ਰਵਿੰਦਰ ਰਵੀ ਦੀਆਂ ਬਹੁ-ਅਰਥੀ ਕਵਿਤਾਵਾਂ : ਸੁਕਰਾਤ ਦਾ ਗੀਤ
ਰਵਿੰਦਰ ਸਿੰਘ ਸੋਢੀ
ਹਰ ਲੇਖਕ ਕੋਲ ਹੀ ਕਹਿਣ ਨੂੰ ਬਹੁਤ ਕੁਝ ਹੁੰਦਾ ਹੈ। ਸ਼ਬਦਾਂ ਰਾਹੀਂ ਹੀ ਲੇਖਕ ਆਪਣੇ ਮਨੋਭਾਵਾਂ ਨੂੰ ਪ੍ਰਗਟ ਕਰਦੇ ਹਨ। ਵਿਚਾਰਾਂ ਦੇ ਪ੍ਰਗਟਾ ਲਈ ਸਾਹਿਤ ਦੇ ਕਿਸੇ ਵੀ ਰੂਪ ਨੂੰ ਮਾਧਿਅਮ ਬਣਾਇਆ ਜਾ ਸਕਦਾ ਹੈ। ਪਰ ਕੀ ਕਾਰਨ ਹੈ ਕਿ ਸਾਰੇ ਲੇਖਕ ਹੀ ਸਧਾਰਨ ਪਾਠਕਾਂ, ਵਿਦਵਾਨਾਂ ਅਤੇ ਆਲੋਚਕਾਂ ਦਾ ਧਿਆਨ ਨਹੀਂ ਖਿੱਚਦੇ? ਇਹ ਵਰਤਾਰਾ ਸਿਰਫ ਪੰਜਾਬੀ ਸਾਹਿਤ ਦੇ ਸੰਦਰਭ ਵਿਚ ਹੀ ਦੇਖਣ ਨੂੰ ਨਹੀਂ ਮਿਲਦਾ ਸਗੋਂ ਹਰ ਭਾਸ਼ਾ ਵਿਚ ਹੀ ਦੇਖਣ ਨੂੰ ਮਿਲਦਾ ਹੈ। ਅੰਗਰੇਜੀ ਦੇ ਕੁਝ ਅਜਿਹੇ ਸਾਹਿਤਕਾਰ ਹਨ ਜਿੰਨਾਂ ਨੇ ਆਪ ਉਨਾਂ ਨਹੀਂ ਲਿਖਿਆ ਜਿੰਨਾਂ ਉਹਨਾਂ ਸੰਬੰਧੀ ਲਿਖਿਆ ਜਾ ਚੁੱਕਿਆ ਹੈ।
ਅਸਲ ਵਿਚ ਲੇਖਕ ਜਦੋਂ ਕੁਝ ਵੀ ਲਿਖਦਾ ਹੈ ਤਾਂ ਇਹ ਦੇਖਿਆ ਜਾਂਦਾ ਹੈ ਕਿ ਉਸ ਨੇ ਕੀ ਲਿਖਿਆ ਹੈ, ਕਿਵੇਂ ਲਿਖਿਆ ਹੈ, ਉਸ ਦੀ ਸਾਰਥਕਤਾ ਕੀ ਹੈ, ਕੀ ਉਹ ਲੇਖਕ ਦਾ ਵਕਤੀ ਗਵਾਰ ਹੈ ਜਾਂ ਉਸ ਦੀ ਲਿਖਤ ਸਮੇਂ ਦੀ ਸੀਮਾਂ ਪਾਰ ਕਰਨ ਯੋਗ ਹੈ? ਜਿਹੜਾ ਲੇਖਕ ਵਰਤਮਾਨ ਦੀ ਸੀਮਾਂ ਲੰਘ ਕੇ ਭੂਤਕਾਲ ਦਾ ਚੱਕਰ ਲਾ ਆਵੇ ਅਤੇ ਭਵਿੱਖ ਦੇ ਧੁੰਦਲੇ ਪਰਦੇ ਦੇ ਉਹਲੇ ਲੁਕੇ ਵਰਤਾਰਿਆਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਵੇ, ਉਹੀ ਸਾਹਿਤਕਾਰ ਸਦ ਜੀਵੀ ਹੁੰਦਾ ਹੈ। ਇਸ ਲਈ ਕੁਦਰਤੀ ਪ੍ਰਤਿਭਾ ਦੇ ਨਾਲ-ਨਾਲ ਰਚਨਹਾਰੇ ਦੀ ਕਲਪਨਾ ਸ਼ਕਤੀ, ਲੇਖਣੀ ਦਾ ਮਾਧਿਅਮ ਬਣੇ ਸਾਹਿਤਕ ਰੂਪ ਤੇ ਪਕੜ, ਸ਼ੈਲੀ, ਭਾਸ਼ਾ ਵਿਚ ਪ੍ਰਵੀਨਤਾ, ਪੇਸ਼ ਕੀਤੇ ਜਾ ਰਹੇ ਪਾਤਰਾਂ ਦੇ ਮਨੋਵਿਗਿਆਨ ਨੂੰ ਸਮਝਣ ਦੀ ਸਮਰਥਾ ਆਦਿ ਦਾ ਵੀ ਯੋਗਦਾਨ ਹੁੰਦਾ ਹੈ।
ਪੰਜਾਬੀ ਦੇ ਕਈ ਸਾਹਿਤਕਾਰ ਉਪਰੋਕਤ ਪ੍ਰੀਭਾਸ਼ਾ ਦੀ ਕਸਵੱਟੀ ਤੇ ਖਰੇ ਉਤਰਦੇ ਹਨ। ਇਸੇ ਲਈ ਉਹਨਾਂ ਰਚਿਤ ਸਾਹਿਤ ਸਮਾਂ ਬੀਤਣ ਤੇ ਵੀ ਆਪਣੀ ਕਲਾ ਨਾਲ ਪਾਠਕਾਂ ਅਤੇ ਆਲੋਚਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਰਵਿੰਦਰ ਰਵੀ ਪੰਜਾਬੀ ਦਾ ਇਕ ਅਜਿਹਾ ਹੀ ਸਮਰਥ ਸਾਹਿਤਕਾਰ ਹੈ ਜੋ 84 ਸਾਲ ਦੀ ਪ੍ਰੋੜ ਉਮਰ ਵਿਚ ਵੀ 'ਸਾਹਿਤਕ ਜਵਾਨੀ' ਮਾਣ ਰਿਹਾ ਹੈ। ਉਹ ਨਿਰੰਤਰ ਲਿਖ ਰਿਹਾ ਹੈ, ਪਾਠਕ ਉਸ ਨੂੰ ਪੜ੍ਹਦੇ ਹਨ, ਆਲੋਚਕ ਉਸ ਦੀਆਂ ਸਾਹਿਤਕ ਕਿਰਤਾਂ ਦੇ ਮਿਆਰ ਦੀ ਕਦਰ ਕਰਦੇ ਹਨ ਅਤੇ ਅਕਾਦਮਿਕ ਡਿਗਰੀਆਂ ਲੈਣ ਵਾਲੇ ਉਸ ਦੀਆਂ ਸਾਹਿਤਕ ਰਚਨਾਵਾਂ ਤੇ ਐਮ ਫਿਲ ਅਤੇ ਪੀ ਐਚ ਡੀ ਪੱਧਰ ਦੀਆਂ ਡਿਗਰੀਆਂ ਪ੍ਰਾਪਤ ਕਰ ਰਹੇ ਹਨ। ਭਾਵੇਂ ਸਮੇਂ ਦੇ ਬਦਲਣ ਨਾਲ ਸਾਹਿਤਕ ਰੂਪਾਂ ਵਿਚ ਬਣਤਰ ਅਤੇ ਬੁਣਤਰ ਦੇ ਪੱਖੋਂ ਬਦਲਾਵ ਹੋ ਰਹੇ ਹਨ, ਆਲੋਚਨਾ ਦੀਆਂ ਨਵੀਆਂ ਪਰਪਾਟੀਆਂ ਸਾਹਮਣੇ ਆ ਰਹੀਆਂ ਹਨ, ਪਰ ਰਵੀ ਦੀ ਖੂਬੀ ਇਹ ਹੈ ਕਿ ਉਹ ਆਪਣੀਆਂ ਸਾਹਿਤਕ ਗਤੀਵਿਧੀਆ ਨੂੰ ਸਮੇਂ ਅਨੁਸਾਰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੋਇਆ ਹੁਣਵਾਦ, ਪੜਯਥਾਰਦਵਾਦ, ਸ਼ੂਨਯਵਾਦ ਆਦਿ ਦੀ ਗੱਲ ਵੀ ਬਾ-ਖੂਬੀ ਕਰਦਾ ਹੈ। ਰਵੀ ਨੇ ਇਸ ਪੁਸਤਕ ਦੇ ਮੁੱਢ ਵਿਚ ਇਹ ਲਿਖਿਆ ਹੈ ਕਿ "ਵਿਦੇਸ਼ੀ ਦੌਰਿਆਂ ਕਾਰਨ ਮੇਰੇ ਅਨੁਭਵ ਜਗਤ ਵਿਚ ਵਿਸ਼ਾਲਤਾ ਆਈ ਹੈ।"
ਰਵਿੰਦਰ ਰਵੀ ਦੀ ਨਵ ਪ੍ਰਕਾਸ਼ਿਤ ਪੁਸਤਕ 'ਸੁਕਰਾਤ ਦਾ ਗੀਤ' ਮੈਂ ਦੋ ਬਾਰ ਪੜ੍ਹ ਲਈ ਹੈ। ਸੁਕਰਾਤ ਵਿਸ਼ਵ ਪ੍ਰਸਿਧ ਦਾਰਸ਼ਨਿਕ ਹੋਇਆ ਹੈ, ਜੋ ਯੂਨਾਨ ਵਿਚ 440 ਬੀ ਸੀ ਵਿਚ ਪੈਦਾ ਹੋਇਆ ਸੀ। ਉਸ ਦੇ ਦਾਰਸ਼ਨਿਕ ਵਿਚਾਰ ਅੱਜ ਦੇ ਸਮੇਂ ਵੀ ਪ੍ਰਸੰਗਿਕ ਹਨ। ਉਸ ਨੂੰ ਪੱਛਮੀ ਦਾਰਸ਼ਨਿਕ ਵਿਚਾਰਧਾਰਾ ਦਾ ਮੋਢੀ ਮੰਨਿਆ ਜਾਂਦਾ ਹੈ। ਉਸ ਦੀ ਖਾਸੀਅਤ ਇਹ ਸੀ ਕਿ ਉਹ ਆਪਣੇ ਗੁੰਝਲਦਾਰ ਵਿਚਾਰਾਂ ਨੂੰ ਵੀ ਸਾਧਾਰਨ ਢੰਗ ਨਾਲ ਪੇਸ਼ ਕਰਦਾ ਸੀ ਜਿਸ ਕਰਕੇ ਆਮ ਲੋਕ ਵੀ ਉਸ ਦੀਆਂ ਗੁਝੀਆਂ ਗੱਲਾਂ ਨੂੰ ਸਮਝ ਜਾਂਦੇ ਸਨ।
ਰਵੀ ਨੇ ਸ਼ਾਇਦ ਆਪਣੀ ਪ੍ਰਸਤੁਤ ਪੁਸਤਕ ਦਾ ਨਾਮਕਰਨ ਸੁਕਰਾਤ ਦੀ ਜੀਵਨ ਸ਼ੈਲੀ ਨੂੰ ਧਿਆਨ ਵਿਚ ਰੱਖ ਕੇ ਕੀਤਾ ਹੈ ਜਾਂ ਇਹ ਸੰਯੋਗ ਹੀ ਹੈ। 'ਸੁਕਰਾਤ ਦਾ ਗੀਤ' ਕਾਵਿ ਸੰਗ੍ਰਿਹ ਦੀਆਂ ਬਹੁਤੀਆਂ ਕਵਿਤਾਵਾਂ ਸੁਕਰਾਤ ਦੇ ਦਰਸ਼ਨ ਦੀ ਤਰਾਂ ਬਹੁ-ਅਰਥੀ ਹਨ। ਰਵੀ ਦੀ ਕਵਿਤਾ ਸੰਬੰਧੀ ਉਸ ਦੇ ਇਸ ਕਥਨ ਨੂੰ ਵੀ ਵਾਚਿਆ ਜਾਣਾ ਚਾਹੀਦਾ ਹੈ-" ਮੇਰਾ ਇਹ ਮੱਤ ਰਿਹਾ ਹੈ ਕਿ ਆਧੁਨਿਕ/ਉੱਤਰ ਆਧੁਨਿਕ ਬੌਧਿਕ ਕਥਿਤ ਦੇ ਇਕ ਤੋਂ ਵਧੀਕ ਅਰਥ(inter precation) ਪ੍ਰਸਤੁਤ ਕੀਤੇ ਜਾ ਸਕਦੇ ਹਨ। ਵੇਖਣ ਵਾਲੇ ਦੀ ਨਜ਼ਰ ਉੱਤੇ ਨਿਰਭਰ ਹੈ ਕਿ ਉਸਨੇ ਕਈ ਵੇਖਿਆ, ਜਾਂ ਕੀ ਸਮਝਿਆ? ਉਸ ਕੋਲ ਬਹੁ-ਪਰਤੀ ਗੱਲਾਂ ਨੂੰ ਸਧਾਰਨ ਭਾਸ਼ਾ ਵਿਚ ਪ੍ਰਗਟਾਉਣ ਦਾ ਹੁਨਰ ਹੈ। ਉਹ ਆਪਣੇ ਸਧਾਰਨ ਪਾਠਕਾਂ ਲਈ ਜਿਥੇ ਸਤਹੀ ਅਰਥ ਪ੍ਰਦਾਨ ਕਰਦਾ ਹੈ, ਉਥੇ ਦੂਰ ਦੀ ਸੋਚਣ ਵਾਲੇ, ਹਰ ਕਿਸੇ ਗੱਲ ਦੇ ਲੁਕਵੇਂ ਅਰਥਾਂ ਦੀ ਤਹਿ ਤੱਕ ਪਹੁੰਚਣ ਵਾਲੇ ਪਾਠਕਾਂ ਦੀ ਭੁੱਖ ਨੂੰ ਵੀ ਤ੍ਰਿਪਤ ਕਰਦਾ ਹੈ। ਇਸ ਪੱਖੋਂ ਉਸ ਦੀ ਕਵਿਤਾ 'ਮੁਹੱਬਤ: ਮਜ਼ੇਦਾਰ ਹਾਦਸਾ' ਨੂੰ ਵਾਚਿਆ ਜਾ ਸਕਦਾ ਹੈ। ਉਸ ਨੇ ਮੁਹੱਬਤ ਦੇ ਵੱਖੋ-ਵੱਖ ਰੂਪਾਂ ਨੂੰ ਅਜਿਹੇ ਢੰਗ ਨਾਲ ਕਲਮਬੱਧ ਕੀਤਾ ਹੈ ਕਿ ਪਾਠਕ ਆਪ ਮੁਹਾਰੇ ਕਵਿਤਾ ਦੀ ਗੁੱਝੀਆਂ ਰਮਜ਼ਾਂ ਦਾ ਆਨੰਦ ਮਾਣਦੇ ਹਨ:
ਮੁਹੱਬਤ, /ਸੋਚ 'ਚੋਂ ਨਹੀਂ/ਅਹਿਸਾਸ 'ਚੋਂ ਪੈਦਾ ਹੁੰਦੀ ਹੈ!!!
ਮੁਹੱਬਤ, /ਦੋ ਵਜੂਦਾਂ ਦੇ ਟਕਰਾਅ 'ਚੋਂ/ਪੈਦਾ ਹੋਇਆ ਅਦਭੁੱਤ ਹਾਦਸਾ ਹੈ।
ਇਕ ਹੋਰ ਕਵਿਤਾ ਵੀ ਮੁਹੱਬਤ ਦੇ ਬਹੁ-ਪਰਤੀ ਵਰਤਾਰੇ ਨੂੰ ਪੇਸ਼ ਕਰਦੀ ਹੈ। ਇਸ ਕਵਿਤਾ(ਮੁਹੱਬਤ ਦਾ ਮਾਡਲ) ਵਿਚ ਵੀ ਕਵੀ ਨੇ ਮੁਹੱਬਤ ਦੇ ਵੱਖ-ਵੱਖ ਰੂਪਾਂ ਦੇ ਸ਼ਬਦੀ ਚਿੱਤਰ ਉਲੀਕੇ ਹਨ:
ਮੁਹੱਬਤ, /ਜਜ਼ਬਾਤ ਅਤੇ ਅਹਿਸਾਸ ਦੀ/ਭਾਸ਼ਾ ਹੈ।
ਮੁਹੱਬਤ, /ਅਰਥ ਦੇ,/ਸ਼ਬਦ ਵਿਚ, /ਜਿਊਣ ਦੀ ਗਾਥਾ ਹੈ।
ਮੁਹੱਬਤ ਬਾਰੇ ਹੀ ਉਹ ਲਿਖਦਾ ਹੈ: ਮੁਹੱਬਤ ਵਿਚ, /ਮੈਂ ਤੂੰ ਦੀ ਵਿੱਥ ਨਹੀਂ ਰਹਿੰਦੀ।
ਪੁਸਤਕ ਦੀ ਪਹਿਲੀ ਹੀ ਕਵਿਤਾ 'ਸੁਕਰਾਤ ਦਾ ਗੀਤ' ਵਿਚ ਕਵੀ ਲਿਖਦਾ ਹੈ: ਅਸੀਂ ਬਿੰਦੂਆਂ ਤੋਂ ਦਾਇਰੇ ਹੀ/ ਬਣਾਉਂਦੇ ਰਹੇ/ ਤੈਨੂੰ ਅੰਦਰੋਂ ਤੇ ਬਾਹਰੋਂ,/ਅਸੀਂ ਬਹੁਤ ਫੈਲਿਆ!/ਤੂੰ ਸਦਾ ਹੀ ਰਹੀ, / ਅਗਿਆਤ ਨੀ। ਅਸਲ ਵਿਚ ਇਹ ਬਿੰਦੂ, ਦਾਇਰੇ ਕੀ ਹਨ? ਇਹਨਾਂ ਵੱਲ ਕਵੀ ਨੇ ਕੋਈ ਇਸ਼ਾਰਾ ਵੀ ਨਹੀਂ ਕੀਤਾ। ਇਥੇ ਪਾਠਕ ਆਪਣੇ ਬੌਧਿਕ ਪੱਧਰ ਅਨੁਸਾਰ ਹੀ ਆਪਣੀ ਕਲਪਨਾ ਦੇ ਘੋੜੇ ਦੌੜਾ ਸਕਦਾ ਹੈ। ਇਸੇ ਹੀ ਕਵਿਤਾ ਵਿਚ ਕਵੀ, ਪਾਠਕਾਂ ਦੀ ਸੋਚ ਨੂੰ ਹੋਰ ਟੁੰਬਣ ਦਾ ਯਤਨ ਕਰਦਾ ਹੋਇਆ ਲਿਖਦਾ ਹੈ: ਤੇ ਉਤੱਰਾਂ 'ਚੋਂ,/ਜੰਮਦੇ ਸਵਾਲ ਹੀ ਰਹੇ/ ਵਿਸ ਪੀਂਦਾ ਰਿਹਾ/ਸਦਾ ਸੁਕਰਾਤ ਨੀ।
'ਆਪੋ ਆਪਣੇ ਸੁਕਰਾਤ' ਵਿਚ ਵੀ ਕਵੀ 'ਜਵਾਬ' ਵਿਚੋਂ ਹੀ 'ਸਵਾਲ' ਢੂੰਢਣ ਦੀ ਗੱਲ ਕਰਦਾ ਹੋਇਆ ਲਿਖਦਾ ਹੈ "ਸੁਕਰਾਤ ਬਣ ਜਾਂਦਾ ਹੈ।" ਭਾਵ ਕਵੀ ਨੇ ਚਾਰ ਸ਼ਬਦਾਂ ਰਾਹੀਂ ਹੀ ਸੁਕਰਾਤ ਦੇ ਦਰਸ਼ਨ ਦੇ ਮੁੱਖ ਨੁਕਤੇ ਨੂੰ ਬਿਆਨ ਕਰ ਦਿੱਤਾ ਹੈ।
ਰਵਿੰਦਰ ਰਵੀ ਆਪਣੇ ਕਾਵਿ ਸੰਸਾਰ ਰਾਹੀਂ ਕੇਵਲ 'ਸ਼ਬਦਾਂ-ਅਰਥਾਂ' ਦੀ ਘੁਮੰਨ ਘੇਰੀ ਨੂੰ ਹੀ ਨਹੀਂ ਪ੍ਰਗਟਾਉਂਦਾ ਸਗੋਂ ਬੜੇ ਕਲਾਮਈ ਢੰਗ ਨਾਲ ਪਾਠਕਾਂ ਨਾਲ ਸੰਵਾਦ ਰਚਾ ਕੇ ਉਹਨਾਂ ਨੂੰ ਇਕ ਨਰੋਈ ਸੇਧ ਵੀ ਦਿੰਦਾ ਹੈ। 'ਹੁਣ ਦਾ ਦਰਸ਼ਨ' ਕਵਿਤਾ ਵਿਚ ਉਸ ਦੀਆਂ ਇਹ ਪੰਕਤੀਆਂ ਵਿਚਾਰਨ ਯੋਗ ਹਨ: ਵਰਤਮਾਨ ਵਿਚ ਜੀਣਾ ਜਿਉਣਾ ਸਿੱਖੋ/ਕੱਲ੍ਹ, ਭਲਕ ਦਾ ਸਮਾਂ ਨਹੀਂ/ਪਤਾ ਨਹੀਂ ਕਰੋਨਾ ਦੀ ਦਹਿਸ਼ਤਗਰਦੀ ਨੇ ਕਦੋਂ ਆਪਣਾ ਜਲਵਾ ਦਿਖਾ ਦੇਣਾ ਹੈ।' ਕਵੀ ਨੇ ਵਰਤਮਾਨ ਸਮੇਂ ਵਿਚ ਫੈਲੀ ਕਰੋਨਾ ਦੀ ਮਹਾਮਰੀ ਦੀ ਉਦਾਹਰਨ ਦੇ ਕੇ ਸਭ ਨੂੰ ਸੁਚੇਤ ਕੀਤਾ ਹੈ ਕਿ ਵਰਤਮਾਨ ਦੀ ਫਿਕਰ ਕਰੋ ਅਤੇ ਬੀਤ ਚੁੱਕੇ ਸਮੇਂ ਤੇ ਅਫਸੋਸ ਕਰਨਾ ਜਾਂ ਆਉਣ ਵਾਲੇ ਸਮੇਂ ਸੰਬੰਧੀ ਫਿਕਰਮੰਦ ਹੋਣਾ ਛੱਡ ਦਿਉ। ਅਸਲ ਵਿਚ ਕਵੀ ਭਾਰਤੀ ਲੋਕਾਂ ਨੂੰ ਪੱਛਮੀ ਦੇਸਾਂ ਦੇ ਵਰਤਾਰੇ ਨਾਲ ਜੋੜਨਾ ਚਾਹੁੰਦੇ ਹੈ ਜਿਥੇ ਲੋਕ ਭਵਿੱਖ ਵਾਦੀ ਨਾ ਹੋ ਨੇ ਵਰਤਮਾਨ ਨੂੰ ਮਾਨਣ ਦੇ ਹੱਕ ਵਿਚ ਹਨ। ਇਸੇ ਕਵਿਤਾ ਵਿਚ ਹੀ ਉਹ ਆਪਣੀ ਵਿਚਾਰਧਾਰਾ ਨੂੰ ਹੋਰ ਸਪਸ਼ਟ ਕਰਕੇ ਲਿਖਦਾ ਹੈ: ਆਦਿ ਵੀ 'ਨੇਰਾ', ਅੰਤ ਵੀ 'ਨੇਰਾ'/ਹੁਣ ਦਾ ਦਰਸ਼ਨ ਹੁਣ 'ਚੋਂ ਪਾਣਾ!!!
ਸ਼ਬਦ-ਅਰਥ ਦੇ ਕਾਲ ਚੱਕਰ ਨੂੰ ਪੇਸ਼ ਕਰਦੀ ਇਸ ਪੁਸਤਕ ਦੀ ਇਕ ਹੋਰ ਵਧੀਆ ਨਜ਼ਮ 'ਆਂਡੇ ਦੀ ਉਡਾਣ' ਹੈ। ਕਵੀ ਨੇ ਇਕ ਨਵਾਂ ਵਿਚਾਰ ਪੇਸ਼ ਕੀਤਾ ਹੈ ਕਿ 'ਹਰ ਪੰਛੀ ਲਈ ਅੰਬਰ ਦੀ ਉਡਾਰੀ ਵੀ ਵੱਖਰੇ ਅਰਥਾਂ ਵਾਲੀ ਹੈ।ਪੰਛੀ ਦੇ ਆਂਡੇ ਤੋਂ ਹੀ ਇਹ ਜੰਮ ਪੈਂਦੀ ਹੈ।
ਆਦਿ ਦਾ ਅਨੰਤ ਇਤਿਹਾਸ, ਬੁੱਲਾ ਬਾਤ, ਬੁਝਾਰਤ ਬੁੱਲਾ, ਸ਼ਾਇਰ ਦਾ ਦਿਲ, ਬੀਜ ਬਨਾਮ ਬੇ ਬੀਜ, ਸ਼ਬਦ: ਮੈਂ ਤੇ ਤੂੰ ਆਦਿ ਕਵਿਤਾਵਾਂ ਵਿਚ ਵੀ ਕਵੀ ਨੇ ਸ਼ਬਦ-ਅਰਥਾਂ ਵਾਲੇ ਚਿੰਤਨ ਨੂੰ ਹੀ ਵੱਖ-ਵੱਖ ਰੂਪਾਂ ਵਿਚ ਪ੍ਰਗਟਾਇਆ ਹੈ। 'ਬੀਜ ਬਨਾਮ ਬੇ ਬੀਜ ' ਕਵਿਤਾ ਪੰਜਾਬੀ ਕਾਵਿ ਜਗਤ ਵਿਚ ਇਕ ਵੱਖਰੀ ਪ੍ਰਕਾਰ ਦੀ ਕਵਿਤਾ ਹੈ ਜਿਸ ਵਿਚ ਰਵਿੰਦਰ ਰਵੀ ਨੇ ਇਕ ਨਵੀਂ ਹੀ ਫਿਲਾਸਫੀ ਨੂੰ ਕਲਮਬੱਧ ਕੀਤਾ ਹੈ। ਇਸ ਕਵਿਤਾ ਵਿਚ ਕਵੀ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਚਿੰਤਨ ਦੇ ਆਪਣੇ ਆਪਣੇ ਅਰਥ ਹੋ ਸਕਦੇ ਹਨ। ਹਰ ਪਾਠਕ ਆਪਣੀ ਸੋਚ ਮੁਤਾਬਕ ਅਰਥ ਕੱਢ ਸਕਦਾ ਹੈ।
ਇਸ ਕਾਵਿ ਸੰਗ੍ਰਿਹ ਦੀ ਇਕ ਹੋਰ ਭਾਵਪੂਰਤ ਕਵਿਤਾ ਹੈ 'ਰਚਨਾ ਬਨਾਮ ਫਹਿਰਿਸਤਕਾਰੀ'। ਕਵਿਤਾ ਨੂੰ ਮਨ ਦਾ ਆਪ ਮੁਹਾਰਾ ਵੇਗ ਕਿਹਾ ਜਾਂਦਾ ਹੈ। ਦਿਲ ਦੀ ਗਹਿਰਾਈ 'ਚੋਂ ਉਤਰੀ ਕਵਿਤਾ ਹੀ ਅਸਲੀ ਕਵਿਤਾ ਹੁੰਦੀ ਹੈ, ਜਿਸ ਨੂੰ ਬਾਅਦ ਵਿਚ ਸੋਚ ਵਿਚਾਰ ਕੇ ਸਵਾਰਿਆ ਜਾ ਸਕਦਾ ਹੈ, ਪਰ ਜਦੋਂ ਸੋਚ ਕੇ , ਸ਼ਬਦਾਂ ਨੂੰ ਤਲਾਸ਼ ਕੇ, ਬਿੰਬਾਂ ਨੂੰ ਤਰਾਸ ਕੇ ਕਵਿਤਾ ਲਿਖੀ ਜਾਵੇ, ਤਾਂ ਅਜਿਹੀ ਕਵਿਤਾ ਰਵੀ ਅਨੁਸਾਰ 'ਫਹਿਰਿਸਤਕਾਰੀ' ਹੋ ਨਿਬੜਦੀ ਹੈ, ਕਿਉਂ ਕਿ ਕਵੀ ਦਾ ਕਹਿਣਾ ਹੈ ਕਿ ਰਚਨਾ ਤਾਂ ਸੁਨਾਮੀ, ਤੇਜ ਵਰੋਲੇ ਵਾਂਗ, ਪਲ ਛਿਣ ਵਿਚ ਘਟਣ ਵਾਲੀ ਪ੍ਰਕਿਰਿਆ ਹੈ।
ਰਵੀ ਨੇ ਅੱਜ ਦੇ ਸਮੇਂ ਵਿਚ ਵਾਪਰ ਰਹੇ ਨਵੇਂ ਵਰਤਾਰਿਆਂ ਨੂੰ ਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ, ਜਿਵੇਂ; ਚਾਬੀਆਂ ਵਾਲੀ ਪਤਨੀ, ਫੇਸਬੁੱਕ ਟੱਬਰ, ਫੇਸਬੁੱਕ ਦੀ ਦੋਸਤੀ ਤੇ ਮੈਂ, ਕਰੋਨਾ ਕਾਲ ਵਿਚ ਮੇਲ: ਟੋਟਕੇ, ਕਿਸਾਨ ਅੰਦੋਲਨ, ਸ਼ਾਸ਼ਕ ਭਵਨ ਦਾ ਗੰਗਾ ਰਾਮ, ਸ਼ਜਾ ਦੇ ਸਰਾਪ: ਮੋਦੀ ਤੇ ਕੈਪਟਨ ਦੇ ਨਾਂ, ਲੋਕ ਰਾਜ ਫਿਰ ਸੇਲ ਦੇ ਉੱਤੇ: ਪੰਜਾਬ ਦਾ ਚੋਣ ਦੰਗਲ ਆਦਿ(ਆਖਰੀ ਚਾਰ ਕਵਿਤਾਵਾਂ ਸਾਡੇ ਮੁਲਕ ਦੇ ਸੰਦਰਭ ਵਿਚ ਹਨ।
ਰਵੀ ਕੋਲ ਨਵੇਂ ਸ਼ਬਦ ਲੱਭਣ ਦੀ ਅਤੇ ਤਿੱਖਾ ਵਿਅੰਗ ਕਰਨ ਦੀ ਕਲਾ ਹੈ। ਕਰੋਨਾ ਦੀ ਗੱਲ ਕਰਦਾ ਉਹ ਕਹਿੰਦਾ ਹੈ: ਜਫ਼ੀ ਘੁੱਟ ਕੇ ਅੱਖਾਂ ਨਾਲ ਪਾਈਏ/ ਛੇ ਫੁੱਟ ਫਾਸਲੇ ਤੋਂ। ਲੁਕਨ-ਲੁਕਾਈ ਦੀ ਖੇਡ ਲਈ ਉਹ 'ਲੁੱਕ-ਲੱਭ' ਸ਼ਬਦ ਵਰਤਦਾ ਹੈ।
ਉਹ ਕਈ ਕਵਿਤਾਂਵਾ ਵਿਚ ਅੰਤਿਮ ਸੱਚ ਵੀ ਪ੍ਰਗਟ ਕਰ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਉਸ ਦੀ ਕਵਿਤਾ 'ਖਵਾਬ ਤੋਂ ਖਵਾਬ ਤੱਕ', ਉਹ ਇਨਕਲਾਬ ਅਤੇ ਭਰਮਾਂ ਸੰਬੰਧੀ ਲਿਖਦੇ ਹੈ: 'ਇਨਕਲਾਬ ਪੂਰਨ ਰੂਪ ਵਿਚ/ਆਉਂਦਾ ਫਿਰ ਵੀ ਨਹੀਂ' ਅਤੇ 'ਭਰਮ ਕੇਵਲ ਭਰਮ ਹੈ,/ਇਸ ਨੂੰ ਸਿਰਜਿਆ ਜਾ ਸਕਦਾ ਹੈ,/ਪਰ ਇਸ ਤੱਕ ਪਹੁੰਚਿਆ ਨਹੀਂ।
'ਜ਼ਿੰਦਗੀ ਮੌਤ ਦੇ ਨਾਲ-ਨਾਲ' ਵਿਚ ਉਸ ਦਾ ਫਲਸਫਾਨਾ ਅੰਦਾਜ ਵੀ ਪ੍ਰਭਾਵਿਤ ਕਰਦਾ ਹੈ: ਜ਼ਿੰਦਗੀ ਵਾਂਗ ਹੀ ਮੌਤ ਨੂੰ ਜੀ ਆਇਆ ਆਖੀਏ।
ਰਵਿੰਦਰ ਰਵੀ ਆਪਣੀ ਪ੍ਰਸਤੁਤ ਪੁਸਤਕ ਰਾਹੀਂ ਇਕ ਬਾਰ ਫੇਰ ਆਪਣੀ ਕਾਵਿ ਕਲਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਦੇ ਨਾਲ-ਨਾਲ ਪੰਜਾਬੀ ਕਾਵਿ ਜਗਤ ਵਿਚ ਆਪਣੀ ਸ਼ੇਰਸ਼ਟਤਾ ਦਾ ਪਰਚਮ ਬੁਲੰਦ ਕਰਦਾ ਹੈ।
ਰਵਿੰਦਰ ਸਿੰਘ ਸੋਢੀ