ਪਿੱਛੇ ਬੀਤੇ ਸਮੇਂ ਤੇ ਝਾਤ ਮਾਰੀਏ
ਕਰੋਨਾ ਅਤੇ ਕਰੋਨਾ ਦੇ ਭੈਣ ਭਰਾਵਾਂ ਨੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ। ਅਸਲ ਵਿੱਚ ਲੋਕਾਂ ਦੀਆਂ ਥਾਲੀਆਂ ਵਿਚੋਂ ਹੁਣ ਰੋਟੀ ਵੀ ਗਾਇਬ ਹੋਣ ਲੱਗੀ ਹੈ।ਪਰ ਜਿੰਨ੍ਹਾਂ ਕੋਲ ਪੈਸੇ ਹਨ, ਸਰਕਾਰਾਂ ਵਿੱਚ ਬੈਠੇ ਹਨ ਜਾਂ ਨੀਤੀਆਂ ਬਣਾਉਣ ਵਾਲੀ ਬਾਬੂਸ਼ਾਹੀ ਨੂੰ ਇਹ ਦਰਦ ਅਤੇ ਸਮੱਸਿਆ ਸਮਝ ਨਹੀਂ ਆ ਰਹੀ।ਜੇਕਰ ਅਸੀਂ ਕੁੱਝ ਦਹਾਕੇ ਪਿੱਛੇ ਝਾਤ ਮਾਰਦੇ ਹਾਂ ਤਾਂ ਸਿਸਟਮ ਅਤੇ ਸਿਆਸਤ ਵੱਖਰੀ ਸੀ।ਮੈਨੂੰ ਯਾਦ ਹੈ ਜਦੋਂ ਅਸੀਂ ਪੜ੍ਹਦੇ ਸੀ ਤਾਂ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਹਸਪਤਾਲਾਂ ਤੋਂ ਟੀਕੇ ਲਗਾਉਣ ਆਉਂਦੇ ਸਨ।ਕਦੇ ਮਿਆਰ ਬੁਖਾਰ (ਟਾਈਫਾਈਡ)ਦੇ ਟੀਕੇ ਲੱਗਣੇ।ਕਦੇ ਲੋਚਦੇ ਲੱਗਣੇ ਅਤੇ ਕਦੇ ਕੋਈ ਹੋਰ ਦਵਾਈ ਦੇਣ ਆਉਂਦੇ ਸੀ।ਮੈਨੂੰ ਯਾਦ ਹੈ ਪੂਰੀ ਕਲਾਸ ਮਾਸਟਰ ਜੀ ਲੈਕੇ ਜਾਂਦੇ ਸਨ।ਮੈਨੂੰ ਲੱਗਦਾ ਹੈ ਉਦੋਂ ਕਿਸੇ ਨੂੰ ਸਰਟੀਫਿਕੇਟ ਨਹੀਂ ਸਨ ਦਿੱਤੇ ਜਾਂਦੇ ਅਤੇ ਨਿਆਂ ਅਸੀਂ ਕਿੱਧਰੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੀ ਫੋਟੋ ਲੱਗੀ ਵੇਖੀ ਸੀ।ਅਸਲ ਵਿੱਚ ਸਿਆਸਤ ਵਿੱਚ ਇੰਨਾ ਨਿਘਾਰ ਆ ਗਿਆ ਹੈ ਕਿ ਹੁਣ ਲੋਕਾਂ ਲਈ ਕੋਈ ਸਿਆਸਤ ਵਿੱਚ ਨਹੀਂ ਆ ਰਿਹਾ। ਮੈਨੂੰ ਹੈਰਾਨੀ ਹੁੰਦੀ ਹੈ ਕਿ ਕੈਂਸਰ ਨਾਲ ਮਰਨ ਵਾਲੇ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੰਦਾ।ਕਦੇ ਪੰਜਾਬ ਤੋਂ ਬੀਕਾਨੇਰ ਜਾਂਦੀ ਰੇਲਗੱਡੀ ਨੂੰ ਜਾਕੇ ਵੇਖ ਲੈਣ।ਉਸਦਾ ਨਾਮ ਹੀ ਕੈਂਸਰ ਟਰੇਨ ਪੈ ਗਿਆ ਹੈ।ਕੈਂਸਰ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ।ਕਰੋਨਾਂ ਵਰਗੀ ਤਬਾਹੀ ਹੀ ਹੈ।ਕਿਸੇ ਨੂੰ ਪ੍ਰਵਾਹ ਹੀ ਨਹੀਂ।ਕਦੇ ਹੈਪੇਟਾਈਟਸ ਨਾਲ ਮਰਨ ਵਾਲਿਆਂ ਦੀ ਗਿਣਤੀ ਕਰਨ ਦੀ ਕੋਸ਼ਿਸ਼ ਕੀਤੀ।ਕਾਲੇ ਪੀਲੀਏ ਅਤੇ ਲੀਵਰ ਦੀਆਂ ਬੀਮਾਰੀਆਂ ਨਾਲ ਮਰਨ ਵਾਲਿਆਂ ਬਾਰੇ ਸੋਚਿਆ ਹੀ ਨਹੀਂ ਕਿਸੇ ਨੇ।ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਦੇ ਚੱਕਰ ਵਿੱਚ ਕਰਜਾਈ ਹੋਏ ਲੋਕਾਂ ਬਾਰੇ ਕੋਈ ਨਹੀਂ ਸੋਚ ਰਿਹਾ ਹਕੀਕਤ ਇਹ ਹੈ ਕਿ ਲੋਕ ਕਰੋਨਾ ਨਾਲ ਵੀ ਮਰ ਰਹੇ ਹਨ ਅਤੇ ਹੋਰ ਬੀਮਾਰੀਆਂ ਨਾਲ ਵੀ।ਲੋਕ ਤਾਂ ਇਲਾਜ ਲਈ ਕਰਜ਼ੇ ਤੋਂ ਪ੍ਰੇਸ਼ਾਨ ਹੋਕੇ ਖੁਦਕੁਸ਼ੀਆਂ ਵੀ ਕਰਦੇ ਹਨ।ਕਿਸੇ ਸਿਆਸਤਦਾਨ ਨੇ ਕਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰਨ ਦੀ ਗੱਲ ਹੀ ਨਹੀਂ ਕੀਤੀ।
ਕਰੋਨਾ,ਮਹਿੰਗਾਈ ਅਤੇ ਆਮਦਨ ਨਾ ਹੋਣ ਕਰਕੇ ਲੱਗਦਾ ਭੁੱਖਮਰੀ ਨਾਲ ਮਰਨਗੇ।ਸਿਆਸਤਦਾਨਾਂ ਨੂੰ ਆਪਣੀਆਂ ਕੁਰਸੀਆਂ ਅਤੇ ਸਰਕਾਰਾਂ ਵਿੱਚ ਬਣੇ ਰਹਿਣ ਤੋਂ ਵਿਹਲ ਹੀ ਨਹੀਂ ਹੈ।ਕਰੋਨਾ ਕਰਕੇ ਵਾਰ ਵਾਰ ਸਕੂਲ,ਕਾਲਜ ਬੰਦ ਕਰ ਦਿੱਤੇ ਜਾਂਦੇ ਹਨ।ਬਥੇਰੀ ਪੜ੍ਹਾਈ ਖਰਾਬ ਹੋ ਗਈ ਹੈ ਬੱਚਿਆਂ ਦੀ।ਟਰਾਂਸਪੋਰਟ ਜਿਹੜੀ ਸਕੂਲਾਂ ਨਾਲ ਜੁੜੀ ਹੋਈ ਹੈ ਤਬਾਹ ਹੋ ਗਈ ਹੈ।ਜਦੋਂ ਤਨਖਾਹਾਂ ਨਹੀਂ, ਕੰਮ ਨਹੀਂ ਤਾਂ ਲੋਕ ਫੀਸਾਂ ਕਿਵੇਂ ਦੇਣ।ਹਕੀਕਤ ਇਹ ਹੈ ਕਿ ਮਸਲਾ ਜ਼ਰੂਰਤ ਨਾਲੋਂ ਜ਼ਿਆਦਾ ਉਲਝਾ ਦਿੱਤਾ ਹੈ।ਸਕੂਲਾਂ ਵਿੱਚ ਬੱਚਿਆਂ ਨੂੰ ਇਮਾਨਦਾਰੀ ਨਾਲ ਵੈਕਸੀਨ ਲਗਾਉ।ਸਰਕਾਰੀ ਹਸਪਤਾਲਾਂ ਵਿੱਚ ਇਲਾਜ ਦਾ ਪ੍ਰਬੰਧ ਕਰੋ।ਲੋਕਾਂ ਨੂੰ ਭੁੱਖਮਰੀ ਵੱਲ ਨਾ ਧੱਕੋ।ਲੋਕਾਂ ਦੇ ਰੁਜ਼ਗਾਰ ਖਤਮ ਨਾ ਕਰੋ।
ਲੋਕਾਂ ਨੂੰ ਚੰਗੀ ਰੋਟੀ ਮਿਲਦੀ ਰਹੇ ਅਤੇ ਕੰਮ ਮਿਲਦਾ ਰਹੇ ਤਾਂ ਬਿਮਾਰੀਆਂ ਨਾਲ ਲੜਨ ਦੀ ਹਿੰਮਤ ਵੀ ਰਹਿੰਦੀ ਹੈ।ਕਰੋਨਾ ਬੀਮਾਰੀ ਹੈ,ਇਸਦਾ ਇਲਾਜ ਅਤੇ ਵੈਕਸੀਨ ਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ।ਸਾਡੇ ਟੈਕਸਾਂ ਦੇ ਪੈਸਿਆਂ ਨਾਲ ਵੈਕਸੀਨ ਆ ਰਹੀ ਹੈ ਫਿਰ ਸਿਆਸਤਦਾਨਾਂ ਦੀਆਂ ਫੋਟੋ ਲਗਾਉਣ ਦਾ ਕੀ ਮਤਲਬ ਹੈ,ਕੋਈ ਸਿਆਸਤਦਾਨ ਸਮਝਾਏਗਾ
ਲੋਕਾਂ ਨੂੰ।ਲੋਕਾਂ ਨੇ ਵੀ ਹੁਣ ਇਹ ਬੰਦ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।ਹਕੀਕਤ ਇਹ ਹੈ ਕਿ ਲੋਕਾਂ ਨੂੰ ਘਰ ਚਲਾਉਣਾ ਬੇਹੱਦ ਔਖਾ ਹੋ ਗਿਆ ਹੈ।ਵੈਕਸੀਨ ਦਿਉ ਅਤੇ ਲੋਕਾਂ ਨੂੰ ਕੰਮਕਾਰ ਕਰਨ ਦਿਉ।ਕਰੋਨਾ ਦੇ ਨਾਲ ਢੇਰ ਸਾਰੇ ਕੈਂਸਰ ਦੀਆਂ ਕਿਸਮਾਂ ਨਾਲ ਮਰ ਰਹੇ ਲੋਕਾਂ ਦੀ ਵੀ ਜਾਣਕਾਰੀ ਲੈ ਲਵੋ।ਲੀਵਰ ਦੀਆਂ ਬੀਮਾਰੀਆਂ ਨਾਲ ਲੋਕ ਕਿਉਂ ਮਰਦੇ ਨੇ ਉਸਦਾ ਵੀ ਪਤਾ ਕਰ ਲਵੋ।ਲੋਕਾਂ ਨੂੰ ਕੈਮੀਕਲ ਨਾਲ ਪਕਾਏ ਫਰੂਟ ਅਤੇ ਗੰਦੀਆਂ ਸਬਜ਼ੀਆਂ ਖਾਣ ਨੂੰ ਮਿਲ ਰਹੀਆਂ ਹਨ।ਹੁਣ ਲੋਕ ਭੁੱਖਮਰੀ ਨਾਲ ਮਰਨ ਨਾਲੋਂ ਕਰੋਨਾ ਨਾਲ ਮਰਨ ਦੀਆਂ ਗੱਲਾਂ ਕਰਨ ਲੱਗੇ ਹਨ।ਲੋਕ ਸਕੂਲ ਖੁਲਵਾਉਣ ਲਈ ਸੜਕਾਂ ਤੇ ਆ ਰਹੇ ਹਨ।ਬਹੁਤ ਕੁੱਝ ਉਲਝ ਗਿਆ ਹੈ,ਇਸ ਨੂੰ ਸੁਲਝਾਉਣ ਲਈ ਲੋਕਾਂ ਦਾ ਜਾਗਣਾ ਬਹੁਤ ਜ਼ਰੂਰੀ ਸੀ ਹੈ। ਪ੍ਰਭਜੋਤ ਕੌਰ ਢਿੱਲੋਂ