Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

'ਪਿਆਰ' - ਸੰਜੀਵ ਅਰੋੜਾ

September 28, 2021 10:34 PM
 'ਪਿਆਰ'
 
 
ਕਾਹਤੋਂ ਪਿਆਰ ਮਹਾਨ, ਜ਼ਰਾ ਦੱਸ ਖਾਂ  ਕਾਹਤੋਂ ਪਿਆਰ ਮਹਾਨ ? 
 
ਆ ਜਾ ਬਹਿ ਜਾ ਕੋਲ ਹੋ ਮੇਰੇ, 
ਲੈ ਸੁਣ ਫਿਰ  ਇਸ ਦੀ ਸ਼ਾਨ ।
ਕਾਹਤੋਂ ਪਿਆਰ ਮਹਾਨ ਓ ਸੱਜਣਾ ਕਾਹਤੋਂ ਪਿਆਰ ਮਹਾਨ ?      
 
 
ਪਿਆਰ ਕਦੇ ਨਾ ਨਫ਼ਰਤ ਕਰਦਾ ,
ਤੱਤੀਆਂ ਤਵੀਆਂ ਤੇ ਵੀ ਸ਼ੁਕਰ ਹੈ  ਕਰਦਾ ।
ਸਰਬੰਸ ਵਾਰ ਕੇ ਸਭ ਦੇ ਦੁੱਖ ਜਰਦਾ ,
ਮੂੰਹੋਂ  ਫਿਰ ਵੀ ਉਫ਼ ਨਾ ਕਰਦਾ ।
ਤਾਹੀਓਂ ਪਿਆਰ ਮਹਾਨ ਓ ਸੱਜਣਾ ਤਾਹੀਓਂ ਪਿਆਰ ਮਹਾਨ ।।   
 
 
ਚਰਖੜੀਆਂ ਉੱਤੇ ਭੱਜ ਜਾ ਚੜ੍ਹਦਾ ,
ਖੱਲ ਲੁਹਾ ਕੇ ਵੱਡੇ ਦੁੱਖ ਜਰਦਾ ।
ਹਸਤੀ ਆਪਣੀ ਖ਼ਾਕ ਇਹ ਕਰਦਾ ,
ਮੂੰਹੋਂ ਫਿਰ ਵੀ ਉਫ਼ ਨਾ ਕਰਦਾ ।
ਤਾਹੀਓਂ ਪਿਆਰ ਮਹਾਨ ਓ ਸੱਜਣਾ ਤਾਹੀਓਂ  ਪਿਆਰ ਮਹਾਨ ।।
 
 
 ਪਿਆਰ ਤਾਂ ਕੰਜਰੀ ਬਣ ਕੇ ਨੱਚਦਾ ,
ਮੁਰਸ਼ਦ ਅੱਗੇ ਘੁੰਗਰੂ ਬੰਨ੍ਹ ਮੱਚਦਾ ।
ਕੱਚਿਆਂ ਘੜਿਆਂ ਸੰਗ ਵੀ ਤਰਦਾ ,
ਮੂੰਹੋਂ ਫਿਰ ਵੀ ਉਫ਼ ਨਾ ਕਰਦਾ ।
ਤਾਹੀਓਂ ਪਿਆਰ ਮਹਾਨ ਓ  ਸੱਜਣਾ ਤਾਹੀਓਂ ਪਿਆਰ ਮਹਾਨ ।।
 
 
ਬਿਰਹਾ ਦੀ ਅੱਗ ਵਿੱਚ ਰਹਿੰਦਾ ਸੜਦਾ , 
ਦੂਜਿਆਂ ਤੇ ਕਦੇ ਦੋਸ਼ ਨਾ ਮੜੵਦਾ ।
ਨਫ਼ਾ ਨੁਕਸਾਨ ਨੂੰ ਹੱਸ ਕੇ ਜਰਦਾ ,
ਮੂੰਹੋਂ ਫਿਰ ਵੀ ਉਫ਼ ਨਾ ਕਰਦਾ ।
ਤਾਹੀਓਂ ਪਿਆਰ ਮਹਾਨ ਓ  ਸੱਜਣਾ ਤਾਂਹੀਓਂ ਪਿਆਰ ਮਹਾਨ ।।
 
 
 
ਦੁਸ਼ਮਣ ਦੇ ਵੀ ਪੱਟੀਆਂ ਕਰਦਾ ,
ਸੀਸ  ਵਾਰ ਕੇ ਸਭ ਦੇ  ਦੁਖ  ਜਰਦਾ ।
'ਸੰਜੀਵ' ਛੱਡ ਨਫ਼ਰਤ  ਚੱਖ਼  ਅਮਿ੍ਤ ਇੱਕ ਵਾਰੀ ,
ਫੇਰ  ਪਿਆਰ ਦਾ ਵੇਖੀਂ  ਕਿਵੇਂ ਮੀਂਹ  ਵਰ੍ਹਦਾ   ।
ਤਾਹੀਓਂ ਪਿਆਰ ਮਹਾਨ ਓ ਝੱਲਿਆ ਤਾਹੀਓਂ  ਪਿਆਰ ਮਹਾਨ ।।
 
 
ਸੰਜੀਵ ਅਰੋੜਾ ( ਲੈਕਚਰਾਰ ) 

Have something to say? Post your comment