Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਡਰੈਗਨ ਡੋਰ ਨਾਲ ਸਕੂਲੀ ਵਿਦਿਆਰਥੀ ਧੈਰਿਆ ਮਹਿਰਾ ਬੁਰੀ ਤਰ੍ਹਾਂ ਜਖ਼ਮੀ

December 05, 2021 10:28 PM
ਡਰੈਗਨ ਡੋਰ ਨਾਲ ਸਕੂਲੀ ਵਿਦਿਆਰਥੀ ਧੈਰਿਆ ਮਹਿਰਾ ਬੁਰੀ ਤਰ੍ਹਾਂ ਜਖ਼ਮੀ
 
ਰਈਆ,5 ਦਸੰਬਰ (ਕਮਲਜੀਤ ਸੋਨੂੰ)—ਸਾਡੀਆਂ ਸਰਕਾਰਾਂ ਜਾਂ ਪ੍ਰਸ਼ਾਸ਼ਨਿਕ ਅਧਿਕਾਰੀ ਚਾਹੇ ਜਿੰਨੇ ਮਰਜ਼ੀ ਦਮਗਜੇ ਮਾਰੀ ਜਾਂ ਕਿ ਅਸੀਂ ਚੀਨੀ ਜਾਂ ਡਰੈਗਨ ਡੋਰ ਵੇਚਣ ਤੇ ਪਾਬੰਦੀ ਲਗਾ ਦਿੱਤੀ ਹੈ ਜਾਂ ਅਸੀਂ ਅਜਿਹੀ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਾਂਗੇ,ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੁੰਦੀ ਹੈ। ਜਿਓਂ ਜਿਓਂ ਲੋਹੜੀ ਦੇ ਦਿਨ ਨੇੜੇ ਆ ਰਹੇ ਨੇ ਤਿਓਂ ਤਿਓਂ ਚੀਨੀ ਡੋਰ ਵੇਚਣ ਅਤੇ ਇਸ ਨਾਲ ਪਤੰਗਾਂ ਉਡਾਉਣ ਵਾਲਿਆਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਹੋਣ ਲੱਗਦਾ ਹੈ। ਇਸ ਡੋਰ ਦੀ ਲਪੇਟ 'ਚ ਆਉਣ ਕਾਰਨ ਹਰ ਸਾਲ ਅਨੇਕਾਂ ਵਿਅਕਤੀ ਆਪਣੀ ਜਾਨ ਗੁਆ ਲੈਂਦੇ ਹਨ ਅਤੇ ਬਹੁਤ ਸਾਰੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਂਦੇ ਹਨ। ਅੱਜ ਅਜਿਹੀ ਹੀ ਇਕ ਘਟਨਾ ਅੰਮ੍ਰਿਤਸਰ ਸ਼ਹਿਰ ਵਿਚ ਐਲੀਵੇਟਿਡ ਰੋਡ ਉਪਰ ਵਾਪਰੀ ਜਿਸ ਨਾਲ ਡੀ ਏ ਵੀ ਪਬਲਿਕ ਸਕੂਲ ਲਾਰੈਂਸ ਰੋਡ ਦਾ ਪਲੱਸ ਟੂ ਕਲਾਸ ਦਾ ਇਕ ਵਿਦਿਆਰਥੀ ਇਸ ਮਾਰੂ ਡੋਰ ਦੀ ਚਪੇਟ 'ਚ ਆ ਗਿਆ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਸਿਵਿਲ ਹਸਪਤਾਲ ਤੋਂ ਇਲਾਜ ਕਰਵਾਉਣ ਵਾਲੇ ਧੈਰਿਆ ਮਹਿਰਾ ਪੁੱਤਰ ਦੀਪਕ ਮਹਿਰਾ ਨੇ ਦੱਸਿਆ ਕਿ ਉਹ ਸਕੂਲ ਤੋਂ ਪੇਪਰ ਦੇ ਕੇ ਵਾਪਿਸ ਆਪਣੇ ਘਰ ਜਾ ਰਿਹਾ ਸੀ। ਭੰਡਾਰੀ ਪੁਲ ਤੋਂ ਜਾਂਦੇ ਹੋਏ ਇਕਦਮ ਚੀਨੀ ਡੋਰ ਉਸਦੀ ਠੋਡੀ 'ਤੇ ਫਿਰ ਗਈ ਜਿਸ ਨਾਲ ਉਹ ਬਹੁਤ ਘਬਰਾ ਗਿਆ। ਉਸਦੀ ਠੋਡੀ ਦਾ ਮਾਸ ਹੇਠਾਂ ਨੂੰ ਲਟਕ ਗਿਆ। ਉਸਨੇ ਆਪਣੀ ਐਕਟਿਵਾ ਐਲੀਵੇਟਿਡ ਰੋਡ ਤੋਂ ਥੱਲੇ ਬੱਸ ਅੱਡੇ ਨਜ਼ਦੀਕ ਉਤਾਰੀ ਅਤੇ ਓਥੇ ਸਿਵਿਲ ਹਸਪਤਾਲ ਦੀ ਸਟਾਫ ਮੈਂਬਰ ਸ਼ਗੁਨ ਸ਼ਰਮਾ ਨੇ ਉਸਨੂੰ ਦੇਖਿਆ ਅਤੇ ਉਹ ਉਸਨੂੰ ਆਪਣੀ ਐਕਟਿਵਾ 'ਤੇ ਬਿਠਾ ਕੇ ਸਿਵਲ ਹਸਪਤਾਲ ਲੈ ਗਈ। ਜਿਥੇ ਜਾ ਕੇ ਉਹਨਾਂ ਉਸਦੇ ਟਾਂਕੇ ਲਗਾਏ। ਧੈਰਿਆ ਨੇ ਦੱਸਿਆ ਕਿ ਉਸਨੇ ਭਾਈ ਘਨਈਆ ਮਾਰਕੀਟ ਕੋਲ ਕੁਝ ਲੋਕਾਂ ਨੂੰ ਆਸਪਾਸ ਕੋਈ ਹਸਪਤਾਲ ਹੋਣ ਬਾਰੇ ਪੁੱਛਿਆ ਪਰ ਲੋਕ ਉਸਦੀ ਮਦਦ ਕਰਨ ਦੀ ਜਗ੍ਹਾ ਦੂਰ ਜਾਂਦੇ ਰਹੇ। ਧੈਰਿਆ ਮਹਿਰਾ ਦੀ ਮਾਤਾ ਧਵਨੀ ਮਹਿਰਾ ਨੇ ਕਿਹਾ ਕਿ ਅੱਜ ਦੇ ਜ਼ਮਾਨੇ ਵਿਚ ਇਨਸਾਨੀਅਤ ਮਰ ਚੁੱਕੀ ਹੈ ਕੋਈ ਕਿਸੇ ਦੇ ਦੁੱਖ ਨੂੰ ਨਹੀਂ ਸਮਝਦਾ, ਪਰ ਫਿਰ ਵੀ ਜਿਸ ਤਰਾਂ ਸ਼ਗੁਨ ਸ਼ਰਮਾ ਨੇ ਉਹਨਾਂ ਦੇ ਬੇਟੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਅਤੇ ਉਸਦਾ ਇਲਾਜ ਕਰਵਾਇਆ ਉਹ ਜਿੰਦਗੀ ਭਰ ਸ਼ਗੁਨ ਦੇ ਅਹਿਸਾਨਮੰਦ ਰਹਿਣਗੇ। ਇਸਦੇ ਨਾਲ ਹੀ ਉਹਨਾਂ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਦੀ ਨਿੰਦਾ ਵੀ ਕੀਤੀ ਅਤੇ ਕਿਹਾ ਕਿ ਇਹ ਮਾਰੂ ਡੋਰ ਪ੍ਰਸ਼ਾਸ਼ਨ ਦੀ ਦੇਖਰੇਖ ਵਿਚ ਹੀ ਵਿਕ ਰਹੀ ਹੈ। ਉਹਨਾਂ ਕਿਹਾ ਕਿ ਇਸ ਡੋਰ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਜਰੂਰਤ ਹੈ।

Have something to say? Post your comment