Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਪਾਰਟੀ ਨੀਤੀਆਂ ਤੋਂ ਨੇਤਾ ਦੀ ਸਖ਼ਸ਼ੀਅਤ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ- ਡਾ: ਕੇਹਰ ਸਿੰਘ

September 28, 2021 11:07 PM

ਪਾਰਟੀ ਨੀਤੀਆਂ ਤੋਂ ਨੇਤਾ ਦੀ ਸਖ਼ਸ਼ੀਅਤ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ- ਡਾ: ਕੇਹਰ ਸਿੰਘ

ਪੱਤਰਕਾਰ ਮੰਚ ਵਲੋਂ"ਚੋਣਾਂ ਜਿੱਤਣ ਲਈ ਮੁੱਖ ਮੰਤਰੀ ਦੇ ਚੇਹਰੇ ਐਲਾਨਣੇ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ" ਵਿਸ਼ੇ ਤੇ ਵੈਬੀਨਾਰ

ਫਗਵਾੜਾ, 28 ਸਤੰਬਰ (    )    ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਵਲੋਂ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ "ਚੋਣਾਂ ਜਿੱਤਣ ਲਈ ਮੁੱਖ ਮੰਤਰੀ ਦੇ ਚੇਹਰੇ ਐਲਾਨਣੇ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ" ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ, ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ 'ਤੇ ਬੋਲਦਿਆਂ ਡਾ: ਕੇਹਰ ਸਿੰਘ ਨੇ ਦਸਿਆ ਕਿ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਇਹ ਕਿਤੇ ਨਹੀਂ ਲਿਖਿਆ ਕਿ ਚੋਣਾਂ ਪਾਰਟੀਆਂ ਦੇ ਅਧਾਰ ਤੇ ਕਰਵਾਈਆਂ ਜਾਣ। ਚੋਣਾਂ ਲਈ ਜਨ ਪ੍ਰਤੀਨਿਧਤਾ ਦੀ ਗੱਲ ਕੀਤੀ ਗਈ ਹੈ। ਛੋਟੇ ਦੇਸ਼ਾਂ ਵਿੱਚ ਭਾਵੇਂ ਸਿੱਧੀ ਚੋਣ ਪ੍ਰਣਾਲੀ ਚੱਲ ਰਹੀ ਹੈ ਪਰ ਹਿੰਦੁਸਤਾਨ ਵਰਗੇ ਵੱਡੇ ਦੇਸ਼ ਵਿੱਚ ਅਸਿੱਧੀਆਂ ਚੋਣਾਂ ਹੀ ਹੋ ਸਕਦੀਆਂ ਹਨ। ਹੁਣ ਕੋਈ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਕਰਨਾ ਚੋਣਾਂ ਲਈ ਮਹੱਤਵਪੂਰਨ ਮੁੱਦਾ ਬਣ ਗਿਆ ਹੈ। ਸਾਡੇ ਦੇਸ਼ ਵਿੱਚ ਲੋਕਤੰਤਰੀ ਸੈੱਟਅੱਪ ਚਲ ਰਿਹਾ ਹੈ ਅਤੇ ਬਰਤਾਨਵੀ ਲੀਹਾਂ ਵਾਲੇ ਢੰਗ ਤਰੀਕੇ ਨਾਲ ਚੋਣ ਕੀਤੀ ਜਾਂਦੀ ਹੈ। ਇਸ ਸਿਸਟਮ ਵਿੱਚ ਤਾਕਤਾਂ ਦਾ ਵੀ ਕੇਂਦਰੀਕਰਨ ਹੋ ਜਾਂਦਾ ਹੈ। ਇਹ ਚੋਣ ਸਿਸਟਮ ਇੱਕ ਵਿਅਕਤੀ ਦੇ ਦੁਆਲੇ ਘੁੰਮਦਾ ਹੈ। ਇਸ ਲਈ ਪਾਰਟੀ ਨਾਲੋਂ ਕਿਸੇ ਵਿਅਕਤੀ ਖ਼ਾਸ ਦਾ ਚੇਹਰਾ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਲੀਡਰ ਦੀ ਪਾਰਟੀ ਵਿੱਚ ਵੱਡੀ ਪਕੜ ਹੋਵੇਗੀ ਤਾਂ ਉਹ ਪਾਰਟੀ ਦੀ ਸਰਕਾਰ ਨੂੰ ਚਲਾ ਸਕੇਗਾ। ਇਹ ਧਾਰਨਾ ਸਾਡੇ ਵੋਟਰਾਂ ਦੇ ਮਨ ਵਿੱਚ ਬਣ ਚੁੱਕੀ ਹੈ। ਪਾਰਟੀ ਦੀਆਂ ਨੀਤੀਆਂ ਦੀ ਗੱਲ ਨਹੀਂ ਹੁੰਦੀ ਸਗੋਂ ਵਿਅਕਤੀ ਦੀ ਸਖ਼ਸ਼ੀਅਤ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ। ਇਸ ਕਰਕੇ ਸਿਆਸੀ ਪਾਰਟੀਆਂ ਆਪਣੇ ਪ੍ਰਭਾਵਸ਼ਾਲੀ ਨੇਤਾ ਦਾ ਚੇਹਰਾ ਅੱਗੇ ਲੈ ਕੇ ਆਉਂਦੀਆਂ ਹਨ। ਚੋਣ ਦੀ ਪ੍ਰਕਿਰਿਆ ਵੀ ਸਖ਼ਸ਼ੀਅਤ ਦੁਆਲੇ  ਘੁੰਮਦੀ ਹੈ। ਪਹਿਲਾਂ ਪਾਰਟੀ ਇੱਕ ਨੰਬਰ ਤੇ ਸੀ ਪਰ ਹੁਣ ਸਖ਼ਸ਼ੀਅਤ ਇੱਕ ਨੰਬਰ 'ਤੇ ਪਹੁੰਚ ਗਈ ਹੈ ਪਰ ਪੱਛਮੀ ਦੇਸ਼ਾਂ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਅੱਗੇ ਰੱਖਿਆ ਜਾਂਦਾ ਹੈ। ਸਾਡੇ ਦੇਸ਼ ਦੇ ਵੋਟਰ/ਲੋਕ ਅਜੇ ਪੂਰੀ ਤਰ੍ਹਾਂ ਜਾਗਰੂਕ ਨਹੀਂ ਹਨ। ਸਾਡੇ ਦੇਸ਼ ਦਾ ਚੋਣ ਸਿਸਟਮ ਅਜੇ ਵੀ ਕਲੋਨੀਅਮ ਸਿਸਟਮ ਵਾਂਗ ਹੀ ਚੱਲ ਰਿਹਾ ਹੈ। ਕਿਸੇ ਵਿਚੋਲੇ ਦੀ ਲੋੜ ਹਰ ਕੰਮ ਲਈ ਮਹਿਸੂਸ ਕੀਤੀ ਜਾਂਦੀ ਹੈ। ਆਮ ਬੰਦੇ ਦਾ ਸਿਆਸੀ ਲੀਡਰਾਂ ਤੋਂ ਬਿਨ੍ਹਾਂ ਗੁਜ਼ਾਰਾ ਨਹੀਂ ਹੈ। ਬਾਹਰਲੇ ਦੇਸ਼ਾਂ ਵਿੱਚ ਸਾਰੇ ਕੰਮ ਟੈਲੀਫੋਨ ਤੋਂ ਹੀ ਹੋ ਜਾਂਦੇ ਹਨ। ਸਾਡੇ ਦੇਸ਼ ਵਿੱਚ ਬੰਦਾ ਸੱਤਾਹੀਣ ਮਹਿਸੂਸ ਕਰਦਾ ਹੈ। ਸਾਡੇ ਦੇਸ਼ ਵਿੱਚ ਲਾਗੂ ਕੀਤਾ ਗਿਆ ਚੋਣ ਸਿਸਟਮ ਵਿਵਹਾਰਿਕ ਤੌਰ ਤੇ ਫੇਲ੍ਹ ਹੋ ਜਾਂਦਾ ਹੈ। ਸਿਆਸੀ ਪਾਰਟੀਆਂ ਦੀ ਉਦਾਹਰਨ ਦਿੰਦੇ ਹੋਏ ਉਹਨਾ ਇਹ ਮੰਨਿਆ ਕਿ ਮੁੱਖ ਮੰਤਰੀ ਦਾ ਚੇਹਰਾ ਪੇਸ਼ ਕਰਨਾ ਜ਼ਰੂਰੀ ਹੋ ਗਿਆ ਹੈ। ਇਸੇ ਚਰਚਾ ਨੂੰ ਅੱਗੇ ਵਧਾਉਂਦਿਆਂ ਜਰਮਨ ਤੋਂ ਕੇਹਰ ਸ਼ਰੀਫ ਨੇ ਦੱਸਿਆ ਕਿ ਚੇਹਰੇ ਦਾ ਮਹੱਤਵ ਨਹੀਂ ਹੋਣਾ ਚਾਹੀਦਾ ਸਗੋਂ ਸਿਆਸੀ ਪਾਰਟੀਆਂ ਨੂੰ ਪਾਈਆਂ ਕੁਲ ਵੋਟਾਂ ਦੇ ਅਨੁਪਾਤ ਨਾਲ ਸਰਕਾਰਾਂ ਬਣਾਉਣੀਆਂ ਚਾਹੀਦੀਆਂ ਹਨ। ਐਡਵੋਕੇਟ ਐਸ .ਐਲ. ਵਿਰਦੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਇਹ ਚੇਹਰੇ ਸੰਵਿਧਾਨਿਕ ਧਾਰਨਾਵਾਂ ਦਾ ਘਾਣ ਕਰਦੇ ਹਨ। ਇਸੇ ਤਰ੍ਹਾਂ ਜੀ.ਐਸ. ਗੁਰਦਿੱਤ, ਰਵਿੰਦਰ ਚੋਟ ਅਤੇ ਪਰਵਿੰਦਰਜੀਤ ਸਿੰਘ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ  ਲੋਕਾਂ ਵਿਚੋਂ ਅਗਿਆਨਤਾ ਖ਼ਤਮ ਕਰਕੇ ਚੋਣਾਂ ਦੇ ਸਹੀ ਸਿਸਟਮ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਜਨਤਾ, ਨੇਤਾਵਾਂ ਦੇ ਆਸਰੇ ਹੀ ਨਹੀਂ ਰਹਿਣੀ ਚਾਹੀਦੀ। ਲੋਕ-ਪੱਖੀ ਢਾਂਚੇ ਵਿੱਚ ਨੇਤਾ ਨੂੰ ਹੀ ਮਹੱਤਤਾ ਨਹੀਂ ਮਿਲਣੀ ਚਾਹੀਦੀ। ਗਿਆਨ ਸਿੰਘ ਡੀਪੀਆਰਓ ਅਤੇ ਚਰਨਜੀਤ ਗੁੰਮਟਾਲਾ ਨੇ ਦਸਿਆ ਕਿ ਪਾਰਟੀਆਂ ਵਿੱਚ ਪਹਿਲਾਂ ਪ੍ਰਾਇਮਰੀ ਚੋਣਾਂ ਹੋਣੀਆਂ ਚਾਹੀਦੀਆਂ ਹਨ। ਉਮੀਦਵਾਰ ਨਾਮਜ਼ਦ ਨਹੀਂ ਹੋਣੇ ਚਾਹੀਦੇ ਸਗੋਂ ਲੋਕਾਂ ਦੁਆਰਾ ਚੁਣੇ ਜਾਣੇ ਚਾਹੀਦੇ ਹਨ। ਅੰਤ ਵਿੱਚ ਡਾ:ਕੇਹਰ ਸਿੰਘ ਨੇ ਵੈਬੀਨਾਰ ਵਿੱਚ ਹੋਰ ਵਿਦਵਾਨਾਂ ਵਲੋਂ ਉਠਾਏ ਗਏ ਸਵਾਲਾਂ ਦਾ ਤਸੱਲੀ ਬਖ਼ਸ਼ ਜੁਬਾਬ ਦਿੱਤੇ ਤੇ ਕਿਹਾ ਕਿ ਲੋਕਤੰਤਰ ਇੱਕ ਧੀਮੀ ਗਤੀ ਦਾ ਬਦਲਾਅ ਬਰਦਾਸ਼ਤ ਕਰਦਾ ਹੈ।  ਹੌਲੀ-ਹੌਲੀ ਬਦਲਾ ਆਉਂਦਾ ਹੈ। ਅੰਤ ਵਿੱਚ ਗੁਰਮੀਤ ਸਿੰਘ ਪਲਾਹੀ ਪ੍ਰਧਾਨ ਕਾਲਮਨਵੀਸ ਮੰਚ ਨੇ ਭਾਗ ਲੈ ਰਹੇ ਸਾਰੇ ਵਿਦਵਾਨਾਂ ਦਾ ਧੰਨਵਾਦ ਕੀਤਾ ਹੋਰਾਂ ਤੋਂ ਬਿਨ੍ਹਾਂ ਮਲਕੀਤ ਸਿੰਘ ਅੱਪਰਾ, ਮਨਦੀਪ ਸਿੰਘ, ਅਮਨਦੀਪ, ਬੰਸੋ ਦੇਵੀ ਆਦਿ ਮੌਜੂਦਾ ਸਨ।

 

Have something to say? Post your comment