ਬਰਨਾਲਾ, 14 ਨਵੰਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਾਰ ਐਸੋਸੀਏਸ਼ਨ ਬਰਨਾਲਾ ਦੇ ਵਕੀਲ ਸਾਹਿਬਾਨਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਤੋਂ ਪਹਿਲਾ ਬਾਰ ਐਸੋਸੀਏਸ਼ਨ ਬਰਨਾਲਾ ਪੁੱਜਣ ’ਤੇ ਸ. ਗੋਵਿੰਦ ਸਿੰਘ ਸੰਧੂ ਦਾ ਸਮੁੱਚੀ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸ. ਸੰਧੂ ਨੇ ਕਿਹਾ ਕਿ ਕਿਸੇ ਵੀ ਹਲਕੇ ਜਾਂ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਵਕੀਲ ਭਾਈਚਾਰਾ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਅਤੇ ਇਸ ਸਮੇਂ ਸਾਡੇ ਸੂਬੇ ਦੇ ਵਿਗੜ ਰਹੇ ਹਾਲਾਤਾਂ ਲਈ ਸਭ ਤੋਂ ਜਿਆਦਾ ਜਿੰਮੇਵਾਰ ਨਸ਼ਿਆਂ ਦਾ ਤੇਜੀ ਨਾਲ ਪੈਰ ਪਸਾਰਨਾ ਹੈ, ਜਿਸ ਉੱਪਰ ਲਗਾਮ ਕਸਣ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਨੂੰ ਗੁਲਾਮ ਬਣਾ ਕੇ ਰੱਖਣ ਲਈ ਸਰਕਾਰਾਂ ਵੱਲੋਂ ਨਸ਼ਿਆਂ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ। ਇਸੇ ਕਰਕੇ ਕੋਈ ਵੀ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਠੋਸ ਉਪਰਾਲੇ ਨਹੀਂ ਕਰਦੀ। ਜਿਹੜੀਆਂ ਸਰਕਾਰਾਂ ਦਿੱਲੀ ਤੋਂ ਚੱਲਦੀਆਂ ਹਨ, ਉਹਨਾਂ ਦਾ ਏਜੰਡਾ ਸੂਬਿਆਂ ਵਿੱਚੋਂ ਸਿਰਫ ਪੈਸਾ ਇਕੱਠਾ ਕਰਨਾ ਹੁੰਦਾ ਹੈ। ਸਾਡੇ ਦੁੱਖ ਤਕਲੀਫਾਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ। ਆਪਣੇ ਰਾਜ ਨੂੰ ਕਾਇਮ ਰੱਖਣ ਲਈ ਇਹ ਸਰਕਾਰਾਂ ਹੀ ਨਸ਼ਾ ਵਿਕਵਾਉਂਦੀਆਂ ਹਨ, ਜਿਸ ਨਾਲ ਸਾਡੇ ਸੂਬਿਆਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਅਸੀਂ ਇੱਕਦਮ ਨਸ਼ਾ ਖਤਮ ਨਹੀਂ ਕਰ ਸਕਦੇ ਪਰ ਨਸ਼ਿਆਂ ਤੋਂ ਆਪਣੇ ਸੂਬੇ ਦੀ ਨੌਜਵਾਨੀ ਨੂੰ ਬਚਾਉਣ ਲਈ ਉਪਰਾਲੇ ਤਾਂ ਕਰ ਹੀ ਸਕਦੇ ਹਾਂ।
ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣਾ ਮੂਲੁ ਪਛਾਣੁ ਲਹਿਰ ਸ਼ੁਰੂ ਕੀਤੀ ਗਈ, ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ਵਿੱਚੋਂ ਕੱਢ ਕੇ ਬਾਣੀ ਅਤੇ ਆਪਣੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਧਾਰਮਿਕ ਕੱਟੜਤਾ ਨੂੰ ਬੜਾਵਾ ਨਹੀਂ ਦਿੰਦੇ, ਸਗੋਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਅਤੇ ਸਾਰਿਆਂ ਲਈ ਬਰਾਬਰ ਹੱਕਾਂ ਦੀ ਪੈਰਵੀ ਕਰਦੇ ਹਾਂ। ਸ. ਸੰਧੂ ਨੇ ਸਪਸ਼ਟ ਕੀਤਾ ਕਿ ਜੇਕਰ ਤੁਹਾਡੇ ਸਹਿਯੋਗ ਨਾਲ ਵਾਹਿਗੁਰੂ ਨੇ ਫਤਿਹ ਬਖਸ਼ੀ ਤਾਂ ਅਸੀਂ ਸਭ ਤੋਂ ਪਹਿਲਾਂ ਹਰੇਕ ਵਰਗ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਾਂਗੇ। ਬਾਰ ਐਸੋਸੀਏਸ਼ਨ ਬਰਨਾਲਾ ਦੀ ਮੰਗ ਮੁਤਾਬਿਕ ਸ਼ੇਰਪੁਰ ਇਲਾਕੇ ਨੂੰ ਬਰਨਾਲਾ ਬਾਰ ਐਸੋਸੀਏਸ਼ਨ ਨਾਲ ਜੋੜਨ ਦੀ ਪੈਰਵੀ ਕਰਾਂਗੇ। ਇਸ ਮੌਕੇ ਵੱਡੀ ਗਿਣਤੀ ਬਾਰ ਐਸੋਸੀਏਸ਼ਨ ਬਰਨਾਲਾ ਦੇ ਵਕੀਲ ਸਾਹਿਬਾਨ ਅਤੇ ਉਹਨਾਂ ਦੇ ਸਹਿਯੋਗੀਆਂ ਤੋਂ ਇਲਾਵਾ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।