Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ 24 ਨਵੰਬਰ ਤੋਂ 5 ਦਸੰਬਰ ਤੱਕ ਕਲਿੰਗਾ ਸਟੇਡੀਅਮ ਭੁਵਨੇਸ਼ਵਰ ਵਿਖੇ

September 26, 2021 11:27 PM
ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ 24 ਨਵੰਬਰ ਤੋਂ 5 ਦਸੰਬਰ ਤੱਕ ਕਲਿੰਗਾ ਸਟੇਡੀਅਮ ਭੁਵਨੇਸ਼ਵਰ ਵਿਖੇ  
 
ਦੁਨੀਆਂ ਦੀਆਂ 16 ਟੀਮਾਂ ਲੈਣਗੀਆਂ ਹਿੱਸਾ , ਭਾਰਤ ਚੱਲੇਗੀ ਹਾਕੀ ਦੀ ਮੁੜ ਤੋਂ ਲਹਿਰ  
12 ਵਾਂ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ ਇਸ ਵਰ੍ਹੇ 24 ਨਵੰਬਰ ਤੋਂ 5 ਦਸੰਬਰ ਤੱਕ ਕਲਿੰਗਾ ਸਟੇਡੀਅਮ ਭੁਵਨੇਸ਼ਵਰ ਵਿਖੇ ਹੋਵੇਗਾ । ਭੁਵਨੇਸ਼ਵਰ ਪਿਛਲੇ 10 ਸਾਲਾਂ ਵਿਚ ਕਈ ਵੱਡੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰ ਚੁੱਕਿਆ ਹੈ। ਜਿਨ੍ਹਾਂ ਵਿੱਚ 2018 ਸਾਲ ਦਾ ਸੀਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ, ਵਰਲਡ ਹਾਕੀ ਲੀਗ ਦਾ ਫਾਇਨਲ, ਪ੍ਰੋ ਹਾਕੀ ਲੀਗ ਆਦਿ ਕਈ ਹੋਰ ਪ੍ਰਮੁੱਖ ਟੂਰਨਾਮੈਂਟ  ਦੀ ਮੇਜ਼ਬਾਨੀ ਕਰਨ ਨਾਲ ਕਲਿੰਗਾ ਸਟੇਡੀਅਮ ਦੁਨੀਆਂ ਦੀ ਹਾਕੀ ਦੀ ਰਾਜਧਾਨੀ ਬਣ ਗਿਆ ਹੈ  ।
         ਜੂਨੀਅਰ ਵਿਸ਼ਵ ਕੱਪ ਹਾਕੀ ਦੀ ਸ਼ੁਰੂਆਤ ਸਾਲ 1979 ਵਿੱਚ ਫਰਾਂਸ ਤੋਂ ਹੋਈ ਸੀ , ਜੇਕਰ ਜੂਨੀਅਰ ਵਿਸ਼ਵ ਕੱਪ ਹਾਕੀ ਦੇ 42 ਸਾਲਾ ਇਤਿਹਾਸ ਉੱਤੇ ਝਾਤ ਮਾਰੀਏ ਤਾਂ ਹੁਣ ਤਕ ਜਰਮਨੀ ਸਭ ਤੋਂ ਵੱਧ ਵਾਰ ਚੈਂਪੀਅਨ ਬਣਿਆ, ਜਰਮਨੀ ਨੇ ਜੂਨੀਅਰ ਵਿਸ਼ਵ ਕੱਪ ਹਾਕੀ ਵਿੱਚ  6 ਵਾਰ ਖ਼ਿਤਾਬੀ ਜਿੱਤ ਹਾਸਲ ਕੀਤੀ ਹੈ ਜਦਕਿ ਉਸ ਤੋਂ ਬਾਅਦ ਭਾਰਤ ਨੇ 2 ਵਾਰ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ ਜਿੱਤਣ ਦਾ ਮਾਣ ਹਾਸਲ ਕੀਤਾ ਹੈ ਜਦਕਿ ਪਾਕਿਸਤਾਨ 1979 ਵਿੱਚ ਪਲੇਠਾ ਵਿਸ਼ਵ ਚੈਂਪੀਅਨ ਬਣਿਆ ਸੀ ਉਸ ਤੋਂ ਬਾਅਦ   ਆਸਟ੍ਰੇਲੀਆ  ਅਤੇ ਅਰਜਨਟੀਨਾ ਦੀਆਂ ਟੀਮਾਂ ਇੱਕ ਇੱਕ ਵਾਰ ਵਿਸ਼ਵ ਚੈਂਪੀਅਨ ਬਣੀਆਂ ਹਨ । ਭਾਰਤ ਜੂਨੀਅਰ ਵਿਸ਼ਵ ਕੱਪ ਦਾ ਵਰਤਮਾਨ ਚੈਂਪੀਅਨ ਹੈ ਭਾਰਤ ਨੇ ਆਖ਼ਰੀ ਵਾਰ  ਸਾਲ 2016 ਵਿੱਚ ਲਖਨਊ ਵਿਖੇ ਹੋਏ ਜੂਨੀਅਰ ਵਿਸ਼ਵ ਕੱਪ ਵਿੱਚ ਆਪਣੀ ਮੇਜ਼ਬਾਨੀ ਦਾ ਲਾਹਾ ਲੈਂਦਿਆਂ ਫਾਈਨਲ ਮੁਕਾਬਲੇ ਵਿੱਚ ਬੈਲਜੀਅਮ ਨੂੰ 2-1 ਗੋਲਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ  ਸੀ ਜਦਕਿ ਇਸ ਤੋਂ ਪਹਿਲਾਂ ਭਾਰਤ ਨੇ ਸਾਲ 2001 ਵਿੱਚ ਹੌਬਰਟ ਆਸਟ੍ਰੇਲੀਆ ਵਿਖੇ ਹੋਏ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲੇ ਵਿੱਚ ਅਰਜਨਟੀਨਾ ਨੂੰ  6-1 ਗੋਲਾਂ ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ । ਇਹ ਤੀਸਰਾ ਮੌਕਾ ਹੈ ਜਦੋਂ ਭਾਰਤ ਨੂੰ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਮਾਣ ਮਿਲਿਆ ਹੈ। ਕਲਿੰਗਾ ਸਟੇਡੀਅਮ ਭੁਵਨੇਸ਼ਵਰ ਵਿਖੇ ਹੋਣ ਵਾਲੇ ਜੂਨੀਅਰ  ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲੇ ਵਿੱਚ 4  ਮਹਾਂਦੀਪਾਂ ਦੀਆਂ 16 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਵਿੱਚ ਯੂਰਪ ਮਹਾਂਦੀਪ ਤੋਂ 6 ਟੀਮਾਂ ਜਿਨ੍ਹਾਂ ਵਿੱਚ  ਸਭ ਤੋਂ ਵੱਧ ਵਾਰ ਚੈਂਪੀਅਨ ਬਣਨ ਵਾਲੀ ਜਰਮਨੀ, ਹਾਲੈਂਡ ,ਬੈਲਜੀਅਮ, ਇੰਗਲੈਂਡ ,ਸਪੇਨ, ਫਰਾਂਸ ਜਦਕਿ ਅਫਰੀਕਨ ਮਹਾਂਦੀਪ ਤੋਂ ਦੱਖਣੀ  ਅਫ਼ਰੀਕਾ ਅਤੇ ਮਿਸਰ ਅਮਰੀਕਨ ਮਹਾਂਦੀਪ ਤੋਂ ਅਰਜਨਟੀਨਾ ,ਚਿੱਲੀ ਅਮਰੀਕਾ, ਕੈਨੇਡਾ ਦੀਆਂ ਟੀਮਾਂ  ਜਦਕਿ ਏਸ਼ੀਆ ਮਹਾਂਦੀਪ ਤੋਂ ਪਾਕਿਸਤਾਨ ਮਲੇਸ਼ੀਆ ਕੋਰੀਆ ਅਤੇ ਮੇਜ਼ਬਾਨ ਅਤੇ ਵਰਤਮਾਨ ਚੈਂਪੀਅਨ ਭਾਰਤ ਦੀਆਂ ਟੀਮਾਂ ਹਿੱਸਾ ਲੈਣਗੀਆਂ । ਇਸ ਵਾਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਨੇ ਕੋਰੋਨਾ ਮਾਂਹਾਂਮਾਰੀ ਕਾਰਨ ਵਿਸ਼ਵ ਕੱਪ ਹਾਕੀ ਵਿੱਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ । ਉਨ੍ਹਾਂ ਦੀ ਜਗ੍ਹਾ ਤੇ ਅਮਰੀਕਾ ਅਤੇ ਕੈਨੇਡਾ ਦੀਆਂ ਟੀਮਾਂ ਨੂੰ ਵਾਈਲਡ ਕਾਰਡ ਰਾਹੀਂ   ਐਂਟਰੀ ਦਿੱਤੀ ਗਈ ਹੈ । ਭਾਰਤ ਕੋਲ ਤੀਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਆਪਣੀ ਮੇਜ਼ਬਾਨੀ ਹੇਠ ਸੁਨਹਿਰੀ ਮੌਕਾ ਹੈ । ਟੋਕੀਓ ਓਲੰਪਿਕ ਖੇਡਾਂ 2021  ਵਿੱਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਭਾਰਤ ਵਿਚ ਹਾਕੀ ਪੱਖੀ ਇੱਕ ਵੱਡੀ ਲਹਿਰ ਚੱਲ ਰਹੀ ਹੈ, ਇਹ ਜੂਨੀਅਰ ਵਿਸ਼ਵ ਕੱਪ ਹਾਕੀ ਦੀ ਮੇਜ਼ਬਾਨੀ ਭਾਰਤੀ ਹਾਕੀ ਦੀ  ਲਹਿਰ ਨੂੰ ਹੋਰ ਬੜਾਵਾ ਦੇਵੇਗੀ, ਜੇਕਰ ਭਾਰਤ ਇਸ ਵਾਰ ਚੈਂਪੀਅਨ ਬਣਦਾ ਹੈ ਤਾਂ ਉਹ ਹੋਰ ਵੀ ਸੋਨੇ ਤੇ ਸੁਹਾਗਾ ਹੋ ਜਾਵੇਗਾ ਅਤੇ ਭਾਰਤੀ ਹਾਕੀ ਦੇ ਚੰਗੇ ਦਿਨ ਵਾਪਸ  ਪਰਤ ਆਉਣਗੇ ਕੁੱਲ ਮਿਲਾ ਕੇ ਨਵੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਤੋਂ ਲੈ ਕੇ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਤਕ ਭਾਰਤ ਵਿੱਚ  ਮੁੜ ਤੋਂ ਹਾਕੀ ਦਾ ਬੋਲਬਾਲਾ ਹੋਵੇਗਾ ਹਾਕੀ ਦੀ ਇਕ ਉਸਾਰੂ ਲਹਿਰ ਚੱਲੇਗੀ ਪਰ ਵੱਡੀ ਗਿਣਤੀ ਵਿਚ ਬੱਚੇ ਹਾਕੀ ਨਾਲ ਜੁਡ਼ਨਗੇ । ਪ੍ਰਮਾਤਮਾ ਭਰਤੀ ਟੀਮ ਤੇ ਖ਼ੈਰ ਕਰੇ, ਭਾਰਤੀ ਹਾਕੀ ਦਾ ਰੱਬ ਰਾਖਾ !
ਜਗਰੂਪ ਸਿੰਘ ਜਰਖੜ

Have something to say? Post your comment