Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਫਰੀਦਾ ਬੁਰੇ ਦਾ ਭਲਾ ਕਰਿ

September 20, 2021 11:41 PM
    ਫਰੀਦਾ ਬੁਰੇ ਦਾ ਭਲਾ ਕਰਿ
           
 
      ਸੂਫੀ ਦਰਵੇਸ਼ਾਂ ਵਿਚ ਬਾਬਾ ਸ਼ੇਖ ਫ਼ਰੀਦ ਸਭ ਤੋ ਸ਼੍ਰੋਮਣੀ ਹੋ ਗੁਜ਼ਰੇ ਹਨ। ਉਨ੍ਹਾਂ ਨੂੰ ਪੰਜਾਬੀ ਦੇ ਆਦਿ-ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬੀ ਦੇ ਸੂਫ਼ੀ ਕਵੀਆਂ ਵਿੱਚ ਵੀ ਉਨ੍ਹਾਂ ਦਾ ਸਥਾਨ ਸਭ ਤੋਂ ਪਹਿਲਾ ਹੈ। ਆਪ ਦੇ ਜੀਵਨ-ਕਾਲ ਬਾਰੇ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ, ਪਰ ਸਰਬਸੰਮਤੀ ਨਾਲ ਉਨ੍ਹਾਂ ਦਾ ਸਮਾਂ 1173 ਤੋਂ 1266 ਈ. ਮੰਨਿਆ ਗਿਆ ਹੈ। ਆਪ ਦਾ ਜਨਮ ਖੋਤਵਾਲ/ਕੋਠੇਵਾਲ, ਮੁਲਤਾਨ (ਪਾਕਿਸਤਾਨ) ਵਿਖੇ ਸ਼ੇਖ ਜਮਾਲੁਦੀਨ ਦੇ ਘਰ ਬੀਬੀ ਕੁਰਸੁਮ ਦੀ ਕੁੱਖੋਂ ਹੋਇਆ। ਇਤਿਹਾਸਕ ਹਵਾਲਿਆਂ ਅਨੁਸਾਰ ਆਪਦੀਆਂ ਤਿੰਨ ਬੇਗਮਾਂ ਸਨ- ਬੀਬੀ ਹਜ਼ਬਰਾ (ਸੁਲਤਾਨ ਬਲਬਨ ਦੀ ਬੇਟੀ), ਬੀਬੀ ਸ਼ਾਰਦਾ ਅਤੇ ਬੀਬੀ ਸ਼ਕਰ। ਆਪ ਦੇ ਪੰਜ ਪੁੱਤਰਾਂ ਅਤੇ ਤਿੰਨ ਧੀਆਂ ਦਾ ਜ਼ਿਕਰ ਵੀ ਵਿਦਵਾਨਾਂ ਨੇ ਕੀਤਾ ਹੈ, ਜਿਨ੍ਹਾਂ ਵਿੱਚ ਖਵਾਜਾ ਨਸੀਰੂਦੀਨ, ਖਵਾਜਾ ਸਿਹਾਬੂਦੀਨ, ਸ਼ੇਖ ਬਦਰੂਦੀਨ ਸੁਲੇਮਾਨ, ਸ਼ੇਖ ਨਿਜ਼ਾਮੂਦੀਨ, ਸ਼ੇਖ ਯਾਕੂਬ (ਸਾਰੇ ਪੁੱਤ) ਬੀਬੀ ਮਸਤੂਰਾ, ਬੀਬੀ ਸ਼ਰੀਫਾ ਅਤੇ ਬੀਬੀ ਫ਼ਾਤਿਮਾ (ਸਾਰੀਆਂ ਧੀਆਂ) ਦਾ ਨਾਂ ਸ਼ਾਮਲ ਹੈ। ਬਾਬਾ ਫ਼ਰੀਦ ਜੀ ਦੇ ਬੇਟੇ-ਬੇਟੀਆਂ ਨੇ ਵੀ ਸੂਫ਼ੀ ਦਰਵੇਸ਼ੀ ਜੀਵਨ ਧਾਰਨ ਕੀਤਾ ਅਤੇ ਅਧਿਆਤਮਕ ਮਾਰਗ ਦੇ ਪਾਂਧੀ ਬਣ ਕੇ ਇਸ ਜੀਵਨ-ਜਾਚ ਦੇ ਪ੍ਰਚਾਰ-ਪ੍ਰਸਾਰ ਲਈ ਕਾਰਜਸ਼ੀਲ ਰਹੇ।
     ਸ਼ੇਖ ਫ਼ਰੀਦ ਦਾ ਪੂਰਾ ਨਾਂ ਸ਼ੇਖ ਫ਼ਰੀਦੁਦੀਨ ਮਸਊਦ ਗੰਜ- ਏ-ਸ਼ਕਰ ਸੀ। ਆਪ ਦੀ ਮਾਤਾ, ਜੋ ਖੁਦ ਧਾਰਮਿਕ ਬਿਰਤੀ ਵਾਲੀ ਨੇਕਦਿਲ ਔਰਤ ਸੀ, ਨੇ ਆਪ ਨੂੰ ਪੰਜ ਵੇਲੇ ਦੀ ਨਮਾਜ਼ ਅਦਾ ਕਰਨ ਦੀ ਚੇਟਕ ਲਾਈ। ਆਪਨੇ ਮੁੱਢਲੀ ਵਿੱਦਿਆ ਪਿੰਡ ਦੇ ਮਦਰੱਸੇ ਤੋਂ ਹਾਸਲ ਕੀਤੀ ਅਤੇ ਪਿੱਛੋਂ ਅਠਾਰਾਂ ਸਾਲ ਦੀ ਉਮਰ ਵਿਚ ਮੁਲਤਾਨ ਆ ਕੇ ਅਰਬੀ, ਫ਼ਾਰਸੀ, ਕੁਰਾਨ, ਹਦੀਸ ਬਾਰੇ ਵਿਸਤ੍ਰਿਤ ਜਾਣਕਾਰੀ ਹਾਸਲ ਕੀਤੀ। ਆਪਨੇ ਛੇਤੀ ਹੀ ਕੁਰਾਨ ਸ਼ਰੀਫ ਜ਼ਬਾਨੀ ਯਾਦ ਕਰ ਲਈ। ਮੁਲਤਾਨ ਰਹਿੰਦਿਆਂ ਹੀ ਉਹ ਸੂਫ਼ੀਆਂ ਦੇ ਚਿਸ਼ਤੀ ਸਿਲਸਿਲੇ ਦੇ ਮੁਖੀ ਖਵਾਜਾ ਕੁਤਬੁਦੀਨ ਬਖ਼ਤਿਆਰ ਕਾਕੀ ਨੂੰ ਮਿਲੇ ਅਤੇ ਪਿੱਛੋਂ ਇਸ ਸੰਪਰਦਾਇ ਦੀ ਵਾਗਡੋਰ ਸੰਭਾਲ ਲਈ।
     ਸ਼ੇਖ ਫਰੀਦ ਜੀ ਦੀ ਪ੍ਰਮਾਣਿਕ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਪਾਕਪਟਨ ਤੋਂ ਸ਼ੇਖ ਬ੍ਰਹਮ ਪਾਸੋਂ ਹਾਸਲ ਕੀਤਾ ਅਤੇ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ (1604 ਈ.) ਸਮੇਂ ਇਸ ਨੂੰ ਢੁਕਵਾਂ ਸਥਾਨ ਪ੍ਰਦਾਨ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਰਚੇ ਚਾਰ ਸ਼ਬਦ (ਦੋ ਰਾਗ ਆਸਾ ਵਿੱਚ, ਪੰਨਾ 488; ਅਤੇ ਦੋ ਰਾਗ ਸੂਹੀ ਵਿੱਚ, ਪੰਨਾ 794) ਅਤੇ 'ਸਲੋਕ ਸੇਖ ਫਰੀਦ ਕੇ' (ਪੰਨੇ 1377 ਤੋਂ 1384 ਤਕ) ਸਿਰਲੇਖ ਹੇਠ 130 ਸ਼ਲੋਕ ਪ੍ਰਾਪਤ ਹੁੰਦੇ ਹਨ। ਇਨ੍ਹਾਂ ਚੋਂ 112 ਸ਼ਲੋਕ ਫ਼ਰੀਦ ਜੀ ਦੇ ਆਪਣੇ ਲਿਖੇ ਹੋਏ ਹਨ, ਜਦਕਿ 18 ਸ਼ਲੋਕ ਵੱਖ-ਵੱਖ ਗੁਰੂ ਸਾਹਿਬਾਨ ਦੁਆਰਾ ਰਚੇ ਹੋਏ ਹਨ। ਇਨ੍ਹਾਂ ਅਠਾਰਾਂ ਸ਼ਲੋਕਾਂ ਦਾ ਮੁਕੰਮਲ ਵੇਰਵਾ ਇਸ ਤਰ੍ਹਾਂ ਹੈ:
* ਗੁਰੂ ਨਾਨਕ ਦੇਵ ਜੀ (ਚਾਰ ਸ਼ਲੋਕ) : ਨੰ. 32, 113, 120, 124.
* ਗੁਰੂ ਅਮਰਦਾਸ ਜੀ (ਪੰਜ ਸ਼ਲੋਕ) : ਨੰ. 13, 52, 104, 122, 123.
* ਗੁਰੂ ਰਾਮਦਾਸ ਜੀ (ਇੱਕ ਸ਼ਲੋਕ) : ਨੰ.121.
* ਗੁਰੂ ਅਰਜਨ ਦੇਵ ਜੀ (ਅੱਠ ਸ਼ਲੋਕ) : ਨੰ. 75, 82, 83, 105, 108, 109, 110, 111.
       ਫ਼ਰੀਦ ਜੀ ਦੇ ਬਹੁਤ ਸ਼ਲੋਕ ਤਾਂ ਦੋ-ਦੋ ਪੰਕਤੀਆਂ ਵਾਲ਼ੇ ਹੀ ਹਨ, ਪਰ ਕੁਝ ਇੱਕ ਸ਼ਲੋਕਾਂ ਵਿੱਚ ਪੰਕਤੀਆਂ ਦੀ ਗਿਣਤੀ ਵਧ ਵੀ ਹੈ, ਜਿਵੇਂ ਸ਼ਲੋਕ ਨੰ. 1 (ਅੱਠ ਪੰਕਤੀਆਂ), ਸ਼ਲੋਕ ਨੰ. 100 (ਛੇ ਪੰਕਤੀਆਂ), ਸ਼ਲੋਕ ਨੰ. 98, 99 (ਚਾਰ-ਚਾਰ ਪੰਕਤੀਆਂ), ਸ਼ਲੋਕ ਨੰ. 49, 97 (ਤਿੰਨ-ਤਿੰਨ ਪੰਕਤੀਆਂ)। ਇਵੇਂ ਹੀ ਇਨ੍ਹਾਂ ਸ਼ਲੋਕਾਂ ਦੇ ਅੰਤਰਗਤ ਦਰਜ ਵਿਭਿੰਨ ਗੁਰੂ ਸਾਹਿਬਾਨਾਂ ਦੇ ਸ਼ਲੋਕ ਵੀ ਦੋ ਜਾਂ ਦੋ ਤੋਂ ਵੱਧ ਪੰਕਤੀਆਂ ਦੇ ਮਿਲਦੇ ਹਨ। ਇਸੇ ਸਿਲਸਿਲੇ ਵਿਚ ਸੂਹੀ ਰਾਗ ਵਿੱਚ ਦਰਜ ਗੁਰੂ ਨਾਨਕ ਦੇਵ ਜੀ (ਪੰਨਾ 729) ਅਤੇ ਬਾਬਾ ਫ਼ਰੀਦ ਜੀ (ਪੰਨਾ 794) ਜੀ ਦੇ ਸ਼ਬਦ ਵੀ ਵੇਖਣਯੋਗ ਹਨ। ਜਿੱਥੇ ਬਾਬਾ ਫ਼ਰੀਦ ਜੀ ਆਪਣੇ ਸ਼ਬਦ (ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ...) ਵਿੱਚ ਸਮੱਸਿਆ ਦਾ ਜ਼ਿਕਰ ਕਰ ਰਹੇ ਹਨ, ਉੱਥੇ ਗੁਰੂ ਨਾਨਕ ਦੇਵ ਜੀ ਨੇ (ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ...) ਵਿੱਚ ਸਮੱਸਿਆ ਤੋਂ ਉਬਰਨ ਦੀ ਜਾਚ ਦੱਸੀ ਹੈ।
     ਬੇਸ਼ੱਕ ਬਾਬਾ ਫਰੀਦ ਜੀ ਇਸਲਾਮ ਧਰਮ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੀ ਰਚਨਾ ਵਿਚ ਇਸਲਾਮਕ ਸ਼ਬਦਾਵਲੀ ਦੀ ਬਹੁਤਾਤ ਹੈ, ਜਿਵੇਂ ਮਲਕੁ (ਮਲਕੁਲਮਉਤ), ਸ਼ੈਤਾਨ, ਨਮਾਜ਼, ਉਜੂ (ਵੁਜ਼ੂ), ਦੋਜ਼ਕ, ਸਬਰ, ਰਜ਼ਾ, ਜੀਰਾਣ, ਗੋਰ, ਮੁਸੱਲਾ, ਸੂਫ਼, ਦਰਵੇਸ਼, ਅਜ਼ਰਾਈਲ, ਖੁਦਾਇ ਆਦਿ, ਪਰ ਉਨ੍ਹਾਂ ਦੇ ਉਪਦੇਸ਼ ਅਤੇ ਸਿੱਖਿਆਵਾਂ ਸਮੁੱਚੀ ਲੋਕਾਈ ਵਾਸਤੇ ਹਨ। ਉਨ੍ਹਾਂ ਦੀ ਬਾਣੀ ਵਿਚ ਇਸ਼ਕ, ਬ੍ਰਿਹਾ, ਸਬਰ- ਸੰਤੋਖ, ਸਹਿਣਸ਼ੀਲਤਾ, ਨਿਮਰਤਾ, ਖਿਮਾ, ਮਿੱਠਾ ਬੋਲਣਾ, ਪ੍ਰਭੂ ਭਗਤੀ, ਜੀਵਨ ਦੀ ਨਾਸ਼ਮਾਨਤਾ, ਪਰਿਪੱਕਤਾ, ਨੇਕੀ, ਸਮੇਂ ਦੀ ਸਾਰਥਿਕਤਾ ਆਦਿ ਵਿਸ਼ਿਆਂ ਨੂੰ ਪ੍ਰਮੁੱਖਤਾ ਪ੍ਰਾਪਤ ਹੈ ਅਤੇ ਇਨ੍ਹਾਂ ਦੀ ਵਿਸ਼ਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਵਿਭਿੰਨ ਸ਼ਲੋਕਾਂ ਦੀ ਸਿਰਜਣਾ ਕੀਤੀ ਹੈ। ਇਹੋ ਜਿਹੇ ਵਿਸ਼ਿਆਂ ਨੂੰ ਪ੍ਰਸਤੁਤ ਕਰਨ ਵਾਲੇ ਆਪ ਦੇ ਕੁਝ ਸ਼ਲੋਕਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ:  
* ਨੇਕੀ : 
- ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ॥
 ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ॥ (ਸ਼ਲੋਕ 7)   
- ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
 ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਸ਼ਲੋਕ 78) 
* ਸਬਰ ਸੰਤੋਖ :
- ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥(ਸ਼ਲੋਕ29)
- ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ॥
ਹੋਨਿ ਨਜੀਕਿ ਖੁਦਾਇ ਦੈ ਭੇਤੂ ਨ ਕਿਸੈ ਦੇਨਿ॥ (ਸ਼ਲੋਕ 116)  
* ਮਿੱਠਾ ਬੋਲਣਾ :
- ਇਕੁ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥(ਸ਼ਲੋਕ 129)
 - ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ॥ (ਸਲੋਕ 130)  
* ਭੇਖ ਤੋਂ ਮੁਕਤੀ :
- ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ॥ ਬਾਹਰ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ॥(ਸਲੋਕ 50) 
- ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ॥
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ॥ (ਸ਼ਲੋਕ 61)  
      ਫ਼ਰੀਦ-ਬਾਣੀ ਦੀ ਇਹ ਵਿਲੱਖਣਤਾ ਹੈ ਕਿ ਅੱਜ ਵੱਖ-ਵੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਅਤੇ ਵੱਖ-ਵੱਖ ਵਿਸ਼ਿਆਂ ਸਬੰਧੀ ਲਿਖਣ ਵਾਲੇ ਲੇਖਕ ਆਪਣੀਆਂ ਰਚਨਾਵਾਂ ਦੇ ਨਾਮਕਰਨ ਲਈ ਫ਼ਰੀਦ-ਬਾਣੀ ਵਿਚਲੇ ਵਾਕੰਸ਼ਾਂ ਨੂੰ ਸਭ ਤੋਂ ਢੁਕਵਾਂ ਅਤੇ ਪ੍ਰਮਾਣਿਕ ਸਮਝ ਕੇ ਇਨ੍ਹਾਂ ਦੀ ਵਰਤੋਂ ਕਰਦੇ ਵੇਖੇ ਜਾ ਸਕਦੇ ਹਨ। ਵਧੇਰੇ ਵਿਸਥਾਰ ਵਿੱਚ ਨਾ ਜਾਂਦਿਆਂ ਅਸੀਂ ਇੱਥੇ ਕੁਝ ਅਜਿਹੀ ਹੀ ਪੁਸਤਕਾਂ ਅਤੇ ਲੇਖਕਾਂ ਦੇ ਨਾਂ ਦੇ ਕੇ ਆਪਣੀ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ: ਏਹੁ ਹਮਾਰਾ ਜੀਵਣਾ, ਖੜਾ ਪੁਕਾਰੇ ਪਾਤਣੀ, ਦੁਨੀ ਸੁਹਾਵਾ ਬਾਗ਼ (ਦਲੀਪ ਕੌਰ ਟਿਵਾਣਾ), ਬਿਰਹਾ ਤੂ ਸੁਲਤਾਨ (ਸ਼ਿਵ ਕੁਮਾਰ ਬਟਾਲਵੀ), ਬੇੜਾ ਬੰਧਿ ਨ ਸਕਿਓ (ਸੰਤ ਸਿੰਘ ਸੇਖੋਂ), ਰੁੱਖਾਂ ਦੀ ਜੀਰਾਂਦ (ਗੁਰਬਖ਼ਸ਼ ਸਿੰਘ ਪ੍ਰੀਤਲੜੀ), ਸੁਕ ਗਏ ਕੁਮਲਾਇ (ਗੁਰਦਿਆਲ ਸਿੰਘ ਫੁੱਲ), ਕੰਧੀ ਉੱਤੇ ਰੁਖੜਾ (ਸੁਰਜੀਤ ਸਿੰਘ ਸੇਠੀ), ਬਾਰਿ ਪਰਾਇ ਬੈਸਣਾ (ਪਾਂਧੀ ਨਨਕਾਣਵੀ), ਵਣ ਕੰਬਿਆ (ਸੁਖਪਾਲਵੀਰ ਸਿੰਘ ਹਸਰਤ) ਆਦਿ।
     ਬਾਬਾ ਫ਼ਰੀਦ ਜੀ ਦੇ ਪਾਵਨ ਚਰਨਾਂ ਨਾਲ ਵਰੋਸਾਈ ਧਰਤੀ ਫ਼ਰੀਦਕੋਟ ਵਿਖੇ ਪਿਛਲੇ ਕਈ ਵਰ੍ਹਿਆਂ ਤੋਂ ਬਾਬਾ ਫਰੀਦ ਆਗਮਨ ਪੁਰਬ ਹਰ ਸਾਲ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਇਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਕਰੀਬ ਅੱਠ ਸਦੀਆਂ ਪਹਿਲਾਂ ਇਸ ਇਲਾਕੇ ਤੇ ਮੋਹਕਲ ਨਾਂ ਦਾ ਰਾਜਾ ਰਾਜ ਕਰਦਾ ਸੀ। ਉਹਨੇ ਮੋਹਕਲਗੜ੍ਹ ਨਾਂ ਦਾ ਇੱਕ ਕਿਲ੍ਹਾ ਬਣਵਾਇਆ, ਜਿਸ ਦੀ ਉਸਾਰੀ ਸਮੇਂ ਉਸ ਦੇ ਸਿਪਾਹੀਆਂ ਨੇ ਇਸ ਪਾਸਿਉਂ ਲੰਘ ਰਹੇ ਬਾਬਾ ਫਰੀਦ ਜੀ ਨੂੰ ਫੜ ਕੇ ਵਗਾਰ ਦੇ ਕੰਮ 'ਤੇ ਲਾ ਦਿੱਤਾ। ਇਕ ਦਰਵੇਸ਼ ਨੂੰ ਵਗਾਰੀ ਦੇ ਕੰਮ 'ਤੇ ਲਾਇਆ ਵੇਖ ਕੇ ਜਨਤਾ ਨੇ ਰਾਜੇ ਨੂੰ ਦੱਸਿਆ ਤਾਂ ਰਾਜੇ ਨੇ ਆਪਣੀ ਗਲਤੀ ਦੀ ਖਿਮਾ ਮੰਗੀ ਅਤੇ ਉਸਨੇ ਇਸ ਸ਼ਹਿਰ ਦਾ ਨਾਂ ਫ਼ਰੀਦ ਜੀ ਦੇ ਨਾਂ ਤੇ ਫ਼ਰੀਦਕੋਟ ਰੱਖ ਦਿੱਤਾ।
    ਫਰੀਦਕੋਟ ਵਿਖੇ ਫ਼ਰੀਦ ਜੀ ਦੇ ਆਗਮਨ ਦੀ ਯਾਦ ਨੂੰ ਮਨਾਉਣ ਲਈ ਹਰ ਵਰ੍ਹੇ ਕੌਮੀ ਪੱਧਰ ਦੇ ਸਮਾਗਮ ਕਰਵਾਏ ਜਾਂਦੇ ਹਨ, ਜਿਸ ਵਿੱਚ ਸੈਮੀਨਾਰ, ਕਵੀ ਦਰਬਾਰ, ਕੁਸ਼ਤੀਆਂ, ਹਾਕੀ, ਪੁਸਤਕ ਮੇਲਾ ਆਦਿ ਦਾ ਆਯੋਜਨ ਹੁੰਦਾ ਹੈ। ਇੱਥੇ ਕਿਲ੍ਹੇ ਦੇ ਬਿਲਕੁਲ ਨੇਡ਼ੇ ਚਿੱਲਾ ਬਾਬਾ ਫਰੀਦ ਸੁਭਾਇਮਾਨ ਹੈ, ਜਿੱਥੇ ਹਰ ਵੀਰਵਾਰ ਲੋਕੀਂ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਹਿੱਤ ਸਿਜਦਾ ਕਰਦੇ ਹਨ। ਇਸ ਅਸਥਾਨ ਤੇ ਇੱਕ ਗੁਰਦੁਆਰਾ, ਮਸਜਿਦ, ਲੰਗਰ ਹਾਲ ਅਤੇ ਵਣ ਦਾ ਪੁਰਾਤਨ ਰੁੱਖ ਮੌਜੂਦ ਹੈ। ਵਣ ਬਾਰੇ ਮਾਨਤਾ ਹੈ ਕਿ ਬਾਬਾ ਜੀ ਨੇ ਗਾਰੇ ਨਾਲ ਲਿੱਬੜੇ ਹੱਥ ਇਸ ਰੁੱਖ ਨਾਲ ਪੂੰਝੇ ਸਨ।
      ਸ਼ਹਿਰੋਂ ਬਾਹਰਵਾਰ ਫ਼ਰੀਦਕੋਟ-ਕੋਟਕਪੂਰਾ ਸੜਕ ਉੱਤੇ ਗੁਰਦੁਆਰਾ ਗੋਦੜੀ ਸਾਹਿਬ ਦੀ ਸੁੰਦਰ ਇਮਾਰਤ ਹੈ, ਜਿਸ ਬਾਰੇ ਲੋਕ-ਵਿਸ਼ਵਾਸ ਹੈ ਕਿ ਬਾਬਾ ਜੀ ਨੇ ਲੀਰਾਂ ਦੀ ਬਣੀ ਗੋਦੜੀ ਤੇ ਇੱਥੇ ਵਿਸ਼ਰਾਮ ਕੀਤਾ ਸੀ। ਇੱਥੇ ਇੱਕ ਸਰੋਵਰ ਅਤੇ ਬਹੁਤ ਵਿਸ਼ਾਲ ਖੁੱਲ੍ਹਾ ਹਾਲ ਹੈ। ਇਨ੍ਹਾਂ ਅਸਥਾਨਾਂ ਦਾ ਪ੍ਰਬੰਧ ਸਥਾਨਕ ਕਮੇਟੀ ਕਰਦੀ ਹੈ, ਜਿਸ ਦੇ ਸਰਪ੍ਰਸਤ ਭਾਈ ਇੰਦਰਜੀਤ ਸਿੰਘ ਖਾਲਸਾ ਹਨ, ਜੋ ਹਰ ਸਾਲ ਨੇਕ ਕੰਮ ਕਰਨ ਵਾਲੇ ਲੋਕਾਂ ਨੂੰ ਇਨਾਮ-ਸਨਮਾਨ ਪ੍ਰਦਾਨ ਕਰਦੇ ਹਨ। ਆਗਮਨ ਪੁਰਬ ਵਾਲੇ ਦਿਨੀਂ ਚਿੱਲਾ ਬਾਬਾ ਫ਼ਰੀਦ ਤੋਂ ਗੋਦੜੀ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਾਲ 2000 ਤੋਂ ਕਮੇਟੀ ਵੱਲੋਂ "ਬਾਬਾ ਫ਼ਰੀਦ ਇਮਾਨਦਾਰੀ ਅਵਾਰਡ" ਅਤੇ "ਭਗਤ ਪੂਰਨ ਸਿੰਘ ਮਾਨਵ ਸੇਵਾ ਅਵਾਰਡ" ਦਿੱਤੇ ਜਾ ਰਹੇ ਹਨ। ਪਿਛਲੇ ਸਾਲ ਅਤੇ ਇਸ ਸਾਲ ਕੋਰੋਨਾ ਮਹਾਂਮਾਰੀ ਕਰਕੇ ਵੱਡੇ ਪੱਧਰ ਦੇ ਸਮਾਗਮ ਆਯੋਜਿਤ ਨਹੀਂ ਕੀਤੇ ਜਾ ਰਹੇ। 
     ਭਾਵੇਂ ਬਾਬਾ ਫਰੀਦ ਜੀ ਅੱਜ ਤੋਂ ਅੱਠ ਸਦੀਆਂ ਪਹਿਲਾਂ ਪੰਜਾਬ ਦੀ ਧਰਤੀ ਤੇ ਆਏ ਸਨ, ਪਰ ਉਨ੍ਹਾਂ ਦੀ ਸ਼ਖ਼ਸੀਅਤ, ਦਰਸ਼ਨ ਅਤੇ ਬਾਣੀ ਨੇ ਪੰਜਾਬੀ ਜਨਜੀਵਨ ਤੇ ਜੋ ਪ੍ਰਭਾਵ ਪਾਇਆ ਹੈ, ਉਹ ਸਾਡੇ ਸਾਹਮਣੇ ਹੈ। ਇਹ ਆਪ ਦੀ ਬਾਣੀ ਦਾ ਹੀ ਯੋਗਦਾਨ ਹੈ ਕਿ ਪੰਜਾਬੀਆਂ ਨੇ ਆਪ ਦੀ ਰਚਨਾ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ ਹੋਇਆ ਹੈ ਅਤੇ ਰੋਜ਼- ਮੱਰਾ ਦੀ ਗੱਲਬਾਤ ਸਮੇਂ ਥਾਂ-ਥਾਂ 'ਤੇ ਆਪ ਦੀ ਬਾਣੀ 'ਚੋਂ ਹਵਾਲੇ ਦਿੱਤੇ ਜਾਂਦੇ ਹਨ।
 
    """""""""""""""""""""""""""""""""
                                   ~ ਪ੍ਰੋ. ਨਵ ਸੰਗੀਤ ਸਿੰਘ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ