ਹੁਣ ਪ੍ਰਾਹੁਣਿਆਂ ਦੀ ਉਡੀਕ ਨਹੀਂ ਹੁੰਦੀ ਅਤੇ ਨਾ ਕੋਈ ਜਾਂਦਾ ਹੈ
ਬਹੁਤ ਕੁੱਝ ਬਦਲ ਗਿਆ ਅਤੇ ਬਦਲ ਰਿਹਾ ਹੈ।ਇਸ ਵਿੱਚ ਹੈਰਾਨ ਹੋਣ ਦੀ ਵੀ ਜ਼ਰੂਰਤ ਨਹੀਂ ਹੈ।ਬਦਲਾਅ ਕੁਦਰਤ ਦਾ ਨਿਯਮ ਹੈ।ਖ਼ੈਰ,ਜੋ ਬਦਲਾਅ ਸਮਾਜ,ਪਰਿਵਾਰਾਂ ਅਤੇ ਰਿਸ਼ਤਿਆਂ ਵਿੱਚ ਹੋਇਆ ਹੈ ਉਸਨੇ ਪਿਆਰ,ਸਤਿਕਾਰ ਅਤੇ ਸਾਂਝਾਂ ਨੂੰ ਬਹੁਤ ਖੋਰਾ ਲਾਇਆ ਹੈ।ਕੁੱਝ ਦਹਾਕੇ ਪਹਿਲਾਂ ਮਹਿਮਾਨਾਂ ਦੀ ਉਡੀਕ ਹੁੰਦੀ ਸੀ ਅਤੇ ਲੋਕ ਵੀ ਰਿਸ਼ਤੇਦਾਰੀਆਂ ਵਿੱਚ ਕਈ ਕਈ ਦਿਨ ਰਹਿੰਦੇ ਸੀ।ਪੰਜਾਬੀਆਂ ਦੀ ਪ੍ਰਾਹੁਣਚਾਰੀ ਤਾਂ ਪੰਜਾਬੀਆਂ ਦੀ ਖਾਸੀਅਤ ਵੀ ਹੈ/ਸੀ।ਹੁਣ ਇਹ ਟਾਵੇਂ ਟਾਂਵੇਂ ਘਰਾਂ ਤੇ ਲੋਕਾਂ ਵਿੱਚ ਰਹਿ ਗਈ ਹੈ। ਪਹਿਲਾਂ ਪ੍ਰਾਹੁਣਿਆਂ ਦੀ ਨਾ ਕੋਈ ਉਡੀਕ ਕਰਦਾ ਹੈ ਅਤੇ ਨਾ ਕੋਈ ਰਿਸ਼ਤੇਦਾਰੀਆਂ ਵਿੱਚ ਰਹਿਕੇ ਤੇ ਜਾਕੇ ਖੁਸ਼ ਹੁੰਦਾ ਹੈ।ਪਹਿਲਾਂ ਨਾਨਕਿਆਂ ਦੇ ਜਾਣਾ ਅਤੇ ਗਰਮੀਆਂ ਦੀਆਂ ਛੁੱਟੀਆਂ ਵਧੇਰੇ ਉੱਥੇ ਹੀ ਨਿਆਣੇ ਬਿਤਾਉਂਦੇ ਸੀ।ਅਸਲ ਵਿੱਚ ਉਦੋਂ ਨਿਆਣਿਆਂ ਨੂੰ ਜੋ ਸਾਦਾ ਰੋਟੀ ਖਾਣ ਨੂੰ ਦੇ ਦਿੱਤੀ ਜਾਂਦੀ,ਨਿਆਣੇ ਖਾ ਕੇ ਛਾਲਾਂ ਮਾਰਦੇ ਵਿਹੜੇ ਵਿੱਚ ਖੇਡਣ ਲੱਗ ਜਾਂਦੇ।ਰਾਤ ਨੂੰ ਵਿਹੜੇ ਵਿੱਚ ਮੰਜੀਆਂ ਡਾਹ ਦੇਣੀਆਂ।ਕਦੇ ਬੁਝਾਰਤਾਂ ਦਾ ਰੌਲਾ ਪੈ ਜਾਣਾ ਅਤੇ ਕਦੇ ਲੰਮੀਆਂ ਬਾਤਾਂ ਤੇ ਕਹਾਣੀਆਂ ਦਾ।ਹਾਂ,ਹੁੰਗਾਰਾ ਭਰਨਾ ਜ਼ਰੂਰੀ ਹੁੰਦਾ ਸੀ।ਉਨਾਂ ਦਿਨਾਂ ਵਿੱਚ ਪ੍ਰਾਹੁਣੇ ਬੋਝ ਨਹੀਂ ਸੀ ਹੁੰਦੇ।ਜਿਵੇਂ ਦੀ ਦਾਲ ਸਬਜ਼ੀ ਬਣਦੀ ਸੀ,ਉਵੇਂ ਹੀ ਬਣਨੀ।ਹਾਂ,ਸੇਵੀਆਂ ਜਾਂ ਜਰਦਾ(ਰੰਗ ਵਾਲੇ ਮਿੱਠੇ ਚੌਲ) ਬਣਾ ਲੈਣਾ।ਕਿੱਧਰੇ ਜਵਾਈ ਭਾਈ ਦੀ ਸੇਵਾ ਦਾ ਪ੍ਰਬੰਧ ਕਰ ਲੈਣਾ।ਕੋਈ ਆਮ ਕਰਕੇ ਨੁਕਸ ਨਹੀਂ ਸੀ ਕੱਢਦਾ।ਬਜ਼ੁਰਗ ਭੂਆ ਤਾਂ ਆਮ ਕਰਕੇ ਹੀ ਮਹੀਨੇ ਲਈ ਆਉਂਦੀਆਂ ਸੀ।ਬਾਪੂ ਜੀ ਦੀ ਭੈਣ ਨੇ ਆਉਣਾ ਅਤੇ ਰਹਿਣਾ,ਕੋਈ ਉੱਚੀ ਆਵਾਜ਼ ਕੁੱਝ ਕਹਿਣ ਦੀ ਹਿੰਮਤ ਨਾ ਕਰਦਾ।ਬਜ਼ੁਰਗ ਭੂਆ ਨੇ ਵੀ ਕਦੇ ਖੇਸ ਦੇ ਬੰਬਲ ਵੱਟਣ ਬਹਿ ਜਾਣਾ ਅਤੇ ਕਦੇ ਦਰੀਆਂ ਦੀ ਜਾਲੀ ਬਣਾਉਣ ਲੱਗ ਜਾਣਾ।ਕਈ ਵਾਰ ਤਾਂ ਉਡੀਕ ਵੀ ਹੁੰਦੀ ਸੀ ਕਿ ਫਲਾਣਾ ਆਏਗਾ ਤਾਂ ਉਹ ਕੰਮ ਸਾਡਾ ਕਰੇਗਾ।ਨਿਆਣਿਆਂ ਨੂੰ ਉਡੀਕ ਹੁੰਦੀ ਸੀ,ਕੋਈ ਆਏਗਾ ਤਾਂ ਕੇਲੇ ਜਾਂ ਕੋਈ ਚੀਜ਼ ਖਾਣ ਲਈ ਲਿਆਏਗਾ।
ਅੱਜ ਕੋਈ ਵੀ ਪ੍ਰਾਹੁਣਿਆਂ ਦੀ ਉਡੀਕ ਨਹੀਂ ਕਰਦਾ।ਨਾ ਨਿਆਣੇ ਕੇਲੇ ਜਾਂ ਖਾਣ ਵਾਲੀ ਚੀਜ਼ ਦੀ ਉਡੀਕ ਕਰਦੇ ਹਨ।ਦੂਸਰੇ ਪਾਸੇ ਨਾ ਕੋਈ ਰਿਸ਼ਤੇਦਾਰੀ ਵਿੱਚ ਰਹਿਕੇ ਖੁਸ਼ ਹੈ।ਅਸਲ ਵਿੱਚ ਹੁਣ ਹਰ ਕਿਸੇ ਨੂੰ ਅਲੱਗ ਕਮਰਾ,ਬਾਥਰੂਮ ਚਾਹੀਦਾ ਹੈ।ਹਰ ਕੋਈ ਇੰਨਾ ਕੁ ਆਪਣੇ ਆਪ ਵਿੱਚ ਸੀਮਤ ਹੋ ਗਿਆ ਹੈ ਕਿ ਕੁੱਝ ਵੀ ਸਾਂਝਾ ਕਰਨ ਲਈ ਤਿਆਰ ਨਹੀਂ।ਖਾਣ ਪੀਣ ਦੀਆਂ ਆਦਤਾਂ ਵੀ ਬਹੁਤ ਅਲੱਗ ਹਨ।ਹਰ ਕੋਈ ਆਪਣੇ ਘਰ ਵਿੱਚ ਰਹਿਕੇ ਅਤੇ ਇਕੱਲਾ ਆਪਣੇ ਹਿਸਾਬ ਨਾਲ ਰਹਿਕੇ ਖੁਸ਼ ਹੈ।ਬੜੀ ਅਜੀਬ ਜਿਹੀ ਹਾਲਤ ਹੈ।ਮੇਰਾ ਕਮਰਾ,ਮੇਰਾ ਤੌਲੀਆ ਅਤੇ ਮੇਰਾ ਸਮਾਰਟ ਫੋਨ,ਇਹ ਹੀ ਅਹਿਮ ਹੋ ਚੁੱਕੇ ਹਨ।
ਹਕੀਕਤ ਤਾਂ ਇਹ ਹੈ ਕਿ ਪੈਸੇ ਦੀ ਦੌੜ ਨੇ ਅਤੇ ਵਿਖਾਵੇ ਨੇ ਬਹੁਤ ਕੁੱਝ ਖਤਮ ਹੀ ਕਰ ਦਿੱਤਾ ਹੈ।ਹੁਣ ਬਜ਼ੁਰਗ ਭੂਆ ਨੇ ਆਕੇ ਕੀ ਰਹਿਣਾ,ਨੂੰਹਾਂ ਪੁੱਤ ਆਪਣੇ ਮਾਪਿਆਂ ਨੂੰ ਹੀ ਘਰ ਵਿੱਚ ਨਹੀਂ ਰੱਖਦੇ।ਬਜ਼ੁਰਗ ਮਾਪਿਆਂ ਦੇ ਰਿਸ਼ਤੇਦਾਰ ਜੇਕਰ ਆ ਵੀ ਜਾਣ ਤਾਂ ਨੂੰਹਾਂ ਪੁੱਤ ਨੱਕ ਬੁੱਲ੍ਹ ਵੱਟਦੇ ਹਨ।ਉਨ੍ਹਾਂ ਵਾਸਤੇ ਤਾਂ ਮਾਪੇ ਬੋਝ ਹਨ,ਉਨ੍ਹਾਂ ਦੇ ਅੱਗੋਂ ਰਿਸ਼ਤੇਦਾਰ ਘਰ ਵਿੱਚ ਚਰਾਰ ਦਿਨ ਰੱਖਣੇ ਮੁਸੀਬਤ ਹੀ ਲੱਗਦੀ ਹੈ।ਕੋਈ ਵੀ ਆਪਣੇ ਕਮਰੇ ਵਿੱਚ ਉਨ੍ਹਾਂ ਨੂੰ ਸੌਣ ਦੀ ਥਾਂ ਦੇਣ ਨੂੰ ਤਿਆਰ ਨਹੀਂ ਹੁੰਦਾ।ਜਿਹੜੇ ਨੂੰਹਾਂ ਪੁੱਤ ਮਾਪਿਆਂ ਤੋਂ ਕਮਰਿਆਂ ਨੂੰ ਜਿੰਦੇ ਲਗਾਉਂਦੇ ਹਨ,ਉਹ ਰਿਸ਼ਤੇਦਾਰ ਨੂੰ ਕਿਵੇਂ ਬਰਦਾਸ਼ਤ ਕਰ ਲੈਣਗੇ।ਪੈਸਾ ਪ੍ਰਧਾਨ ਹੈ।ਕਈ ਥਾਵਾਂ ਤੇ ਘਰ ਮਾਪਿਆਂ ਦੇ ਪੈਸਿਆਂ ਦਾ ਹੁੰਦਾ ਹੈ ਅਤੇ ਉਨ੍ਹਾਂ ਦੇ ਘਰ ਹੁੰਦਿਆਂ ਨੂੰਹਾਂ ਕਮਰਿਆਂ ਨੂੰ ਜਿੰਦੇ ਲਗਾਉਂਦੀਆਂ ਹਨ।ਇਹ ਮਾਪਿਆਂ ਦੀ ਬੇਇੱਜ਼ਤੀ ਹੀ ਹੈ।ਅਜਿਹੇ ਮਾਹੌਲ ਵਿੱਚ ਉਹ ਆਪਣੇ ਰਿਸ਼ਤੇਦਾਰਾਂ ਦਾ ਆਉਣਾ ਠੀਕ ਵੀ ਨਹੀਂ ਸਮਝਦੇ।
ਆਧੁਨਿਕਤਾ ਨੇ ਪਿਆਰ,ਸਤਿਕਾਰ ਅਤੇ ਆਪਣਾਪਣ ਨਿਗਲ ਲਿਆ।ਹਰ ਬਦਲਾਅ ਚੰਗੇ ਲਈ ਹੋਵੇ, ਇਹ ਜ਼ਰੂਰੀ ਨਹੀਂ।ਜੇਕਰ ਇਵੇਂ ਬਦਲਾਅ ਨਾ ਹੋਵੇ ਤਾਂ ਚੰਗੇ ਮਾੜੇ ਸਮੇਂ ਅਤੇ ਰੀਤਾਂ ਰਿਵਾਜਾਂ ਦਾ ਮਹੱਤਵ ਵੀ ਸਮਝ ਨਾ ਆਵੇ। ਮੰਜਿਆਂ ਤੇ ਵਿਹੜੇ ਵਿੱਚ ਸਾਰਿਆਂ ਦਾ ਬੈਠਣਾ ਅਤੇ ਚੌਂਕੇ ਦੇ ਨੇੜੇ ਹੀ ਪੀੜ੍ਹੀ ਜਾਂ ਮੰਜੇ ਤੇ ਬੈਠਕੇ ਰੋਟੀ ਖਾਣਾ ਬਹੁਤ ਯਾਦ ਆਉਂਦਾ ਹੈ।ਮੈਂ ਕਿੱਧਰੇ ਪੜ੍ਹਿਆ ਸੀ,'ਪਹਿਲਾਂ ਘਰ ਕੱਚੇ ਸੀ ਪਰ ਰਿਸ਼ਤੇ ਪੱਕੇ ਸੀ,ਹੁਣ ਘਰ ਪੱਕੇ ਨੇ ਪਰ ਰਿਸ਼ਤੇ ਕੱਚੇ ਨੇ।'ਪੰਜਾਬੀ ਪ੍ਰਾਹੁਣਚਾਰੀ ਲਈ ਮੰਨੇ ਜਾਂਦੇ ਸੀ ਪਰ ਹੁਣ ਵਧੇਰੇ ਕਰਕੇ ਇੰਨਾਂ ਵਿੱਚ ਵੀ ਬਦਲਾਅ ਆ ਗਿਆ ਹੈ।ਕਿਵੇਂ ਦਾ ਸਮਾਜ ਹੋ ਗਿਆ, ਨਾ ਕੋਈ ਕਿਸੇ ਨੂੰ ਚਾਅ ਨਾਲ ਉਡੀਕਦਾ ਹੈ ਅਤੇ ਨਾ ਕੋਈ ਉਤਸ਼ਾਹ ਨਾਲ ਕਿਸੇ ਨੂੰ ਮਿਲਣ ਜਾਂਦਾ ਹੈ।ਹਕੀਕਤ ਹੈ ਅਤੇ ਇਸ ਵੇਲੇ ਦਾ ਕੌੜਾ ਸੱਚ ਕਿ ਹੁਣ ਕੋਈ ਵੀ ਪ੍ਰਾਹੁਣਿਆਂ ਨੂੰ ਨਹੀਂ ਉਡੀਕਦਾ,ਕੋਈ ਆਟਾ ਪਰਾਤ ਚੋਂ ਭੁੜਕਣ ਤੇ ਇਹ ਨਹੀਂ ਕਹਿੰਦਾ ਕਿ ਅੱਜ ਕੋਈ ਆਏਗਾ।ਕੋਈ ਕਾਂ ਦੀ ਆਵਾਜ਼ ਤੋਂ ਮਹਿਮਾਨਾਂ ਦੇ ਆਉਣ ਦਾ ਰਸਤਾ ਨਹੀਂ ਵੇਖਦਾ।
ਪ੍ਰਭਜੋਤ ਕੌਰ ਢਿੱਲੋਂ