ਪਿਆਰ ਦੇ ਅਰਥ---।
ਪਿਆਰ ਦੀ ਪ੍ਰੀਭਾਸ਼ਾ ਅੱਜ ਤੱਕ ਕੋਈ ਨਹੀਂ ਦੇ ਸਕਿਆ।ਇਸ ਨੂੰ ਕੋਈ ਵਿਸਥਾਰ ਪੂਰਵਕ ਸਮਝਾ ਨਹੀਂ ਸਕਿਆ, ਇਹ ਕਿੰਨਾ ਕੀਤਾ, ਇਸਦੀ ਨਾ ਗਹਿਰਾਈ ਨਾਪੀ ਗਈ ਤੇ ਨਾ ਤੋਲਿਆ ਨਾਪਿਆ ਗਿਆ।ਆਪਾਂ ਸਿੱਧੇ ਜਿਹੇ ਤਰੀਕੇ ਨਾਲ ਕਹਿ ਲਈਏ ਤਾਂ ਪਿਆਰ ਭਾਵਨਾਵਾਂ ਦਾ ਵੇਗ ਹੈ,ਜਿਸ ਨੂੰ ਅਸੀਂ ਪਿਆਰ ਕਰਦੇ ਹਾਂ ਉਸ ਤੋਂ ਸਦਕੇ ਜਾਂਦੇ ਹਾਂ।ਪਿਆਰ ਹਰ ਰਿਸ਼ਤੇ ਵਿੱਚ ਮਾਇਨੇ ਰੱਖਦਾ ਹੈ।ਜੰਮਦੇ ਬੱਚੇ ਨੂੰ ਮਾਂ ਦਾ ਪਿਆਰ ਮਿਲਦਾ ਹੈ।ਮਾਂ ਆਪਣੇ ਬੱਚੇ ਤੋਂ ਵਾਰੀ ਵਾਰੀ ਜਾਂਦੀ ਹੈ।ਜਨੇਪੇ ਦੀਆਂ ਪੀੜਾਂ ਉਸ ਨੂੰ ਕਦੇ ਯਾਦ ਨਹੀਂ ਆਉਂਦੀਆਂ, ਰਾਤਾਂ ਦੀ ਨੀਂਦ ਦੀ ਉਹ ਪਰਵਾਹ ਨਹੀਂ ਕਰਦੀ।ਮਾਂ ਦਾ ਪਿਆਰ ਨਿਰਸਵਾਰਥ ਹੁੰਦਾ ਹੈ,ਮਾਂ ਦੇ ਪਿਆਰ ਦਾ ਕੋਈ ਬਦਲ ਨਹੀਂ ਹੁੰਦਾ।ਮਾਂ ਦੇ ਪਿਆਰ ਤੇ ਕੁਰਬਾਨੀ ਦੀ ਕੋਈ ਕੀਮਤ ਨਹੀਂ ਚੁਕਾ ਸਕਦਾ।ਮੁਨਸ਼ੀ ਪ੍ਰੇਮ ਚੰਦ ਨੇ ਲਿਖਿਆ ਹੈ,"ਮਾਂ ਦੀ ਕੁਰਬਾਨੀ ਦਾ ਮੁੱਲ ਕੋਈ ਵੀ ਨਹੀਂ ਦੇ ਸਕਦਾ।ਚਾਹੇ ਉਹ ਸਾਰੀ ਧਰਤੀ ਦਾ ਮਾਲਕ ਕਿਉਂ ਨਾ ਹੋਵੇ।"ਬਾਪ ਦੇ ਪਿਆਰ ਤੇ ਕੁਰਬਾਨੀਆਂ ਨੂੰ ਅੱਖੋ ਪਰੋਖੇ ਕਿਵੇਂ ਕੀਤਾ ਜਾ ਸਕਦਾ ਹੈ।ਇੱਕ ਬਾਪ ਹੀ ਹੈ ਜੋ ਆਪਣੇ ਬੇਟੇ ਤੋਂ ਹਾਰ ਕੇ ਖੁਸ਼ ਹੁੰਦਾ ਹੈ।ਬਾਪ ਦੇ ਖਰਚੇ ਪੈਸੇ ਦਾ ਕੋਈ ਹਿਸਾਬ ਨਹੀਂ ਕਰ ਸਕਦਾ ਤੇ ਨਾ ਹੀ ਦੇ ਸਕਦਾ ਹੈ।ਹੁਣ ਜਦੋਂ ਮਾਪਿਆਂ ਨੂੰ ਪਿਆਰ ਚਾਹੀਦੀ ਹੁੰਦਾ ਹੈ,ਬੁਢਾਪੇ ਵਿੱਚ ਪੁੱਤ ਮਾਪਿਆਂ ਨੂੰ ਬ੍ਰਿਧ ਆਸ਼ਰਮ ਵਿੱਚ ਛੱਡਣ ਲੱਗ ਗਏ ਹਨ।ਮਾਪੇ ਤਾਂ ਪਿਆਰ ਚਾਹੁੰਦੇ ਹਨ,ਕੁਝ ਪਲਾਂ ਦਾ ਸਾਥ ਹੀ ਚਾਹੁੰਦੇ ਹਨ।ਪਿਆਰ ਇੱਕ ਅਜਿਹੀ ਦਵਾਈ ਹੈ ਜੋ ਜ਼ਖਮਾ ਨੂੰ ਠੀਕ ਹੋਣ ਵਿੱਚ ਮਦਦਗਾਰ ਹੁੰਦੀ ਹੈ।ਭੈਣ ਭਰਾਵਾਂ ਦਾ ਪਿਆਰ ਵੀ ਇਵੇਂ ਦਾ ਹੀ ਹੁੰਦਾ ਹੈ ਪਰ ਸਮੇਂ ਦੇ ਬਦਲਾ ਨੇ ਬਹੁਤ ਕੁਝ ਬਦਲ ਦਿੱਤਾ।ਭੈਣਾਂ ਭਰਾਵਾਂ ਦੀ ਸੁਖ ਮੰਗਦੀਆਂ,ਭਰਾਵਾਂ ਦੇ ਆਉਣ ਦੀ ਉਡੀਕ ਕਰਦੀਆਂ, ਭਰਾ ਵੀ ਭੈਣਾਂ ਦੇ ਦੁੱਖ ਸੁੱਖ ਵਿੱਚ ਪੂਰੀ ਤਰ੍ਹਾਂ ਆਪਣੀ ਜ਼ੁਮੇਵਾਰੀ ਨਿਭਾਉਂਦੇ।ਪਿਆਰ ਦੇ ਅਰਥ ਵੀ ਸਮੇਂ ਨੇ ਬਦਲ ਦਿੱਤੇ।ਰੱਖੜੀ ਦੇ ਤਿਉਹਾਰ ਤੇ ਬਹੁਤ ਸਾਰਾ ਪੜ੍ਹਨ ਨੂੰ ਮਿਲਿਆ।ਭੈਣ ਭਰਾ ਦੇ ਪਿਆਰ ਦਾ ਪ੍ਰਤੀਕ, ਜਿੰਨੀ ਦੇਰ ਮਾਪਿਆਂ ਨੇ ਰੱਖੜੀ ਦੇ ਪੈਸੇ ਦੇਣੇ ਹੁੰਦੇ ਹਨ ਉਦੋਂ ਤੱਕ ਹੀ ਪਿਆਰ ਦਾ ਪ੍ਰਤੀਕ ਹੁੰਦੀ ਹੈ।ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਨੇ ਤੇ ਭਰਾਵਾਂ ਨੂੰ ਏਹ ਰਸਮ ਨਿਭਾਉਣੀ ਪੈਂਦੀ ਹੈ ਤਾਂ ਬਹੁਤ ਵਾਰ ਬੋਝ ਹੀ ਹੋ ਜਾਂਦਾ ਹੈ।ਬਾਪ ਦੇ ਸਿਵੇ ਠੰਡੇ ਵੀ ਨਹੀਂ ਹੋਏ ਹੁੰਦੇ ਕਿ ਭਰਾ,ਜ਼ਮੀਨ ਦੀ ਵੰਡ ਲਈ ਕਾਹਲੇ ਪੈ ਜਾਂਦੇ ਨੇ।ਕਿੰਨਾ ਪਿਆਰ ਹੈ ਭੈਣ ਜ਼ਮੀਨ ਨਾ ਦੇਵੇ ਤਾਂ ਵੀ ਮਿਲਣਾ ਛੱਡ ਦਿੰਦੇ ਨੇ, ਦੇ ਦੇਵੇ ਤਾਂ ਵੀ ਛੱਡ ਦਿੰਦੇ ਨੇ।ਬੜੀ ਅਜੀਬ ਸੋਚ ਹੈ,ਭਰਾ ਭੈਣ ਦਾ ਹਿੱਸਾ ਲੈਣਾ ਆਪਣਾ ਹੱਕ ਸਮਝਦਾ ਹੈ ਤੇ ਭੈਣ ਆਪਣੇ ਬਾਪ ਦੀ ਜਾਇਦਾਦ ਵਿੱਚੋਂ ਹਿੱਸਾ ਲੈ ਲਵੇ ਤਾਂ ਗਲਤ।ਪਿਆਰ ਕਿਥੇ ਤੇ ਕਿਵੇਂ ਦਾ ਹੈ,ਸਮਝ ਨਹੀਂ ਆਇਆ।ਅਗਿਆਤ ਨੇ ਲਿਖਿਆ ਹੈ,"ਦੌਲਤ ਦੀ ਹਨੇਰੀ ਵਿੱਚ ਅਸੀਂ ਮੁਹੱਬਤ ਦੇ ਰਸਤੇ ਤੋਂ ਭਟਕ ਗਏ ਹਾਂ"।ਅੱਜ ਵੀ ਪਿਆਰ ਨੌਜਵਾਨ ਕੁੜੀਆਂ ਮੁੰਡਿਆਂ ਦਾ ਬਹੁਤ ਵਾਰ ਸਮਾਜ ਨੂੰ ਹਜ਼ਮ ਨਹੀਂ ਹੁੰਦਾ।ਅੱਜ ਵੀ ਕੁੜੀਆਂ ਮੁੰਡਿਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ।ਕਦੇ ਅਮੀਰ ਗਰੀਬ ਦੀ ਦੁਹਾਈ ਪੈਂਦੀ ਹੈ,ਕਦੇ ਜਾਤ ਪਾਤ ਦੀ,ਗੱਲ ਕੀ ਮੁਸੀਬਤ ਖੜੀ ਹੋ ਜਾਂਦੀ ਹੈ।ਹਕੀਕਤ ਏਹ ਹੈ ਕਿ ਪਿਆਰ ਤੇ ਰਿਸ਼ਤਿਆਂ ਵਿੱਚ ਜਦੋਂ ਪੈਸੇ ਦੀ ਗੱਲ ਹੁੰਦੀ ਹੈ ਤਾਂ ਸੱਭ ਦੀ ਸੋਚ ਤਕਰੀਬਨ ਇੱਕ ਹੀ ਹੁੰਦੀ ਹੈ।ਵਾਲਟੇਅਰ ਨੇ ਕਿਹਾ ਹੈ,"ਜਦੋਂ ਪੈਸੇ ਦਾ ਸਵਾਲ ਉੱਠਦਾ ਹੈ ਤਾਂ ਸੱਭ ਦਾ ਧਰਮ ਇੱਕ ਹੋ ਜਾਂਦਾ ਹੈ।"ਕੁਦਰਤ ਨੇ ਪਿਆਰ ਨੂੰ ਸਮਝਣ ਦੀ ਬੁੱਧੀ ਕੁੱਝ ਹੱਦ ਤੱਕ ਜਾਨਵਰਾਂ ਨੂੰ ਵੀ ਦਿੱਤੀ ਹੈ।ਜਾਨਵਰ ਵੀ ਪਿਆਰ ਦੀ ਛੋਹ,ਅੱਖਾਂ ਵਿੱਚੋਂ ਪਿਆਰ ਸਮਝ ਜਾਂਦਾ ਹੈ।ਪਿਆਰ ਤਾਂ ਪਿਆਰ ਹੈ ਏਹ ਸੋਚਕੇ ਨਹੀਂ ਕੀਤਾ ਜਾ ਸਕਦਾ।ਏਹ ਭਾਵਨਾਵਾਂ ਦੀ ਸਾਂਝ ਹੈ।ਜੋ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣ,ਕਦਰ ਕਰਨ,ਉਥੇ ਪਿਆਰ ਵੱਧਦਾ ਫੁੱਲਦਾ ਹੈ।ਜਿਥੇ ਵਾਧੇ ਘਾਟੇ, ਨਫੇ ਨੁਕਸਾਨ, ਅਮੀਰੀ ਗਰੀਬੀ, ਲਾਲਚ ਤੇ ਸਵਾਰਥ ਹੋਵੇ, ਉਥੇ ਪਿਆਰ ਨਹੀਂ ਹੋ ਸਕਦਾ।ਤੇ ਫੇਰ ਪਿਆਰ ਦੇ ਅਰਥ ਤਾਂ ਬਹੁਤ ਗਹਿਰੇ ਨੇ।ਹੰਕਾਰੀ ਬੰਦਾ ਪਿਆਰ ਨਹੀਂ ਕਰ ਸਕਦਾ,ਪੈਸੇ ਦਾ ਫਤੂਰ ਜਦੋਂ ਸਿਰ ਚੜ੍ਹ ਬੋਲਦਾ ਹੈ ਤਾਂ ਉਹ ਕਿਸੇ ਨੂੰ ਆਪਣੀ ਮੁੱਠੀ ਵਿੱਚ ਕਰਨਾ ਚਾਹੁੰਦਾ ਹੈ,ਪਰ ਪਿਆਰ ਵਿਹੂਣੇ ਰਿਸ਼ਤੇ ਇੱਕ ਇੱਕ ਕਰਕੇ, ਰੇਤ ਵਾਂਗ ਉਸਦੀ ਮੁੱਠੀ ਵਿੱਚੋਂ ਕਿਰ ਜਾਂਦੇ ਹਨ।ਪੈਸੇ ਨਾਲ ਪਿਆਰ ਕਰਨ ਵਾਲਾ ਤੇ ਪੈਸੇ ਕਰਕੇ ਹੰਕਾਰ ਕਰਨ ਵਾਲਾ, ਜੋ ਵੀ ਕਰੇਗਾ ਸਿਰਫ਼ ਪੈਸੇ ਲਈ ਕਰੇਗਾ।ਬੈਜਾਮਿਨ ਫਰੈਕਲਿਨ ਨੇ ਲਿਖਿਆ ਹੈ,"ਜਿਹੜਾ ਵਿਅਕਤੀ ਇਹ ਸੋਚਦਾ ਹੈ ਕਿ ਪੈਸਿਆਂ ਨਾਲ ਹੀ ਸਾਰਾ ਕੁੱਝ ਕੀਤਾ ਜਾ ਸਕਦਾ ਹੈ,ਉਸ ਦੇ ਬਾਰੇ ਇਹ ਸ਼ੱਕ ਕਰਨਾ ਗਲਤ ਨਹੀਂ ਹੋਵੇਗਾ ਕਿ ਉਹ ਸਾਰਾ ਕੁਝ ਪੈਸਿਆਂ ਲਈ ਹੀ ਕਰਦਾ ਹੈ।"ਤੇ ਫਿਰ ਪਿਆਰ ਦੇ ਅਰਥ ਤਾਂ ਕਿਸੇ ਨੇ ਸਮਝੇ ਹੀ ਨਹੀਂ।ਪਿਆਰ ਦੇ ਅਰਥ ਬਹੁਤ ਜ਼ਰੂਰੀ ਨੇ ਸਮਝਣੇ।ਸਮਾਜ ਤਰੱਕੀ ਦੀ ਗੱਲ ਕਰਦਾ ਹੈ ਆਧੁਨਿਕਤਾ ਦੀ ਬਾਤ ਪਾਉਂਦਾ ਹੈ,ਬੁੱਧੀਮਾਨ ਹੋਣ ਦੀ ਗੱਲ ਕਰਦਾ ਹੈ ਤੇ ਪਿਆਰ ਦੇ ਅਰਥ - - - -।
ਪ੍ਰਭਜੋਤ ਕੌਰ ਢਿੱਲੋਂ