ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਰਾਜਗੜ੍ਹ ’ਚ ਖੂਨ ਦੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਦਿਆਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਕਲਯੁੱਗੀ ਪੁੱਤ ਅਵਤਾਰ ਸਿੰਘ (40) ਨੇ ਸ਼ਰਾਬ ਦੇ ਨਸ਼ੇ ਵਿੱਚ ਘਰੇਲੂ ਵਿਵਾਦ ਦੌਰਾਨ ਆਪਣੇ ਹੀ 70 ਸਾਲਾ ਪਿਤਾ ਬੂਟਾ ਸਿੰਘ ਦਾ ਕਤਲ ਕਰ ਦਿੱਤਾ।
ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 11:45 ਵਜੇ ਵਾਪਰੀ। ਸੁਧਾਰ ਪੁਲਿਸ ਨੇ ਆਰੋਪੀ ਅਵਤਾਰ ਸਿੰਘ ਤਾਰੀ ਵਿਰੁੱਧ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ, ਆਰੋਪੀ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਇਸ ਤੋਂ ਪਹਿਲਾਂ ਆਪਣੇ ਚਾਚੇ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਕੱਟ ਚੁੱਕਾ ਹੈ।
ਸੁਧਾਰ ਪੁਲਿਸ ਸਟੇਸ਼ਨ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਆਰੋਪੀ ਸ਼ਰਾਬ ਦਾ ਆਦੀ ਸੀ ਅਤੇ ਅਕਸਰ ਘਰ ਵਿੱਚ ਲੜਾਈ-ਝਗੜਾ ਕਰਦਾ ਸੀ। ਸ਼ੁੱਕਰਵਾਰ ਰਾਤ ਨੂੰ ਵੀ ਜਦੋਂ ਉਹ ਨਸ਼ੇ ਦੀ ਹਾਲਤ ਵਿੱਚ ਘਰ ਵਾਪਸ ਆਇਆ ਤਾਂ ਉਸਨੇ ਪਰਿਵਾਰ ਨਾਲ ਤਕਰਾਰ ਸ਼ੁਰੂ ਕਰ ਦਿੱਤੀ। ਗੁੱਸੇ ਵਿੱਚ ਆ ਕੇ ਉਸਨੇ ਸਿਲੰਡਰ ਉਤਾਰ ਕੇ ਘਰ ਨੂੰ ਅੱਗ ਲਗਾਉਣ ਦੀ ਧਮਕੀ ਦਿੱਤੀ।
ਜਦੋਂ ਪਿਤਾ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਰੋਪੀ ਨੇ ਉਸ ’ਤੇ ਇੱਟਾਂ ਨਾਲ ਤਾਬੜਤੋੜ ਹਮਲੇ ਕੀਤੇ। ਹਮਲੇ ਦੌਰਾਨ ਬੂਟਾ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਨੂੰ ਅੱਜ ਦੁਪਹਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।