Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ

November 30, 2021 09:58 PM

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ

Êਪੰਜਾਬੀ ਕਵਿਤਾ ਵਿੱਚ ਮੁਹੱਬਤ ਅਤੇ ਬਿਰਹਾ ਹਮੇਸ਼ਾ ਹੀ ਭਾਰੂ ਰਹੇ ਹਨ। ਬਹੁਤੇ ਕਵੀ ਅਤੇ ਕਵਿਤਰੀਆਂ ਆਪਣਾ ਸਾਹਿਤਕ
ਸਫਰ ਇਨ੍ਹਾਂ ਦੋਹਾਂ ਵਿਸ਼ਿਆਂ ‘ਤੇ ਕਵਿਤਾਵਾਂ ਲਿਖਕੇ ਸ਼ੁਰੂ ਕਰਦੇ ਹਨ। ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਅਤੇ ਮੁਹੱਬਤ ਦੀ ਕਵਿਤਾ ਦਾ
ਪ੍ਰਤੀਕ ਕਿਹਾ ਜਾ ਸਕਦਾ ਹੈ। ਸਤਵਿੰਦਰ ਸਿੰਘ ਧਨੋਆ ਵੀ ਸ਼ਿਵ ਕੁਮਾਰ ਬਟਾਲਵੀ ਦੀ ਲੂਣਾ ਤੋਂ ਪ੍ਰਭਾਵਤ ਹੋ ਕੇ ਬਿਰਹਾ ਅਤੇ ਮੁਹੱਬਤ
ਦੀ ਕਵਿਤਾ ਲਿਖਣ ਲੱਗੇ ਹਨ। ਇਸ ਤੋਂ ਪਹਿਲਾਂ ਉਹ ਗੀਤ ਲਿਖਦੇ ਸਨ। ਧਨੋਆ ਦੀਆਂ ਕਵਿਤਾਵਾਂ ਮੁਹੱਬਤ ਦੇ ਬਾਜ਼ਾਰੀਕਰਨ ਬਾਰੇ
ਵੀ ਕਿੰਤੂ ਪ੍ਰੰਤੂ ਕਰਦੀਆਂ ਹਨ। ਉਹ ਮੁਹੱਬਤ ਨੂੰ ਪਾਕਿ ਪਵਿਤਰ ਸਮਝਦੇ ਹਨ। ਮੁਹੱਬਤ ਭਾਵੇਂ ਇਸ਼ਕ ਮਜ਼ਾਜ਼ੀ ਅਤੇ ਇਸ਼ਕ ਹਕੀਕੀ
ਹੋਵੇ, ਪ੍ਰੰਤੂ ਸੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ। ਕਵੀ ਅਨੁਸਾਰ ਬਹੁਤੇ ਲੋਕ ਮੁਹੱਬਤ ਦਾ ਦੁਰਉਪਯੋਗ ਕਰਦੇ ਹਨ। ਮੁਹੱਬਤ ਨੂੰ ਸਿਰਫ
ਸਰੀਰਕ ਖਿੱਚ ਤੱਕ ਸੀਮਤ ਰੱਖਦੇ ਹਨ। ਜਦੋਂ ਕਿ ਅਸਲ ਵਿੱਚ ਮੁਹੱਬਤ ਦੋ ਰੂਹਾਂ ਦਾ ਆਤਮਕ ਮੇਲ ਮਿਲਾਪ ਹੁੰਦੀ ਹੈ। ਮੁਹੱਬਤ ਕਰਨ
ਵਾਲੇ ਇਕ ਮਿਕ ਹੁੰਦੇ ਹਨ। ਕਵੀ ਮੁਹੱਬਤ ਵਿੱਚ ਵਿਖਾਵੇ ਨੂੰ ਵੀ ਚੰਗਾ ਨਹੀਂ ਸਮਝਦੇ। ਮੁਹੱਬਤ ਦਿਲ ਤੋਂ ਦਿਲ ਤੱਕ ਪਹੁੰਚਣ ਦਾ ਰਾਹ
ਹੈ। ਮੁਹੱਬਤ ਅਤੇ ਬਿਰਹਾ ਨੂੰ ਵੀ ਸਤਵਿੰਦਰ ਸਿੰਘ ਧਨੋਆ ਇਕ ਸਿੱਕੇ ਦੇ ਦੋ ਪਹਿਲੂ ਸਮਝਦੇ ਹਨ। ਜਿਥੇ ਮੁਹੱਬਤ ਹੋਵੇਗੀ, ਉਥੇ
ਬਿਰਹਾ ਦਾ ਹੋਣਾ ਕੁਦਰਤੀ ਹੈ ਕਿਉਂਕਿ ਮੁਹੱਬਤ ਸੁਮੇਲ ਭਾਲਦੀ ਹੈ। ਜਦੋਂ ਸੁਮੇਲ ਨਹੀਂ ਹੁੰਦਾ, ਉਦੋਂ ਬਿਰਹਾ ਪੈਦਾ ਹੁੰਦਾ ਹੈ। ਫਿਰ ਪਿਆਰੇ
ਬਿਰਹਾ ਦਾ ਸੰਤਾਪ ਭੋਗਦੇ ਹਨ, ਤੜਪਦੇ, ਕੁਰਲਾਉਂਦੇ ਆਪਣੇ ਵਿਛੋੜੇ ਦੇ ਰੂਪ ਵਿੱਚ ਪ੍ਰਗਟਾਉਂਦੇ ਹਨ। ਸੁਮੇਲ ਹੋਣ ਉਪਰੰਤ ਬਿਰਹਾ
ਖ਼ੰਭ ਲਾ ਕੇ ਉਡ ਜਾਂਦਾ ਹੈ। ਸਤਵਿੰਦਰ ਸਿੰਘ ਧਨੋਆ ਦੀ ਕਵਿਤਾ ਵਿੱਚ ਮੁਹੱਬਤ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਮੁਹੱਬਤ ਕਬਜ਼ਾ ਨਹੀਂ
ਪਛਾਣ ਹੈ ‘ਤੇ ਅਧਾਰਤ ਹੈ। ਜਦੋਂ ਉਹ ਇਹ ਗੱਲ ਕਰਦੇ ਹਨ ਕਿ ਮੁਹੱਬਤ ਕਬਜ਼ਾ ਨਹੀਂ ਪਛਾਣ ਹੈ ਤਾਂ ਉਹ ਇਸ਼ਕ ਹਕੀਕੀ ਦੀ ਗੱਲ
ਕਰਦੇ ਹਨ। ਕਵੀ ਦੀ ਖ਼ੂਬੀ ਇਹ ਹੈ ਕਿ ਉਹ ਮਾਲਵੇ ਦੇ ਦਿਹਾਤੀ ਇਲਾਕੇ ਦਾ ਜੰਮਪਲ ਹੋਣ ਕਰਕੇ, ਉਨ੍ਹਾਂ ਨੇ ਸਾਰੀਆਂ ਕਵਿਤਾਵਾਂ ਆਮ
ਘਰਾਂ ਵਿਚ ਬਾਤ ਚੀਤ ਵਿੱਚ ਬੋਲੀ ਜਾਣ ਵਾਲੀ ਠੇਠ ਪੰਜਾਬੀ ਬੋਲੀ ਵਿੱਚ ਲਿਖੀਆਂ ਹਨ। ਸਹੀ ਅਰਥਾਂ ਵਿੱਚ ਉਨ੍ਹਾਂ ਨੇ ਆਪਣੀਆਂ
ਕਵਿਤਾਵਾਂ ਵਿੱਚ ਦਿ੍ਰਸ਼ਟਾਤਮਿਕ ਢੰਗ ਵਰਤਿਆ ਹੈ। ਕਵਿਤਾਵਾਂ ਪੜ੍ਹਕੇ ਇਉਂ ਲੱਗਣ ਲੱਗ ਜਾਂਦਾ ਹੈ ਜਿਵੇਂ ਪਾਠਕ ਪਿੰਡਾਂ ਦੀਆਂ
ਗਲੀਆਂ ਅਤੇ ਖੇਤਾਂ ਵਿੱਚ ਗੇੜੀ ਲਾ ਰਿਹਾ ਹੋਵੇ। ਕਵਿਤਾਵਾਂ ਦੇ ਵਿਸ਼ੇ ਮੁੱਖ ਤੌਰ ਤੇ ਤਾਂ ਮੁਹੱਬਤ ਅਤੇ ਬਿਰਹਾ ਹਨ। ਲੂਣਾ ਅਤੇ ਅੱਛਰਾਂ ਦੀ
ਤ੍ਰਾਸਦੀ ਦਾ ਜ਼ਿਕਰ ਕਰਦੇ ਹੋਏ, ਕਵੀ ਦੋਹਾਂ ਦੇ ਪਿਆਰ ਨੂੰ ਆਪੋ ਆਪਣੀ ਜਗ੍ਹਾ ਸਹੀ ਠਹਿਰਾਉਂਦੇ ਹਨ। ਮਜ਼ਬੂਰੀ, ਮੁਹੱਬਤ ਅਤੇ
ਬਿ੍ਰਹਾ ਦੀ ਚੀਸ ਇਨ੍ਹਾਂ ਕਵਿਤਾਵਾਂ ਦੇ ਸ਼ੇਅਰਾਂ ਤੋਂ ਜ਼ਾਹਰ ਹੁੰਦੀ ਹੈ-
ਮੈਂ ਹਾਂ ਇੱਕ ਨਿਮਾਣਾ ਬੁੱਲਾ, ਝੱਖੜ ਬਣ ਕੇ ਝੁਲ ਨਹੀਂ ਸਕਦਾ।
ਦਿਲ ਵਿੱਚ ਪੀੜਾਂ, ਚੀਸਾਂ, ਕਸਕਾਂ, ਫੇਰ ਵੀ ਖੋਲ੍ਹ ਮੈਂ ਬੁੱਲ੍ਹ ਨੀ ਸਕਦਾ।
ਇੱਛਰਾਂ ਤੋਂ ਮੁੱਖ ਮੋੜ ਨਹੀਂ ਸਕਦਾ, ਲੂਣਾ ਤਾਈਂ ਭੁੱਲ ਨਹੀਂ ਸਕਦਾ।
ਇੱਛਰਾਂ ਦੇ ਅਹਿਸਾਨ ਬੜੇ ਨੇ, ਮੋੜ ਵੀ ਉਹਦਾ ਮੁੱਲ ਨਹੀਂ ਸਕਦਾ।

ਭੱਠ ਹੈ ਮੇਰਾ ਬਿ੍ਰਹੜਾ, ਤੇ ਜਿੰਦ ਭੱਠੀ ਦੇ ਦਾਣੇ,
ਖ਼ੁਸ਼ੀਆਂ ਚੁੰਗ ਵਿੱਚ ਦੇਤੀਆਂ, ਮੇਰੇ ਪੱਲੇ ਗ਼ਮ ਅਣਜਾਣੇ।
ਬਿ੍ਰਹਣ ਰੂਹ ਦੇ ਰੱਕੜ ਮੈਰੇ, ਕਿੱਥੇ ਫ਼ਸਲ ਗੁਲਾਬਾਂ ਦੀ।
ਜੀਹਨੇ ਹਿਜ਼ਰ ਹੰਢਾਈਆਂ ਪੀੜਾਂ, ਉਹੀਓ ਈ ਤਨ ਜਾਣੇ।
ਪੀੜਾਂ ਨੇ ਮਸ਼ੂਕਾਂ ਪੱਲੇ, ਹਉਕੇ ਹਾਅਵਾਂ ਕੂਕਾਂ ਪੱਲੇ।
ਗ਼ਮ ਗੂੜ੍ਹਾ ਯਾਰ ਏ, ਫੇਰ ਪਤਾ ਨਹੀਂ, ਮੈਨੂੰ ਕੀਹਦਾ ਇੰਤਜ਼ਾਰ ਏ।
ਉਹ ਹੱਸ ਕੇ ਜੇ ਬੋਲੀ, ਕੌਣ ਵਿਰਾਉਂਦਾ ਰੋਂਦੇ ਨੂੰ।
ਮੈਂ ਕਹਿਤਾ ਹਿਜ਼ਰ ਰਵਾਉਂਦਾ, ਰੋ ਰੋ ਵਿਰਦਾ ਹਾਂ।
ਸ਼ਾਇਰ ਬਿ੍ਰਹਾ, ਮੁਹੱਬਤ, ਪੀੜਾਂ ਬਾਰੇ ਕਹਿੰਦੇ ਹਨ ਕਿ ਜਿਸ ਤਨ ਨੂੰ ਇਹ ਲਗਦੀਆਂ ਹਨ, ਉਨ੍ਹਾਂ ਦੀ ਪੀੜ ਉਹੀ ਜਣ ਸਕਦਾ ਹੈ।
ਖ਼ੁਸ਼ੀਆਂ ਤਾਂ ਬਹੁਤ ਘੱਟ ਇਕ ਚੰਗ ਦੀ ਤਰ੍ਹਾਂ ਹੀ ਮਿਲਦੀਆਂ ਹਨ। ਕਵੀ ਦੀ ਦਿਹਾਤੀ ਅਤੇ ਆਮ ਜਨ ਜੀਵਨ ਵਿੱਚੋਂ ਲੈ ਕੇ ਵਰਤੀ ਗਈ
ਸ਼ਬਦਾਵਲੀ ਉਦਾਹਰਣ ਚੁੰਗ ਸ਼ਬਦ ਤੋਂ ਪਤਾ ਲਗਦੀ ਹੈ। ਕਵੀ ਦੀਆਂ ਕਵਿਤਾਵਾਂ ਆਮ ਪਾਠਕ ਦੀ ਸਮਝ ਵਿੱਚ ਆਉਣ ਵਾਲੀਆਂ ਹਨ।
ੲਨ੍ਹਾਂ ਦੀ ਭਾਸ਼ਾ ਸਰਲ ਅਤੇ ਸ਼ਪਸ਼ਟ ਹੈ। ਸ਼ਾਇਰ ਆਪਣੀਆਂ ਕਵਿਤਾਵਾਂ ਵਿੱਚ ਬੁਝਾਰਤਾਂ ਨਹੀਂ ਪਾਉਂਦਾ ਸਗੋਂ ਸਾਫਗੋਈ ਨਾਲ ਗੱਲ
ਕਰਦਾ ਹੈ-
ਇਹ ਲਾਂਬੂ ਮੇਰੇ ਵੱਸੋਂ ਬਾਹਰਾ, ਧੁਰ ਦਰਗਾਹੋਂ ਆਇਆ।
ਇਸ ਅੱਗੇ ਮੇਰੀ ਵਾਹ ਨਹੀਂ ਚਲਦੀ, ਜਾਂਦਾ ਨਹੀਂ ਬੁਝਾਇਆ।
ਬਿਰਹਣ ਅੱਖ ਦਾ ਨੀਰ ਵੇ ਅੜਿਆ, ਜਦ ਬਲਦੀ ‘ਤੇ ਪੈਂਦਾ।
ਇਹ ਅੰਦਰ ਦੀ ਲਾਟ ‘ਤੇ ਅੜਿਆ, ਘੀ ਦਾ ਕੰਮ ਕਰੇਂਦਾ।
ਤੇਰੇ ਕਾਮਣ ਨੈਣਾਂ ਥਾਣੀਂ, ਜਦ ਆਪਣਾ ਮੈਂ ਕਿਰਦਾਰ ਤੱਕਿਆ।
ਰੁਲਿਆ-ਖ਼ੁਲਿਆ ਲੀਰਾਂ ਹੋਇਆ, ਆਪਣਾ ਸੁੱਚਾ ਪਿਆਰ ਮੈਂ ਤੱਕਿਆ।
ਉਹ ਤਾਂ ਸੱਟਾਂ ਫੇਟਾਂ ਖਾ ਕੇ ਸੰਭਲ ਗਈ,
ਮੈਂ ਅੱਜ ਵੀ ਲੜਖੜਾਉਂਨਾ, ਉਠਦਾ ਗਿਰਦਾ ਹਾਂ।

ਸੱਚੇ ਸੁੱਚੇ ਪਿਆਰ ਕਰਨ ਵਾਲਿਆਂ ਨੂੰ ਮੁਹੱਬਤ ਦੇ ਨਾਂ ‘ਤੇ ਦਿੱਤੇ ਜਾਂਦੇ ਧੋਖਿਆਂ ਬਾਰੇ ਕਵੀ ਲਿਖਦਾ ਹੈ ਕਿ ਪਿਆਰਿਆਂ ਦੇ ਧੋਖਿਆਂ
ਗ੍ਰਸਿਆ ਇਨਸਾਨ ਸਪ ਦੀ ਤਰ੍ਹਾਂ ਵਲ ਖਾਂਦਾ ਅਤੇ ਝੁਰਦਾ ਰਹਿੰਦਾ ਹੈ ਪ੍ਰੰਤੂ ਉਹ ਕਰ ਕੁਝ ਨਹੀਂ ਸਕਦਾ। ਕਵੀ ਆਪਣੀ ਹਾਰ ਨੂੰ
ਸਫਲਤਾ ਦਾ ਨਾਂ ਲੈ ਕੇ ਤਸੱਲੀ ਦਿੰਦਾ ਹੈ। ਸਫ਼ਲਤਾ ਪ੍ਰਾਪਤ ਕਰਨ ਲਈ ਅਗਨੀ ਦੀ ਪ੍ਰੀਖਿਆ ਵਿਚੋਂ ਗੁਜਰਨਾ ਪੈਂਦਾ ਹੈ। ਮੁਹੱਬਤ ਵਿੱਚ
ਹੋਈ ਅਸਫਲਤਾ ਨੂੰ ਵੀ ਆਪਣੇ ਮਨ ਨੂੰ ਧਰਵਾਸ ਦੇਣ ਲਈ ਆਪਣੇ ਆਪ ਵਿੱਚ ਹੀ ਖੋਟ ਮਹਿਸੂਸ ਕਰਦਾ ਹੈ-
ਹਰ ਹਾਰ ‘ਚ ਜਿੱਤਾਂ ਛੁਪੀਆਂ ਨੇ, ਐਵੇਂ ਨਾ ਸੱਜਣਾ ਡੋਲ ਜਾਵੀਂ।
ਸੋਨੇ ਨੂੰ ਜੇਵਰ ਬਣਨ ਲਈ, ਅਗਨੀ ‘ਚੋਂ ਗੁਜ਼ਰਨਾ ਪੈਂਦਾ ਏ।
ਸਾਡਾ ਜ਼ਿੰਦਗੀ ਵਾਲਾ ਉਲਝ ਗਿਆ ਏ ਤਾਣਾ।
ਸੀ ਕੋਈ ਕਸਰ ਮੁਹੱਬਤਾਂ ਵਿੱਚ ਜਾਂ ਸਾਡੇ ਲੇਖਾਂ ‘ਚ।
ਪਿਆਰ ਦੇ ਨਾਂ ‘ਤੇ ਕੀਤੀਆਂ ਜਾਂਦੀਆਂ ਬੇਵਫ਼ਾਈ ਨੂੰ ਧਨੋਆ ਬਾਖ਼ੂਬੀ ਚਿਤਰਦੇ ਹਨ। ਕਵੀ ਦੀ ਸ਼ਬਦਾਂ ਦੀ ਚੋਣ ਕਵਿਤਾ ਵਿੱਚ ਰਸ ਹੀ
ਪੈਦਾ ਨਹੀਂ ਕਰਦੀ ਸਗੋਂ ਪਿਆਰੇ ਨੂੰ ਗੁਮਰਾਹ ਹੋਣ ਤੋਂ ਵੀ ਪ੍ਰੇਰਦੀ ਹੋਈ ਡੂੰਘੀ ਚੋਟ ਮਾਰਦੀ ਹੈ। ਉਹ ਇਹ ਵੀ ਮੰਨਦਾ ਹੈ ਕਿ ਧੋਖੇਬਾਜ਼
ਇਸ਼ਕ ਦੇ ਵਿਪਾਰੀ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਹੋਣਗੇ। ਜੁਗਾਂ ਜੁਗਾਂਤਰਾਂ ਤੋਂ ਪਿਆਰ ਦੇ ਵਣਜ ਵਿੱਚ ਇਹ ਧੋਖਾਂ ਅਤੇ ਫ਼ਰੇਬ
ਚਲਦਾ ਆ ਰਿਹਾ ਹੈ, ਜਦੋਂ ਉਹ ਲਿਖਦੇ ਹਨ-
ਕਤਲ ਵਸਾਹ ਦੇ ਕੀਤੇ ਬੇਵਸਾਹੀਆਂ ਨੇ,
ਗਲ ਪਿਆਰਾਂ ਦੇ ਘੋਟੇ ਬੇਵਫ਼ਾਈਆਂ ਨੇ।
ਚਾਨਣ ਤਰਲੇ ਪਾਉਂਦਾ ਕਾਲੀਆਂ ਰਾਤਾਂ ਦੇ,
ਕਿਰਨਾ ਥੱਕ ਟੁੱਟ ਸੌਈਆਂ ਛਟਿਆ ਨੇ੍ਹਰਾ ਨਹੀਂ।
ਪਾਕਿ-ਪਵਿਤਰ ਰੂਹ ਤੇਰੀ, ਵੱਸ ਪਈ ਪਲੀਤਾਂ ਦੇ।
ਕਿੱਥੇ ਵਿਸ਼ੇ ਵਿਕਾਰਾਂ ਨੇ, ਇਸ ਰੂਹ ‘ਚੋਂ ਛਣ ਹੋਣਾ।
ਸਤਵਿੰਦਰ ਸਿੰਘ ਧੰਨੋਆ ਇਹ ਵੀ ਕਹਿੰਦਾ ਹੈ ਕਿ ਅਜਿਹੀ ਕਵਿਤਾ ਲਿਖਣ ਦਾ ਕੋਈ ਅਰਥ ਨਹੀਂ ਜੇਕਰ ਉਸਦੀ ਕਵਿਤਾ ਸਮਾਜ ਦੇ
ਹਿਤਾਂ ਤੇ ਪਹਿਰਾ ਨਾ ਦੇਵੇ। ਇਸ ਲਈ ਕਵੀ ਨੇ ਕੁਝ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਜਿਵੇਂ ਭਰੂਣ ਹੱਤਿਆ, ਵਾਤਾਵਰਨ,
ਦਹਿਸ਼ਤਗਰਦੀ ਅਤੇ ਸਮਾਜਿਕ ਰਿਸ਼ਤਿਆਂ ਬਾਰੇ ਵੀ ਲਿਖੀਆਂ ਹਨ ।
ਮੈਂ ਦੇਖੇ ਨੇ ਪੰਜਾਬ ਦੇ ਪੁੱਤਾਂ ਦੇ ਕਤਲ, ਬਹਾਰ ਰੁੱਤਾਂ ਦੇ ਕਤਲ।

ਡੋਰੀਆਂ ਗੁੱਤਾਂ ਦੇ ਕਤਲ, ਹਰਿਆਂ ਰੁੱਖਾਂ ਦੇ ਕਤਲ।
ਕੁਆਰੀਆਂ ਕੁੱਖਾਂ ਦੇ ਕਤਲ, ਵਸਦੇ ਵਿਹੜਿਆਂ ਦੇ ਸੁੱਖਾਂ ਦੇ ਕਤਲ।
ਰਿਜ਼ਕਾਂ ਦੀ ਥੋੜ੍ਹ ਮੈਂ ਭੋਗੀ ਹੈ, ਭੁੱਖੇ ਢਿਡਾਂ ਦੀ ਲੋੜ ਮੈਂ ਭੋਗੀ ਹੈ।
ਕਿਰਤ ਦੀਆਂ ਲੁੱਟਾਂ ਦੀ ਹੋੜ ਮੈਂ ਭੋਗੀ ਹੈ, ਸੰਸਿਆਂ-ਸੰਤਾਪਾਂ ਦੀ ਤੋੜ ਮੈਂ ਭੋਗੀ ਹੈ।
ਜਿਸਮਾਂ ਦੇ ਵਿਓਪਾਰ ਦਾ ਜ਼ਿਕਰ ਕਰਦਿਆਂ ਕਵੀ ਲਿਖਦਾ ਹੈ-
ਤੈਨੂੰ ਤ੍ਰੇਹ ਅੜੀਏ ਜਿਸਮਾ ਦੀ, ਕਿਉਂ ਢੌਂਗ ਰਚੇਂਦੀ ਪਿਆਰਾਂ ਦੇ।
ਅਸੀਂ ਵੀ ਤੈਥੋਂ ਵੱਖਰੇ ਨਹੀਂ, ਬੜੇ ਸ਼ੌਕੀ ਮੌਜ ਬਹਾਰਾਂ ਦੇ।
ਬਸ ਫ਼ਰਕ ਏਨਾ ਕੁ ਹੈ ਅੜੀਏ, ਜੋ ਕਹਿੰਦੇ ਓਹੀ ਕਰਦੇ ਹਾਂ।
ਨਾ ਤੂੰ ਸਾਡੇ ਬਿਨ ਮਰਦੀ ਏਂ, ਨਾ ਬਿਨ ਤੇਰੇ ਅਸੀਂ ਮਰਦੇ ਹਾਂ।
ਇਸ਼ਕ ਕਮਾਉਦੇ, ਖ਼ੂਨ ਪਿਆਉਂਦੇ ਹਿਜ਼ਰਾਂ ਨੂੰ,
ਮਾਸ ਪਕਾਉਣੇ ਤਨ ਦੇ, ਬਾਲਣ ਹੱਡੀਆਂ ਦਾ।
ਅੱਖ ਮਟੱਕੇ ਇਸ਼ਕ ਮਜ਼ਾਜ਼ੀ ਥਾਂ-ਥਾਂ ‘ਤੇ।
ਦਿਲ ਵਟਾਉਣਾ ਫ਼ੈਸ਼ਨ ਹੋ ਗਿਆ ਨੱਢੀਆਂ ਦਾ।
ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਸਤਵਿੰਦਰ ਧਨੋਆ ਦੀ ਸ਼ੁਰੂਆਤ ਚੰਗੀ ਹੈ ਪ੍ਰੰਤੂ ਅਜੇ ਹੋਰ ਮਿਹਨਤ ਕਰਕੇ ਸਮਾਜਿਕ
ਸਰੋਕਾਰਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। 160 ਪੰਨਿਆਂ, 240 ਰੁਪਏ ਕੀਮਤ, 68 ਕਵਿਤਾਵਾਂ ਵਾਲੀ ਪੁਸਤਕ ਨੂੰ ਕੈਲੀਬਰ
ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

 

ਉਜਾਗਰ ਸਿੰਘ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ