ਇਨਸਾਫ਼ ਦੀ ਆਵਾਜ਼ ਜਥੇਬੰਦੀ ਨੇ ਭਾਰਤ ਬੰਦ ਵਿੱਚ ਦਿੱਤਾ ਪੂਰਾ ਸਮਰਥਨ--ਰਾਏਪੁਰ।
ਮਾਨਸਾ(ਨਾਨਕ ਸਿੰਘ ਖੁਰਮੀ) :ਅੱਜ ਦੇ ਭਾਰਤ ਬੰਦ ਮੌਕੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਨੇ ਅਪਨਾ ਪੂਰਾ ਸਮਰਥਨ ਦਿੱਤਾ ਅਤੇ ਪੂਰਾ ਦਿਨ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਰੇਬਾਜੀ ਕਰਦਿਆਂ ਧਰਨੇ ਤੇ ਡਟੇ ਰਹੇ।
ਇਨਸਾਫ਼ ਦੀ ਆਵਾਜ਼ ਜਥੇਬੰਦੀ ਦੇ ਪੰਜਾਬ ਦੇ ਮੁੱਖ ਬੁਲਾਰਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਦਰ ਵਿੱਚ ਜਿਆਦਾਤਰ ਯੂਪੀਏ ਅਤੇ ਐਨਡੀਏ ਸਰਕਾਰ ਨੇ ਰਾਜ ਕੀਤਾ ਹੈ ਅਤੇ ਪੰਜਾਬ ਵਿੱਚ ਆਕਾਲੀ ਦਲ ਤੇ ਕਾਂਗਰਸ ਸਰਕਾਰ ਨੇ ਹੀ ਰਾਜ ਕੀਤਾ ਹੈ। ਸਰਕਾਰਾਂ ਸਮੇਂ ਸਮੇਂ ਤੇ ਗਿਰਗਟ ਵਾਂਗ ਰੰਗ ਬਦਲਦੀਆਂ ਰਹੀਆਂ ਨੇ। ਇਨ੍ਹਾਂ ਸਰਕਾਰਾਂ ਕਰਕੇ ਹੀ ਅੱਜ ਸੋਨੇ ਦੀ ਚਿੜੀ ਭਾਰਤ ਤੇ ਪੰਜਾਬ ਦੇ ਖੰਭ ਇਨ੍ਹਾਂ ਜਾਲਮ ਸਰਕਾਰਾਂ ਨੇ ਪੱਟਕੇ ਸਾਨੂੰ ਕਰਜੇ ਹੇਠਾਂ ਦੱਬ ਦਿੱਤਾ ਹੈ। ਕਿਸਾਨ, ਮਜਦੂਰ ਤੇ ਨੋਜਵਾਨ ਹਰ ਰੋਜ਼ ਖੁਦਕਸੀਆ ਕਰ ਰਹੇ ਹਨ। ਕਿਸਾਨੀ ਤੇ ਨੋਜਵਾਨੀ ਖਤਮ ਕੀਤੀ ਜਾ ਰਹੀ ਹੈ। ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿਤੀ ਹੈ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਅੱਜ ਸਰਕਾਰ ਦਾ ਫਰਜ ਬਣਦਾ ਹੈ ਕਿ ਕਿਸਾਨਾਂ ਨੂੰ ਨਰਮੇ ਦੀ ਫਸਲ ਦੀ ਗਿਦਾਵਰੀ ਕਰਵਾ ਕੇ ਜਲਦੀ ਕਿਸਾਨਾਂ ਨੂੰ 50 ਹਜਾਰ ਰੁਪਏ ਏਕੜ ਦਾ ਮੁਆਵਜ਼ਾ ਅਤੇ ਮਜਦੂਰਾਂ ਨੂੰ ਪਤੀ ਵਿਆਕਤੀ 20 ਹਜਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕਰੇ। ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਪਰਲ ਕੰਪਨੀ ਤੋਂ ਪੀੜਤ ਨਿਵੇਸਕਾ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਬਾਰਕ ਪਰਲ ਕੰਪਨੀ ਦੀਆਂ ਜਮੀਨਾਂ ਵੇਚ ਕੇ ਪੰਜਾਬ ਦੇ 25 ਲੱਖ ਲੋਕਾਂ ਦਾ 10 ਹਜਾਰ ਕਰੌੜ ਰੁਪਏ ਵਾਪਸ ਕਰਵਾਉਣ ਲਈ ਅੱਗੇ ਆਵੇ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਕਿਸਾਨੀ ਸੰਘਰਸ਼ ਵਿੱਚ ਡਟ ਕੇ ਖੜੇ ਹਾਂ।