ਝਗੜੇ ਝੇੜੇ ਕਰਦੇ ਪਏ ਹਾਂ, ਨਾਲ ਅਜੇ ਤਕਦੀਰਾਂ ਦੇ।
ਪੈਰਾਂ ਦੇ ਵਿਚ ਛਾਲੇ, ਵੱਜੇ ਕੰਡੇ ਜੰਡ ਕਰੀਰਾਂ ਦੇ।
ਲੱਤਾਂ ਖਿੱਚਣ ਲੱਗੇ ਹੋਏ, ਡਾਢੇ ਲੋਕ ਘਤਿੱਤੀ ਨੇ,
ਸੌਦਾ ਕਰਨਾ ਚਾਹੁੰਦੇ ਮੋਏ, ਸੁੰਦਰ ਸੋਹਲ ਸ਼ਰੀਰਾਂ ਦੇ।
ਉਨ੍ਹਾਂ ਨੂੰ ਕਿਉਂ ਲੱਗੇ ਕਿ ਉਹ ਨੰਗੇ-ਚਿੱਟੇ ਹੋਣੇ ਨਾ,
ਖਬਰੇ ਤਾਂ ਹੀ ਬੂਹੇ ਰੱਖਣ, ਹਰ ਪਲ ਬੰਦ ਜ਼ਮੀਰਾਂ ਦੇ।
ਸਾਰੇ ਪਰਦੇ ਪਾੜ ਸਚਾਈ, ਆਖਰ ਸਾਹਵੇਂ ਆ ਜਾਂਦੀ,
ਵੇਖੇ ਸੱਚੇ ਸੁੱਚੇ ਹੁੰਦੇ, ਬੋਲੇ ਬੋਲ ਫਕੀਰਾਂ ਦੇ।
'ਰਾਜਨ' ਹੁੰਦੀ ਪਰਖ ਹਮੇਸ਼ਾ, ਜਦ ਘੇਰਾ ਪੈ ਜਾਂਦਾ ਹੈ,
ਟਾਵਾਂ ਟਾਵਾਂ ਹੀ ਸਹਿੰਦਾ ਹੈ, ਡੂੰਘੇ ਫੱਟ ਸ਼ਮਸ਼ੀਰਾਂ ਦੇ।
ਰਾਜਨਦੀਪ ਕੌਰ ਮਾਨ