ਹਿੰਦੀ ਵਿਅੰਗ
ਅਸ਼ਲੀਲ
ਸ਼ਹਿਰ ਵਿੱਚ ਅਜਿਹਾ ਰੌਲਾ ਸੀ ਕਿ ਅਸ਼ਲੀਲ ਸਾਹਿਤ ਦਾ ਬਹੁਤ ਪ੍ਰਚਾਰ ਹੋ ਰਿਹਾ ਹੈ। ਅਖ਼ਬਾਰਾਂ ਵਿੱਚ ਖ਼ਬਰਾਂ ਅਤੇ ਜਨਤਾ ਦੀਆਂ ਚਿੱਠੀਆਂ ਛਪਦੀਆਂ ਕਿ ਸੜਕਾਂ ਦੇ ਕਿਨਾਰੇ ਸ਼ਰ੍ਹੇਆਮ ਅਸ਼ਲੀਲ ਕਿਤਾਬਾਂ ਵਿਕ ਰਹੀਆਂ ਹਨ।
ਦਸ-ਬਾਰਾਂ ਉਤਸ਼ਾਹੀ ਸਮਾਜ-ਸੁਧਾਰਕ ਯੁਵਕਾਂ ਨੇ ਟੋਲੀ ਬਣਾਈ ਅਤੇ ਫ਼ੈਸਲਾ ਕੀਤਾ ਕਿ ਜਿੱਥੇ ਵੀ ਮਿਲੇਗਾ, ਅਸੀਂ ਅਜਿਹੇ ਸਾਹਿਤ ਨੂੰ ਖੋਹ ਲਵਾਂਗੇ ਅਤੇ ਉਹਨੂੰ ਆਮ ਥਾਂ ਤੇ ਸਾੜ ਦਿਆਂਗੇ। ਉਨ੍ਹਾਂ ਨੇ ਇੱਕ ਕਿਤਾਬਾਂ ਦੀ ਦੁਕਾਨ ਤੇ ਛਾਪਾ ਮਾਰ ਕੇ ਵੀਹ-ਪੱਚੀ ਅਸ਼ਲੀਲ ਕਿਤਾਬਾਂ ਕਬਜ਼ੇ ਵਿਚ ਕਰ ਲਈਆਂ। ਹਰੇਕ ਕੋਲ ਦੋ-ਤਿੰਨ ਕਿਤਾਬਾਂ ਸਨ। ਮੁਖੀਏ ਨੇ ਕਿਹਾ, "ਅੱਜ ਤਾਂ ਦੇਰ ਹੋ ਗਈ, ਕੱਲ੍ਹ ਸ਼ਾਮ ਨੂੰ ਅਖ਼ਬਾਰ ਵਿੱਚ ਖ਼ਬਰ ਦੇ ਕੇ ਪਰਸੋਂ ਕਿਸੇ ਆਮ ਥਾਂ ਤੇ ਇਨ੍ਹਾਂ ਨੂੰ ਜਲਾ ਦਿਆਂਗੇ। ਪ੍ਰਚਾਰ ਕਰਨ ਨਾਲ ਦੂਜੇ ਲੋਕਾਂ ਤੇ ਵੀ ਅਸਰ ਪਵੇਗਾ। ਕੱਲ੍ਹ ਸ਼ਾਮ ਨੂੰ ਸਾਰੇ ਜਣੇ ਮੇਰੇ ਘਰ ਆਇਓ। ਕਿਤਾਬਾਂ ਮੈਂ ਇਕੱਠੀਆਂ ਹੁਣੇ ਘਰੇ ਨਹੀਂ ਲਿਜਾ ਸਕਦਾ। ਵੀਹ-ਪੱਚੀ ਹਨ। ਪਿਤਾ ਜੀ ਤੇ ਚਾਚਾ ਜੀ ਘਰੇ ਹਨ। ਵੇਖ ਲੈਣਗੇ, ਤਾਂ ਆਫ਼ਤ ਆ ਜਾਵੇਗੀ। ਇਹ ਦੋ-ਤਿੰਨ ਕਿਤਾਬਾਂ ਤੁਸੀਂ ਲੁਕੋ ਕੇ ਘਰੇ ਲੈ ਜਾਓ। ਕੱਲ੍ਹ ਸ਼ਾਮੀਂ ਲੈ ਆਉਣਾ।"
ਅਗਲੇ ਦਿਨ ਸ਼ਾਮ ਨੂੰ ਸਾਰੇ ਜਣੇ ਮਿਲੇ, ਪਰ ਕਿਤਾਬਾਂ ਕੋਈ ਵੀ ਨਹੀਂ ਲੈ ਕੇ ਆਇਆ। ਮੁਖੀਏ ਨੇ ਕਿਹਾ, "ਕਿਤਾਬਾਂ ਦਿਉ, ਤਾਂ ਕਿ ਮੈਂ ਇਸ ਬੋਰੀ ਵਿਚ ਲੁਕੋ ਕੇ ਰੱਖ ਦਿਆਂ। ਫਿਰ ਕੱਲ੍ਹ ਨੂੰ ਜਲਾਉਣ ਵੇਲ਼ੇ ਇਹ ਬੋਰੀ ਲੈ ਚੱਲਾਂਗੇ।" ਪਰ ਕਿਤਾਬਾਂ ਤਾਂ ਕੋਈ ਨਹੀਂ ਲਿਆਇਆ ਸੀ।
ਇਕ ਨੇ ਕਿਹਾ, "ਕੱਲ੍ਹ ਨਹੀਂ, ਪਰਸੋਂ ਜਲਾਉਣਾ। ਪੜ੍ਹ ਤਾਂ ਲਈਏ!" ਦੂਜੇ ਨੇ ਕਿਹਾ, "ਅਜੇ ਅਸੀਂ ਪੜ੍ਹ ਰਹੇ ਹਾਂ। ਕਿਤਾਬਾਂ ਨੂੰ ਦੋ-ਤਿੰਨ ਦਿਨਾਂ ਪਿੱਛੋਂ ਜਲਾ ਦੇਣਾ। ਹੁਣ ਤਾਂ ਕਿਤਾਬਾਂ ਜ਼ਬਤ ਕਰ ਹੀ ਲਈਆਂ ਹਨ।" ਉਸ ਦਿਨ ਜਲਾਉਣ ਦਾ ਪ੍ਰੋਗਰਾਮ ਨਹੀਂ ਬਣ ਸਕਿਆ। ਤੀਜੇ ਦਿਨ ਫੇਰ ਕਿਤਾਬਾਂ ਲੈ ਕੇ ਮਿਲਣ ਦਾ ਫ਼ੈਸਲਾ ਕੀਤਾ ਗਿਆ।
ਤੀਜੇ ਦਿਨ ਵੀ ਕੋਈ ਕਿਤਾਬਾਂ ਨਹੀਂ ਲੈ ਕੇ ਆਇਆ।
ਇਕ ਨੇ ਕਿਹਾ, "ਓ ਯਾਰ, ਫਾਦਰ ਦੇ ਹੱਥ ਕਿਤਾਬਾਂ ਲੱਗ ਗਈਆਂ। ਉਹ ਪੜ੍ਹ ਰਹੇ ਨੇ।"
ਦੂਜੇ ਨੇ ਕਿਹਾ, "ਅੰਕਲ ਪੜ੍ਹ ਲੈਣ, ਫਿਰ ਲੈ ਕੇ ਆਵਾਂਗਾ।"
ਤੀਜੇ ਨੇ ਕਿਹਾ, "ਭਾਬੀ ਚੁੱਕ ਕੇ ਲੈ ਗਈ ਹੈ। ਬੋਲੀ ਕਿ ਦੋ- ਤਿੰਨ ਦਿਨਾਂ ਵਿਚ ਪੜ੍ਹ ਕੇ ਵਾਪਸ ਕਰ ਦਿਆਂਗੀ।"
ਚੌਥੇ ਨੇ ਕਿਹਾ, "ਬਈ ਗੁਆਂਢਣ ਦੀ ਚਾਚੀ ਮੇਰੀ ਗ਼ੈਰਹਾਜ਼ਰੀ ਵਿੱਚ ਚੁੱਕ ਕੇ ਲੈ ਗਈ। ਪੜ੍ਹ ਲਵੇ ਤਾਂ ਦੋ-ਤਿੰਨ ਦਿਨਾਂ ਪਿੱਛੋਂ ਜਲਾ ਦੇਵਾਂਗੇ।"
ਇਸ ਤਰ੍ਹਾਂ ਅਸ਼ਲੀਲ ਕਿਤਾਬਾਂ ਕਦੇ ਨਹੀਂ ਜਲਾਈਆਂ ਗਈਆਂ। ਉਹ ਹੁਣ ਵਧੇਰੇ ਆਯੋਜਿਤ ਢੰਗ ਨਾਲ ਪੜ੍ਹੀਆਂ ਜਾ ਰਹੀਆਂ ਹਨ।
""""""""""""
੦ ਮੂਲ : ਹਰੀਸ਼ੰਕਰ ਪਾਰਸਾਈ
੦ ਅਨੁ : ਪ੍ਰੋ. ਨਵ ਸੰਗੀਤ ਸਿੰਘ