Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਦਿੱਲੀ ਗੁਰਦੁਆਰਾ ਕਮੇਟੀ ਨੇ 1984 ਵਰਗੇ ਕਤਲੇਆਮ ਦੀ ਧਮਕੀ ਦੇਣ ਵਾਲੇ ਭਾਜਪਾ ਵਿਧਾਇਕ ਖਿਲਾਫ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

January 09, 2022 02:02 AM
ਦਿੱਲੀ ਗੁਰਦੁਆਰਾ ਕਮੇਟੀ ਨੇ 1984 ਵਰਗੇ ਕਤਲੇਆਮ ਦੀ ਧਮਕੀ ਦੇਣ ਵਾਲੇ ਭਾਜਪਾ ਵਿਧਾਇਕ ਖਿਲਾਫ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ
 
ਨਵੀਂ ਦਿੱਲੀ, 8 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਰਸਤਾ ਰੋਕੇ ਜਾਣ ਤੋਂ ਬਾਅਦ ਭਾਜਪਾ ਦੇ ਵਿਧਾਇਕ ਅਭੀਜੀਤ ਸੰਘਾ ਵੱਲੋਂ ਸਿੱਖਾਂ ਨੁੰ 1984 ਵਰਗੇ ਕਤਲੇਆਮ ਦੀ ਧਮਕੀ ਦੇਣ ਦੇ ਖਿਲਾਫ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਬਾਠ ਨੇ ਦੱਸਿਆ ਕਿ ਭਾਜਪਾ ਦੇ ਇਸ ਵਿਧਾਇਕ ਸੰਘਾ ਨੇ ਇਕ ਟਵੀਟ ਕਰ ਕੇ ਸਿੱਖਾਂ ਨੁੰ 1984 ਵਰਗੇ ਕਤਲੇਆਮ ਦੀ ਧਮਕੀ ਦਿੱਤੀ ਸੀ ਤੇ ਕਿਹਾ ਸੀ ਕਿ ਕਿਤੇ ਇੰਦਰਾ ਗਾਂਧੀ ਸਮਝਣ ਦੀ ਭੁੱਲ ਨਾ ਕਰਨਾ, ਇਹ ਨਰਿੰਦਰ ਦਾਮੋਦਾਰ ਮੋਦੀ ਹੈ, ਤੁਹਾਨੁੰ ਲਿਖਣ ਲਈ  ਕਾਗਜ਼ ਤੇ ਪੜ੍ਹਨ ਲਈ ਇਤਿਹਾਸ ਨਹੀਂ ਮਿਲਣਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਨੇ ਵਿਘਾਇਕ ਦੀ ਇਸ ਧਮਕੀ ਖਿਲਾਫ ਪੁਲਿਸ ਥਾਣਾ ਨਾਰਥ ਐਵੈਨਿਊ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਤੇ ਉਸਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਬਾਠ ਨੇ ਕਿਹਾ ਕਿ ਵਿਧਾਇਕ ਨੇ ਬਹੁਤ ਮਾੜੀ ਸ਼ਬਦਾਵਲੀ ਵਰਤੀ ਤੇ 84 ਦੀ ਗੱਲ ਕੀਤੀ ਤੇ ਸਿੱਖਾਂ ਦਾ ਇਤਿਹਾਸ ਮਿਟਾਉਣ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਇਸਦੀ ਅਸੀਂ ਸਖ਼ਤ ਨਿਖੇਧੀ ਵੀ ਕਰਦੇ ਹਾਂ ਤੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਥਾਣਾ ਨਾਰਥ ਨੁੰ ਵਿਧਾਇਕ ਅਭਿਜੀਤ  ਸੰਘਾ ਤੇ ਹੋਰਨਾਂ ਦੇ ਖਿਲਾਫ ਸ਼ਿਕਾਇਤ ਭੇਜੀ ਹੈ।
ਉਹਨਾਂ ਕਿਹਾ ਕਿ ਸਿੱਖ ਦੇਸ਼ ਭਗਤ ਕੌਮ ਹੈ ਅਤੇ ਸਿੱਖਾਂ ਦਾ ਦੇਸ਼ ਦੀ ਆਜ਼ਾਦੀ ਵਿਚ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਦੀਆਂ ਸੋਸ਼ਲ ਸਾਈਟਸ ’ਤੇ ਗੱਲਾਂ ਹੋ ਰਹੀਆਂ ਹਨ ਉਹ ਬਹੁਤ ਨਿੰਦਣਯੋਗ ਹਨ। ਉਹਨਾਂ ਕਿਹਾ ਕਿ ਅਜਿਹੇ ਲੋਕ ਇਹ ਭੁੱਲ ਜਾਣ ਕਿ ਦੁਬਾਰਾ ਕਦੇ 1984 ਵਰਗਾ ਕਤਲੇਆਮ ਕਰਵਾਇਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਦਿੱਲੀ ਕਮੇਟੀ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਉਕਤ ਵਿਧਾਇਕ ਵੱਲੋ ਵਿਵਾਦਤ ਟਵੀਟ ਡਲੀਟ ਕੀਤਾ ਗਿਆ ਹੈ।

Have something to say? Post your comment