ਹਿੰਦੀ ਕਹਾਣੀ
ਸਾਬ
""""""
ਭੂਮੀਆ ਅੱਜ ਬੜੀ ਖ਼ੁਸ਼ ਸੀ। ਖ਼ੁਸ਼ੀ ਦੇ ਮਾਰੇ ਖੂਬ ਨੱਚ-ਗਾ ਰਹੀ ਸੀ।
ਉਹਦੀ ਖ਼ੁਸ਼ੀ ਵੇਖ ਕੇ ਮਾਂ ਬੜੇ ਲਾਡ ਨਾਲ ਪੁੱਛਦੀ ਹੈ- ਕੀ ਗੱਲ ਹੈ ਭੂਮੀਆ? ਅੱਜ ਬੜੀ ਖੁਸ਼ ਹੈਂ!
ਭੂਮੀਆ ਹੱਸਦੀ-ਖਿੜਖੜਾਉਂਦੀ ਹੋਈ ਆਪਣੇ ਹੱਥਾਂ ਦੀਆਂ ਲਾਲ-ਪੀਲੀਆਂ ਚੂੜੀਆਂ ਵਿਖਾਉਣ ਲੱਗੀ।
ਮਾਂ ਨੇ ਪੁੱਛਿਆ- ਕਿੱਥੋਂ ਆਈਆਂ? ਕੀਹਨੇ ਦਿੱਤੀਆਂ?
ਭੂਮੀਆ ਬੜੀ ਖੁਸ਼ ਹੋ ਕੇ ਬੋਲੀ- ਮਾਂ, ਸਾਬ ਨੇ ਦਿੱਤੀਆਂ। ਸਾਬ ਬੜੇ ਚੰਗੇ ਨੇ।
ਅਜੇ ਕੁਝ ਹੀ ਦਿਨ ਪਹਿਲਾਂ ਭੂਮੀਆ ਨੇ ਉਥੇ ਘਰ ਦਾ ਕੰਮ ਕਰਨਾ ਸ਼ੁਰੂ ਕੀਤਾ ਹੈ। ਜੰਗਲ ਵਿੱਚ ਰਹਿਣ ਵਾਲਾ ਇਹ ਪਰਿਵਾਰ ਜਿੱਥੇ ਪਹਿਲਾਂ ਜੰਗਲਾਂ ਵਿੱਚ ਮਿਲਣ ਵਾਲੀਆਂ ਚੀਜ਼ਾਂ ਨਾਲ ਆਪਣੀ ਜ਼ਿੰਦਗੀ ਬਿਤਾਉਂਦਾ ਸੀ, ਉਥੇ ਹੁਣ ਸਰਕਾਰੀ ਕਾਨੂੰਨ ਬਣਨ ਨਾਲ ਉਨ੍ਹਾਂ ਲਈ ਜੰਗਲ ਤੇ ਨਿਰਭਰ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ। ਭੂਮੀਆ ਦੀ ਮਾਂ ਨੇ ਸੋਚਿਆ ਕਿ ਉਹ ਭੂਮੀਆ ਨੂੰ ਵੀ ਕੰਮ ਤੇ ਲਾ ਦਿੰਦੀ ਹੈ, ਇਸ ਨਾਲ ਘਰੇ ਦੋ ਪੈਸੇ ਆ ਜਾਣਗੇ।
ਭੂਮੀਆ ਖ਼ੁਸ਼ ਹੋ ਕੇ ਸਾਬ ਦੇ ਘਰ ਕੰਮ ਕਰਨ ਜਾਂਦੀ। ਉਹਦਾ ਬਾਲ-ਮਨ ਹਮੇਸ਼ਾ ਇਹੋ ਸੋਚਦਾ ਕਿ ਫਿਰ ਤੋਂ ਸਾਥ ਉਹਨੂੰ ਕੁਝ ਨਾ ਕੁਝ ਦੇਣਗੇ। ਸਾਬ ਵੀ ਦੋ-ਚਾਰ ਦਿਨ ਛੱਡ ਕੇ ਅਕਸਰ ਉਹ ਨੂੰ ਕੁਝ ਨਾ ਕੁਝ ਦੇ ਦਿੰਦੇ। ਕਦੇ ਚਾਕਲੇਟ, ਕਦੇ ਮਿਠਾਈ ਤੇ ਕਦੇ ਚੂੜੀਆਂ ਆਦਿ।
ਕੰਮ ਕਰਕੇ ਉਹ ਲਗਪਗ ਦੁਪਹਿਰ ਇੱਕ ਵਜੇ ਘਰ ਆ ਜਾਂਦੀ ਸੀ। ਜਿਸ ਦਿਨ ਸਾਬ ਕੁਝ ਦਿੰਦੇ, ਉਹ ਦੌੜੀ-ਦੌੜੀ ਖ਼ੁਸ਼ੀ ਨਾਲ ਝੂਮਦੀ ਹੋਈ ਆਉਂਦੀ ਤੇ ਮਾਂ ਨੂੰ ਵਿਖਾਉਂਦੀ। ਮਾਂ ਨੂੰ ਕੁਝ ਅਜੀਬ ਜਿਹਾ ਲੱਗਦਾ ਪਰ ਬੇਟੀ ਦੀ ਖ਼ੁਸ਼ੀ ਵੇਖ ਕੇ ਉਹ ਖੁਦ ਨੂੰ ਹੀ ਦੋਸ਼ ਦਿੰਦਿਆਂ ਮਨ ਹੀ ਮਨ ਕਹਿੰਦੀ- ਹੱਤ, ਪੀਪਲਾ, ਤੂੰ ਵੀ ਕੀ-ਕੀ ਸੋਚਦੀ ਹੈਂ? ਸਾਬ ਚੰਗੇ ਅਤੇ ਵੱਡੇ ਲੋਕ ਹਨ। ਉਹ ਥੋੜ੍ਹੋ ਕੁਝ ਗ਼ਲਤ ਕੰਮ ਕਰਨਗੇ!
ਚੰਚਲ ਜਿਹੀ ਰਹਿਣ ਵਾਲੀ ਭੂਮੀਆ ਕੁਝ ਉਦਾਸ ਰਹਿਣ ਲੱਗੀ। ਕੁਝ ਡਰੀ-ਡਰੀ, ਸਹਿਮੀ-ਸਹਿਮੀ ਵੀ ਰਹਿਣ ਲੱਗੀ। ਸਾਬ ਉਹਨੂੰ ਚਾਕਲੇਟ ਦੇਣ ਦੇ ਬਹਾਨੇ ਆਪਣੇ ਕੋਲ਼, ਆਪਣੀ ਗੋਦੀ ਵਿੱਚ ਬਿਠਾਉਂਦੇ ਅਤੇ ਉਹਦੇ ਪੈਰਾਂ ਵਿੱਚ, ਉਹਦੇ ਅੰਗਾਂ ਨੂੰ ਅਜੀਬ ਢੰਗ ਨਾਲ ਛੋਂਹਦੇ। ਸਾਬ ਦੇ ਗਲਤ ਇਰਾਦਿਆਂ ਤੋਂ ਅਣਜਾਣ ਉਹਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹਨੂੰ ਅਜਿਹਾ ਕਿਉਂ ਲੱਗ ਰਿਹਾ ਹੈ? ਉਹਦੇ ਨਾਲ ਕੀ ਹੋ ਰਿਹਾ ਹੈ? ਬਸ, ਉਹ ਇਹ ਜਾਣਦੀ ਸੀ ਕਿ ਉਹਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਹੈ।
ਭੂਮੀਆ ਦੀ ਮਾਂ ਨੂੰ ਲੱਗਦਾ ਕਿ ਖੇਡਦੇ ਸਮੇਂ ਬੱਚਿਆਂ ਨਾਲ ਲੜਾਈ ਹੋ ਗਈ ਹੋਵੇਗੀ, ਇਸ ਲਈ ਕੁਝ ਉਦਾਸ ਹੈ।
ਅਗਲੇ ਦਿਨ ਸਾਬ ਨੇ ਭੂਮੀਆ ਨੂੰ ਲਾਲ ਰੰਗ ਦੇ ਕੱਪੜੇ ਦਿੱਤੇ ਕਿ ਇਹਨੂੰ ਕੱਲ੍ਹ ਪਹਿਨ ਕੇ ਆਈਂ।
ਭੂਮੀਆ ਸਾਰੀਆਂ ਗੱਲਾਂ ਨੂੰ ਭੁੱਲ ਕੇ ਖ਼ੁਸ਼ ਹੋ ਗਈ ਅਤੇ ਘਰ ਜਾ ਕੇ ਮਾਂ ਨੂੰ ਵਿਖਾਇਆ। ਮਾਂ ਨੇ ਮਨ੍ਹਾ ਕੀਤਾ ਕਿ ਉਹ ਇਹ ਕੱਪੜੇ ਨਾ ਪਹਿਨੇ। ਪਰ ਭੂਮੀਆ ਜ਼ਿਦ ਕਰਨ ਲੱਗੀ ਕਿ ਉਹਨੇ ਕੱਲ੍ਹ ਨੂੰ ਇਹੋ ਕੱਪੜੇ ਪਹਿਨਣੇ ਹਨ। ਉਹਦੀ ਜ਼ਿਦ ਮੂਹਰੇ ਮਾਂ ਮੰਨ ਗਈ। ਪਰ ਭੂਮੀਆ ਦੀ ਮਾਂ ਨੂੰ ਬਹੁਤ ਹੈਰਾਨੀ ਹੋਈ ਅਤੇ ਸੋਚਿਆ ਕਿ ਕੱਲ੍ਹ ਸਾਬ ਦੇ ਘਰ ਜਾਵਾਂਗੀ ਅਤੇ ਸਿੱਧਾ-ਸਿੱਧਾ ਕਹਿ ਦਿਆਂਗੀ ਕਿ ਉਹ ਭੂਮੀਆ ਨੂੰ ਅੱਜ ਤੋਂ ਬਾਅਦ ਕੁਝ ਵੀ ਨਾ ਦੇਵੇ।
ਸਵੇਰੇ ਨਹਾ-ਧੋ ਕੇ ਭੂਮੀਆ ਨੇ ਉਹੀ ਕੱਪੜੇ ਪਹਿਨੇ ਅਤੇ ਕੰਮ ਕਰਨ ਸਾਬ ਦੇ ਘਰ ਚਲੀ ਗਈ। ਦੁਪਹਿਰ ਦਾ ਇੱਕ ਵੱਜ ਚੁੱਕਾ ਸੀ ਪਰ ਅਜੇ ਤੱਕ ਭੂਮੀਆ ਘਰ ਕਿਉਂ ਨਹੀਂ ਆਈ- ਮਾਂ ਨੇ ਸੋਚਿਆ। ਉਦੋਂ ਤਕ ਕੁਝ ਹੋਰ ਕੰਮ ਨਿਬੇੜ ਲੈਂਦੀ ਹੈ, ਤਦ ਤੱਕ ਭੂਮੀਆ ਵੀ ਆ ਜਾਵੇਗੀ। ਸਾਰੇ ਕੰਮ ਖ਼ਤਮ ਕਰਨ ਪਿੱਛੋਂ ਘੜੀ ਤੇ ਵੇਖਿਆ ਕਿ ਚਾਰ ਵੱਜ ਗਏ ਪਰ ਭੂਮੀਆ ਅਜੇ ਤੱਕ ਨਹੀਂ ਸੀ ਆਈ। ਕੀ ਗੱਲ ਹੋ ਗਈ? ਕਿਉਂ ਨਹੀਂ ਆਈ? ਕਿਤੇ ਰਾਹ ਵਿੱਚ ਤਾਂ ਨਹੀਂ ਕੁਝ ਹੋ ਗਿਆ? ਕਿਤੇ ਕਿਸੇ ਦੇ ਘਰ ਤਾਂ ਨਹੀਂ ਚਲੀ ਗਈ?- ਆਦਿ ਕਈ ਤਰ੍ਹਾਂ ਦੇ ਭੈੜੇ-ਭੈੜੇ ਖ਼ਿਆਲ ਮਨ ਵਿੱਚ ਆਉਣ ਲੱਗੇ। ਕੁਝ ਚਿਰ ਪਿੱਛੋਂ ਭੂਮੀਆ ਦੇ ਬਾਪੂ ਘਰੇ ਆਏ। ਮਾਂ ਨੇ ਸਾਰੀ ਗੱਲ ਦੱਸੀ ਅਤੇ ਦੋਵੇਂ ਭੂਮੀਆ ਨੂੰ ਲੱਭਣ ਲਈ ਘਰੋਂ ਅਜੇ ਚੱਪਲਾਂ ਪਾ ਕੇ ਚੱਲਣ ਹੀ ਲੱਗੇ ਸਨ ਕਿ ਪਿੰਡ ਦਾ ਇੱਕ ਬੱਚਾ ਦੌੜਦਾ-ਦੌੜਦਾ ਆਇਆ ਅਤੇ ਦੱਸਿਆ ਕਿ ਭੂਮੀਆ ਪਿੰਡ ਦੇ ਬਾਹਰ ਵਾਲ਼ੀ ਸੰਘਣੀ ਝਾੜੀ ਵਿੱਚ ਪਈ ਹੈ।
ਡਿੱਗਦੇ-ਢਹਿੰਦੇ ਭੂਮੀਆ ਦੇ ਮਾਂ-ਪਿਓ ਪਹੁੰਚੇ ਅਤੇ ਉੱਥੇ ਬੇਟੀ ਨੂੰ ਬੇਹੋਸ਼ ਤੇ ਅੱਧਨੰਗੀ ਹਾਲਤ ਵਿੱਚ ਵੇਖ ਕੇ ਉਨ੍ਹਾਂ ਦੇ ਦੁਖ ਦਾ ਕੋਈ ਟਿਕਾਣਾ ਨਾ ਰਿਹਾ। ਬੇਟੀ ਨੂੰ ਤੁਰੰਤ ਹਸਪਤਾਲ ਲਿਜਾਣ ਲੱਗੇ। ਅੱਧ-ਬੇਹੋਸ਼ੀ ਦੀ ਹਾਲਤ ਵਿਚ ਭੂਮੀਆ ਨੇ ਦੱਸਿਆ ਕਿ ਕਿਵੇਂ ਉਹਨੂੰ ਸਾਬ ਨੇ ਜ਼ੋਰ ਨਾਲ਼ ਧਰਤੀ ਤੇ ਪਟਕ ਕੇ ਉਹਦੇ ਸਾਰੇ ਕੱਪੜੇ ਪਾੜੇ ਅਤੇ ਉਹਦੇ ਨਾਲ ਜ਼ਬਰਦਸਤੀ ਕੀਤੀ। ਮਾਂ- ਪਿਓ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਜਿਸ ਸਾਬ ਨੂੰ ਉਹ ਇੰਨਾਂ ਭਲੇਮਾਣਸ ਸਮਝਦੇ ਸਨ, ਉਸੇ ਸਾਬ ਨੇ ਉਨ੍ਹਾਂ ਦੀ ਬੇਟੀ ਨਾਲ ਬਲਾਤਕਾਰ ਕੀਤਾ। ਉਹਦੀ ਮਾਸੂਮੀਅਤ ਤੇ ਵੀ ਉਹਨੂੰ ਭੋਰਾ ਤਰਸ ਨਾ ਆਇਆ। ਰਾਹ ਵਿੱਚ ਹੀ ਭੂਮੀਆ ਦੀ ਮੌਤ ਹੋ ਗਈ। ਆਪਣੀ ਧੀ ਤੇ ਹੋਏ ਅੱਤਿਆਚਾਰ ਅਤੇ ਬਲਾਤਕਾਰ ਦੀ ਸ਼ਿਕਾਇਤ ਲਿਖਾਉਣ ਜਦੋਂ ਉਹ ਪੁਲੀਸ-ਸਟੇਸ਼ਨ ਗਏ ਤਾਂ ਪੁਲੀਸ ਨੇ ਐਫਆਈਆਰ ਦਰਜ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਵੱਡੇ ਲੋਕ ਹਨ, ਤੁਸੀਂ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ। ਉਨ੍ਹਾਂ ਲਈ ਤਾਂ ਤੁਸੀਂ ਧੂੜ ਦੇ ਬਰਾਬਰ ਹੋ! ਅਤੇ ਦੋਹਾਂ ਨੂੰ ਉੱਥੋਂ ਰਾਖ਼ਸ਼, ਜੰਗਲੀ, ਜਾਨਵਰ ਆਦਿ ਕਹਿ ਕੇ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ।
* ਮੂਲ : ਤੁਲਿਆ ਕੁਮਾਰੀ
* ਅਨੁ : ਪ੍ਰੋ. ਨਵ ਸੰਗੀਤ ਸਿੰਘ