Thursday, October 21, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

"ਐਸੇ ਕੰਮ ਕਰਿਆ ਕਰ ਤੇ ਇਹ ਨਾ ਕਰਿਆ ਕਰ"

September 07, 2021 11:13 PM
"ਐਸੇ ਕੰਮ ਕਰਿਆ ਕਰ ਤੇ ਇਹ ਨਾ ਕਰਿਆ ਕਰ"
 
ਕੁਦਰਤ ਦੇ ਨਾਲ ਆਢਾ ਲਾਕੇ,
 ਨਾ ਜੋਰ ਅਜਮਾਈ ਕਰਿਆ ਕਰ।
ਵਢਕੇ ਜੰਗਲ ਬੇਲੇ ਪਹਾੜਾਂ ਨੂੰ ਨਾ,
 ਅਣ ਆਈ ਮੌਤੇ ਮਰਿਆ ਕਰ।
ਲੁਕਾਈ ਨੂੰ ਡੂੰਘੇ ਦੁੱਖ ਦੇਣ ਤੋਂ,
 ਬੰਦਿਆ ਸਦਾ ਤੂੰ ਡਰਿਆ ਕਰ।
ਨਾ ਮੌਤ ਉਕਸਾ ਕੇ ਐਵੇਂ,
 ਜਾਨ ਤਲੀ ਤੇ ਧਰਿਆ ਕਰ।
 
ਪੌਦੇ ਨਵੇਂ ਜੇ ਲਾ ਨਹੀਂ ਸਕਦਾ,
 ਨਾ ਪਹਿਲਾਂ ਵਾਲੇ ਵੱਢਿਆ ਕਰ।
ਸੁੱਖ ਜੇ ਕਿਸੇ ਨੂੰ ਦੇ ਨਹੀਂ ਸਕਦਾ,
 ਨਾ ਦੁੱਖ ਲਈ ਝੋਲੀ ਅਡਿਆ ਕਰ।
ਦੁਨੀਆਂ ਤੇ ਚੰਗਿਆਈਆਂ ਛੱਡਜੀਂ,
 ਨਾ ਬੁਰਿਆਈਆਂ ਛੱਡਿਆ ਕਰ।
ਕਿਸੇ ਦੇ ਸੁੱਖੀ ਨੂੰ ਵੇਖ ਕੇ ਸਜਣਾ,
 ਐਵੇਂ ਅਖਾਂ ਨਾ ਟੱਡਿਆ ਕਰ।
 
ਪਸ਼ੂ ਪੰਛੀਆਂ ਦੇ ਘਰਾਂ ਨੂੰਕਦੇ ਵੀ ,
ਹੱਥੀ ਨਾ ਉਜਾੜਿਆ ਕਰ।
ਵੱਢਕੇ ਦਰੱਖਤਾਂ ਵੱਢਿਆਂ ਨੂੰ ਨਾ,
 ਹਥੀਂ ਉਨ੍ਹਾਂ ਨੂੰ ਪਾੜਿਆ ਕਰ।
ਪਰਦੂਸ਼ਨ ਦੇ ਵਿਚ ਵਾਧਾ ਹੁੰਦੈ,
 ਭੁੱਲਕੇ ਕਦੇ ਨਾ ਸਾੜਿਆ ਕਰ।
ਕੁਦਰਤ ਦੇ ਬਣਾਏ ਕਾਨੂੰਨਾਂ ਨੂੰ,
 ਕਦੇ ਵੀ ਨਾ ਵਿਗਾੜਿਆ ਕਰ।
 
ਧਾਰਮਿਕ ਅਸਥਾਨਾਂ ਉਪਰ ਜਾਕੇ,
 ਨਾ ਬੰਦਿਆ ਪਾਪ ਕਮਾਇਆ ਕਰ।
ਪਹਿਲੇ ਜੇ ਉਤਾਰ ਨਹੀਂ ਸਕਦਾ,
 ਨਾ ਉਥੋਂ ਹੋਰ ਚੜਾਇਆ ਕਰ।
ਨੇਹਚਾ ਨਾਲ ਜੇ ਜਾਣੈ ਉਥੇ ,
ਨਿਉਂ ਕੇ ਸੀਸ ਝੁਕਾਇਆ ਕਰ।
ਜੇਕਰ ਨੀਤ ਸਾਫ ਨਹੀਂ ਤੇਰੀ,
 ਨਾ ਬਿਲਕੁਲ ਉਥੇ ਜਾਇਆ ਕਰ।
 
ਮੂੰਹ ਵਿਚ ਰਾਮ ਬਗਲ ਵਿਚ ਛੁਰੀਆਂ,
 ਨਾ ਕਿਸੇ ਤੇ ਕਦੇ ਚਲਾਇਆ ਕਰ।
ਹੋਰ ਨਾ ਕਿਸੇ ਦਾ ਖੋਹ ਕੇ ਖਾਵੀਂ,
ਆਪਣੇ ਹੱਕ ਦਾ ਖਾਇਆ ਕਰ।
ਗਊ ਗਰੀਬ ਦੇ ਉਤੇ ਭਾਈ,
 ਸਦਾ ਹੀ ਤਰਸ ਕਮਾਇਆ ਕਰ।
ਤਰਸ ਨਹੀਂ ਜੇ ਕਰ ਸਕਦਾ,
 ਨਾ ਜੁਲਮ ਲਈ ਉਕਸਾਇਆ ਕਰ।
 
ਦਸਾਂ ਨਹੁੰਆਂ ਦੀ ਕਿਰਤ ਦੇ ਵਿੱਚੋਂ, ਪਰਮਾਰਥ ਵਿਚ ਵੀ ਲਾਇਆ ਕਰ।
ਬੇਜੁਬਾਨਿਆਂ ਉਤੇ ਨਾ ਤੂੰ ,
ਭੁੱਲ ਕੇ ਜੁਲਮ ਕਮਾਇਆ ਕਰ।
ਕਰੀਂ ਤੂੰ ਕੰਮ ਭਲਾਈ ਵਾਲੇ ,
ਨਾਲੇ ਹੋਰਾਂ ਨੂੰ ਸਮਝਾਇਆ ਕਰ
ਸ਼ਰਮੇ ਦਦਾਹੂਰੀਏ ਨੂੰ ਵੀ,
 ਆਪਣੇ ਨਾਲ ਰਲਾਇਆ ਕਰ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment