ਬਠਿੰਡਾ, 1 ਨਵੰਬਰ 2025: ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਂਡੀ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਜਾਗੋ ਮੌਕੇ ਹਵਾਈ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫ਼ਤਾਰ ਸ਼ਖ਼ਸਾਂ ਦੀ ਪਛਾਣ ਗੁਰਸੇਵਕ ਸਿੰਘ ਅਤੇ ਕਿਸ਼ੋਰ ਕੁਮਾਰ, ਵਾਸੀ ਬਾਂਡੀ ਵਜੋਂ ਹੋਈ ਹੈ। ਇਹ ਦੋਵੇਂ ਉਸ ਸਮੇਂ ਫਸ ਗਏ ਜਦੋਂ ਉਨ੍ਹਾਂ ਵੱਲੋਂ ਫਾਇਰਿੰਗ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ, ਜੋ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ।
ਡੀਐਸਪੀ ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਪਿਸਤੌਲ ਬਰਾਮਦ ਕਰ ਲਏ ਹਨ।
ਉਨ੍ਹਾਂ ਅਨੁਸਾਰ, ਮੁਲਜ਼ਮਾਂ ਦੇ ਹਥਿਆਰਾਂ ਦੇ ਲਾਈਸੈਂਸ ਰੱਦ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਸੰਗਤ ਦੀ ਪੁਲਿਸ ਨੇ ਛਾਪਾਮਾਰੀ ਦੌਰਾਨ ਗੋਲੀਬਾਰੀ ਵਿੱਚ ਵਰਤੇ ਗਏ 32 ਬੋਰ ਅਤੇ 22 ਬੋਰ ਦੇ ਪਿਸਤੌਲਾਂ ਤੋਂ ਇਲਾਵਾ 10 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਡੀਐਸਪੀ ਨੇ ਕਿਹਾ ਕਿ ਵਿਆਹ ਸਮਾਰੋਹਾਂ ਵਿੱਚ ਹਥਿਆਰਾਂ ਦੀ ਨੁਮਾਇਸ਼ ਜਾਂ ਫਾਇਰਿੰਗ ਕਰਨਾ ਕਾਨੂੰਨੀ ਉਲੰਘਣਾ ਹੈ ਅਤੇ ਇਸ ਤਰ੍ਹਾਂ ਦੇ ਮਾਮਲਿਆਂ ‘ਚ ਸਖ਼ਤ ਕਾਰਵਾਈ ਜਾਰੀ ਰਹੇਗੀ।