ਜਿੰਦਗੀ ਬਹੁਤ ਖੂਬਸੂਰਤ ਹੈਂ। ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਨਣਾ ਚਾਹੀਦਾ ਹੈ। ਕਦੇ ਵੀ ਜ਼ਿੰਦਗੀ ਨੂੰ ਬੋਝ ਨਾ ਸਮਝੋ। ਅਸੀਂ ਸਾਰੇ ਹੀ ਸੰਸਾਰ ਵਿਚ ਵਿਚਰਦੇ ਹਾਂ। ਇੱਥੇ ਕੁਝ ਵੀ ਸਥਾਈ ਰਹਿਣ ਵਾਲਾ ਨਹੀਂ ਹੈ। ਸਿਰਫ ਨਿਰੰਕਾਰ ਪ੍ਰਭੂ ਪ੍ਰਮਾਤਮਾ ਹੀ ਸਥਾਈ ਹੈ। ਜਿਸ ਕੰਮ ਲਈ ਦਾਤਾਰ ਨੇ ਸਾਨੂੰ ਇਸ ਸ੍ਰਿਸ਼ਟੀ ਤੇ ਭੇਜਿਆ ਹੈ, ਉਹ ਅਸੀਂ ਅਸਲੀ ਕੰਮ ਭੁਲਾ ਬੈਠੇ ਹਾਂ। ਸਾਡਾ ਅਸਲੀ ਕੰਮ ਪ੍ਰਭੂ ਪਰਮਾਤਮਾ ਦੀ ਭਗਤੀ ਕਰਨਾ ਹੈ। ਅਜੋਕਾ ਮਨੁੱਖ ਆਪਣੇ ਸ਼ਰੀਰ ਨੂੰ ਸਵਾਰਨ ਲਈ ਆਪਣਾ ਸਮਾਂ ਨਸ਼ਟ ਕਰ ਰਿਹਾ ਹੈ। ਮਾਇਆ ਗੁਜਰਾਨ ਲਈ ਹੈ।ਪੈਸੇ ਦੀ ਹੋੜ ਲੱਗੀ ਹੋਈ ਹੈ। ਕੁਦਰਤੀ ਸੋਮਿਆਂ ਨਾਲ ਖਿਲਵਾੜ ਕਰ ਰਿਹਾ ਹੈ। ਮਾਂ ਬਾਪ ਦੀ ਬੇਕਦਰੀ ਹੋ ਰਹੀ ਹੈ।ਭਰਾ ਹੱਥੋਂ ਭਰਾ ਦਾ ਕਤਲ ਹੋ ਰਿਹਾ ਹੈ। ਨਿਜੀ ਸਵਾਰਥਾਂ ਖਾਤਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ।ਜ਼ਮੀਨ ਜਾਇਦਾਦ ਦੇ ਝਗੜੇ ਵਧ ਰਹੇ ਹਨ। ਵਿਚਾਰਨ ਵਾਲੀ ਗੱਲ ਹੈ ਸਾਨੂੰ ਨਿਰੰਕਾਰ ਨੇ ਧਰਤੀ ਉੱਤੇ ਕੀ ਕਰਨ ਲਈ ਭੇਜਿਆ ਸੀ ਤੇ ਅਸੀਂ ਕੀ ਕਰ ਰਹੇ ਹਨ?
ਅਕਸਰ ਸਿਆਣੇ ਕਹਿੰਦੇ ਹਨ ਕਿ ਜੇ ਸੱਜੇ ਹੱਥ ਤੋਂ ਦਾਨ ਕੀਤਾ ਹੈ, ਤਾਂ ਖੱਬੇ ਹੱਥ ਨੂੰ ਪਤਾ ਨਹੀਂ ਹੋਣਾ ਚਾਹੀਦਾ। ਜੇ ਸਾਡੇ ਕੋਲ ਭਰਪੂਰ ਮਾਇਆ ਹੈ, ਸਾਡੇ ਕਾਰੋਬਾਰ ਬਹੁਤ ਵਧੀਆ ਹਨ, ਤਾਂ ਸਾਨੂੰ ਉਹ ਮਾਇਆ ਦਾ ਕੁੱਝ ਕੁ ਹਿਸਾ ਦੀਨ-ਦੁਖੀਆਂ ਦੀ ਸੇਵਾ ਵਿੱਚ ਲਗਾਉਣਾ ਚਾਹੀਦਾ ਹੈ। ਹਸਪਤਾਲਾਂ ਦੇ ਬਾਹਰ ਲੰਗਰ ਲਗਾਉਣੇ ਚਾਹੀਦੇ ਹਨ। ਕਿਸੇ ਗਰੀਬ ਦੀ ਧੀ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਦਾਨ ਅਜਿਹਾ ਕਰੋ ਕਿ ਜਾਂ ਤਾਂ ਉਸ ਪਰਮਾਤਮਾ ਨੂੰ ਪਤਾ ਹੋਵੇ ਜਾਂ ਜਿਸ ਇਨਸਾਨ ਲਈ ਕੀਤਾ ਹੈ ,ਉਸ ਨੂੰ ਪਤਾ ਹੋਵੇ । ਜੇ ਕਿਸੇ ਗਰੀਬ ਦੀ ਧੀ ਦਰਵਾਜ਼ੇ ਤੋਂ ਉੱਠਾ ਦਿੰਦੇ ਹੋ ਤਾਂ ਇਸ ਤੋਂ ਵੱਡਾ ਕੋਈ ਵੀ ਦਾਨ ਨਹੀਂ ਹੋ ਸਕਦਾ। ਪਰ ਉਸ ਗਰੀਬ ਤੋਂ ਕਦੇ ਵੀ ਉਮੀਦ ਨਾ ਰੱਖੋ ਕਿ ਕੱਲ੍ਹ ਨੂੰ ਇਹ ਤੁਹਾਡਾ ਸਵਾਰੇਗਾ। ਸਾਡੇ ਸਾਹਮਣੇ ਸਮਾਜ ਵਿਚ ਅਜਿਹੀਆਂ ਉਦਾਹਰਨਾ ਸਾਨੂੰ ਆਮ ਦੇਖਣ ਨੂੰ ਮਿਲਦੀਆਂ ਹਨ। ਜੇ ਕਿਸੇ ਪਰਿਵਾਰ ਤੇ ਵੱਡੀ ਤੋਂ ਵੱਡੀ ਮੁਸੀਬਤ ਜਾਂ ਸੰਸਾਰ ਵਿਚ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਦਾਨੀ ਸੱਜਣ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦੇ ਹਨ। ਜਿਸ ਦਾ ਕਰ ਦਿੱਤਾ, ਤਾਂ ਕਰਕੇ ਭੁੱਲ ਜਾਓ।
ਅਕਸਰ ਅਸੀ ਦੇਖਦੇ ਹਾਂ ਕਿ ਧਾਰਮਿਕ ਥਾਵਾਂ ਤੇ ਜੇ ਕੋਈ ਬੰਦਾ ਕੋਈ ਵਸਤੂ ਜਿਵੇ ਪੰਖਾਂ,ਕੂਲਰ ਦਾਨ ਕਰਦਾ ਹੈ ਤਾਂ, ਉਸ ਚੀਜ਼ ਤੇ ਬੰਦੇ ਦਾ ਨਾਮ ਲਿਖ ਦਿੱਤਾ ਜਾਂਦਾ ਹੈ। ਜੇ ਅਸੀਂ ਕਿਸੇ ਦੀ ਮਦਦ ਕੀਤੀ ਹੈ, ਤਾਂ ਉਸ ਤੋਂ ਉਮੀਦ ਨਾ ਰੱਖੋ ਕਿ ਉਹ ਕੱਲ੍ਹ ਨੂੰ ਭਵਿੱਖ ਵਿੱਚ ਵੀ ਸਾਡਾ ਵੀ ਕੁੱਝ ਸਵਾਰੇਗਾ। ਜੇ ਅਸੀਂ ਕਿਸੇ ਦਾ ਕੁਝ ਵੀ ਕਰ ਦਿੱਤਾ ਤਾਂ ਉਸ ਤੇ ਕਦੇ ਵੀ ਰੋਬ ਨਾ ਜਤਾਊ । ਕਦੇ ਉਸ ਦੀ ਗੱਲ ਕਿੱਥੇ ਵੀ ਨਾ ਕਰੋ ਕਿ ਮੈਂ ਫਲਾਣੇ ਬੰਦੇ ਲਈ ਦਾਨ ਕੀਤਾ ਹੈ। ਉਹ ਬੰਦਾ ਹਮੇਸ਼ਾ ਹੀ ਤੁਹਾਡਾ ਸ਼ੁਕਰਗੁਜ਼ਾਰ ਹੁੰਦਾ ਹੈ। ਹਮੇਸ਼ਾ ਜ਼ਰੂਰਤਮੰਦ ਦੀ ਮਦਦ ਕਰਦੇ ਰਹੋ। ਕੀ ਪਤਾ ਕੱਲ ਨੂੰ ਉਹ ਬੰਦਾ ਕਿਹੜੇ ਵੇਲੇ ਤੁਹਾਡੀ ਮੁਸੀਬਤ ਵਿੱਚ ਖੜਾ ਹੋ ਜਾਵੇ। ਅਕਸਰ ਕਿਹਾ ਵੀ ਜਾਂਦਾ ਹੈ ਕਿ ਗਲੀਆਂ ਦੇ ਕੱਖਾਂ ਤੋਂ ਵੀ ਜ਼ਰੂਰਤ ਪੈ ਜਾਂਦੀ ਹੈ।ਸੂਰਜ, ਚੰਦ, ਫਲਦਾਰ ਬੂਟੇ ਸਾਨੂੰ ਹਮੇਸ਼ਾ ਦਿੰਦੇ ਹੀ ਹਨ। ਕਦੇ ਵੀ ਸਾਨੂੰ ਦੇ ਕੇ ਤਾਨੇ ਮਿਣੇ ਨਹੀਂ ਮਾਰਦੇ। ਨਦੀਆਂ ਦਰਿਆਵਾਂ ਚੋਂ ਲੋਕ ਕਿੰਨਾ ਕੁ ਪਾਣੀ ਕੱਢ ਲੈਂਦੇ ਹਨ। ਨਦੀਆਂ ਦਾ ਪਾਣੀ ਪਿਆਸ ਬੁਝਾਉਂਦਾ ਹੈ। ਕਦੇ ਨਦੀ ਜਾਂ ਦਰਿਆ ਮਿਹਣਾ ਨਹੀਂ ਮਾਰਦੇ ਕੀ ਮੈਂ ਤੇਰੀ ਪਿਆਸ ਬੁਝਾਈ। ਅਸੀਂ ਹਰ ਰੋਜ਼ ਸੂਰਜ ਦੇ ਦਰਸ਼ਨ ਕਰਦੇ ਹਾਂ। ਉਹ ਆਪਣਾ ਹਰ ਰੋਜ਼ ਕੰਮ ਕਰਦਾ ਹੈ। ਸੂਰਜ ਦੀ ਰੌਸ਼ਨੀ ਨਾਲ ਕਿੰਨੀਆਂ ਤਰ੍ਹਾਂ ਦੀ ਬਨਸਪਤੀ ਮਨੁੱਖੀ, ਜੀਵ ਜੰਤੂਆਂ ਵਿੱਚ ਨਿਖਾਰ ਆਉਂਦਾ ਹੈ।ਅਕਸਰ ਅਸੀਂ ਜੇ ਕਿਸੇ ਦਾ ਮਾੜਾ ਮੋਟਾ ਕੁੱਝ ਕਰ ਵੀ ਦਿੰਦੇ ਹਾਂ ,ਤਾਂ ਅਸੀਂ ਉਸ ਨੂੰ ਫਿਰ ਸੁਨਾਉਣ ਵੀ ਲੱਗ ਜਾਂਦੇ ਹਾਂ ਕੀ ਮੈਂ ਤੇਰਾ ਇਹ ਕੰਮ ਕੀਤਾ। ਅਕਸਰ ਕਿਹਾ ਵੀ ਜਾਂਦਾ ਹੈ ਕਿ ਉਹੀ ਸੇਵਾ ਪ੍ਰਵਾਨ ਹੁੰਦੀ ਹੈ, ਜੋ ਨਿਸ਼ਕਾਮ ਭਾਵ ਨਾਲ ਕੀਤੀ ਜਾਵੇ। ਕਦੇ ਵੀ ਕਿਸੇ ਕੋਲੋਂ ਮਤਲਬ ਨਾ ਰੱਖੋ। ਜਿੰਨਾ ਹੋ ਸਕੇ ਸਭ ਲਈ ਜਰੂਰਤਮੰਦ ਬਣੋ। ਉਸ ਪ੍ਰਮਾਤਮਾ ਤੋਂ ਮੰਗੋ। ਉਹ ਸਾਰਿਆਂ ਨੂੰ ਹੀ ਦਿੰਦਾ ਹੈ। ਜੋ ਪੱਥਰ ਵਿੱਚ ਜੀਵ ਜੰਤੂ ਹਨ ,ਉਨ੍ਹਾਂ ਨੂੰ ਵੀ ਉਹ ਪਾਲ ਰਿਹਾ ਹੈ। ਇਨਸਾਨ ਤਾਂ ਜੇ ਕਿਸੇ ਦਾ ਕੋਈ ਕੰਮ ਕਰ ਦੇਵੇ ,ਤਾਂ ਮੈ ਮਿਹਣੇ ਮਾਰ ਦਿੰਦਾ ਹੈ ।ਇਸ ਨਿਰੰਕਾਰ ਪ੍ਰਭੂ ਪਰਮਾਤਮਾ ਨਾਲ ਨਾਤਾ ਜੋੜਨਾ ਹੀ ਸੁੱਖ-ਸ਼ਾਂਤੀ ਦਾ ਮੁੱਖ ਆਧਾਰ ਹੈ। ਸੋ ਸਾਨੂੰ ਸਾਰਿਆਂ ਨੂੰ ਹੀ ਉਸ ਵਾਹਿਗੁਰੂ , ਦਾਤੇ ਤੋਂ ਸਿੱਖ ਲੈਣੀ ਚਾਹੀਦੀ ਹੈ, ਜੋ ਸਾਰੀ ਕਾਇਨਾਤ ਦੇ ਜੀਵਾਂ ਨੂੰ ਪਾਲ ਰਿਹਾ ਹੈ। ਤੇ ਕਦੇ ਵੀ ਕਿਸੇ ਨੂੰ ਤਾਨਾ ਮਿਹਣਾ ਨਹੀਂ ਮਾਰਦਾ।
ਸੰਜੀਵ ਸਿੰਘ ਸੈਣੀ, ਮੋਹਾਲੀ