Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪਰਵਾਸੀ ਹਿੰਦੀ ਕਹਾਣੀ -ਦੋ ਵੱਖਰੇ ਕਿਨਾਰੇ - ਡਾ.ਹੰਸਾ ਦੀਪ

November 22, 2021 11:54 PM
ਪਰਵਾਸੀ ਹਿੰਦੀ ਕਹਾਣੀ 
 
                             ਦੋ ਵੱਖਰੇ ਕਿਨਾਰੇ 
                         
 
(ਡਾ.ਹੰਸਾ ਦੀਪ : ਯੂਨੀਵਰਸਿਟੀ ਆਫ ਟੋਰਾਂਟੋ ਵਿਚ ਲੈਕਚਰਾਰ ਦੇ ਅਹੁਦੇ ਤੇ ਕਾਰਜਸ਼ੀਲ। ਇਸ ਤੋਂ ਪਹਿਲਾਂ ਯੌਰਕ ਯੂਨੀਵਰਸਿਟੀ ਟੋਰਾਂਟੋ ਵਿਚ ਹਿੰਦੀ ਕੋਰਸ ਡਾਇਰੈਕਟਰ ਅਤੇ ਭਾਰਤੀ ਯੂਨੀਵਰਸਿਟੀਆਂ ਵਿੱਚ ਸਹਾਇਕ ਪ੍ਰੋਫੈਸਰ। ਤਿੰਨ ਨਾਵਲ ਤੇ ਚਾਰ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ। ਗੁਜਰਾਤੀ, ਮਰਾਠੀ ਅਤੇ ਪੰਜਾਬੀ ਵਿੱਚ ਕਿਤਾਬਾਂ ਦਾ ਅਨੁਵਾਦ। ਪ੍ਰਸਿੱਧ ਪੱਤਰ-ਪੱਤ੍ਰਿਕਾਵਾਂ ਵਿਚ ਨਿਰੰਤਰ ਰਚਨਾਵਾਂ ਦਾ ਪ੍ਰਕਾਸ਼ਨ। 'ਕਮਲੇਸ਼ਵਰ ਸਿਮ੍ਰਤੀ ਕਥਾ ਪੁਰਸਕਾਰ- 2020' ਪ੍ਰਾਪਤ)  
                             ******
 
       "ਨੀ ਕੁੜੀਏ..." ਕੰਨਾਂ ਨੇ ਸੁਣਿਆ ਤਾਂ ਸਹੀ, ਪਰ ਨਾ ਤਾਂ ਧਿਆਨ ਦਿੱਤਾ, ਨਾ ਹੀ ਮੁੜ ਕੇ ਵੇਖਣ ਦੀ ਲੋੜ ਮਹਿਸੂਸ ਹੋਈ। ਮੈਨੂੰ ਪਤਾ ਸੀ ਕਿ ਇਹ ਸੱਦਾ ਮੇਰੇ ਲਈ ਨਹੀਂ ਸੀ। ਭਲਾ ਹੁਣ ਕੌਣ ਬੁਲਾਉਂਦਾ ਹੈ, "ਨੀ ਕੁੜੀਏ..."।
         ਇਕ ਯੁੱਗ ਬੀਤ ਗਿਆ। ਕੰਨ ਅੰਮਾ, ਆਂਟੀ, ਦਾਦੀ ਅਤੇ ਨਾਨੀ ਸੁਣਨ ਦੇ ਆਦੀ ਸਨ। ਐਨਕ ਨੂੰ ਅੱਖਾਂ ਤੇ ਖਿਸਕਾਉਂਦੇ ਹੋਏ ਲੱਗਿਆ ਕਿ ਵੇਖਾਂ ਤਾਂ ਸਹੀ, ਕਿਸ ਕੁੜੀ ਨੂੰ ਕਿਹੜਾ ਮੁੰਡਾ ਬੁਲਾ ਰਿਹਾ ਹੈ। ਰੋਜ਼ ਨਵੇਂ ਜੋੜੇ ਬਣਦੇ ਹਨ ਅਤੇ ਇਨ੍ਹਾਂ ਅੱਖਾਂ ਦੇ ਸਾਹਮਣੇ ਟੁੱਟ ਵੀ ਜਾਂਦੇ ਹਨ। ਅੱਜਕੱਲ੍ਹ ਜਵਾਨ ਮੁੰਡੇ-ਕੁੜੀਆਂ ਦੀਆਂ ਚੁਹਲਬਾਜ਼ੀਆਂ ਅਤੇ ਇਸ਼ਾਰੇ ਦੇਖਣਾ ਆਮ ਗੱਲ ਹੈ। ਬੁੱਢੀ ਅੰਮਾ ਸਮਝ ਕੇ ਮੇਰੀ ਮੌਜੂਦਗੀ ਨੂੰ ਕੋਈ ਗੰਭੀਰਤਾ ਨਾਲ ਲੈਂਦਾ ਵੀ ਨਹੀਂ। ਪਰ ਮੇਰਾ ਵਧੀਆ ਟਾਈਮ ਪਾਸ ਹੋ ਜਾਂਦਾ ਹੈ। ਹੈਰਾਨ ਹੋ ਜਾਂਦੀ ਹਾਂ ਜਦੋਂ ਕੁਝ ਹਫ਼ਤਿਆਂ ਪਿੱਛੋਂ ਇਨ੍ਹਾਂ ਦੇ ਸਾਥੀ ਬਦਲਦੇ ਵੇਖਦੀ ਹਾਂ।
      'ਚਲੋ ਵੇਖ ਹੀ ਲਿਆ ਜਾਵੇ ਕਿ ਅੱਜ ਕੌਣ ਕੀਹਦੇ ਪਿੱਛੇ ਦੀਵਾਨਾ ਹੋ ਰਿਹਾ ਹੈ!'
      ਵੇਖਣ ਦੀ ਇੱਛਾ ਵਿੱਚ ਸਿਰ ਚੁੱਕਿਆ ਤਾਂ ਆਸਪਾਸ ਕੋਈ ਨਹੀਂ ਦਿਸਿਆ। ਸਾਹਮਣੇ ਜੋ ਸੀ, ਉਹ ਮੇਰੀ ਹੀ ਉਮਰ ਦਾ ਇੱਕ ਬੁੱਢਾ ਸੀ। ਮਰੀਅਲ ਸਰੀਰ, ਵਧੀ ਹੋਈ ਦਾੜ੍ਹੀ ਅਤੇ ਖਿੱਲਰੇ ਜਿਹੇ ਵਾਲ਼। ਕੱਪੜੇ ਢੰਗ ਨਾਲ ਪਹਿਨੇ ਸਨ। ਕਿਸੇ ਨੂੰ ਲੱਭ ਰਿਹਾ ਸੀ ਸ਼ਾਇਦ। ਮੇਰੀਆਂ ਅੱਖਾਂ ਮਿਲੀਆਂ ਉਸ ਨਾਲ ਅਤੇ ਫਿਰ ਅੱਜ ਆਪਣਾ ਰਸਤਾ ਨਾਪਣ ਲੱਗੀਆਂ। ਜਿਵੇਂ ਸਿੱਧਾ ਇਹ ਸੋਚ ਕੇ ਇਨਕਾਰ ਕਰ ਦਿੱਤਾ ਹੋਵੇ ਕਿ 'ਤੇਰੇ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ।'
      ਇਕ ਵਾਰ ਫਿਰ ਤੋਂ ਸੁਣਾਈ ਦਿੱਤਾ, "ਨੀ ਕੁੜੀਏ, ਸੁਣ..." ਐਤਕੀਂ ਕੰਨਾਂ ਨੂੰ ਮਜ਼ਬੂਤ ਸੰਦੇਸ਼ ਮਿਲਿਆ। ਹੁਣ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ। ਹੁਣ ਮੇਰੇ ਪੈਰ ਰੁਕੇ, ਆਵਾਜ਼ ਉਸੇ ਵੱਲੋਂ ਆ ਰਹੇ ਸੀ ਜਿਸ ਪਾਸਿਉਂ ਉਹ ਬੁੱਢਾ ਆ ਰਿਹਾ ਸੀ।
     ਮੈਂ ਮੁੜ ਕੇ ਵੇਖਿਆ, ਅੱਖਾਂ ਮੀਚੀਆਂ, ਆਪਣੇ ਵੱਲ ਇਸ਼ਾਰਾ ਕਰਕੇ ਪੁੱਛਿਆ- "ਮੈਂ?"
     "ਹਾਂ, ਤੂੰ! ਹੋਰ ਮੈਂ ਸੜਕ ਨੂੰ ਕਹਿ ਰਿਹਾ ਹਾਂ?"
      ਮੈਂ ਉਹਨੂੰ ਵੇਖਦੀ ਰਹਿ ਗਈ। ਕਮਲਾ ਹੋ ਗਿਆ ਹੈ ਬੁੱਢਾ, ਮੱਤ ਮਾਰੀ ਗਈ ਹੈ ਇਹਦੀ। 'ਨੀ ਕੁੜੀਏ' ਕਹਿ ਰਿਹਾ ਹੈ। ਇਹ ਆਪਣੀ ਐਨਕ ਬਦਲ ਲੈਂਦਾ ਤਾਂ ਇਹਨੂੰ ਜ਼ਰਾ ਸਾਫ਼ ਵਿਖਾਈ ਦਿੰਦਾ। ਸਨਕੀ ਕਿਤੋਂ ਦਾ, ਆਕੜ ਤਾਂ ਵੇਖੋ! ਨਾਲਾਇਕ ਬੱਚੇ ਵਾਂਗ ਧੌਂਸ ਜਮਾ ਰਿਹਾ ਹੈ- "ਸੜਕ ਨੂੰ ਕਹਿ ਰਿਹਾ ਹਾਂ...!"  
      ਮੇਰਾ ਗੁੱਸਾ ਸ਼ਾਇਦ ਪਲ ਭਰ ਦਾ ਸੀ। ਅਗਲੇ ਹੀ ਪਲ ਮਨ ਬਿਲਕੁਲ ਬਦਲ ਗਿਆ। ਇੰਨੇ ਸਭਿਅ ਸਮਾਜ ਵਿੱਚ ਰਹਿਣ ਦਾ ਆਦੀ ਮਨ "ਤੁਸੀਂ", "ਸੁਣੋ" ਤੋਂ ਪਰੇ ਜੋ ਕੁਝ ਮਹਿਸੂਸ ਕਰ ਰਿਹਾ ਸੀ, ਉਸ ਨਾਲ ਹਲਕੀ ਜਿਹੀ ਕੁਤਕੁਤਾੜੀ ਹੋਈ। ਬਈ ਇਹ ਤਾਂ ਸਵੇਰੇ- ਸਵੇਰੇ ਚੰਗਾ-ਖਾਸਾ ਗਿਫਟ ਮਿਲ ਗਿਆ- ਬੁੱਢੀ ਤੋਂ ਕੁੜੀ ਬਣਨ ਦਾ। ਮੈਂ ਸੋਚਿਆ, ਕਿਉਂ ਨਾ ਇਹਨੂੰ ਵੀ ਰਿਟਰਨ ਗਿਫਟ ਦੇ ਦਿੱਤਾ ਜਾਏ। ਯਕੀਨ ਸੀ ਕਿ ਉਹਨੇ ਵੀ ਇਹ ਵਰ੍ਹਿਆਂ ਤੋਂ ਨਹੀਂ ਸੁਣਿਆ ਹੋਵੇਗਾ। ਮਿੱਠੇ ਜਿਹੇ ਸ਼ਬਦ ਬਾਹਰ ਆਏ- ਦੱਸ ਮੁੰਡਿਆ, ਕੀ ਗੱਲ ਹੈ?"
      ਉਹ ਵੀ ਮੁਸਕਰਾਇਆ। ਇੱਕ ਅਰਥਮਈ ਮੁਸਕੁਰਾਹਟ। ਸ਼ਾਇਦ ਉਹਦੀ ਯੋਜਨਾ ਕਾਮਯਾਬ ਹੋ ਗਈ ਸੀ ਅਤੇ ਦੂਜੇ ਪਾਸੇ ਖੜ੍ਹੀ ਕੁੜੀ ਨੇ ਉਸ ਦੇ ਮਨਸੂਬਿਆਂ ਨੂੰ ਸਮਝ ਲਿਆ ਸੀ। ਅੰਕਲ ਜੀ, ਸਰ ਅਤੇ ਦਾਦਾ ਜੀ-ਨਾਨਾ ਜੀ ਦੇ ਬਦਲੇ ਜੋ ਮਿਲਿਆ, ਉਹ ਅੱਖਾਂ ਵਿੱਚ ਉਤਰ ਆਇਆ। ਇਉਂ ਲੱਗਿਆ ਜਿਵੇਂ ਤੋਹਫ਼ਾ ਕਬੂਲ ਹੋ ਗਿਆ ਹੋਵੇ! ਉਹਨੂੰ ਵੀ ਕਿਸੇ ਨੂੰ ਨੇ ਵਰਿਆਂ ਤੋਂ "ਹਾਂ ਮੁੰਡਿਆ" ਕਹਿ ਕੇ ਨਹੀਂ ਬੁਲਾਇਆ ਹੋਵੇਗਾ। ਉਹ ਖ਼ੁਸ਼ ਦਿੱਸਿਆ।
     "ਕਿੱਥੇ ਰਹਿੰਦੀ ਹੈਂ ਤੂੰ?"
     "ਮੈਂ ਤਾਂ ਇੱਥੇ ਹੀ ਰਹਿੰਦੀ ਹਾਂ, ਤੂੰ ਕਿੱਥੇ ਰਹਿੰਦਾ ਹੈਂ?"
     ਉਨ੍ਹਾਂ ਚਾਰੇ ਅੱਖਾਂ ਵਿੱਚ ਇੱਕ ਚਮਕ-ਜਿਹੀ ਛਾਈ ਹੋਈ ਸੀ। ਮਸਤੀ ਰਗ-ਰਗ ਵਿਚ ਅਚਾਨਕ ਦੌੜਨ ਲੱਗੀ ਸੀ। 'ਤੂੰ-ਤੂੰ, ਮੈਂ-ਮੈਂ' ਵਾਲਾ ਬਚਪਨ ਦੋਹਾਂ ਦੇ ਸਾਹਮਣੇ ਸੀ। 
     "ਸਾਹਮਣੇ ਉਸ ਬਿਲਡਿੰਗ ਵਿੱਚ। ਆ ਜਾ ਖੇਡੀਏ?"
     "ਕੀ?"
     "ਜੋ ਤੂੰ ਕਹੇਂ।"
      ਦੋਵਾਂ ਵੱਲੋਂ ਜਿਵੇਂ ਇਕ ਪ੍ਰਤੀਯੋਗਤਾ ਵਾਲੀ ਖਿੱਚ ਸੀ। ਪਤਾ ਨਹੀਂ ਇਕ ਦੂਜੇ ਨੂੰ ਖੁਸ਼ ਕਰਨ ਲਈ ਜਾਂ ਫਿਰ ਕੁਝ ਨਵਾਂ ਕਰ ਕਰਦੇ ਹੋਏ ਫਿਰ ਤੋਂ ਬੱਚਾ ਬਣਨ ਲਈ। ਵੱਡਿਆਂ ਦਾ ਜੀਵਨ ਜਿਉਂਦੇ ਹੋਏ ਤਾਂ ਵਰੇ ਹੋ ਗਏ ਸਨ। ਉਂਜ ਵੀ ਹੁਣ ਜੀਅ ਕਿੱਥੇ ਰਹੇ ਸਨ! ਉਸ ਜੀਵਨ ਨੂੰ ਢੋਅ ਰਹੇ ਸਨ ਅਤੇ ਢੋਂਦੇ ਹੋਏ ਵੀ ਕਈ ਸਾਲ ਬੀਤਦੇ ਜਾ ਰਹੇ ਸਨ। ਦੋਹਾਂ ਦੇ ਚਿਹਰੇ ਉਸ ਬਚਪਨੀ ਸ਼ਰਾਰਤ ਨਾਲ ਚਮਕ ਰਹੇ ਸਨ, ਜੋ ਉਦੋਂ ਪੈਦਾ ਹੁੰਦਾ ਹੈ ਜਦੋਂ ਨਵੇਂ ਦੋਸਤ ਨਾਲ ਖੇਡਣ ਦਾ ਮਨ ਬਣ ਰਿਹਾ ਹੋਵੇ ਅਤੇ ਦੋਸਤ ਸਾਹਮਣੇ ਹੀ ਖੜ੍ਹਾ ਹੋਵੇ।
     "ਚੱਲ ਲੁਕਣ ਮੀਚੀ ਖੇਡਦੇ ਹਾਂ।" ਅਜਿਹਾ ਸ਼ੁੱਧ ਆਪਣਾਪਣ, ਜਿੱਥੇ ਅਜਨਬੀਪਣ ਦੀ ਕੋਈ ਕੰਧ ਨਹੀਂ ਹੁੰਦੀ ਵਿਚਾਲੇ, ਹੁੰਦਾ ਹੈ ਤਾਂ ਸਿਰਫ਼ ਦੋਸਤੀ ਦਾ ਪੈਗਾਮ!  
    "ਠੀਕ ਹੈ, ਚੱਲ ਖੇਡਦੇ ਹਾਂ। ਪਰ ਸੁਣ, ਇਕ ਮਿੰਟ ਦਾ ਸਮਾਂ ਹੈ, ਨਹੀਂ ਲੱਭਿਆ ਤਾਂ ਆਊਟ, ਮਨਜ਼ੂਰ ਹੈ?"
    "ਹਾਂ ਹਾਂ, ਮਨਜ਼ੂਰ ਹੈ।"
     ਮੈਂ ਛੇਤੀ-ਛੇਤੀ ਲੁਕਣ ਦੀਆਂ ਥਾਵਾਂ ਲੱਭਣ ਲਗਦੀ ਹਾਂ। ਕੰਨਾਂ ਵਿਚ ਉਹਦੇ ਨੰਬਰ ਬੋਲਣ ਦੀ ਆਵਾਜ਼ ਗੂੰਜਦੀ ਹੈ- ਇੱਕ, ਦੋ, ਤਿੰਨ, ਚਾਰ। ਫਿਰ ਛੇਤੀ-ਛੇਤੀ ਨੰਬਰ ਬੋਲੇ ਜਾਣ ਲੱਗਦੇ ਹਨ। ਉਹ ਨੰਬਰ ਬੋਲ ਰਿਹਾ ਸੀ, ਪਰ ਨਾਲ ਹੀ ਹਥੇਲੀਆਂ ਵਿੱਚੋਂ ਉਹਦੀਆਂ ਅੱਖਾਂ ਝਾਕ ਰਹੀਆਂ ਸਨ। ਇਹ ਪਤਾ ਕਰਨ ਲਈ ਕਿ 'ਕਿਸ ਪਾਸੇ  ਜਾ ਰਹੀ ਹੈ ਕੁੜੀ!'
     ਮੈਂ ਵੀ ਕੋਈ ਘੱਟ ਨਹੀਂ ਸਾਂ ਕਿ ਇਉਂ ਹੀ ਫਡ਼੍ਹੀ ਜਾਂਦੀ। ਕਈ ਅਜਿਹੀਆਂ ਥਾਵਾਂ ਹਨ, ਜਿੱਥੇ ਅੱਖਾਂ ਨੇ ਜਵਾਨੀ ਵਿੱਚ ਬੱਚਿਆਂ ਨੂੰ ਇਕਮਿਕ ਹੁੰਦੇ ਵੇਖਿਆ ਸੀ ਅਤੇ ਅਣਡਿੱਠਾ ਕਰ ਦਿੱਤਾ ਸੀ। ਸਾਰਿਆਂ ਨੂੰ ਇਹੋ ਲੱਗਦਾ ਸੀ ਕਿ ਮੇਰੀਆਂ ਅੱਖਾਂ ਬੜੀਆਂ ਕਮਜ਼ੋਰ ਨੇ, ਦਿਖਾਈ ਨਹੀਂ ਦਿੰਦਾ ਸ਼ਾਇਦ, ਇਸ ਲਈ ਉਹ ਮੈਨੂੰ ਆਪਣੇ ਰਾਹ ਦਾ ਰੋੜਾ ਨਹੀਂ ਸਮਝਦੇ ਸਨ। ਅਤੇ ਮੈਂ ਇਸ ਕਲਾ ਵਿੱਚ ਮਾਹਿਰ ਹੁੰਦੀ ਜਾ ਰਹੀ ਸਾਂ ਕਿ ਵੇਖੋ ਸਭ ਨੂੰ, ਪਰ ਵਿਖਾਓ ਇਉਂ ਕਿ 'ਮੈਂ ਕੁਝ ਨਹੀਂ ਵੇਖਿਆ'।
    ਇਸ ਮੁੰਡੇ ਨੂੰ ਕੀ ਪਤਾ ਕਿ ਕਿੰਨੀ ਸ਼ੈਤਾਨ ਕੁੜੀ ਨਾਲ ਵਾਹ ਪਿਆ ਹੈ ਇਹਦਾ! ਲੱਭ-ਲੱਭ ਕੇ ਥੱਕ ਜਾਵੇਗਾ ਪਰ ਮੈਨੂੰ ਫੜ ਨਹੀਂ ਸਕੇਗਾ। ਮੈਂ ਵੀ ਮਨ ਵਿੱਚ ਇੱਕ-ਦੋ-ਤਿੱਨ ਨੰਬਰ ਬੋਲਣ ਲੱਗਦੀ ਹਾਂ, ਸੱਠ  ਤਕ ਬੋਲਣਾ ਹੋਵੇਗਾ ਤਾਂ ਕਿ ਮੇਰਾ ਇਕ ਮਿੰਟ ਦਾ ਹਿਸਾਬ ਬਰਾਬਰ ਰਹੇ। ਉਹਦੀ ਬੁੜਬੁੜਾਹਟ ਮੇਰੀ ਮੁਸਕੁਰਾਹਟ ਵਧਾ ਰਹੀ ਸੀ। ਮੈਂ ਉਹਨੂੰ ਕਿਤੇ ਵਿਖਾਈ ਨਹੀਂ ਦਿੱਤੀ।
     'ਕਿੱਥੇ ਗਾਇਬ ਹੋ ਗਈ ਇਹ ਕੁੜੀ! ਧਰਤੀ ਖਾ ਗਈ ਕਿ ਆਕਾਸ਼ ਨਿਗਲ ਗਿਆ।' ਉਹ ਬੋਲ ਰਿਹਾ ਸੀ ਅਤੇ ਮੈਂ ਸਾਹ ਰੋਕੀ ਸੁਣ ਰਹੀ ਸਾਂ। ਤਾਂ ਕਿ ਸਾਹ ਲੈਣ ਦੀ ਆਵਾਜ਼ ਉਸ ਤਕ ਨਾ ਪਹੁੰਚ ਜਾਵੇ। ਅਤੇ ਉਹਨੂੰ ਪਤਾ ਲੱਗ ਜਾਵੇ ਕਿ ਮੈਂ ਇੱਥੇ ਛੁਪੀ ਹਾਂ।
     ਕੁਝ ਹੀ ਪਲਾਂ ਵਿੱਚ ਮੈਂ ਬਾਹਰ ਸਾਂ। ਆਪਣੀ ਜਿੱਤ ਦੀ ਖ਼ੁਸ਼ੀ ਨਾਲ- "ਇਕ ਸਕਿੰਟ ਤੋਂ ਉੱਤੇ ਹੋ ਗਿਆ। ਚੱਲ ਤੂੰ ਆਊਟ ਹੋ ਗਿਆ।"
    "ਲੈ, ਇਉਂ ਕਿਵੇਂ ਆਊਟ ਹੋ ਗਿਆ? ਅਜੇ ਤਾਂ ਦੋ ਸਕਿੰਟ ਬਚੇ ਸਨ। ਚੱਲ ਰੌਂਡਲ਼ ਕਿਤੋਂ ਦੀ! ਰੌਂਡਲ਼ ਖੇਡਦੀ ਹੈਂ ਤੂੰ!"
    "ਮੈਂ ਨਹੀਂ, ਤੂੰ ਖੇਡਦਾ ਹੈੰ ਰੌਂਡਲ਼!"
    "ਚੀਟਰ!"
    "ਤੂੰ ਹੈਂ ਚੀਟਰ! ਜਾਹ, ਮੈਂ ਨਹੀਂ ਖੇਡਦੀ ਤੇਰੇ ਨਾਲ!" ਮੈਂ ਰੁੱਸ ਕੇ ਜਾਣ ਲੱਗੀ ਤਾਂ ਉਹ ਪਿੱਛੇ-ਪਿੱਛੇ ਆਇਆ ਮਨਾਉਣ ਲਈ।
    "ਚੰਗਾ ਚੱਲ, ਉੱਥੇ ਬੈਠਦੇ ਹਾਂ। ਚਾਕਲੇਟ ਖਾਏਂਗੀ?"
    "ਚਾਕਲੇਟ?" ਅੱਖਾਂ ਗੋਲ ਹੋ ਜਾਂਦੀਆਂ ਨੇ ਮੇਰੀਆਂ। ਸੱਚਮੁਚ ਬੜੇ ਦਿਨਾਂ ਤੋਂ ਨਹੀਂ ਖਾਧਾ ਸੀ। ਉਹ ਚਾਕਲੇਟੀ ਸੁਆਦ ਜ਼ੁਬਾਨ ਦੇ ਆਲ਼ੇ-ਦੁਆਲ਼ੇ ਲਿਪਟਦਾ ਮਹਿਸੂਸ ਹੁੰਦਾ ਹੈ। 
      "ਤੇਰੇ ਕੋਲ਼ ਹੈ?"
      "ਹਾਂ, ਚੋਰੀ ਕਰਕੇ ਲਿਆਇਆ ਹਾਂ।"
      "ਚੋਰ ਕਿਤੋਂ ਦਾ! ਕਿੱਥੋਂ ਚੋਰੀ ਕੀਤੀ? ਬੇਟੇ ਦੇ ਘਰੋਂ ਕਿ ਬੇਟੀ ਦੇ ਘਰੋਂ?"
      "ਕਿਤੋਂ ਵੀ ਕੀਤੀ ਹੋਵੇ। ਤੈਨੂੰ ਕਿਉਂ ਦੱਸਾਂ? ਖਾਣਾ ਹੈ ਤਾਂ ਦੱਸ।"
       ਮੈਂ ਮੁਸਕਰਾ ਪਈ। ਆਪਣੀ ਦੋਸਤੀ ਵਿੱਚ ਕਿਸੇ ਘਰ ਵਾਲੇ ਨੂੰ ਨਹੀਂ ਲਿਆਉਣਾ ਇਹਨੇ। ਇਹ ਤਾਂ ਹੋਰ ਵੀ ਚੰਗੀ ਗੱਲ ਹੈ, ਨਹੀਂ ਤਾਂ ਕੋਈ ਅਮੀਰ ਬੇਟੇ ਦਾ ਪਿਓ ਹੁੰਦਾ ਤਾਂ ਸਾਡੀ ਦੋਸਤੀ ਸ਼ੁਰੂ ਹੁੰਦੇ ਹੀ ਖਤਮ ਹੋ ਜਾਣੀ ਸੀ। ਮੈਂ ਉਹਦੀਆਂ ਅੱਖਾਂ ਵਿਚ ਝਾਕ ਕੇ ਸੰਦੇਸ਼ ਦਿੱਤਾ ਕਿ ਮੈਨੂੰ ਚੰਗੀ ਲੱਗੀ ਇਹ ਲੁਕਣ- ਮੀਚੀ ਦੀ ਖੇਡ। ਅਸੀਂ ਦੋਵੇਂ ਚਾਕਲੇਟ ਦੇ ਰੈਪਰ ਖੋਲ੍ਹਦੇ ਹੋਏ ਬੜੇ ਖ਼ੁਸ਼ ਸਾਂ। ਝੱਟ ਮੂੰਹ ਵਿੱਚ ਰੱਖ ਲਿਆ ਤਾਂ ਕਿ ਕਿਤੇ ਕੋਈ ਵੇਖ ਨਾ ਲਵੇ। ਮੂੰਹ 'ਚੋਂ ਚੱਟ-ਚੱਟ ਦੀ ਆਵਾਜ਼ ਵੀ ਆ ਰਹੀ ਸੀ। ਸੁਆਦ ਦਾ ਭਰਪੂਰ ਮਜ਼ਾ ਸੀ, ਸਾਥ ਦਾ ਵੀ।
      "ਮੇਰੇ ਕੋਲ ਵੀ ਹੈ ਕੁਝ।" ਮੈਂ ਆਪਣੀ ਜੈਕੇਟ ਦੀ ਜੇਬ 'ਚੋਂ ਟਿਕਟੈਕ ਦਾ ਪੂਰਾ ਪੈਕਟ ਕੱਢਿਆ। ਦੋਹਾਂ ਨੇ ਇੱਕ-ਇੱਕ ਕਰਕੇ ਵੰਡੀ ਅਤੇ ਖਾਧੀ। ਅਜੇ ਵੀ ਖੇਡਣ ਦਾ ਮਨ ਸੀ, ਪਰ ਸ਼ਾਮ ਹੋ ਰਹੀ ਸੀ, ਬੱਚੇ ਮੁੜਨ ਵਾਲੇ ਸਨ।  
       "ਕੱਲ੍ਹ ਮੈਂ ਸੀਟੀ ਵਜਾਵਾਂਗਾ। ਆਏਂਗੀ ਨਾ ਤੂੰ?"
       "ਹਾਂ, ਪਰ ਕੱਲ੍ਹ, ਕੱਲ੍ਹ ਤਾਂ ਛੁੱਟੀ ਹੈ! ਸਾਰੇ ਘਰੇ ਹੋਣਗੇ। ਸੋਮਵਾਰ ਨੂੰ ਆਈਂ, ਫਿਰ ਖੇਡਾਂਗੇ।"
      ਉਦਾਸ ਹੋ ਗਿਆ ਉਹ। ਅਤੇ ਮੈਂ ਵੀ। ਜਿਵੇਂ ਦੋ ਦਿਨ ਤੱਕ ਉਡੀਕ ਕਰਨੀ ਪਸੰਦ ਨਹੀਂ ਆਈ। ਪਰ ਉਹਦੇ ਆਉਣ ਬਾਰੇ  ਪੱਕਾ ਕਰ ਲੈਣਾ ਚਾਹੁੰਦੀ ਸਾਂ। 
      "ਅੱਛਾ ਸੁਣ, ਦੋ ਵਾਰੀ ਸੀਟੀ ਵਜਾਈਂ। ਇੱਕ ਵਾਰ ਤਾਂ ਪਤਾ ਹੀ ਨਹੀਂ ਲੱਗੇਗਾ ਕਿ ਇਹ ਤੂੰ ਹੈਂ।" 
      "ਦੋ ਕੀ, ਤਿੰਨ ਵਾਰ ਵਜਾ ਦੇਵਾਂਗਾ। ਪਰ ਮੇਰੀ ਸੀਟੀ ਤਾਂ ਇੱਕ ਵਾਰ ਵਿੱਚ ਹੀ ਸੁਣ ਲਵੇਂਗੀ ਤੂੰ। ਮੈਂ ਬੜੀ ਜ਼ੋਰ ਨਾਲ ਵਜਾਉਂਦਾ ਹਾਂ।" 
     ਅਤੇ ਉਹਨੇ ਇੰਨੀ ਜ਼ੋਰ ਨਾਲ ਸੀਟੀ ਵਜਾਈ ਕਿ ਮੇਰੀਆਂ ਅੱਖਾਂ ਚੌੜੀਆਂ ਹੋ ਗਈਆਂ। ਸਚਮੁੱਚ ਸੀਟੀ ਕੀ ਸੀ, ਚੀਕਦੀ ਜਿਹੀ ਆਵਾਜ਼ ਸੀ ਕਿਸੇ ਨੂੰ ਬੁਲਾਉਂਦੀ ਹੋਈ। ਮੈਂ ਵੀ ਉਸੇ ਤਰ੍ਹਾਂ ਸੀਟੀ ਵਜਾਉਣੀ ਚਾਹੀ ਪਰ ਉਹ ਫੁੱਸ ਹੋ ਕੇ ਰਹਿ ਗਈ। ਉਹ ਸਿਖਾਉਣ ਲੱਗਿਆ, "ਵੇਖ, ਇਉਂ ਗੋਲ ਕਰ ਬੁੱਲ੍ਹਾਂ ਨੂੰ, ਅਤੇ ਫਿਰ ਹਵਾ ਛੱਡ, ਜ਼ਰਾ ਜ਼ੋਰ ਲਾ ਕੇ।"
     "ਹਾਂ, ਹਾਂ, ਬਹੁਤਾ ਲੈਕਚਰ ਨਾ ਦੇਹ, ਮੈਂ ਕੱਲ੍ਹ ਤਕ ਵਜਾਉਣਾ ਸਿੱਖ ਲਵਾਂਗੀ। ਠੀਕ ਹੈ ਚੱਲ, ਬਾਏ!" 
     "ਬਾਏ!" 
     ਅਸੀਂ ਆਪੋ-ਆਪਣੇ ਰਸਤੇ ਤੇ ਚੱਲ ਪਏ। ਘਰ ਆ ਕੇ ਆਪਣੇ ਕੰਮ ਕਰਦੇ ਹੋਏ ਘਰ ਵਾਲਿਆਂ ਤੋਂ ਨਜ਼ਰਾਂ ਬਚਾ ਕੇ ਸੀਟੀ ਵਜਾਉਣ ਦੀ ਪ੍ਰੈਕਟਿਸ ਕਰਦੀ ਰਹੀ ਮੈਂ। ਪਹਿਲਾਂ ਨਾਲੋਂ ਠੀਕ ਸੀ, ਪਰ ਮੇਰੀ ਸੀਟੀ ਏਨੀ ਵੀ ਚੰਗੀ ਨਹੀਂ ਕਿ ਕੋਈ ਬਾਹਰੋਂ ਸੁਣ ਸਕੇ। ਵਾਰ-ਵਾਰ ਜੀਅ ਕਰਦਾ ਸੀ ਕਿ ਉਹਦੀ ਬਿਲਡਿੰਗ ਦੇ ਸਾਹਮਣੇ ਜਾ ਕੇ ਵਜਾਵਾਂ ਸੀਟੀ, ਬੁਲਾ ਲਵਾਂ ਉਹਨੂੰ ਅਤੇ ਖੇਡਦੀ ਰਹਾਂ ਉਸ ਨਾਲ, ਏਧਰੋਂ ਓਧਰ। ਲੁਕਣ- ਮੀਚੀ ਤੋਂ ਇਲਾਵਾ ਵੀ ਕਈ ਨਵੀਂਆਂ-ਨਵੀਂਆਂ ਖੇਡਾਂ ਦੀ ਯੋਜਨਾ ਬਣਨ ਲੱਗੀ ਦਿਮਾਗ਼ ਵਿਚ। ਉਹ ਸਾਰੀਆਂ ਖੇਡਾਂ ਯਾਦ ਆਉਣ ਲੱਗੀਆਂ, ਜੋ ਆਪਣੇ ਵਿਹੜੇ ਵਿਚ ਖੇਡਿਆ ਕਰਦੇ ਸਾਂ ਅਤੇ ਦੌੜ-ਦੌੜ ਕੇ, ਹਫ਼-ਹਫ਼ ਕੇ ਸਾਹਮਣੇ ਵਾਲੇ ਨੂੰ ਆਊਟ ਕਰਨ ਦਾ ਹੱਸਦੇ-ਹੱਸਦੇ ਮਜ਼ਾ ਲੈਂਦੇ ਸਾਂ।
      ਆਪਣੇ ਬਚਪਨ ਨੂੰ ਵਾਪਸ ਬੁਲਾ ਕੇ ਬਹੁਤ ਖੁਸ਼ ਹਾਂ ਅਸੀਂ ਦੋਵੇਂ। ਨਿਸਚਲ ਅਤੇ ਗ਼ੈਰ-ਰਸਮੀ ਜੀਵਨ, ਜਿੱਥੇ "ਨੀ" ਅਤੇ "ਤੂੰ" ਵਿੱਚ ਦੋਸਤੀ ਹੋ ਗਈ ਸੀ ਡੂੰਘੀ। ਟਾਈਮ ਮਸ਼ੀਨ ਲੱਗ ਗਈ ਸੀ ਜਿਵੇਂ ਦੋਹਾਂ ਦੇ ਦਿਮਾਗ ਵਿਚ, ਕਈ ਸਾਲ ਪਿੱਛੇ ਆ ਗਏ ਸਾਂ। ਉਂਜ ਵੀ ਅੱਗੇ ਦਾ ਸੋਚਣ ਲਈ ਕੁਝ ਬਚਿਆ ਨਹੀਂ ਸੀ। ਬਹੁਤ ਸਾਰਾ ਸਮਾਂ ਬੀਤ ਚੁੱਕਾ ਸੀ। ਜੋ ਨਹੀਂ ਬੀਤਿਆ ਸੀ, ਉਹ ਸੀ ਆਉਣ ਵਾਲਾ ਕੱਲ੍ਹ, ਜੋ ਰਹਿ-ਰਹਿ ਕੇ ਸਾਹਮਣੇ ਆ ਜਾਂਦਾ ਅਤੇ ਨਿਰਾਸ਼ਾ ਤੋਂ ਬਿਨਾਂ ਕੁਝ ਨਹੀਂ ਦੇ ਸਕਦਾ ਸੀ। ਹੁਣ ਜੋ ਸਾਹਮਣੇ ਆਇਆ ਸੀ, ਉਹ ਇੱਕ ਅਜੂਬਾ ਸੀ। ਸਾਲਾਂ ਦੇ ਅੰਦਰ ਰਹਿ ਕੇ ਅੰਦਰ ਦੇ ਬੱਚੇ ਨੇ ਕਦੇ ਇਸ ਤਰ੍ਹਾਂ ਬਾਹਰ ਆਉਣ ਦੀ ਹਿੰਮਤ ਨਹੀਂ ਕੀਤੀ ਸੀ। ਅੰਦਰ ਹੀ ਲੁਕਿਆ ਰਿਹਾ, ਡਰਦਾ ਜਿਹਾ। ਅਤੇ ਹੁਣ ਵੇਖੋ ਪੂਰੀ ਤਾਕਤ ਨਾਲ ਬਾਹਰ, ਇੱਕ ਨਵਾਂ ਜਨਮ, ਇਕ ਨਵਾਂ ਬਚਪਨ ਅਤੇ ਇਕ ਨਵਾਂ ਦੋਸਤ। ਖੇਡਣ ਲਈ, ਖਿਡਾਉਣ ਲਈ ਬਿਨਾਂ ਰੋਕ- ਟੋਕ ਤੋਂ ਕੁਝ ਆਪਣਾ ਜਿਹਾ। ਸਭਿਅ ਸਮਾਜ ਦੀਆਂ ਰਸਮਾਂ ਵਿਚ ਮਨ ਭੁੱਲਣ ਲੱਗਿਆ ਸੀ ਕਿ ਮਨ ਦਾ ਆਪਣਾਪਣ ਕੈਸਾ ਹੁੰਦਾ ਹੈ! ਹੁਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦਾ, ਦਿਨ ਦਾ ਹਰ ਸਮਾਂ ਸਾਡਾ ਆਪਣਾ ਸੀ। ਖੇਡਦੇ-ਲੜਦੇ-ਝਗੜਦੇ ਅਤੇ ਵਾਪਿਸ ਚਲੇ ਜਾਂਦੇ। ਅਗਲੇ ਦਿਨ ਦੀ ਉਡੀਕ ਕਰਦੇ। ਇਹ ਉਹ ਸਮਾਂ ਹੁੰਦਾ, ਜਦੋਂ ਆਸਪਾਸ ਦੇ ਸਾਰੇ ਬੱਚੇ ਸਕੂਲ ਵਿੱਚ ਹੁੰਦੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਕੰਮ ਤੇ। ਪੂਰੀ ਦੁਪਹਿਰ ਦਾ ਸੁੰਨਾਪਣ ਸਾਡਾ ਆਪਣਾ ਹੁੰਦਾ, ਕਿਲਕਾਰੀਆਂ ਨਾਲ ਭਰਿਆ। ਬੁੱਢੇ ਮਨਾਂ ਵਿੱਚ ਨਵਾਂ ਜੋਸ਼ ਭਰ ਗਿਆ ਸੀ। ਅਸੀਂ ਦੋਵੇਂ ਖਾਂਦੇ-ਪੀਂਦੇ, ਖੇਡਦੇ ਅਤੇ ਨਵੀਂਆਂ ਥਾਵਾਂ ਲੱਭਦੇ, ਜਿੱਥੇ ਦੋ ਬੁੱਢਿਆਂ ਦੇ ਬਚਪਨ ਨੂੰ ਕੋਈ ਵੇਖ ਨਾ ਸਕੇ।
     ਅਜਿਹੀ ਹੀ ਇੱਕ ਦੁਪਹਿਰ ਸੀ, ਆਪਸ ਵਿੱਚ ਖੋਹ-ਖਿੱਚ ਕਰਦੇ, ਇੱਕ ਦੂਜੇ ਦੇ ਪਿੱਛੇ ਦੌੜਨ ਲੱਗੇ ਅਸੀਂ ਦੋਵੇਂ। ਜਿੱਤਣ ਲਈ ਦੌੜਨਾ ਜ਼ਰੂਰੀ ਸੀ। ਹਾਰਨਾ ਕਿਸੇ ਨੂੰ ਪਸੰਦ ਨਹੀਂ ਸੀ, ਇਸ ਲਈ ਕੋਈ ਕਿਸੇ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ ਸੀ। ਭੁੱਲ ਗਏ ਸਾਂ ਕਿ ਅਸੀਂ ਦੌੜ ਨਹੀਂ ਸਕਦੇ ਹੁਣ। ਭੁੱਲ ਗਏ ਸਾਂ ਕਿ ਅਸੀਂ ਸੱਤ ਸਾਲ ਦੇ ਨਹੀਂ, ਸੱਤਰ ਸਾਲ ਦੇ ਹਾਂ। ਜਿੱਤਣ ਦਾ ਹੌਸਲਾ ਅਜਿਹਾ ਸੀ ਕਿ ਆਪਣਾ ਪੂਰਾ ਜ਼ੋਰ ਲਾ ਕੇ ਦੌੜ ਰਹੇ ਸਾਂ। ਕੁਝ ਹੀ ਪਲਾਂ ਵਿੱਚ ਇੱਕ ਦੂਜੇ ਨੂੰ ਫੜਨ ਲਈ ਹੱਥ ਫੈਲਾਏ, ਟਕਰਾਏ, ਡਿੱਗੇ ਅਤੇ ਅਜਿਹੇ ਡਿੱਗੇ ਕਿ ਫਿਰ ਉੱਠ ਨਾ ਸਕੇ।
      ਕੁਝ ਚਿਰ ਉਵੇਂ ਹੀ ਪਏ ਰਹੇ। ਆਪਣੇ ਧੱਕ-ਧੱਕ ਕਰਦੇ ਸਾਹਾਂ ਨੂੰ ਸੁਧਾਰਨ ਗਤੀ ਦੇਣ ਦੀ ਕੋਸ਼ਿਸ਼ ਕਰਦੇ ਰਹੇ। ਕੋਈ ਆਸਪਾਸ ਹੁੰਦਾ, ਤਾਂ ਉਠਾਉਣ ਆਉਂਦਾ। ਪਰ ਉੱਥੇ ਤਾਂ ਕੋਈ ਸੀ ਹੀ ਨਹੀਂ। ਮੁੜ ਕੇ ਇੱਕ ਦੂਜੇ ਨੂੰ ਵੇਖਦੇ ਰਹੇ। ਸਾਹਾਂ ਦੀ ਗਤੀ ਬੇਤਹਾਸ਼ਾ ਤੇਜ਼ ਸੀ। ਧੱਕ-ਧੱਕ-ਧੱਕ-ਧੱਕ ਮਸ਼ੀਨ ਫਿੱਟ ਹੋ ਗਈ ਸੀ, ਜੋ ਰੁਕ ਨਹੀਂ ਰਹੀ ਸੀ। ਅਸੀਂ ਦੋਹਾਂ ਨੇ ਇਕ ਦੂਜੇ ਨੂੰ ਹੱਥ ਨਾਲ ਇਸ਼ਾਰਾ ਕੀਤਾ ਕਿ 'ਚਿੰਤਾ ਨਾ ਕਰੋ, ਕੁਝ ਚਿਰ ਰੁਕੋ, ਕੁਝ ਨਾ ਕੁਝ ਕਰ ਹੀ ਲਵਾਂਗੇ।' ਲੱਖ ਕੋਸ਼ਿਸ਼ ਕਰਨ ਤੇ ਵੀ ਉੱਠਣ ਦੀ ਕੋਸ਼ਿਸ਼ ਨਾਕਾਮਯਾਬ ਰਹੀ ਤਾਂ ਪਏ ਰਹਿਣ ਵਿੱਚ ਹੀ ਭਲਾਈ ਸਮਝੀ।
      ਅੱਗੇ ਕੀ ਹੋਵੇਗਾ, ਉੱਠ ਸਕਾਂਗੇ ਜਾਂ ਨਹੀਂ, ਫਿਰ ਤੋਂ ਖੇਡ ਸਕਾਂਗੇ ਜਾਂ ਨਹੀਂ, ਕੁਝ ਪਤਾ ਨਹੀਂ ਚੱਲ ਰਿਹਾ ਸੀ। ਬਸ ਇੰਨਾ ਜ਼ਰੂਰ ਪਤਾ ਸੀ ਕਿ ਇਹ ਖੁਸ਼ਨੁਮਾ ਘੜੀਆਂ ਸਨ, ਦੋ ਵੱਖਰੇ ਕਿਨਾਰੇ ਮਿਲ ਰਹੇ ਸਨ। ਵੱਖ-ਵੱਖ ਦੂਰੀ ਤੇ, ਧਰਤੀ ਤੇ ਪਏ ਅਸੀਂ ਦੋਵੇਂ ਮੁਸਕਰਾ ਰਹੇ ਸਾਂ। ਇੱਕ ਤ੍ਰਿਪਤੀ ਦੀ ਮੁਸਕੁਰਾਹਟ। ਆਪਣੇ-ਆਪਣੇ ਮਨਾਂ ਦੀ ਮਨਮਾਨੀ ਕਰ ਲੈਣ ਦੀ ਮੁਸਕਰਾਹਟ। ਉਸ ਕਿਨਾਰੇ ਤਕ ਪਹੁੰਚਣ ਦੀ, ਜਿੱਥੋਂ ਜੀਵਨ ਦਾ ਸਫ਼ਰ ਸ਼ੁਰੂ ਹੋਇਆ ਸੀ। 
 
   """"""""""""""""""""
                         * ਮੂਲ : ਡਾ.ਹੰਸਾ ਦੀਪ 
                         * ਅਨੁ : ਪ੍ਰੋ. ਨਵ ਸੰਗੀਤ ਸਿੰਘ 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ