Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਫਲੈਟਬੁੱਸ਼ ਵਿਖੇ ਰੇਡੀਓ ਸਪਾਈਸ ਵੱਲੋਂ ਕਰਵਾਈ ਪਰਿਵਾਰਕ ਪਿਕਨਿਕ ਮਿੰਨੀ ਮੇਲੇ ਵਿਚ ਬਦਲੀ

January 09, 2022 11:41 PM

ਜ਼ਿੰਦਗੀ ਰੰਗਾ ਦੀ-ਸਾਂਝ ਤਰੰਗਾ ਦੀ
ਫਲੈਟਬੁੱਸ਼ ਵਿਖੇ ਰੇਡੀਓ ਸਪਾਈਸ ਵੱਲੋਂ ਕਰਵਾਈ ਪਰਿਵਾਰਕ ਪਿਕਨਿਕ ਮਿੰਨੀ ਮੇਲੇ ਵਿਚ ਬਦਲੀ
-ਨੈਸ਼ਨਲ ਪਾਰਟੀ ਨੇਤਾ ਸ੍ਰੀ ਕਿਸ ਲਕਸਨ ਨੇ ਕੀਤੀ ਸ਼ਮੂਲੀਅਤ
-ਪਰਮਿੰਦਰ ਪਾਪਾਟੋਏਟੋਏ ਦੀ ਪਲੇਠੀ ਪੁਸਤਕ ‘ਕੀਵੀਨਾਮਾ’ ਹੋਈ ਰਿਲੀਜ਼
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 09 ਜਨਵਰੀ, 2022: ਜ਼ਿੰਦਗੀ ਵੱਖ-ਵੱਖ ਰੰਗਾ ਦਾ ਸੁਮੇਲ ਹੁੰਦੀ ਹੈ, ਕੁਝ ਇਸ ਨੂੰ ਖੁਦ ਸਵਾਰ ਜਾਂਦੇ ਹਨ ਅਤੇ ਕੁਝ ਇਸ ਨੂੰ ਸੰਵਾਰਨ ਵਾਸਤੇ ਮਿਲਦੇ ਸਰੋਤਾਂ ਤੋਂ ਬੁੱਕ ਭਰ-ਭਰ ਇਸਨੂੰ ਸਿੰਜ ਕੇ ਨਿਸਾਰ ਤੱਕ ਲੈ ਅੱਪੜਦੇ ਹਨ। ਜ਼ਿੰਦਗੀ ਦੇ ਇਨ੍ਹਾਂ ਰੰਗਾਂ ਦੀ ਬਾਤ ਜਿੱਥੇ ਲਗਾਤਾਰ ਪੈਂਦੀ ਹੈ ਉਹ ਹਨ ਸਾਡੇ ਰੇਡੀਓ ਸਟੇਸ਼ਨ ਤੇ ਨਿਕਲੀਆਂ ਤਰੰਗਾ। ਸਰੋਤਿਆਂ ਨਾਲ ਤਰੰਗਾਂ ਦੀ ਪਈ ਸਾਂਝ ਇਕ ਪਰਿਵਾਰਕ ਰੂਪ ਲੈ ਲੈਂਦੀ ਹੈ, ਇਸਦਾ ਸਬੂਤ ਅੱਜ ‘ਰੇਡੀਓ ਸਪਾਈਸ’ ਨਿਊਜ਼ੀਲੈਂਡ ਵੱਲੋਂ ਬੈਰੀ ਕਰਟਿਸ ਪਾਰਕ, ਫਲੈਟ ਬੁੱਸ਼ ਵਿਖੇ ਕਰਵਾਈ ਗਈ ਪਰਿਵਾਰਕ ਪਿਕਨਕ ਦੇ ਵਿਚ ਵੇਖਣ ਨੂੰ ਮਿਲਆ। ਵੱਡੀ ਗਿਣਤੀ ’ਚ ਇਥੇ ਪਰਿਵਾਰ ਪਹੁੰਚੇ ਅਤੇ ਕਾਰੋਬਾਰੀ ਸਹਿਯੋਗੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਨੈਸ਼ਨਲ ਪਾਰਟੀ ਦੇ ਨੇਤਾ ਅਤੇ ਬੌਟਨੀ ਹਲਕੇ ਦੇ ਸਾਂਸਦ ਸ੍ਰੀ ਕ੍ਰਿਸ ਲਕਸਨ ਇਸ ਮੌਕੇ ਖਾਸ ਤੌਰ ’ਤੇ ਪਹੁੰਚੇ। ਉਨ੍ਹਾਂ ਅਜਿਹੇ ਸਮਾਗਮ ਦਾ ਹਿੱਸਾ ਬਨਣ ਉਤੇ ਖੁਸ਼ੀ ਪ੍ਰਗਟ ਕੀਤੀ। ਨਿਊਜ਼ੀਲੈਂਡ ਪੁਲਿਸ ਦੇ ਵਿਚ ਏਥਨਿਕ ਰਿਸਪਾਂਸਿਵਨੈਸ ਮੈਨੇਜਰ ਜੈਸਿਕਾ ਫੌਂਗ ਨੇ ਵੀ ਇਸ ਮੌਕੇ ਆਪਣੇ ਸੰਖੇਪ ਭਾਸ਼ਣ ਵਿਚ ਰੇਡੀਓ ਸਪਾਈਸ ਦੇ ਕਮਿਊਨਿਟੀ ਕਾਰਜਾਂ ਬਾਰੇ ਗੱਲਬਾਤ ਕੀਤੀ। ਸਾਬਕਾ ਸਾਂਸਦ ਅਸ਼ਰਫ ਚੌਧਰੀ ਨੇ ਰੇਡੀਓ ਸਪਾਈਸ ਦੇ ਨਾਲ ਆਪਸੀ ਸਾਂਝ ਦਾ ਵੀ ਜ਼ਿਕਰ ਕੀਤਾ ਅਤੇ ਲੋਕਲ ਬੋਰਡ ਵੱਲੋਂ ਪੰਜਾਬੀ ਕਮਿਊਨਿਟੀ ਦੇ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਇਥੇ ਰੀਡਾਊਟ ਤੋਂ ਨਿਕਲਦੀ ਇਕ ਸੜਕ ਦਾ ਨਾਂਅ ‘ਵਾਹਿਗੁਰੂ ਲੇਨ’ ਰੱਖਿਆ ਜਾ ਰਿਹਾ ਹੈ, ਜਿਸ ਬਾਰੇ ਲਗਪਗ ਸਾਰੀਆਂ ਕਾਰਵਾਈਆਂ ਹੋ ਚੁੱਕੀਆਂ ਹਨ। ਸ੍ਰੀ ਨਵਤੇਜ ਰੰਧਾਵਾ ਅਤੇ ਸ. ਪਰਮਿੰਦਰ ਸਿੰਘ ਹੋਰਾਂ ਸਟੇਜ ਸੰਚਾਲਨ ਕੀਤਾ। ਬੱਚਿਆਂ ਦੇ ਲਈ ਪ੍ਰਸ਼ਨ ਉਤਰ ਰੱਖੇ ਗਏ ਸਨ। ਇਸ ਪਿਕਨਿਕ ਦੇ ਵਿਚ ਸਹਿਯੋਗ ਕਰਨ ਵਾਲੇ ਸਾਰੇ ਅਦਾਰਿਆਂ ਨੂੰ ਹਾਲ ਹੀ ਵਿਚ ਪੰਜਾਬੀ ਭਾਸ਼ਾ ਹਫਤੇ ਉਤੇ ਜਾਰੀ ਕੀਤੀ ਗਈ ਡਾਕ ਟਿਕਟ ਦੀ ਕਾਪੀ ਭੇਟ ਕੀਤੀ ਗਈ। ਬੱਚਿਆਂ ਨੂੰ ਇਨਾਮ ਵੰਡੇ ਗਏ। ਨਵਦੀਪ ਕਟਾਰੀਆ ਦਾ ਲਾਇਆ ਗਿਆ ਬਾਰਬੀਕਿਊ ਲਾਈਨਾਂ ਲਵਾ ਗਿਆ। ਹਮਿਲਟਨ ਤੋਂ ਵੀ ਪਤਵੰਤੇ ਸੱਜਣ ਇਸ ਸਮਾਗਮ ਦੇ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ।
‘ਕੀਵੀਨਾਮ’ ਪੁਸਤਕ ਜਾਰੀ: ਇਸ ਪਿਕਨਿਕ ਦੇ ਵਿਚ ਉਦੋਂ ਸਾਹਿਤਕ ਰੰਗ ਵੀ ਭਰਿਆ ਗਿਆ ਜਦੋਂ ਇਥੋਂ ਦੇ ਲੇਖਕ, ਰੇਡੀਓ ਪੇਸ਼ਕਾਰ ਅਤੇ ਹੋਰ ਕਈ ਤਰੀਕਿਆਂ ਨਾਲ ਕਮਿਊਨਿਟੀ ਸੇਵਾਵਾਂ ਦੇ ਰਹੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਦੀ ਲਿਖੀ ਪਲੇਠੀ ਪੁਸਤਕ ‘ਕੀਵੀਨਾਮਾ’ ਰਿਲੀਜ਼ ਕੀਤੀ ਗਈ। ਇਹ ਕਿਤਾਬ ਨੈਸ਼ਨਲ ਪਾਰਟੀ ਨੇਤਾ ਸ੍ਰੀ ਕ੍ਰਿਸ ਲਕਸਨ ਸਮੇਤ ਆਏ ਮਹਿਮਾਨਾਂ ਵੱਲੋਂ ਜਾਰੀ ਕੀਤੀ ਗਈ। ਬਹੁਤ ਸਾਰੇ ਪਾਠਕਾਂ ਨੇ ਇਸ ਕਿਤਾਬ ਦੇ ਲਈ ਆਪਣੇ ਨਾਂਅ ਦਰਜ ਕਰਵਾਏ।

Have something to say? Post your comment