Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਦਿੱਲੀ ਕਮੇਟੀ ਦੇ ਅੰਤਰਿਮ ਬੋਰਡ ਵੱਲੋਂ ਮਨਜਿੰਦਰ ਸਿੰਘ ਸਿਰਸਾ ਦਾ ਅਸਤੀਫਾ ਪ੍ਰਵਾਨ, ਕੁਲਵੰਤ ਸਿੰਘ ਬਾਠ ਨੁੰ ਕਾਰਜਕਾਰੀ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ

January 01, 2022 11:50 PM
ਦਿੱਲੀ ਕਮੇਟੀ ਦੇ ਅੰਤਰਿਮ ਬੋਰਡ ਵੱਲੋਂ ਮਨਜਿੰਦਰ ਸਿੰਘ ਸਿਰਸਾ ਦਾ ਅਸਤੀਫਾ ਪ੍ਰਵਾਨ, ਕੁਲਵੰਤ ਸਿੰਘ ਬਾਠ ਨੁੰ ਕਾਰਜਕਾਰੀ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ
 
 ਸਰਕਾਰਾਂ ਦਾ ਕਮੇਟੀ ਦੇ ਕੰਮਕਾਜ ਵਿਚ ਦਖਲ ਦੇਣ ਦਾ ਯਤਨ ਸਫਲ ਨਹੀਂ ਹੋਣ ਦਿਆਂਗੇ : ਹਰਮੀਤ ਸਿੰਘ ਕਾਲਕਾ
 
 ਜਿਹੜੇ ਪਾਰਟੀ ਦਾ ਕਹਿਣਾ ਨਹੀਂ ਮੰਨਣਗੇ, ਉਹ ਗੱਦਾਰ ਮੰਨੇ ਜਾਣਗੇ : ਅਵਤਾਰ ਸਿੰਘ ਹਿੱਤ
 
ਨਵੀਂ ਦਿੱਲੀ, 1 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਹਰਮੀਤ ਸਿੰਘ ਕਾਲਕਾ ਵੱਲੋਂ ਸੱਦੀ ਗਈ ਅੰਤਰਿਮ ਬੋਰਡ ਦੀ ਮੀਟਿੰਗ ਵਿਚ 12 ਵਿਚੋਂ 9 ਮੈਂਬਰਾਂ ਨੇ ਸ਼ਮੂਲੀਅਤ ਕਰਕੇ ਮਨਜਿੰਦਰ ਸਿੰਘ ਸਿਰਸਾ ਦਾ ਅਸਤੀਫ਼ਾ ਸਰਬਸੰਮਤੀ ਨਾਲ ਪ੍ਰਵਾਨ ਕਰਦਿਆਂ ਜਨਰਲ ਹਾਊਸ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਅਤੇ ਕਮੇਟੀ ਦਾ ਕੰਮ ਨਾ ਰੁਕੇ ਇਸ ਲਈ ਨਵੀਂ ਕਮੇਟੀ ਦੇ ਗਠਨ ਤਕ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਨੂੰ ਪ੍ਰਧਾਨ ਵਜੋਂ ਸੌਂਪੀ ਗਈ।
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਐਕਟ ਦੇ ਦਾਇਰੇ ਵਿਚ ਰਹਿ ਕੇ ਅੰਤਰਿਮ ਬੋਰਡ ਦੀ ਮੀਟਿੰਗ ਅੱਜ 1 ਜਨਵਰੀ ਦੁਪਹਿਰ 3 ਵਜੇ ਕਾਨਫ਼ਰੰਸ ਹਾਲ ਰਕਾਬ ਗੰਜ ਸਾਹਿਬ ਵਿਖੇ ਬੁਲਾਈ ਸੀ ਪਰ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਬੀਤੀ ਰਾਤ ਇੱਕ ਪੱਤਰ ਕੱਢਿਆ ਗਿਆ ਜਿਸ ਵਿਚ ਉਨ੍ਹਾਂ ਨੇ ਆਪਣਾ ਅਸਤੀਫ਼ਾ ਵਾਪਿਸ ਲੈਣ ਦੀ ਗੱਲ ਕੀਤੀ ਅਤੇ ਸ. ਕਾਲਕਾ ਵੱਲੋਂ ਸੱਦੀ ਗਈ ਮੀਟਿੰਗ ਦੇ ਅਸਥਾਨ ਤੇ ਸਮੇਂ ਉੱਪਰ ਹੀ ਮੀਟਿੰਗ ਸੱਦ ਲਈ। ਸ. ਕਾਲਕਾ ਅਤੇ ਅੰਤਰਿਮ ਬੋਰਡ ਦੇ ਹੋਰ ਮੈਂਬਰਾਂ ਜਦੋਂ ਕਾਨਫ਼ਰੰਸ ਹਾਲ ਵਿਚ ਪੁੱਜੇ ਤਾਂ ਉੱਥੇ ਪਹਿਲਾਂ ਤੋਂ ਹੀ ਸਿਰਸਾ ਦੇ ਨਾਲ ਹੋਰ ਮੈਂਬਰ ਮੌਜੂਦ ਸਨ ਜਿਨ੍ਹਾਂ ਨੂੰ ਵਾਰ-ਵਾਰ ਬੇਨਤੀ ਕਰਨ ’ਤੇ ਵੀ ਉਹ ਨਹੀਂ ਉਠੇ ਜਿਸ ਕਰਕੇ ਮੀਟਿੰਗ ਸ. ਕਾਲਕਾ ਦੇ ਕਮਰੇ ਵਿਚ ਕੀਤੀ ਗਈ।
ਸ. ਹਰਮੀਤ ਸਿੰਘ ਕਾਲਕਾ ਨੇ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਸ. ਕੁਲਵੰਤ ਸਿੰਘ ਬਾਠ ਨੂੰ ਕਾਰਜਕਾਰੀ ਪ੍ਰਧਾਨ ਦੀ ਜਿੰਮੇਵਾਰੀ ਸੌਂਪਣ ਦੇ ਨਾਲ ਹੀ ਕਈ ਮੱਤੇ ਵੀ ਪਾਸ ਕੀਤੇ ਗਏ ਤਾ ਜੋ ਕਿ ਕਮੇਟੀ ਦਾ ਕੰਮ ਸੁਚਾਰੂ ਢੰਗ ਨਾਲ ਚਲ ਸਕੇ।
ਸ. ਕਾਲਕਾ ਨੇ ਕਿਹਾ ਕਿ ਇਸ ਗੱਲ ਦੀ ਵੀ ਖੁਸ਼ੀ ਹੋਈ ਹੈ ਕਿ ਵੱਖ-ਵੱਖ ਧੜਿਆਂ ਤੋਂ ਮੈਂਬਰਾਂ ਨੇ ਕੌਮ ਦੀ ਚੜ੍ਹਦੀਕਲਾ ਨੂੰ ਮੁੱਖ ਰੱਖਦਿਆਂ ਅੰਤਰਿੰਗ ਬੋਰਡ ਦੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਹੈ ਅਤੇ ਹੇਠ ਲਿਖੇ ਮੱਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
 
1. 1 ਦਸੰਬਰ 2021 ਨੂੰ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਸਤੀਫ਼ਾ ਦੇ ਕੇ ਭਾਜਪਾ ’ਚ ਸ਼ਾਮਲ ਹੋਣ ਦੇ ਐਲਾਨ ਤੋਂ ਬਾਅਦ ਕੋਰੋਨਾ ਮਹਾਮਾਰੀ ਕਰਕੇ ਅੰਤਰਿਮ ਬੋਰਡ ਦੀ ਮੀਟਿੰਗ ਨਹੀਂ ਸੀ ਸੱਦੀ ਗਈ ਪਰ ਕਮੇਟੀ ਦੇ ਮੌਜੂਦਾ ਹਾਲਾਤ ਅਤੇ ਸਟਾਫ਼ ਦੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਮੀਟਿੰਗ ਬੁਲਾ ਕੇ ਜਿੱਥੇ ਮਨਜਿੰਦਰ ਸਿੰਘ ਸਿਰਸਾ ਦਾ ਅਸਤੀਫ਼ਾ ਮੰਜ਼ੂਰ ਕਰਕੇ ਜਨਰਲ ਹਾਊਸ ਕੋਲ ਭੇਜਿਆ ਗਿਆ ਉੱਥੇ ਕੁਲਵੰਤ ਸਿੰਘ ਬਾਠ ਨੂੰ ਕਾਰਜਕਾਰੀ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਤਾਕਿ ਪ੍ਰਬੰਧ ਸੁਚਾਰੂ ਢੰਗ ਨਾਲ ਚਲ ਸਕੇ।
 
2. ਕਮੇਟੀ ਦੇ ਅੰਤਰਿਮ ਬੋਰਡ ਦੀ ਮੀਟਿੰਗ ਸੱਦਣ ਦਾ ਅਖਤਿਆਰ ਸਿਰਫ਼ ਜਨਰਲ ਸਕੱਤਰ ਕੋਲ ਰਾਖਵਾਂ ਹੁੰਦਾ ਹੈ ਅਤੇ ਸ. ਕਾਲਕਾ ਨੇ ਬਤੌਰ ਜਨਰਲ ਸਕੱਤਰ ਮਿਤੀ 1 ਜਨਵਰੀ 2022 ਨੂੰ ਦੁਪਹਿਰ 3.00 ਵਜੇ ਕਮੇਟੀ ਦੇ ਕਾਨਫ਼ਰੰਸ ਹਾਲ ਵਿਚ ਮੀਟਿੰਗ ਦਾ ਸੱਦਾ ਦਿੱਤਾ ਸੀ ਪਰ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁਕੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਇੱਕ ਪੱਤਰ ਭੇਜਕੇ ਵੱਖਰੀ ਅੰਤਰਿਮ ਬੋਰਡ ਦੀ ਮੀਟਿੰਗ ਬੁਲਾਈ ਜਿਸ ਦਾ ਉਨ੍ਹਾਂ ਕੋਲ ਕੋਈ ਅਖਤਿਆਰ ਵੀ ਨਹੀਂ ਹੈ ਇਸ ਲਈ ਸਮੂਹ ਮੈਂਬਰਾਂ ਨੇ ਸ. ਸਿਰਸਾ ਦੀ ਸੱਦੀ ਮੀਟਿੰਗ ਨੂੰ ਸਿਰੇ ਤੋਂ ਨਕਾਰਦਿਆਂ ਉਸ ਵਿਚ ਸ਼ਾਮਲ ਹੋਏ ਮੈਂਬਰਾਂ ’ਤੇ ਕਾਰਵਾਈ ਦੇ ਮੱਤੇ ਨੂੰ ਪ੍ਰਵਾਨਗੀ ਦਿੱਤੀ।
 
3. ਹਰਿਗੋਬਿੰਦ ਐਨਕਲੇਵ ਵਿਖੇ ਚਲ ਰਹੇ ਕਮੇਟੀ ਦੇ ਅਦਾਰੇ ਵਿਚ ਨਾਜਾਇਜ਼ ਤੌਰ ’ਤੇ ਚਲਾਏ ਜਾ ਰਹੇ ਸ਼ੂਟਿੰਗ ਰੇਂਜ ਜਿਮ ਅਤੇ ਕੰਪਿਉਟਰ ਸੈਂਟਰ ਵਿਖੇ ਹੋਏ ਸਕੈਂਡਲ ਦਾ ਪਰਦਾਫ਼ਾਸ਼ ਹੋਣ ਮਗਰੋਂ ਇਸ ਦੀ ਜਾਂਚ ਲਈ 3 ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸ. ਕੁਲਵੰਤ ਸਿੰਘ ਬਾਠ, ਸ. ਹਰਿੰਦਰਪਾਲ ਸਿੰਘ ਅਤੇ ਸ. ਵਿਕਰਮਜੀਤ ਸਿੰਘ ਰੋਹਿਣੀ ਸ਼ਾਮਲ ਹਨ ਉਹ ਜਾਂਚ ਕਰਕੇ ਸੱਚ ਸੰਗਤ ਸਾਹਮਣੇ ਲਿਆਉਣਗੇ।
ਸ. ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੱਤੀ ਕਿ ਹਰ ਹਫ਼ਤੇ ਅੰਤਰਿਮ ਬੋਰਡ ਦੀ ਮੀਟਿੰਗ ਬੁਲਾਈ ਜਾਵੇਗੀ ਤਾ ਕਿ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ। ਮੀਟਿੰਗ ਵਿਚ ਸ. ਹਰਮੀਤ ਸਿੰਘ ਕਾਲਕਾ ਤੋਂ ਇਲਾਵਾ ਸ. ਕੁਲਵੰਤ ਸਿੰਘ ਬਾਠ, ਹਰਵਿੰਦਰ ਸਿੰਘ ਕੇਪੀ, ਪਰਮਜੀਤ ਸਿੰਘ ਰਾਣਾ, ਹਰਿੰਦਰਪਾਲ ਸਿੰਘ, ਵਿਕਰਮ ਸਿੰਘ ਰੋਹਿਣੀ, ਪਰਮਜੀਤ ਸਿੰਘ ਚੰਢੋਕ, ਜੰਤਿਦਰ ਸਿੰਘ ਸਾਹਨੀ, ਭੁਪਿੰਦਰ ਸਿੰਘ ਭੁੱਲਰ ਆਦਿ ਮੌਜੁਦ ਰਹੇ। ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਅਤੇ ਸ. ਹਰਮਨਜੀਤ ਸਿੰਘ ਅਤੇ ਸ. ਤਰਵਿੰਦਰ ਸਿਘ ਮਾਰਵਾਹ ਵਿਸ਼ੇਸ਼ ਤੌਰ ’ਤੇ ਸੱਦੇ ਮੈਂਬਰਾਂ ਵੱਲੋਂ ਮੀਟਿੰਗ ਵਿਚ ਸ਼ਾਮਲ ਹੋਏ।
ਇਸ ਦੌਰਾਨ ਸ. ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਜੋ ਜਿੰਮੇਵਾਰੀ ਮੈਨੂੰ ਅੰਤਰਿਮ ਬੋਰਡ ਵੱਲੋਂ ਸੌਂਪੀ ਗਈ ਹੈ ਮੈਂ ਸਾਰੇ ਮੈਂਬਰਾਂ ਅਤੇ ਸਟਾਫ਼ ਨੂੰ ਨਾਲ ਲੈ ਕੇ ਜਨਰਲ ਸਕੱਤਰ ਸ. ਹਰਮੀਤ ਸਿੰਘ ਕਾਲਕਾ ਨਾਲ ਮਿਲ ਕੇ ਕਮੇਟੀ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਕੰਮ ਕਰਾਂਗੇ।

Have something to say? Post your comment