ਬੇਬੇ ਜੀ,ਬੀਜੀ ਅਤੇ ਮਾਂ
ਬੇਬੇ ਜੀ,ਬੀਜੀ ਅਤੇ ਮਾਂ ਪਿਆਰ ਦਾ ਖਜ਼ਾਨਾ ਨੇ।ਹਾਂ ਹੁਣ ਮੰਮੀ,ਮਾਮਾ ਜਾਂ ਮੰਮੀ ਹੋ ਗਿਆ ਹੈ ਪਰ ਹਕੀਕਤ ਇਹ ਹੈ ਕਿ ਮਾਂ ਤਾਂ ਮਾਂ ਹੀ ਹੈ। ਮਾਵਾਂ ਰੱਬ ਦਾ ਰੂਪ ਨੇ।ਰੱਬ ਨੂੰ ਕੋਈ ਅੱਲਾ ਦੇ ਨਾਮ ਨਾਲ ਯਾਦ ਕਰਦਾ ਹੈ,ਕੋਈ ਵਾਹਿਗੁਰੂ, ਕੋਈ ਰਾਮ ਪਰ ਰਬ ਇਕ ਹੀ ਹੈ।ਮੈਂ ਬੈਂਚ ਤੇ ਬੈਠੀ ਮਾਂ ਨੂੰ ਉਦਾਸ,ਗੁਆਚੇ ਜਿਹੇ ਅਤੇ ਪ੍ਰੇਸ਼ਾਨ ਵੇਖਿਆ। ਪਾਰਕ ਵਿੱਚ ਪਹਿਲਾਂ ਵੀ ਆਮ ਹੀ ਇਹ ਬਜ਼ੁਰਗ ਬਹੁਤ ਸਾਲਾਂ ਤੋਂ ਆਉਂਦੀ ਮੈਂ ਵੇਖੀ ਸੀ।ਉਦੋਂ ਇਸਦੇ ਚਿਹਰੇ ਤੇ ਕਦੇ ਇਵੇਂ ਦੇ ਹਾਵ ਭਾਵ ਨਹੀਂ ਸੀ।ਮੈਂ ਉਨ੍ਹਾਂ ਦੇ ਕੋਲ ਜਾਕੇ ਫਤਹਿ ਬੁਲਾਈ ਅਤੇ ਕੋਲ ਬੈਠ ਗਿਆ। ਮੈਂ ਝਿਜਕਦੇ ਨੇ ਉਨ੍ਹਾਂ ਨੂੰ ਉਦਾਸੀ ਦਾ ਅਤੇ ਇੰਜ ਪ੍ਰੇਸ਼ਾਨ ਵਿਖਾਈ ਦੇਣ ਦਾ ਕਾਰਨ ਹਿੰਮਤ ਕਰਕੇ ਪੁੱਛ ਹੀ ਲਿਆ। ਸਹਿਮੀ ਆਵਾਜ਼ ਵਿੱਚ ਬੋਲੇ ਕੀ ਦੱਸਾਂ ਪਹਿਲਾਂ ਤਾਂ ਮੇਰੀ ਬੇਬੇ, ਮੇਰੀ ਬੇਬੇ ਦੀ ਲੜਾਈ ਸੀ।ਹੁਣ ਤੇਰੀ ਬੇਬੇ, ਤੇਰੀ ਬੇਬੇ ਦੀ ਲੜਾਈ ਹੈ।ਮੈਂ ਤਾਂ ਇੰਨਾ ਨੂੰ ਉਦੋਂ ਵੀ ਮੇਰੇ ਬੱਚੇ ਕਹਿੰਦੀ ਸੀ ਅਤੇ ਅੱਜ ਵੀ ਮੇਰੇ ਕਹਿੰਦੀ ਹਾਂ। ਪਰ ਕਦੋਂ ਮੈਂ ਵਾਧੂ ਤੇ ਫਾਲਤੂ ਹੋ ਗਈ ਸਮਝ ਹੀ ਨਹੀ ਆਈ।ਜਿਸ ਘਰ ਨੂੰ ਬਣਾਉਣ ਲਈ ਅਸੀਂ ਸਾਰੀ ਜ਼ਿੰਦਗੀ ਲਗਾ ਦਿੱਤੀ। ਉਸ ਘਰ ਵਿੱਚ ਨੂੰਹਾਂ ਮੈਨੂੰ ਲੌਬੀ ਵਿੱਚ ਬਹਿਣ ਨੂੰ ਮਜ਼ਬੂਰ ਕਰਦੀਆਂ ਹਨ।ਉਸ ਵਕਤ ਮੈਂ ਜਿਉਂਦੇ ਜੀਅ ਮਰ ਜਾਂਦੀ ਹਾਂ ਜਦੋਂ ਕਮਰਿਆਂ ਨੂੰ ਜਿੰਦੇ ਲਗਾਕੇ ਜਾਂਦੀਆਂ ਹਨ।ਪੁੱਤ ਵੀ ਮੇਰੀ ਹਾਲਤ ਨਹੀਂ ਸਮਝਦੇ।ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਨੇ ਕੀ ਮੈਂ ਚੋਰ ਹਾਂ?ਕੀ ਇਹ ਇਸ਼ਾਰਾ ਹੈ ਕਿ ਤੇਰਾ ਇਥੇ ਕੋਈ ਕੰਮ ਨਹੀਂ। ਇਹ ਘਰ ਤੇਰਾ ਨਹੀਂ ਹੈ ਅਤੇ ਤੇਰੇ ਲਈ ਇਸ ਘਰ ਵਿੱਚ ਕੋਈ ਥਾਂ ਨਹੀਂ। ਸੱਚ ਜਾਣੀ ਮੇਰਾ ਉਸ ਘਰ ਵਿੱਚ ਹੁਣ ਸਾਹ ਸੁੱਟਦਾ ਹੈ। ਸਾਡੀ ਇਮਾਨਦਾਰੀ ਦੀਆਂ ਲੋਕ ਸਿੰਘਾਂ ਖਾਂਦੇ ਨੇ ਅਤੇ ਘਰਦਿਆਂ ਨੇ ਸਾਨੂੰ ਚੋਰ ਬਣਾ ਦਿੱਤਾ।ਜਿਊਣ ਦਾ ਕੋਈ ਹੱਦ ਨਹੀਂ।ਆਪਣਾ ਹੱਕ ਲੈਣ ਲਈ ਦਫਤਰਾਂ ਵਿੱਚ ਧੱਕੇ ਖਾਣ ਨੂੰ ਦਿਲ ਨਹੀਂ ਕਰਦਾ।ਬਸ ਇਸੇ ਉਧੇੜ ਬੁੜ ਵਿੱਚ ਹਾਂ। ਸੁਣਕੇ ਬਹੁਤ ਬੁਰਾ ਲੱਗਿਆ।ਜਿੰਨਾ ਮਾਵਾਂ ਨੇ ਧੀਆਂ ਨੂੰ ਘਰ ਵਿੱਚ ਬੈਠੇ ਬਜ਼ੁਰਗਾਂ ਦੀ ਇਜ਼ੱਤ ਕਰਨੀ ਨਹੀਂ ਸਿਖਾਈ,ਉਹ ਕਿਵੇਂ ਦੀਆਂ ਬੇਅਕਲ ਮਾਵਾਂ ਨੇ।ਜਿਹੜੇ ਪਤੀ ਦੀ ਕਮਾਈ ਤੇ ਰੋਜ਼ ਬਜ਼ਾਰਾਂ ਵਿੱਚ ਖਰੀਦੋ ਫਰੋਖਤ ਹੁੰਦੀ ਹੈ ਉਹ ਵੀ ਇੰਨਾ ਦੀਆਂ ਕੁਰਬਾਨੀਆਂ ਅਤੇ ਮਿਹਨਤ ਨਾਲ ਇਥੇ ਤੱਕ ਪਹੁੰਚਿਆ ਹੈ।ਪਰ ਮੈਨੂੰ ਬਜ਼ੁਰਗਾਂ ਦਾ ਰੋਜ਼ ਸੜਕਾਂ ਤੇ ਰੁਲਣ ਵਾਲਾ ਸਿਲਸਿਲਾ ਸਮਝ ਜ਼ਰੂਰ ਆ ਗਿਆ।ਦੋ ਚਾਰ ਦਿਨਾਂ ਬਾਅਦ ਕਲੋਨੀ ਵਿੱਚ ਉਨ੍ਹਾਂ ਦੀ ਮੌਤ ਦੀ ਖਬਰ ਜ਼ਰੂਰ ਸਭ ਕੋਲ ਪਹੁੰਚ ਗਈ ਸੀ।ਪਰ ਕਿਸੇ ਨੇ ਇਹ ਆਵਾਜ਼ ਉਵੇਂ ਨਹੀਂ ਚੁੱਕੀ ਜਿਵੇਂ ਇਕ ਵਿਆਹੁਤਾ ਸਹੁਰੇ ਪਰਿਵਾਰ ਵਿੱਚ ਮਰਦੀ ਹੈ। ਸ਼ਾਇਦ ਭਰਾਵਾਂ ਨੇ ਵੀ ਉਸ ਕੋਲੋਂ ਜਾਇਦਾਦ ਲੈ ਲਈ ਸੀ,ਹੁਣ ਉਨ੍ਹਾਂ ਵਾਸਤੇ ਵੀ ਉਹ ਵਾਧੂ ਸੀ।ਨੂੰਹਾਂ ਪੁੱਤ ਤਾਂ ਪਹਿਲਾਂ ਹੀ ਤੇਰੀ ਬੇਬੇ ਤੇਰੀ ਬੇਬੇ ਕਹਿੰਦੇ ਸੀ।ਮੈਂ ਦੂਰ ਖੜ੍ਹਾ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਵੇਖ ਰਿਹਾ ਸੀ।ਹਾਂ,ਮੈਨੂੰ ਮਾਪਿਆਂ ਵੱਲੋਂ ਧੀਆਂ ਨੂੰ ਚੰਗੀ ਸਿੱਖਿਆ ਦੇਣ ਅਤੇ ਨਾ ਦੇਣ ਦਾ ਫਰਕ ਜ਼ਰੂਰ ਸਮਝ ਆ ਗਿਆ। ਚੰਗੀਆਂ ਮਾਵਾਂ ਹੀ ਚੰਗੀ ਮੱਤ ਦਿੰਦੀਆਂ ਹਨ।ਜਿਥੇ ਚੰਗੀ ਮੱਤ ਵਾਲੀ ਨੂੰਹ ਹੋਵੇ ਉਥੇ ਘਰਾਂ ਵਿੱਚ ਜਿੰਦਰੇ ਅਤੇ ਕੰਧਾਂ ਨਹੀਂ ਉਸਰਦੀਆਂ।ਜਿਵੇਂ ਮੁੰਡਿਆਂ ਦੇ ਮਾਪੇ ਸੜਕਾਂ ਤੇ ਰੁੱਲ ਰਹੇ ਹਨ,ਧੀਆਂ ਨੂੰ ਮਾਪੇ ਜਿੰਦਰੇ ਨਾਲ ਹੀ ਦੇਕੇ ਤੋਰਦੇ ਹਨ।ਪਹਿਲਾਂ ਮਾਪੇ ਧੀਆਂ ਨੂੰ ਦੇਣ ਵਾਲੀਆਂ ਪੇਟੀਆਂ ਜਾਂ ਟਰੰਕਾਂ ਨੂੰ ਜਿੰਦਰੇ ਲਗਾਕੇ ਨਹੀਂ ਭੇਜਦੇ ਸੀ।ਸਿਰਫ ਮੌਲੀ ਬੰਨੀ ਹੁੰਦੀ ਸੀ।ਉਹ ਧੀਆਂ ਨੂੰ ਪਰਿਵਾਰ ਵਿੱਚ ਇਕੱਠੇ ਰਹਿਣ ਅਤੇ ਬਜ਼ੁਰਗਾਂ ਦੇ ਚੱਲਦੇ ਕਾਇਦੇ ਕਾਨੂੰਨ ਨੂੰ ਮੰਨਣ ਦਾ ਸੰਕੇਤ ਸੀ।ਤੇਰੀ ਬੇਬੇ ਤੇਰੀ ਬੇਬੇ ਦਾ ਅਫਸੋਸ ਸ਼ਾਇਦ ਪੁੱਤਾਂ ਨੂੰਹਾਂ ਨਹੀਂ ਸੀ ਪਰ ਮੇਰਾ ਹਿੱਸਾ ਮੇਰਾ ਹਿੱਸਾ ਸਭ ਦੇ ਚਿਹਰਿਆਂ ਤੇ ਪੜ੍ਹਿਆ ਜਾ ਸਕਦਾ ਸੀ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਮੋਬਾਈਲ ਨੰਬਰ 9815030221