ਵਿੱਚ ਕਨ੍ਹੱਈਆ ਦੀ ਸ਼ਕਲ ਨਜ਼ਰ ਆਈ।
     ਨੀਲਕਾਂਤ ਨੂੰ ਅਕਸਰ ਪਿੱਪਲ ਦਾ ਰੁੱਖ ਵੇਖਦੇ ਹੀ ਲੱਗਦਾ, ਜਿਵੇਂ ਪੱਤਿਆਂ ਦੀ ਆਵਾਜ਼ 'ਚੋਂ ਕੋਈ ਸੰਗੀਤ ਝਰ ਰਿਹਾ ਹੋਵੇ! ਉਹ ਦੌੜ ਕੇ ਪਿੱਪਲ ਦੇ ਰੁੱਖ ਕੋਲ ਜਾਂਦਾ, ਪਰ ਉੱਥੇ ਕੁਝ ਵੀ ਨਾ ਮਿਲਦਾ। ਨਿਰਾਸ਼ ਮੁੜ ਆਉਂਦਾ।
****
     ਨੀਲਕਾਂਤ ਇੱਕ ਦਿਨ ਪਿੱਪਲ ਦੇ ਰੁੱਖ ਹੇਠਾਂ ਆ ਕੇ ਬਹਿ ਗਿਆ। ਅੰਜਲੀ ਨੇ ਕਦੇ ਤੋਹਫ਼ੇ ਵਜੋਂ ਉਹਨੂੰ ਇੱਕ ਕਿਤਾਬ ਕੀਤੀ ਸੀ- 'ਵੁਦਰਿੰਗ ਹਾਈਟਸ।' ਉਹ ਕਿਤਾਬ ਵੀ ਆਪਣੇ ਨਾਲ ਲੈ ਕੇ ਆਇਆ। ਰੁੱਖ ਦੀਆਂ ਵੱਡੀਆਂ-ਵੱਡੀਆਂ ਜੜ੍ਹਾਂ 'ਤੇ ਸਿਰ ਟਿਕਾ ਕੇ ਉਹ ਘਾਹ 'ਤੇ ਬੈਠ ਗਿਆ ਅਤੇ ਕਿਤਾਬ ਪੜ੍ਹਨ ਲੱਗਿਆ। ਕਿਤਾਬ ਦੇ ਪਹਿਲੇ ਪੰਨੇ 'ਤੇ ਹੀ ਲਿਖਿਆ ਸੀ- 'ਟੂ ਮਾਈ ਲਵਲੀ ਫਰੈਂਡ ਨੀਲ!' ਨੀਲਕਾਂਤ ਅਚਾਨਕ ਕਿਤਾਬ ਇੱਕ ਪਾਸੇ ਰੱਖ ਕੇ ਸੋਚਣ ਲੱਗਿਆ। ਉਹ ਯਾਦ ਕਰ ਰਿਹਾ ਸੀ ਕਿ ਅੰਜਲੀ ਅਕਸਰ ਕੀਟਸ, ਸ਼ੈਲੀ, ਲੋਰਕਾ, ਐਮਿਲੀ ਬਰਾਂਟੀ ਆਦਿ ਦੀ ਗੱਲ ਕਰਦੀ ਸੀ ਅਤੇ ਉਹ ਨਿਰਾਲਾ, ਸੁਮਿਤਰਾ
ਨੰਦਨ ਪੰਤ ਦੀਆਂ ਗੱਲਾਂ ਕਰਦਾ ਸੀ। ਉਹ ਹਿੰਦੀ ਅਤੇ ਅੰਗਰੇਜ਼ੀ ਦੇ ਇਸ ਫਿਊਜ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਰ ਸੋਚਣ ਲੱਗਿਆ, ਅੰਜਲੀ ਆਏਗੀ ਤਾਂ ਉਹ ਕੀ ਕਹੇਗੀ? ਅੰਜਲੀ ਨੂੰ ਉਹ ਕੀ ਕਹੇਗਾ? ਵਿਚਾਲੇ ਜਿਹੇ ਅੰਜਲੀ ਨੇ ਜੋ ਬੇਰੁਖ਼ੀ ਦਿਖਾਈ ਸੀ, ਉਹਨੂੰ ਲੈ ਕੇ ਉਹ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕਿਵੇਂ ਕਰੇਗਾ? ਉਹ ਵਾਕ-ਦਰ-ਵਾਕ ਮਨ ਹੀ ਮਨ ਸੋਚਣ ਲੱਗਿਆ। ਉਹਦੇ ਮਨ ਵਿੱਚ ਜਦੋਂ ਸ਼ਬਦ ਏਧਰ ਤੋਂ ਓਧਰ ਉੱਡ ਕੇ ਵਾਕਾਂ ਦਾ ਗਠਨ ਕਰ ਰਹੇ ਸਨ, ਤਾਂ ਸਾਹਮਣੇ ਤੋਂ ਅੰਜਲੀ ਆਉਂਦੀ ਵਿਖਾਈ ਦਿੱਤੀ। ਅੰਜਲੀ ਉਹਦੇ ਕੋਲ ਆ ਕੇ ਬਹਿ ਗਈ। ਗੱਲ ਅੰਜਲੀ ਨੇ ਹੀ ਸ਼ੁਰੂ ਕੀਤੀ-
     "ਕਿਵੇਂ ਹੈਂ ਨੀਲ?"
     "ਠੀਕ ਹਾਂ। ਤੈਨੂੰ ਵੇਖ ਕੇ ਹੋਰ ਜ਼ਿਆਦਾ ਠੀਕ ਹੋ ਜਾਂਦਾ ਹਾਂ।" ਉਹ ਮੁਸਕਰਾਇਆ।
     "ਨੀਲ, ਕਈ ਦਿਨਾਂ ਤੋਂ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਸਾਂ, ਪਰ ਕੋਈ ਮੌਕਾ ਹੀ ਨਹੀਂ ਮਿਲਿਆ।"
     "ਕੀ ਗੱਲ ਕਰਨੀ ਸੀ?"  
     "ਵੇਖ ਨੀਲ, ਆਪਾਂ ਚੰਗੇ ਦੋਸਤ ਸਾਂ, ਅੱਜ ਵੀ ਚੰਗੇ ਦੋਸਤ ਹਾਂ ਅਤੇ ਅੱਗੋਂ ਵੀ ਰਹਾਂਗੇ। ਪਰ...।"
     "ਪਰ?"
     "ਪਰ ਤੈਨੂੰ ਕੁਝ ਬ੍ਰਾਡ-ਮਾਈਂਡਿਡ ਹੋਣਾ ਪਵੇਗਾ।"
     "ਕਿਵੇਂ?"
    "ਮੈਂ ਉਸ ਦਿਨ ਤੈਨੂੰ ਬੁਲਾਇਆ ਤਾਂ ਤੂੰ ਆਇਆ ਕਿਉਂ ਨਹੀਂ? ਮੈਂ ਤੇਰੇ ਲਈ ਹੀ ਤਾਂ ਏਥੇ ਆਈ ਸਾਂ। ਸੋਚਿਆ, ਸ਼ਾਇਦ ਆਉਂਦਾ-ਜਾਂਦਾ ਤੂੰ ਦਿੱਸ ਪਵੇਂਗਾ। ਮੈਂ ਜਦੋਂ ਬੈਠੀ ਸਾਂ ਤਾਂ ਅਚਾਨਕ ਏਧਰੋਂ ਲੰਘਦੇ ਰੂਪੇਸ਼ ਨੇ ਮੈਨੂੰ ਵੇਖ ਲਿਆ ਅਤੇ ਮੇਰੇ ਕੋਲ ਆ ਗਿਆ। ਤਾਂ ਇਸ ਨਾਲ ਕੀ ਹੋ ਗਿਆ?"
    "ਸੌਰੀ, ਮੈਂ ਗਲਤ ਸਮਝਿਆ।" 
    "ਵੇਖ ਨੀਲ, ਆਪਾਂ ਚੰਗੇ ਦੋਸਤ ਹਾਂ। ਸ਼ਾਦੀ ਹੋਵੇ ਜਾਂ ਨਾ ਹੋਵੇ ਇਹ ਪਿੱਛੋਂ ਦੀ ਗੱਲ ਹੈ। ਆਪਾਂ ਸ਼ਾਦੀ ਨਾ ਵੀ ਕਰੀਏ, ਤਾਂ ਵੀ ਚੰਗੇ ਦੋਸਤ ਤਾਂ ਰਹਿ ਸਕਦੇ ਹਾਂ, ਜਾਂ ਨਹੀਂ?"
    "ਕਿਉਂ, ਸ਼ਾਦੀ ਕਿਉਂ ਨਹੀਂ ਹੋ ਸਕਦੀ?"
    "ਮੈਂ ਕਦੋਂ ਕਹਿ ਰਹੀ ਹਾਂ ਕਿ ਨਹੀਂ ਹੋ ਸਕਦੀ। ਹੋ ਵੀ ਸਕਦੀ ਹੈ। ਮੇਰਾ ਮਤਲਬ ਸਿਰਫ਼ ਇੰਨਾ ਸੀ ਕਿ ਮੈਂ ਹਮੇਸ਼ਾ ਤੇਰੀ ਦੋਸਤ ਬਣੀ ਰਹਿਣਾ ਚਾਹਾਂਗੀ, ਉਵੇਂ ਹੀ, ਜਿਵੇਂ ਤੇਰੇ ਕੁਝ ਚੰਗੇ ਮਰਦ ਦੋਸਤ ਵੀ ਹੋਣਗੇ, ਜਿਨ੍ਹਾਂ ਨਾਲ ਤੂੰ ਸ਼ਾਦੀ ਨਹੀਂ ਕਰ ਸਕਦਾ।"
   "ਪਤਾ ਨਹੀਂ ਕਿਉਂ, ਮੈਨੂੰ ਸ਼ੱਕ ਜਿਹਾ ਹੋ ਰਿਹਾ ਹੈ ਕਿ ਤੂੰ ਮੇਰੇ ਨਾਲ ਸ਼ਾਦੀ ਕਰਨਾ ਹੀ ਨਹੀਂ ਚਾਹੁੰਦੀ।"
   "ਕਿਉਂ ਹੋ ਰਿਹਾ ਹੈ?"
   "ਇਸ ਲਈ ਕਿ ਮੇਰੇ ਕੋਲ ਕਾਰ ਨਹੀਂ ਹੈ।"
   "ਨੀਲ, ਤੂੰ ਫਿਰ ਛੋਟੀ ਗੱਲ ਕਰ ਦਿੱਤੀ ਨਾ! ਮੈਂ ਇਸੇ ਲਈ ਸ਼ੁਰੂ ਵਿਚ ਤੈਨੂੰ ਕਿਹਾ ਸੀ ਕਿ ਤੈਨੂੰ ਬ੍ਰਾਡ-ਮਾਈਂਡਿਡ ਹੋਣਾ ਪਵੇਗਾ।"
   "ਤਾਂ ਉਸ ਦਿਨ ਸੈਂਟਰਲ ਲਾਇਬਰੇਰੀ ਦੇ ਸਾਹਮਣੇ ਤੂੰ ਰੁਕੀ ਕਿਉਂ ਨਹੀਂ? ਮੈਂ ਅੱਗੇ ਵੀ ਵਧਿਆ, ਪਰ ਤੂੰ ਹੱਥ ਨਾਲ ਬਾਏ- ਬਾਏ ਕਰਕੇ ਰੂਪੇਸ਼ ਦੀ ਕਾਰ ਵਿੱਚ ਬੈਠ ਕੇ ਚਲੀ ਗਈ।"
   "ਉਸ ਦਿਨ ਮੈਂ ਮੇਰੀ ਇੱਕ ਸਹੇਲੀ ਨੂੰ ਰੇਲਵੇ ਸਟੇਸ਼ਨ ਤੇ ਰਿਸੀਵ ਕਰਨਾ ਸੀ। ਮੈਂ ਇਹਦੇ ਲਈ ਰੂਪੇਸ਼ ਤੋਂ ਕਾਰ ਦੀ ਲਿਫਟ ਮੰਗੀ ਸੀ। ਟਰੇਨ ਦਾ ਆਉਣ ਦਾ ਵੇਲਾ ਹੋ ਰਿਹਾ ਸੀ ਅਤੇ ਮੈਂ ਲੇਟ ਹੋ ਚੁੱਕੀ ਸਾਂ। ਕਾਹਲੀ ਵਿਚ ਸਾਂ, ਇਸ ਲਈ ਚਲੀ ਗਈ। ਪਰ ਬਾਏ-ਬਾਏ ਤਾਂ ਕੀਤੀ ਸੀ ਨਾ! ਕੋਈ ਮੂੰਹ ਫੇਰ ਕੇ ਤਾਂ ਨਹੀਂ ਚਲੀ ਗਈ ਸਾਂ?"
   "ਸੌਰੀ, ਫਿਰ ਮੇਰੀ ਹੀ ਗ਼ਲ਼ਤੀ ਰਹੀ। ਸ਼ਾਇਦ ਮੈਂ ਹੀ ਗ਼ਲਤ ਢੰਗ ਨਾਲ ਸੋਚਣ ਲੱਗਿਆ ਸਾਂ।"
   "ਮੇਰੇ ਹਮਨਸ਼ੀਂ, ਮੇਰੇ ਹਮਨਵਾ, ਹੁਣ ਤਾਂ ਅਜਿਹਾ ਨਹੀਂ ਸੋਚੇਂਗਾ ਨਾ!" 
   "ਨਹੀਂ, ਹੁਣ ਨਹੀਂ ਸੋਚਾਂਗਾ ਇਉਂ।" ਨੀਲਕਾਂਤ ਦੀਆਂ ਅੱਖਾਂ ਨਮ ਹੋ ਗਈਆਂ। ਅੰਜਲੀ ਤੇਜ਼ੀ ਨਾਲ ਉਹਦੇ ਚਿਹਰੇ ਵੱਲ ਝੁਕੀ ਅਤੇ ਨੀਲਕਾਂਤ ਨੂੰ ਲੱਗਿਆ, ਜਿਵੇਂ ਅੰਜਲੀ ਦੀਆਂ ਨੀਲੀਆਂ ਅੱਖਾਂ ਨੇ ਉਹਦਾ ਚੁੰਮਣ ਲੈ ਲਿਆ ਹੋਵੇ। ਨੀਲਕਾਂਤ ਅੰਦਰ ਤਕ ਲਰਜ਼ ਉੱਠਿਆ।
   ਅੰਜਲੀ ਨੇ ਕਿਹਾ- "ਹੁਣ ਮੈਂ ਚਲਦੀ ਹਾਂ।"
  "ਅਗਲੀ ਮੁਲਾਕਾਤ ਕਦੋਂ ਹੋਵੇਗੀ?"
  "ਜਦੋਂ ਤੁਸੀਂ ਕਹੋ ਉਦੋਂ।"
  "ਤਾਂ ਕੱਲ੍ਹ ਹੀ ਮਿਲ ਸਕਦੇ ਹਾਂ!"
  "ਨਹੀਂ, ਕੱਲ੍ਹ ਘਰ ਦੇ ਕੰਮਾਂ ਵਿੱਚ ਜ਼ਰਾ ਬਿਜ਼ੀ ਹਾਂ। ਯੂਨੀਵਰਸਿਟੀ ਨਹੀਂ ਆਵਾਂਗੀ। ਪਰਸੋਂ ਮਿਲ ਸਕਦੇ ਹਾਂ। ਪਰਸੋਂ ਮੇਰੀ ਸਵੇਰੇ ਛੇਤੀ ਕਲਾਸ ਹੈ। ਸਵੇਰੇ ਦਸ ਵਜੇ ਵੀ ਮਿਲ ਸਕਦੇ ਹਾਂ।"
   "ਤਾਂ ਠੀਕ ਹੈ, ਪਰਸੋਂ ਸਵੇਰੇ ਦਸ ਵਜੇ ਮਿਲਾਂਗੇ।"
   "ਓਕੇ, ਆਪਣਾ ਖਿਆਲ ਰੱਖਣਾ। ਏਧਰ-ਓਧਰ ਦੀਆਂ ਗੱਲਾਂ ਦਿਮਾਗ ਵਿੱਚ ਨਾ ਲਿਆਉਣਾ। ਆਈ ਲਵ ਯੂ।"
   ਇਸ ਤੋਂ ਬਾਅਦ ਅੰਜਲੀ ਚਲੀ ਗਈ। ਨੀਲਕਾਂਤ ਥੱਕੇ ਹੋਏ ਕਦਮਾਂ ਨਾਲ ਹੋਸਟਲ ਵੱਲ ਚੱਲ ਪਿਆ।
****
    ਨੀਲਕਾਂਤ ਦਾ ਮਨ ਹੁਣ ਸ਼ਾਂਤ ਸੀ। ਜਿਵੇਂ ਅਚਾਨਕ ਤੂਫਾਨ ਰੁਕ ਗਿਆ ਹੋਵੇ ਅਤੇ ਝੀਲ ਵਿੱਚ ਹੌਲੀ-ਹੌਲੀ ਲਹਿਰਾਂ ਸਹਿਜ ਰਹੀਆਂ ਹੋਣ। ਉਸਨੂੰ ਅੰਜਲੀ ਦੇ ਵਤੀਰੇ ਤੋਂ ਲੱਗਿਆ ਕਿ ਉਹਨੇ ਕੋਈ ਗੁਆਚੀ ਹੋਈ ਚੀਜ਼ ਫਿਰ ਤੋਂ ਵਾਪਸ ਪ੍ਰਾਪਤ ਕਰ ਲਈ ਹੈ। ਉਹਦੀ ਉਦਾਸੀ ਹੁਣ ਖੁਸ਼ੀ ਵਿਚ ਬਦਲਣ ਲੱਗੀ ਸੀ। ਇਸੇ ਖੁਸ਼ੀ ਵਿੱਚ ਰਾਤ ਨੂੰ ਹੋਸਟਲ ਵਿੱਚ ਉਸ ਨੇ ਦੋਸਤਾਂ ਨੂੰ ਪਾਰਟੀ ਵੀ ਦੇ ਦਿੱਤੀ।
    ਸਵੇਰੇ ਉੱਠਿਆ ਤਾਂ ਉਸ ਨੂੰ ਲੱਗਿਆ ਕਿ ਅੱਜ ਦੀ ਸਵੇਰ ਬਹੁਤ ਉਜਲੀ ਹੈ। ਹੋਸਟਲ ਤੋਂ ਨਿਕਲਿਆ ਤਾਂ ਉਹਨੂੰ ਸੜਕਾਂ ਦੇ ਦੋਹਾਂ ਪਾਸੇ ਲੱਗੇ ਦਰਖਤ ਬੜੇ ਖੁਸ਼ ਨਜ਼ਰ ਆਏ। ਯੂਨੀਵਰਸਿਟੀ ਦੇ ਵੱਡੇ ਸਾਰੇ ਲਾਅਨ ਵਿੱਚ ਰੰਗ-ਬਰੰਗੇ ਫੁੱਲ ਆਪਣੀ ਖੁਸ਼ਬੂ ਬਿਖੇਰ ਰਹੇ ਸਨ। ਉਹਨੇ ਆਪਣੇ ਅੰਦਰ ਜ਼ੋਰ ਨਾਲ ਸਾਹ ਲਿਆ। ਉਹਨੂੰ ਲੱਗਿਆ ਕਿ ਇਨ੍ਹਾਂ ਫੁੱਲਾਂ ਦੇ ਉੱਤੇ ਤੈਰਦੀ ਹੋਈ ਇਕ ਨਵੀਂ ਖੁਸ਼ਬੂ ਨੇ ਉਹਦੇ ਅੰਦਰ ਪ੍ਰਵੇਸ਼ ਕੀਤਾ ਹੈ। ਉਹ ਉਹੋ-ਜਿਹੀ ਹੀ ਖ਼ੁਸ਼ਬੂ ਸੀ, ਜੋ ਅੰਜਲੀ ਦੇ ਨਾਲ-ਨਾਲ ਪਰਛਾਵੇਂ ਵਾਂਗ ਚਲੀ ਆਉਂਦੀ ਸੀ। 
    ਉਹ ਸੋਚ ਵਿੱਚ ਡੁੱਬਿਆ ਸੀ, ਉਦੋਂ ਹੀ ਅਚਾਨਕ ਉਸ ਦੇ ਸਾਹਮਣੇ ਇਕ ਬਾਈਕ ਆ ਕੇ ਰੁਕੀ। ਬਾਈਕ 'ਤੇ ਉਸਦੇ ਪਿੰਡ ਦਾ ਪੁਰਾਣਾ ਦੋਸਤ ਸੀ- ਮੰਗਲ ਰਾਮ। ਅਚਾਨਕ ਨੀਲਕਾਂਤ ਦੇ ਮੂੰਹੋਂ ਨਿਕਲਿਆ- "ਓਹ ਤੂੰ! ਬੜੇ ਦਿਨਾਂ ਬਾਅਦ ਮਿਲਿਆ ਹੈਂ! ਮੰਗਲ ਰਾਮ ਇਕ ਸਰਕਾਰੀ ਦਫਤਰ ਵਿੱਚ ਬਾਬੂ ਸੀ। ਉਹਨੇ ਦੱਸਿਆ- "ਇਥੇ ਯੂਨੀਵਰਸਿਟੀ ਵਿਚ ਇੱਕ ਕੰਮ ਲਈ ਆਇਆ ਸਾਂ। ਅਚਾਨਕ ਤੂੰ ਨਜ਼ਰ ਆ ਗਿਆ।"
    ਨੀਲਕਾਂਤ ਨੇ ਸੁਝਾਅ ਦਿੱਤਾ- "ਬੜੇ ਦਿਨ ਹੋ ਗਏ, ਚੱਲ ਸ਼ਹਿਰ ਘੁੰਮ ਕੇ ਆਉਂਦੇ ਹਾਂ। ਤੈਨੂੰ ਮਸ਼ਹੂਰ 'ਲੱਸੀ ਵਾਲਾ' ਦੀ ਲੱਸੀ ਪਿਆ ਕੇ ਲਿਆਉਂਦਾ ਹਾਂ।" ਮੰਗਲ ਮੰਨ ਗਿਆ।
   ਦੋਵੇਂ ਉੱਥੇ ਪਹੁੰਚ ਕੇ ਜਦੋਂ ਲੱਸੀ ਪੀ ਰਹੇ ਸਨ, ਤਾਂ ਅਚਾਨਕ ਨੀਲਕਾਂਤ ਦੀ ਨਜ਼ਰ ਸੜਕ ਦੇ ਦੂਜੇ ਪਾਸੇ ਸਾਹਮਣੇ ਇੱਕ ਆਈਸਕ੍ਰੀਮ ਪਾਰਲਰ ਤੇ ਪਈ। ਉੱਥੇ ਫੁੱਟਪਾਥ ਤੇ ਖੜ੍ਹੇ ਅੰਜਲੀ ਅਤੇ ਰੂਪੇਸ਼ ਦੋਵੇਂ ਆਈਸਕ੍ਰੀਮ ਖਾ ਰਹੇ ਸਨ, ਖਿੜਖਿੜਾ ਰਹੇ ਸਨ। ਅਚਾਨਕ ਰੂਪੇਸ਼ ਨੇ ਜ਼ੋਰ ਨਾਲ ਠਹਾਕਾ ਲਾਇਆ। ਇਹਦੇ ਨਾਲ ਹੀ ਅੰਜਲੀ ਨੇ ਉਹਦੀ ਪਿੱਠ ਤੇ ਜ਼ੋਰ ਨਾਲ਼ ਧੱਫਾ ਮਾਰਿਆ। ਨੀਲਕਾਂਤ ਨੂੰ ਲੱਗਿਆ ਕਿ ਅੰਜਲੀ ਦਾ ਇਹ ਹੱਥ ਨੀਲਕਾਂਤ ਦੀ ਪਿੱਠ ਤੇ ਨਹੀਂ, ਉਹਦੀ ਗੱਲ੍ਹ ਤੇ ਵੱਜਿਆ ਹੈ। ਉਹਨੇ ਸੋਚਿਆ- 'ਓਹ, ਹੁਣ ਸਮਝ ਵਿੱਚ ਆਇਆ! ਕੱਲ੍ਹ ਅੰਜਲੀ ਨੇ ਇਹ ਕਿਉਂ ਕਿਹਾ ਸੀ ਕਿ ਉਹ ਘਰ ਦੇ ਕੰਮਾਂ ਵਿਚ ਬਿਜ਼ੀ ਹੈ ਅਤੇ ਕੱਲ੍ਹ ਨਹੀਂ ਆਵੇਗੀ! ਤਾਂ ਇਹ ਗੱਲ ਸੀ! ਉਹਦਾ  ਰੁਝੇਵਾਂ ਇੱਥੇ ਸੀ! ਸਾਲ਼ਾ ਖਲਨਾਇਕ!' 
    ਇਹਦੇ ਨਾਲ ਹੀ ਨੀਲਕਾਂਤ ਖ਼ਿਆਲਾਂ ਵਿੱਚ ਕਿਤੇ ਗੁੰਮ ਗਿਆ। ਉਹਨੂੰ ਲੱਗਿਆ, ਉਸ ਦਿਨ ਅੰਜਲੀ ਸਿਰਫ਼ ਉਹਦੇ ਪਾਟੀ ਹੋਏ ਦਿਲ ਦੀ ਸਿਲਾਈ ਕਰਨ ਆਈ ਸੀ। ਉਹਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਪਾਟੇ ਹੋਏ ਰਿਸ਼ਤਿਆਂ ਦਾ ਇੱਕ ਵੱਡਾ ਢੇਰ ਨਜ਼ਰ ਆਇਆ। ਹੌਲੀ-ਹੌਲੀ ਨਮ ਅੱਖਾਂ ਨਾਲ ਢੇਰ ਗਿੱਲਾ ਹੋਣ ਲੱਗਿਆ।
   ਨੀਲਕਾਂਤ ਦੇ ਸੋਚਣ ਦਾ ਤੰਤਰ ਫਿਰ ਉਲਟੀ ਦਿਸ਼ਾ ਵਿੱਚ ਦੌੜਨ ਲੱਗ ਪਿਆ ਸੀ।
   'ਕਿੱਥੇ ਗੁਆਚ ਗਿਆ ਯਾਰ!' ਅਚਾਨਕ ਉਸ ਨੂੰ ਮੰਗਲ ਰਾਮ ਦੀ ਆਵਾਜ਼ ਸੁਣਾਈ ਦਿੱਤੀ। 
   'ਕਿਤੇ ਨਹੀਂ, ਬਸ ਐਵੇਂ ਹੀ ਸੋਚ ਰਿਹਾ ਸਾਂ।'
   'ਕੀ ਸੋਚ ਰਿਹਾ ਸੀ?' 
   'ਸੋਚ ਰਿਹਾ ਹਾਂ ਕਿ ਇਹ ਕੈਸਾ ਸੰਸਾਰ ਹੈ!' ਫਿਰ ਕੁਝ ਸੋਚ ਕੇ ਅਚਾਨਕ ਬੋਲਿਆ- 'ਦਰ-ਅਸਲ, ਇੱਕ ਕਾਰ ਲੈਣ ਬਾਰੇ ਸੋਚ ਰਿਹਾ ਹਾਂ।'  
   'ਬੜੀ ਵਧੀਆ ਗੱਲ ਹੈ। ਹੁਣ ਤਾਂ ਨਵੀਂ ਗੱਡੀ ਮਾਰੂਤੀ ਬਾਜ਼ਾਰ ਵਿੱਚ ਆ ਗਈ ਹੈ। ਇੱਥੇ ਨੇੜੇ ਹੀ ਉਸਦਾ ਸ਼ੋਅਰੂਮ ਹੈ। ਹਾਲਾਂਕਿ ਬੁਕਿੰਗ ਵਿਚ ਲੰਮੀ ਲਾਈਨ ਚੱਲ ਰਹੀ ਹੈ। ਅੱਠ ਦਸ ਮਹੀਨੇ ਦੀ ਬੁਕਿੰਗ ਹੈ। ਮੈਂ ਵੀ ਬੁੱਕ ਕਰਾਈ ਹੈ। ਅੱਜਕੱਲ੍ਹ ਤਾਂ ਲੋਨ ਮਿਲ ਜਾਂਦਾ ਹੈ। ਤੂੰ ਵੀ ਲੈ ਲੈ।' ਮੰਗਲ ਰਾਮ ਇੱਕ ਹੀ ਸਾਹ ਵਿਚ ਸਾਰਾ ਕੁਝ ਕਹਿ ਗਿਆ।
   'ਤਾਂ ਚੱਲ ਫਿਰ, ਸ਼ੋਅਰੂਮ ਵਿੱਚ ਚਲਦੇ ਹਾਂ।' ਨੀਲਕਾਂਤ ਨੇ ਕਿਹਾ ਅਤੇ ਦੋਵੇਂ ਚਲੇ ਗਏ। 
    ਨੀਲਕਾਂਤ ਨੇ ਸ਼ੋਅਰੂਮ ਵਿਚ ਪਹਿਲੀ ਵਾਰ ਮਾਰੂਤੀ-800 ਵੇਖੀ। ਉਸ ਨੂੰ ਉੱਥੇ ਲਾਲ ਰੰਗ ਦੀ ਇੱਕ ਮਾਰੂਤੀ ਨਜ਼ਰ ਆਈ। ਉਹਨੂੰ ਯਾਦ ਆਇਆ- ਅੰਜਲੀ ਨੂੰ ਲਾਲ ਰੰਗ ਬਹੁਤ ਪਸੰਦ ਹੈ। ਉਸਨੇ ਲਾਲ ਰੰਗ ਦੀ ਮਾਰੂਤੀ ਨੂੰ ਥਾਂ-ਥਾਂ ਤੋਂ ਛੋਹ ਕੇ ਵੇਖਿਆ, ਜਿਵੇਂ ਚੁੰਮ ਕਿਹਾ ਹੋਵੇ!
    ਮੰਗਲ ਰਾਮ ਨੇ ਆਪਣੀ ਬਾਈਕ ਤੇ ਨੀਲਕਾਂਤ ਨੂੰ ਹੋਸਟਲ ਛੱਡ ਦਿੱਤਾ। ਹੋਸਟਲ ਪਹੁੰਚ ਕੇ ਉਹਦੇ ਦਿਮਾਗ ਵਿਚ ਆਈਸਕ੍ਰੀਮ ਪਾਰਲਰ ਦੇ ਦ੍ਰਿਸ਼ ਘੁੰਮਣ ਲੱਗੇ। ਉਹਨੂੰ ਅੰਜਲੀ ਦੀ ਬਹੁਤ ਯਾਦ ਆਈ ਅਤੇ ਉਹ ਉੱਚੀ-ਉੱਚੀ ਰੋਣ ਲੱਗ ਪਿਆ। ਉਸਦੇ ਰੋਣ ਦੀ ਆਵਾਜ਼ ਕੇਵਲ ਕਮਰੇ ਦੀਆਂ ਕੰਧਾਂ ਹੀ ਸੁਣ ਰਹੀਆਂ ਸਨ।
**** 
    ਅਭਿਸ਼ੇਕ ਹੋਸਟਲ ਦੇ ਕਮਰੇ ਵਿਚ ਮੁੜਿਆ ਤਾਂ ਨੀਲਕਾਂਤ ਸਿਰ ਤੇ ਹੱਥ ਰੱਖ ਕੇ ਬੈਠਾ ਸੀ ਅਤੇ ਉਸ ਦੀਆਂ ਅੱਖਾਂ ਨਮ ਸਨ। ਅਭਿਸ਼ੇਕ ਨੂੰ ਸਮਝਦਿਆਂ ਦੇਰ ਨਾ ਲੱਗੀ। ਉਹਨੇ ਕਿਹਾ- 'ਕੀ ਹੋਇਆ ਨੀਲਕਾਂਤ? ਕੀ ਫਿਰ ਉਹੀ ਰਾਮ ਲਾਲ ਦੀ ਕਹਾਣੀ?'  
    'ਹਾਂ'- ਨੀਲਕਾਂਤ ਨੇ ਇੰਨਾ ਹੀ ਕਿਹਾ ਅਤੇ ਅੱਖਾਂ ਵਿਚ ਹੰਝੂ ਭਰ ਆਏ। ਅਭਿਸ਼ੇਕ ਉਹਦੀ ਪਿੱਠ ਥਪਥਪਾਉਂਦਾ ਰਿਹਾ। ਨੀਲਕਾਂਤ ਕੁਝ ਸਹਿਜ ਹੋਣ ਲੱਗਿਆ ਤਾਂ ਅਭਿਸ਼ੇਕ ਨੇ ਕਿਹਾ- 'ਮੇਰੇ ਭਰਾਵਾ, ਦਿਲ ਛੋਟਾ ਨਾ ਕਰ। ਬਹਾਦਰ ਬਣ। ਇਹ ਦੁਨੀਆਂ ਹੀ ਅਜਿਹੀ ਹੈ। ਇਸ ਯੂਨੀਵਰਸਿਟੀ ਵਿੱਚ ਪਤਾ ਨਹੀਂ ਕਿੰਨੇ ਰਾਮ ਲਾਲ, ਨੀਲਕਾਂਤ ਆਏ ਅਤੇ ਚਲੇ ਗਏ। ਅੱਗੇ ਵੀ ਚਲੇ ਜਾਣਗੇ। ਪਰ ਉਨ੍ਹਾਂ ਨੂੰ ਪਿਆਰ ਨਸੀਬ ਨਹੀਂ ਹੋਵੇਗਾ। ਇਹ ਦੁਨੀਆਂ ਰਾਮ ਲਾਲ, ਨੀਲਕਾਂਤ ਦੀ ਨਹੀਂ ਹੈ, ਕਨ੍ਹੱਈਆ ਅਤੇ ਰੂਪੇਸ਼ ਦੀ ਹੈ। ਚਾਲੂ ਲੋਕਾਂ ਦੀ ਹੈ। ਗ਼ਰੀਬਾਂ ਦੀ ਨਹੀਂ, ਪੈਸੇ ਵਾਲਿਆਂ ਦੀ ਹੈ।' 
    ਨੀਲਕਾਂਤ ਹੁਣ ਵੀ ਡੁਸਕ ਰਿਹਾ ਸੀ। ਅਭਿਸ਼ੇਕ ਬੋਲੀ ਜਾ ਰਿਹਾ ਸੀ- 'ਤੂੰ ਸੁਣਿਆ ਨਹੀਂ, ਉਹ ਖ਼ਾਨ ਦਾ ਕਿੱਸਾ, ਜਿਸ ਦਾ ਪਿਆਰ ਮੁਕੰਮਲ ਨਹੀਂ ਹੋਇਆ ਤਾਂ ਉਹਨੇ ਖੁਦਕੁਸ਼ੀ ਕਰ ਲਈ। ਵਰ੍ਹੇ ਬੀਤ ਗਏ, ਪਰ ਹੁਣ ਵੀ ਹਰ ਸਾਲ ਖ਼ਾਨ ਦੀ ਬਾਰਾਤ ਕੱਢੀ ਜਾਂਦੀ ਹੈ, ਜੋ ਗਰਲਜ਼ ਹੋਸਟਲ ਤੱਕ ਜਾ ਕੇ ਮਾਯੂਸ ਮੁੜ ਆਉਂਦੀ ਹੈ। ਮੁੰਡੇ ਚੰਦਾ ਇਕੱਠਾ ਕਰ ਕੇ ਬੈਂਡ ਵਾਜੇ ਦਾ ਪ੍ਰਬੰਧ ਕਰਦੇ ਹਨ। ਬਰਾਤ ਵਿਚ ਜਾਂਦੇ ਸਮੇਂ ਮੁੰਡੇ ਡਾਂਸ ਕਰਦੇ ਹਨ, ਉੱਛਲਦੇ-ਕੁੱਦਦੇ ਹਨ ਅਤੇ ਸ਼ਹਿਨਾਈ ਵੱਜਦੀ ਹੈ। ਮੁੜਦੇ ਸਮੇਂ ਸਾਰੇ ਮੂੰਹ ਲਟਕਾਈ ਆਉਂਦੇ ਹਨ। ਹਰ ਸਾਲ ਉਸ ਲੜਕੇ ਨੂੰ ਚੁਣ ਕੇ 'ਖ਼ਾਨ' ਬਣਾਇਆ ਜਾਂਦਾ ਹੈ, ਜਿਸ ਦਾ ਪਿਆਰ ਮੁਕੰਮਲ ਨਹੀਂ ਹੁੰਦਾ। ਚਿੰਤਾ ਨਾ ਕਰ। ਇਸ ਵਾਰ 'ਖ਼ਾਨ ਦੀ ਬਾਰਾਤ' ਦਾ ਦੁਲਹਾ ਤੂੰ ਹੀ ਬਣੇਂਗਾ।' ਅਤੇ ਉਸ ਨੇ ਜ਼ੋਰ ਨਾਲ ਠਹਾਕਾ ਲਗਾਇਆ।
    ਨੀਲਕਾਂਤ ਨੇ ਖੜ੍ਹੇ ਹੋ ਕੇ ਅਭਿਸ਼ੇਕ ਦੀ ਪਿੱਠ ਤੇ ਜ਼ੋਰ ਨਾਲ ਧੱਫਾ ਮਾਰਿਆ। ਅਭਿਸ਼ੇਕ ਨੇ ਫਿਰ ਇੱਕ ਠਹਾਕਾ ਲਾਇਆ। ਪਰ ਨੀਲਕਾਂਤ ਦੇ ਮਨ ਵਿੱਚ ਜਿਵੇਂ ਹੁਣ ਵੀ ਸਾਰੰਗੀ ਦੇ ਗਮਗੀਨ ਸੁਰਾਂ ਦੀ ਮਾਤਮੀ ਧੁਨ ਵੱਜ ਰਹੀ ਸੀ। 
****
    ਅਗਲੇ ਦਿਨ ਸਵੇਰੇ ਉੱਠਦਿਆਂ ਹੀ ਨੀਲਕਾਂਤ ਫਿਰ ਪੈਸੇ ਦੇ ਜੋੜ-ਘਟਾਓ ਵਿੱਚ ਲੱਗ ਗਿਆ। ਉਹਨੂੰ ਪਿਛਲੇ ਦਿਨੀਂ ਆਕਾਸ਼ਵਾਣੀ ਤੋਂ ਇਕ ਚੈੱਕ ਮਿਲਿਆ ਸੀ। ਉਹਦੇ ਕੋਲ ਕੁੱਲ ਅੱਠ ਸੌ ਰੁਪਏ ਸਨ। ਉਸ ਨੇ ਅਭਿਸ਼ੇਕ ਨੂੰ ਪੁੱਛਿਆ- 'ਤੇਰੇ ਕੋਲ ਕਿੰਨੇ ਪੈਸੇ ਨੇ?' ਉਹਨੇ ਆਪਣੀ ਜੇਬ ਫਰੋਲ ਕੇ ਦੋ ਸੌ ਰੁਪਏ ਕੱਢੇ। ਨੀਲਕਾਂਤ ਨੇ ਕਿਹਾ- 'ਤੂੰ ਰਾਮ ਲਾਲ ਨੂੰ ਜਾ ਕੇ ਸਾਈਕਲ ਦਿਵਾ ਦੇ। ਆਪਣੀ ਕਾਰ ਬਾਰੇ ਫਿਰ ਸੋਚਾਂਗੇ। ਇੱਕ ਗ਼ਰੀਬ ਆਦਮੀ ਦਾ ਤਾਂ ਭਲਾ ਹੋਵੇ।' ਅਭਿਸ਼ੇਕ ਨੇ ਕਿਹਾ- 'ਠੀਕ ਹੈ, ਅੱਜ ਉਹਨੂੰ ਸਾਈਕਲ ਦਿਵਾ ਦੇਵਾਂਗਾ। ਪਰ ਮੈਂ ਅੱਜ ਵੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਸਾਈਕਲਾਂ, ਕਾਰਾਂ ਨਾਲ ਕੁੜੀਆਂ ਦੋਸਤ ਬਣ ਜਾਂਦੀਆਂ ਹਨ।'
    'ਕੋਈ ਗੱਲ ਨਹੀਂ, ਨਾ ਬਣੇ ਦੋਸਤ। ਉਸਨੂੰ ਸਾਈਕਲ ਤਾਂ ਲੈ ਹੀ ਦੇਹ।' 
    ਅੰਜਲੀ ਤੈਅ ਸਮੇਂ ਅਨੁਸਾਰ ਸਵੇਰੇ ਦਸ ਵਜੇ ਪਿੱਪਲ ਦੇ ਰੁੱਖ ਦੇ ਹੇਠਾਂ ਬਣੇ ਚਬੂਤਰੇ ਤੇ ਜਾ ਕੇ ਬਹਿ ਗਈ, ਪਰ ਨੀਲਕਾਂਤ ਉਥੇ ਨਹੀਂ ਪਹੁੰਚਿਆ। ਨੀਲਕਾਂਤ ਨੇ ਦੂਰੋਂ ਹੀ ਰੁੱਖ ਨੂੰ ਵੇਖਿਆ ਅਤੇ ਉਹਦੇ ਕੰਨਾਂ ਵਿੱਚ ਪੱਤਿਆਂ ਦੀ ਸਰਸਰਾਹਟ ਦੀ ਆਵਾਜ਼ ਆਈ, ਪਰ ਉਸਦੇ ਸਖ਼ਤ ਕਦਮਾਂ ਨੇ ਜਿਵੇਂ ਕੋਮਲ ਪੱਤਿਆਂ ਨੂੰ ਕੁਚਲ ਦਿੱਤਾ। ਇਕ ਲੰਮੀ ਉਡੀਕ ਪਿੱਛੋਂ ਅੰਜਲੀ ਵੀ ਉਥੋਂ ਚਲੀ ਗਈ।
     ਇਸ ਦੌਰਾਨ ਅੰਜਲੀ ਪਿੱਪਲ ਦੇ ਉਸ ਰੁੱਖ ਕੋਲੋਂ ਕਈ ਵਾਰੀ ਲੰਘੀ, ਪਰ ਹਰ ਵਾਰ ਹਵਾ ਸੰਨਾਟੇ ਨੂੰ ਚੀਰ ਕੇ ਚਲੀ ਗਈ। ਉਧਰ, ਨੀਲਕਾਂਤ ਨੂੰ ਵੀ ਪਹਿਲਾਂ ਜੋ ਰੁੱਖ ਦੇ ਕੋਲੋਂ ਲੰਘਦਿਆਂ ਪੱਤਿਆਂ ਦੀ ਖੜਖੜਾਹਟ ਦੀ ਤੇਜ਼ ਆਵਾਜ਼ ਆਉਂਦੀ ਸੀ, ਉਹ ਹੌਲੀ ਸਰਸਰਾਹਟ ਵਿਚ ਬਦਲ ਗਈ ਅਤੇ ਪਿੱਛੋਂ ਤਾਂ ਜਿਵੇਂ ਆਵਾਜ਼ ਆਉਣੀ ਹੀ ਬੰਦ ਹੋ ਗਈ।
     ਇੱਕ ਦਿਨ ਨੀਲਕਾਂਤ ਅਤੇ ਅਭਿਸ਼ੇਕ ਹੋਸਟਲ ਦੀ ਮੈੱਸ ਤੋਂ ਖਾਣਾ ਖਾ ਕੇ ਬਾਹਰ ਨਿਕਲੇ ਤਾਂ ਅਚਾਨਕ ਕੋਲੋਂ ਰਾਮਨਾਥ ਸਾਈਕਲ ਦੀ ਘੰਟੀ ਵਜਾਉਂਦਾ ਹੋਇਆ ਲੰਘਿਆ। ਉਹ ਸਿਰ ਹਿਲਾ-ਹਿਲਾ ਕੇ ਕੁਝ ਗੁਣਗੁਣਾ ਰਿਹਾ ਸੀ, ਖਿੜਖਿੜਾ ਰਿਹਾ ਸੀ ਅਤੇ ਪਿੱਛੇ ਕੈਰੀਅਰ ਤੇ ਇੱਕ ਲੜਕੀ ਬੈਠੀ ਸੀ। ਨੀਲਕਾਂਤ ਨੇ ਅਭਿਸ਼ੇਕ ਨੂੰ ਕਿਹਾ- 'ਵੇਖ, ਸਾਈਕਲ ਕੰਮ ਕਰ ਰਹੀ ਹੈ!' 
    'ਸਾਈਕਲ ਤਾਂ ਕੰਮ ਕਰ ਰਹੀ ਹੈ, ਪਰ ਤੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਨ੍ਹਾਂ ਉਦਾਹਰਣਾਂ ਤੋਂ ਤੂੰ ਉਹ ਸਥਾਪਤ ਨਹੀਂ ਕਰ ਸਕਦਾ, ਜੋ ਕਰਨਾ ਚਾਹੁੰਦਾ ਹੈਂ। ਮੈਂ ਵੇਖਣਾ ਚਾਹੁੰਦਾ ਹਾਂ ਕਿ ਤੈਨੂੰ ਮੋਟਰ-ਕਾਰ ਮਿਲਦੀ ਹੈ ਜਾਂ ਅੰਜਲੀ।'
    'ਠੀਕ ਹੈ, ਵੇਖ ਲਵੀਂ।' ਨੀਲਕਾਂਤ ਨੇ ਇੰਨਾ ਹੀ ਕਿਹਾ ਅਤੇ ਅਭਿਸ਼ੇਕ ਤੋਂ ਵੱਖ ਹੋ ਕੇ ਦੂਜਾ ਰਸਤਾ ਫੜ ਲਿਆ।
**** 
    ਰਾਈਟਿੰਗ ਟੇਬਲ ਤੇ ਬੈਠਾ ਨੀਲਕਾਂਤ ਜਿਵੇਂ ਨੀਂਦ 'ਚੋਂ ਜਾਗਿਆ। ਉਹਨੂੰ ਲੱਗਿਆ, ਜਿਵੇਂ ਉਹ ਇੱਕ ਲੰਮੀ ਕਹਾਣੀ ਦਾ ਸਫ਼ਰ ਕਰਕੇ ਆਇਆ ਹੈ। ਉਹਦੇ ਚਿਹਰੇ ਤੇ ਉਹੋ ਜਿਹੀ ਹੀ ਥਕਾਵਟ ਸਾਫ਼ ਨਜ਼ਰ ਆ ਰਹੀ ਸੀ, ਜਿਹੋ ਜਿਹੀ ਇਕ ਲੰਮੀ ਯਾਤਰਾ ਤੋਂ ਪਿੱਛੋਂ ਮਹਿਸੂਸ ਹੁੰਦੀ ਹੈ।  
    ਨੀਲਕਾਂਤ ਘਰੋਂ ਨਿਕਲ ਕੇ ਬਾਹਰ ਆਇਆ। ਲਾਅਨ ਵਿਚ ਹੁਣ ਸੂਰਜ ਦੀ ਰੌਸ਼ਨੀ ਚਮਕ ਰਹੀ ਸੀ। ਧੁੱਪ ਸਰੀਰ ਨੂੰ ਚੁਭ ਰਹੀ ਸੀ। ਉਹਨੇ ਪਿੱਛੇ ਬਣੇ ਗੈਰਾਜ ਤੇ ਇਕ ਨਜ਼ਰ ਮਾਰੀ। ਲਾਲ ਰੰਗ ਦੀ ਮਾਰੂਤੀ ਕਾਰ ਖੜ੍ਹੀ ਸੀ। ਕਾਰ ਦਾ ਨੰਬਰ ਉਹਨੇ ਆਪਣੀ ਪਸੰਦ ਦਾ ਲਿਆ ਸੀ- ਚਾਰ ਚੌਕੇ, ਯਾਨੀ 4444.  ਉਹਨੇ ਸੋਚਿਆ- ਕਿਹੋ ਜਿਹੀ ਤ੍ਰਾਸਦੀ ਹੈ। ਹੁਣ ਕਾਰ ਤਾਂ ਹੈ, ਪਰ ਕਾਰ ਵਿੱਚ ਬੈਠਣ ਵਾਲੀ ਨਹੀਂ ਹੈ।  
    ਨੀਲਕਾਂਤ ਆਪਣੇ ਕਮਰੇ ਵਿਚ ਆਇਆ ਤੇ ਟੇਬਲ 'ਚੋਂ ਇਕ ਚਿੱਠੀ ਚੁੱਕੀ, ਜਿਸ ਵਿਚ ਕੇਂਦਰੀ ਯੂਨੀਵਰਸਿਟੀ ਦੇ ਸੈਮੀਨਾਰ ਵਿੱਚ ਆਉਣ ਦਾ ਸੱਦਾ ਸੀ। ਗੋਸ਼ਟੀ ਦਾ ਵਿਸ਼ਾ ਸੀ- "ਸਮਾਂ, ਸਾਹਿਤ ਅਤੇ ਸਮਾਜਿਕ ਸਰੋਕਾਰ।" ਨੀਲਕਾਂਤ ਨੇ ਫ਼ੈਸਲਾ ਕੀਤਾ ਕਿ ਉਹ ਇਸ ਸੈਮੀਨਾਰ ਵਿਚ ਜਾਵੇਗਾ। ਨੀਲਕਾਂਤ ਨੇ ਨੌਕਰ ਨੂੰ ਆਵਾਜ਼ ਮਾਰੀ- 'ਡੇਵਿਡ!' ਉਹ ਆਇਆ ਤਾਂ ਨੀਲਕਾਂਤ ਨੇ ਉਹਨੂੰ ਹੁਕਮ ਦਿੱਤਾ ਕਿ ਡਰਾਈਵਰ ਨੂੰ ਫੋਨ ਕਰਕੇ ਸਵੇਰੇ ਘਰ ਸੱਦ ਲਵੇ। 
****
     ਕੇਂਦਰੀ ਯੂਨੀਵਰਸਿਟੀ ਨਵੀਂ ਹੀ ਬਣੀ ਸੀ। ਉਹਦੀ ਸ਼ਾਨਦਾਰ ਬਿਲਡਿੰਗ ਸੀ। ਦੂਰ ਤੱਕ ਲੰਮਾ ਚੌੜਾ ਕੈਂਪਸ ਨਜ਼ਰ ਆਉਂਦਾ ਸੀ। ਪ੍ਰਵੇਸ਼ ਕਰਨ ਲਈ ਸੁੰਦਰ ਗੇਟ ਬਣਾਇਆ ਗਿਆ ਸੀ। ਨੀਲਕਾਂਤ ਦੇ ਪਹੁੰਚਣ ਤੇ ਲੜਕੀਆਂ ਨੇ ਉਹਨੂੰ ਤਿਲਕ ਲਾਇਆ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ।
    ਵਾਈਸ ਚਾਂਸਲਰ ਦੇ ਦਫ਼ਤਰ ਵਿੱਚ ਚਾਹ-ਪਾਣੀ ਪਿੱਛੋਂ ਨੀਲਕਾਂਤ ਸੈਮੀਨਾਰ ਹਾਲ ਵਿੱਚ ਪਹੁੰਚਿਆ। ਉਹਨੂੰ ਡਾਇਸ ਤੇ ਸੱਦਿਆ ਗਿਆ। ਡਾਇਸ ਤੇ ਬੈਠਿਆਂ ਕੁਝ ਸਮਾਂ ਹੀ ਹੋਇਆ ਸੀ ਕਿ ਉਸ ਨੂੰ ਪੱਤਿਆਂ ਦੀ ਸਰਸਰਾਹਟ ਦੀ ਆਵਾਜ਼ ਸੁਣਾਈ ਦਿੱਤੀ। ਉਹਨੇ ਨਾਲ ਦੇ ਦਰਵਾਜ਼ੇ ਵੱਲ ਵੇਖਿਆ। ਦਰਵਾਜ਼ੇ ਵਿਚੋਂ ਇਕ ਔਰਤ ਨੇ ਪ੍ਰਵੇਸ਼ ਕੀਤਾ ਸੀ। ਉਹ ਅੰਜਲੀ ਦੇ ਕੱਪੜਿਆਂ ਦੀ ਸਰਸਰਾਹਟ ਸੀ। ਨੀਲਕਾਂਤ ਨੂੰ ਲੱਗਿਆ, ਜਿਵੇਂ ਕਿਸੇ ਰੁੱਖ ਨੇ ਝੂੰਮਦਿਆਂ ਹੋਇਆਂ ਅੰਦਰ ਪ੍ਰਵੇਸ਼ ਕੀਤਾ ਹੋਵੇ! ਇਹ ਰੁੱਖ ਹੁਣ ਵੀਹ ਸਾਲ ਬੁੱਢਾ ਹੋ ਚੁੱਕਿਆ ਸੀ। ਪਰ ਜਵਾਨੀ ਦੀ ਸ਼ਾਨ ਨਾਲ ਅਜੇ ਵੀ ਚਮਕ ਰਿਹਾ ਸੀ। ਨੀਲਕਾਂਤ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਉਹਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਅੰਜਲੀ ਕਦੇ ਜ਼ਿੰਦਗੀ ਤੇ ਇਸ ਮੋੜ ਤੇ ਇਸ ਤਰ੍ਹਾਂ ਮਿਲੇਗੀ! 
    ਨੀਲਕਾਂਤ ਕਾਫ਼ੀ ਦੇਰ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰਦਾ ਰਿਹਾ। ਆਖ਼ਰਕਾਰ ਮੁੱਖ ਵਕਤਾ ਦੇ ਰੂਪ ਵਿੱਚ ਉਹਨੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਹਦੇ ਬੋਲਣ ਦਾ ਅੰਦਾਜ਼, ਵਿਚ-ਵਿਚ ਪਾਜ਼ ਦੇਣਾ ਅਤੇ ਹੱਥ ਦੀਆਂ ਹਰਕਤਾਂ ਨਾਲ ਆਪਣੀ ਗੱਲ ਨੂੰ ਵਜ਼ਨਦਾਰ ਢੰਗ ਨਾਲ ਰੱਖਣਾ- ਲੋਕਾਂ ਨੂੰ ਬੜਾ ਪਸੰਦ ਆਇਆ। ਹਾਲ ਵਿਚ ਖ਼ੂਬ ਤਾੜੀਆਂ ਵੱਜਦੀਆਂ ਰਹੀਆਂ। ਉਹਦੀ ਪੇਸ਼ਕਾਰੀ ਗਜ਼ਬ ਦੀ ਸੀ! 
    ਗੋਸ਼ਟੀ ਦੀ ਸਮਾਪਤੀ ਪਿੱਛੋਂ ਚਾਹ-ਪਾਣੀ ਦਾ ਪ੍ਰਬੰਧ ਸੀ ਤਾਂ ਨੀਲਕਾਂਤ ਨੇ ਅੰਜਲੀ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ। ਅੰਜਲੀ ਸਾੜ੍ਹੀ ਵਿਚ ਬਹੁਤ ਖੂਬਸੂਰਤ ਲੱਗ ਰਹੀ ਸੀ! ਮੱਥੇ ਤੇ ਵਾਲਾਂ ਦੀਆਂ ਲਹਿਰਾਉਂਦੀਆਂ ਜ਼ੁਲਫ਼ਾਂ ਨਾਲ ਉਹਦਾ ਚਿਹਰਾ ਕਿਸੇ ਵਲ਼ ਖਾਂਦੀ ਲਤਾ ਤੇ ਖਿੜੇ ਸੁੰਦਰ ਫੁੱਲ ਵਾਂਗ ਲੱਗ ਰਿਹਾ ਸੀ। ਉਹ ਨੇੜੇ ਆਈ ਤਾਂ ਉਸਦੇ ਲਿਬਾਸ ਦੀ ਸਰਸਰਾਹਟ ਜਿਵੇਂ ਨੀਲਕਾਂਤ ਦੇ ਪੂਰੇ ਸਰੀਰ ਨਾਲ ਲਿਪਟ ਗਈ। ਦੋਵੇਂ ਭੀੜ ਤੋਂ ਇੱਕ ਪਾਸੇ ਹਟ ਕੇ ਗੱਲਬਾਤ ਕਰਨ ਲੱਗੇ। 
    ਨੀਲਕਾਂਤ ਚੁੱਪਚਾਪ ਖੜ੍ਹਾ ਸੀ। ਸੋਚਣ ਤੋਂ ਅਸਮਰਥ ਸੀ ਕਿ ਕਿਵੇਂ, ਕੀ ਗੱਲ ਕਰੇ। ਗੱਲ ਅੰਜਲੀ ਨੇ ਹੀ ਸ਼ੁਰੂ ਕੀਤੀ- 'ਤੁਸੀਂ ਤਾਂ ਮਹਿਫ਼ਲ ਹੀ ਲੁੱਟ ਲਈ।' ਨੀਲਕਾਂਤ ਦਾ ਜਿਵੇਂ ਸਾਹ ਵਿੱਚ ਸਾਹ ਆਇਆ। ਉਹਦਾ ਸਵੈ-ਵਿਸ਼ਵਾਸ ਮੁੜ ਆਇਆ। ਉਹ ਬੋਲਿਆ- 'ਅੰਜਲੀ, ਜ਼ਿੰਦਗੀ ਵਿੱਚ ਮਹਿਫ਼ਲਾਂ ਤਾਂ ਬਹੁਤ ਲੁੱਟੀਆਂ, ਪਰ ਜੀਹਨੂੰ ਲੁੱਟਣਾ ਚਾਹੁੰਦਾ ਸੀ, ਉਹਨੂੰ ਨਹੀਂ ਲੁੱਟ ਸਕਿਆ। ਇਹੀ ਮਲਾਲ ਮੈਨੂੰ ਜ਼ਿੰਦਗੀ ਭਰ ਸਤਾਉਂਦਾ ਰਹੇਗਾ।'
    'ਕਿਤੇ ਕੁਝ ਤਾਂ ਕਮੀ ਰਹੀ ਹੋਵੇਗੀ!'
    'ਹਾਂ, ਜ਼ਰੂਰ ਰਹੀ ਹੋਵੇਗੀ। ਅੱਛਾ ਛੱਡ, ਇਹ ਦੱਸ, ਤੂੰ ਇੱਥੇ ਕਿਵੇਂ?' 
    'ਮੈਂ ਏਥੇ ਅਸਿਸਟੈਂਟ ਪ੍ਰੋਫ਼ੈਸਰ ਹਾਂ।' 
    'ਅਤੇ ਪਰਿਵਾਰ ਵਿੱਚ...?' 
    'ਕੋਈ ਨਹੀਂ, ਇਕੱਲੀ।' 
    'ਹੈਂ?' 
    'ਜੀ।' ਅੰਜਲੀ ਨੇ ਦ੍ਰਿੜ੍ਹਤਾ ਨਾਲ ਕਿਹਾ।
    ਨੀਲਕਾਂਤ ਨੂੰ ਜਿਵੇਂ ਧੱਕਾ ਜਿਹਾ ਵੱਜਿਆ। ਉਹ ਕੁਝ ਸੋਚਣ ਲੱਗਿਆ। 
    ਇਸੇ ਦੌਰਾਨ ਕੇਂਦਰੀ ਯੂਨੀਵਰਸਿਟੀ ਦੇ ਉਪ-ਕੁਲਪਤੀ ਆ ਗਏ ਅਤੇ ਨੀਲਕਾਂਤ ਨੂੰ ਉਨ੍ਹਾਂ ਨਾਲ ਗੱਲਬਾਤ ਵਿੱਚ ਰੁਝਣਾ ਪਿਆ। ਉਦੋਂ ਤੱਕ ਅੰਜਲੀ ਅੱਖਾਂ ਤੋਂ ਓਝਲ ਹੋ ਚੁੱਕੀ ਸੀ। ਉਹ ਫਿਰ ਨਹੀਂ ਦਿੱਸੀ। ਬਾਹਰ ਨੀਲਕਾਂਤ ਦੀ ਕਾਰ ਆ ਗਈ ਸੀ। ਉਹ ਕਾਰ ਵਿੱਚ ਬੈਠਾ ਅਤੇ ਚਲ ਪਿਆ। ਜਾਂਦੇ-ਜਾਂਦੇ ਚਾਰੇ ਪਾਸੇ ਨਜ਼ਰਾਂ ਦੌੜਾਈਆਂ, ਪਰ ਅੰਜਲੀ ਕਿਤੇ ਨਹੀਂ ਦਿੱਸੀ। ਯਾਦਾਂ ਦੇ ਪੱਤੇ ਹਵਾ ਵਿੱਚ ਪਿੱਛੇ ਉੱਡਦੇ ਨਜ਼ਰ ਆਏ। ਉਹ ਅੱਗੇ ਵਧ ਗਿਆ।
    ਅਚਾਨਕ ਉਹਨੂੰ ਖ਼ਿਆਲ ਆਇਆ ਕਿ ਉਹ ਘਰ ਮੁੜ ਰਿਹਾ ਹੈ, ਪਰ ਉਹਦਾ ਘਰੇ ਇੰਤਜ਼ਾਰ ਕਰਨ ਵਾਲਾ ਕੋਈ ਨਹੀਂ ਹੈ। ਲੈ ਦੇ ਕੇ ਇੱਕ ਡੇਵਿਡ... ਅਤੇ ਡੇਵਿਡ ਵੀ ਬਦਲਦੇ ਰਹਿੰਦੇ ਹਨ। ਉਹਨੇ ਇੱਕ ਠੰਢਾ ਹਉਕਾ ਭਰਿਆ। 
****
    ਨੀਲਕੰਠ ਘਰ ਪਹੁੰਚਿਆ ਹੀ ਸੀ ਕਿ ਉਸ ਦੇ ਮੋਬਾਇਲ ਫੋਨ ਦੀ ਘੰਟੀ ਵੱਜੀ। ਆਵਾਜ਼ ਆਈ- 'ਮੈਂ ਅਭਿਨੈ ਬੈਨਰਜੀ ਬੋਲ ਰਿਹਾ ਹਾਂ, ਅਸਿਸਟੈਂਟ ਮੈਨੇਜਰ, ਇੰਡੀਅਨ ਬੈਂਕ।'
    'ਜੀ ਫੁਰਮਾਓ!' 
    'ਸਰ, ਤੁਹਾਡਾ ਲੌਕਰ ਕੱਲ੍ਹ ਤੋੜਿਆ ਜਾਵੇਗਾ। ਕੱਲ੍ਹ ਸਵੇਰੇ ਗਿਆਰਾਂ ਵਜੇ ਤੁਸੀਂ ਬੈਂਕ ਆ ਜਾਓ।'
    'ਠੀਕ ਹੈ, ਆ ਜਾਵਾਂਗਾ।' ਅਤੇ ਨੀਲਕਾਂਤ ਨੇ ਫੋਨ ਕੱਟ ਦਿੱਤਾ।
    ਨੀਲਕਾਂਤ ਨੂੰ ਹੁਣ ਯਾਦ ਆਇਆ ਕਿ ਇਹ ਲੌਕਰ ਉਹਨੂੰ ਕਿਵੇਂ ਮਿਲਿਆ ਸੀ। ਉਹਦਾ ਬੀਮਾ ਕੰਪਨੀ ਵਿੱਚ ਇੱਕ ਦੋਸਤ ਹੁੰਦਾ ਸੀ ਵਿਨੋਦ ਗੁਪਤਾ। ਇੱਕ ਦਿਨ ਮਿਲਿਆ, ਤਾਂ ਪਤਾ ਲੱਗਿਆ ਕਿ ਉਹ ਬੈਂਕ ਜਾ ਰਿਹਾ ਸੀ। ਉਸ ਨੇ ਨੀਲਕਾਂਤ ਨੂੰ ਕਿਹਾ- 'ਅੱਜਕੱਲ੍ਹ ਬੈਂਕਾਂ ਵਿੱਚ ਲੌਕਰ ਬੜੀ ਮੁਸ਼ਕਲ ਨਾਲ ਮਿਲਦਾ ਹੈ। ਮੇਰੇ ਬੈਂਕ ਵਿਚ ਕਈ ਦੋਸਤ ਹਨ, ਤੂੰ ਚਾਹੇਂ ਤਾਂ ਲੌਕਰ ਦਿਵਾ ਸਕਦਾ ਹਾਂ।'
   ਨੀਲਕਾਂਤ ਵਿਨੋਦ ਨਾਲ ਬੈਂਕ ਚਲਾ ਗਿਆ ਅਤੇ ਖ਼ੁਸ਼ੀ-ਖ਼ੁਸ਼ੀ ਵਿੱਚ ਲੌਕਰ ਲੈ ਲਿਆ। ਪਿੱਛੋਂ ਵਿਨੋਦ ਦੀ ਬਦਲੀ ਮੁੰਬਈ ਹੋ ਗਈ ਅਤੇ ਨੀਲਕਾਂਤ ਲਈ ਲੌਕਰ ਇੱਕ ਭੁੱਲੀ ਹੋਈ ਕਹਾਣੀ ਬਣ ਗਿਆ। ਹੁਣ ਇੰਨੇ ਸਾਲਾਂ ਪਿੱਛੋਂ ਇਹ ਲਾਕਰ ਖੁੱਲ੍ਹਣ ਵਾਲਾ ਸੀ। ਨੀਲਕਾਂਤ ਬੈਂਕ ਪਹੁੰਚਿਆ ਤਾਂ ਲੌਕਰ ਤੋੜਨ ਵਾਲਾ ਮਕੈਨਿਕ ਆ ਚੁੱਕਿਆ ਸੀ।
    ਮਕੈਨਿਕ ਨੇ ਆਪਣੇ ਬਰੀਫਕੇਸ ਵਿੱਚੋਂ ਔਜ਼ਾਰ ਕੱਢੇ ਅਤੇ ਆਪਣੇ ਕੰਮ ਵਿੱਚ ਜੁੱਟ ਗਿਆ। ਉਸਨੇ ਇਕ ਡ੍ਰਿਲਿੰਗ ਮਸ਼ੀਨ ਪੁਰਾਣੇ ਲੌਕਰ ਦੀ ਪਲੇਟ ਦੀ ਮੋਰੀ ਵਿੱਚ ਲਾਈ, ਜਿਸ ਨਾਲ ਪੇਚ ਬਾਹਰ ਆ ਗਏ। ਸਾਈਡ ਦੇ ਕਬਜ਼ੇ ਵੀ ਉਸ ਨੇ ਡ੍ਰਿਲਿੰਗ ਮਸ਼ੀਨ ਨਾਲ ਹਟਾ ਦਿੱਤੇ। ਇਹਦੇ ਨਾਲ ਹੀ ਪੁਰਾਣਾ ਲੌਕਰ ਹੱਥ ਵਿੱਚ ਆ ਗਿਆ। 
    ਨੀਲਕਾਂਤ ਨੇ ਲੌਕਰ ਦੇ ਅੰਦਰ ਹੱਥ ਮਾਰਿਆ। ਸਭ ਤੋਂ ਪਹਿਲਾਂ ਹੱਥ ਵਿੱਚ ਜੋ ਆਇਆ, ਉਹ ਸੁੱਕੇ ਹੋਏ ਗੁਲਾਬ ਦੇ ਫੁੱਲ ਸਨ, ਜੋ ਝੜ ਕੇ ਡੰਡੀ ਤੋਂ ਵੱਖ ਹੋ ਚੁੱਕੇ ਸਨ। ਫਿਰ ਗੁਲਾਬ ਦੀ ਡੰਡੀ ਬਾਹਰ ਕੱਢੀ। ਇਸ ਤੋਂ ਬਾਅਦ ਫਿਰ ਅੰਦਰ ਹੱਥ ਪਾਇਆ, ਤਾਂ ਇਕ ਬੰਦ ਲਿਫਾਫਾ ਹੱਥ ਵਿੱਚ ਆਇਆ। ਨੀਲਕਾਂਤ ਸੋਚ ਰਿਹਾ ਸੀ- 'ਫੁੱਲ ਸੁੱਕ ਗਏ, ਰਾਮਗਡ਼੍ਹ ਬੰਨ੍ਹ ਦਾ ਪਾਣੀ ਸੁੱਕ ਗਿਆ, ਮੁਹੱਬਤ ਸੁੱਕ ਗਈ।' 
    ਬੈਂਕ ਤੋਂ ਬਾਹਰ ਆ ਕੇ ਉਹਨੇ ਲਿਫ਼ਾਫ਼ਾ ਖੋਲ੍ਹਿਆ। ਉਸ 'ਚੋਂ ਕਾਗਜ਼ ਕੱਢਿਆ। ਕਾਗ਼ਜ਼ ਵਿੱਚ ਸਭ ਤੋਂ ਉੱਤੇ ਬੰਦਨਵਾਰ ਬਣੀ ਹੋਈ ਸੀ, ਜਿਸ ਵਿੱਚ ਚਾਰ ਪੱਤੇ ਲਟਕੇ ਹੋਏ ਸਨ। ਨੀਲਕਾਂਤ ਦੀਆਂ ਅੱਖਾਂ ਵਿੱਚ ਹੰਝੂ ਟਪਕੇ ਅਤੇ ਕਾਗਜ਼ ਤੇ ਡਿੱਗੇ। ਇਹ 'ਅੰਜਲੀ- ਨੀਲਕਾਂਤ' ਦੇ ਵਿਆਹ ਦੇ ਸੱਦੇ ਦਾ ਕੱਚਾ ਡ੍ਰਾਫਟ ਸੀ।
    ਨੀਲਕਾਂਤ ਨੇ ਆਪਣੇ ਹੱਥ ਵਿੱਚ ਰੱਖੇ ਗੁਲਾਬ ਦੇ ਸੁੱਕੇ ਪੱਤਿਆਂ ਨੂੰ ਚੁੰਮਿਆ। ਉਸ ਨੇ ਆਪਣੇ ਹੱਥਾਂ ਦੀਆਂ ਦੋਵਾਂ ਹਥੇਲੀਆਂ ਨੂੰ ਖੋਲ੍ਹਿਆ ਅਤੇ ਹੰਝੂਆਂ ਦੇ ਪਰਦੇ ਰਾਹੀਂ ਸੁੱਕੇ ਫੁੱਲਾਂ ਨੂੰ ਧਿਆਨ ਨਾਲ ਵੇਖਿਆ। ਉਦੋਂ ਹੀ ਅਚਾਨਕ ਤੇਜ਼ ਹਵਾ ਆਈ ਅਤੇ ਹਥੇਲੀਆਂ ਦੇ ਪੱਤੇ ਉੱਡ ਕੇ ਇੱਧਰ-ਉੱਧਰ ਖਿੱਲਰ ਗਏ। ਧਰਤੀ ਤੇ ਪੱਤਿਆਂ ਦੇ ਖੜਖੜਾਉਣ ਦੀ ਆਵਾਜ਼ ਤੇਜ਼ ਹੁੰਦੀ ਜਾ ਰਹੀ ਸੀ। ਉਸ ਦੇ ਦਿਲ ਵਿੱਚ ਵੀ ਯਾਦਾਂ ਦੇ ਪੱਤੇ ਤੇਜ਼ੀ ਨਾਲ ਖੜਖੜਾ ਰਹੇ ਸਨ।
 
                   * ਮੂਲ : ਈਸ਼ਮਧੂ ਤਲਵਾਰ
                   * ਅਨੁ : ਪ੍ਰੋ. ਨਵ ਸੰਗੀਤ ਸਿੰਘ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ