ਮਾਣ-ਸਨਮਾਨ ਬਨਾਮ ਅਪਮਾਨ।
ਮਾਨ- ਸਨਮਾਨ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਲੋਕਾਂ ਨੇ ਆਪਣੇ ਕਿੱਤੇ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਹੋਣ। ਜਾਂ ਫਿਰ ਆਪਣੇ ਕਿੱਤੇ ਦੇ ਨਾਲ-ਨਾਲ ਹੋਰ ਸ਼ਲਾਘਾਯੋਗ ਕੰਮ ਵੀ ਕੀਤੇ ਹੋਣ। ਮਾਣ-ਸਨਮਾਣ ਅਤੇ ਅਵਾਰਡ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰੀ ਮਹਿਕਮਿਆਂ ਵੱਲੋਂ ਵੀ ਵੱਖ-ਵੱਖ ਸਮੇਂ ਪ੍ਰਦਾਨ ਕੀਤੇ ਜਾਂਦੇ ਹਨ।
ਮਾਨ-ਸਨਮਾਨ ਦੀ ਕੀ ਲੋੜ ਹੈ?
ਜਿਵੇਂ ਕੋਈ ਵਿਦਿਆਰਥੀ ਕਲਾਸ ਵਿੱਚ ਹੋਰਨਾਂ ਵਿਦਿਆਰਥੀਆਂ ਨਾਲ਼ੋਂ ਪੜ੍ਹਾਈ ਵਿੱਚ ਵਧੀਆ ਹੋਵੇ ਤਾਂ ਅਧਿਆਪਕ ਉਸ ਬੱਚੇ ਦੀ ਸਾਰੇ ਵਿਦਿਆਰਥੀਆਂ ਸਾਹਮਣੇ ਸ਼ਲਾਘਾ ਕਰਦਾ ਹੈ। ਸ਼ਾਬਾਸ਼ ਦਿੰਦਾ ਹੈ। ਉਸ ਨੂੰ ਕੋਈ ਛੋਟਾ ਜਾਂ ਵੱਡਾ ਇਨਾਮ ਵੀ ਦਿੰਦਾ ਹੈ । ਉਹ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣਦਾ ਹੈ, ਜਿਸ ਨਾਲ ਦੂਸਰੇ ਵਿਦਿਆਰਥੀ ਵੀ ਉਸ ਤੋਂ ਪ੍ਰੇਰਨਾ ਲੈਂਦੇ ਹਨ। ਸੋ ਇਵੇਂ ਹੀ ਕਿਸੇ ਵਿਅਕਤੀ ਦੇ ਕੀਤੇ ਕਾਰਜਾਂ ਬਦਲੇ ਉਸਨੂੰ ਸਨਮਾਨਿਤ ਕੀਤਾ ਜਾਂਦਾ ਹੈ । ਸਨਮਾਨ ਮਿਲਣ ਉਪਰੰਤ ਉਸ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਹਿਲਾਂ ਕੀਤੇ ਗਏ ਕਾਰਜਾਂ ਨਾਲ਼ੋਂ ਹੋਰ ਵੱਧ-ਚੜ੍ਹ ਕੇ ਕਾਰਜ ਕਰੇ। ਸੋ ਮਾਣਾ-ਸਨਮਾਨਾਂ ਦੀ ਆਪਣੀ ਇੱਕ ਅਲੱਗ ਭੂਮਿਕਾ ਹੁੰਦੀ ਹੈ।
ਸਨਮਾਨ ਬਨਾਮ ਵਿਵਾਦ।
ਬਹੁਤ ਵਾਰ ਕਈ ਸਨਮਾਨ ਜਾਂ ਅਵਾਰਡ ਦਾ ਅਯੋਗ ਵਿਅਕਤੀਆਂ ਕੋਲ ਚਲੇ ਜਾਂਦੇ ਹਨ ਜਿਸ ਨਾਲ ਕਈ ਬਖੇੜੇ ਅਤੇ ਵਿਵਾਦ ਪੈਦਾ ਹੋ ਜਾਂਦੇ ਹਨ। ਲੋਕ ਆਖਦੇ ਹਨ ਕੀ ਇਹ ਆਦਮੀ ਇਸ ਦੇ ਯੋਗ ਹੀ ਨਹੀਂ ਸੀ। ਇਹ ਸਨਮਾਨ ਬਣਦਾ ਹੀ ਨਹੀਂ ਸੀ! ਕਿਉਂ ਦਿੱਤਾ ਗਿਆ ਹੈ ? ਕੋਈ ਆਖਦਾ ਹੈ ਕਿ ਕੋਈ ਜੁਗਾੜ ਲਗਾ ਲਿਆ ਹੋਵੇਗਾ! ਇਨ੍ਹਾਂ ਗੱਲਾਂ ਵਿੱਚ ਬਹੁਤ ਹੱਦ ਤੱਕ ਸਚਾਈ ਵੀ ਹੁੰਦੀ ਹੈ, ਪਰ ਹਰ ਵਾਰ , ਹਰ ਥਾਂ ਅਜਿਹਾ ਨਹੀਂ ਵਾਪਰਦਾ । ਦਿੱਤੇ ਗਏ ਮਾਣ-ਸਨਮਾਣ ਜਾਇਜ਼ ਹਨ ਜਾਂ ਨਜਾਇਜ਼ ਹਨ, ਇਹਦਾ ਪਤਾ ਤਾਂ ਸਨਮਾਨ ਮਿਲਣ ਵਾਲੀ ਜ਼ਮੀਰ ਹੀ ਦੱਸ ਸਕਦੀ ਹੈ ਜਾਂ ਫਿਰ ਸਨਮਾਨ ਦੇਣ ਵਾਲਿਆਂ ਨੂੰ ਪਤਾ ਹੁੰਦਾ ਹੈ। ਪ੍ਰੰਤੂ ਹਰੇਕ ਸਨਮਾਨ ਪ੍ਰਾਪਤ-ਕਰਤਾ ਉੱਪਰ ਕਿੰਤੂ -ਪ੍ਰੰਤੂ ਕਰਨਾ ਵੀ ਠੀਕ ਨਹੀਂ ਹੈ। ਦੁਨੀਆਂ ਬਹੁਤ ਰੰਗ ਦੀ ਹੈ । ਕਈ ਲੋਕ ਸਤਰੰਗੀ ਪੀਂਘ ਨੂੰ ਵੀ ਕਾਲੇ ਰੰਗ ਦੀ ( ਬਲੈਕ ਐਂਡ ਵਾਈਟ ) ਵੇਖਣਾ ਪਸੰਦ ਕਰਦੇ ਹਨ।
ਸਨਮਾਨ ਬਨਾਮ ਅਪਮਾਨ।
ਜਦ ਮਾਣ-ਸਨਮਾਣ ਅਯੋਗ ਵਿਅਕਤੀਆਂ ਜਾਂ ਨਖਿੱਧ ਲੋਕਾਂ ਦੇ ਹੱਥਾਂ ਵਿੱਚ ਜਾਂਦੇ ਹਨ ਤਾਂ ਸਨਮਾਨ ਲੈਣ ਵਾਲੇ ਅਤੇ ਦੇਣ ਵਾਲੇ ਦੋਹਾਂ ਦਾ ਅਪਮਾਨ ਹੈ। ਇਹ ਪਬਲਿਕ ਹੈ , ਸਭ ਜਾਣਦੀ ਹੈ।
ਇੱਥੇ ਇਕ ਘਟਨਾ ਮੈਂ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਮੇਰਾ ਇੱਕ ਦੋਸਤ ਮਾਸਟਰ ਗੁਰਦਾਸ ਸਿੰਘ ਜੀ ਹੈ । ਪੁਰਾਣੀ ਗੱਲ ਹੈ। ਮੈਂ ਪਿੰਡ ਵਿੱਚ ਪੰਚਾਇਤੀ -ਅਧਿਆਪਕ ਲੱਗਾ ਹੋਇਆ ਸੀ। ਪਿੰਡ ਵਿੱਚ ' ਮੇਲਾ-ਮੇਲੀਆਂ ਦਾ' ਸੱਭਿਆਚਾਰਕ ਪ੍ਰੋਗਰਾਮ ਹੋਣਾ ਸੀ, ਜਿਸ ਵਿਚ ਸਕੂਲ ਦੇ ਸਾਰੇ ਅਧਿਆਪਕਾਂ ਦਾ ਵੀ ਸਨਮਾਨ ਰੱਖਿਆ ਗਿਆ ਸੀ। ਇਸ ਮੌਕੇ ਪ੍ਰਾਇਮਰੀ ਅਤੇ ਹਾਈ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਸਨਮਾਨਤ ਕੀਤਾ ਗਿਆ ਸੀ। ਪਰ ਮਾਸਟਰ ਗੁਰਦਾਸ ਜੀ ਉਸ ਦਿਨ ਨਹੀਂ ਆਏ। ਮੈਂ ਅਗਲੇ ਦਿਨ ਪੁੱਛਿਆ ਸੀ, " ਬਾਈ ਜੀ ਤੁਸੀ ਕੱਲ੍ਹ ਕਿਉ ਨਹੀ ਆਏ ?"
ਤਾਂ ਉਹਨਾ ਕਿਹਾ ਸੀ , " ਮੇਰਾ ਜ਼ਮੀਰ ਜਾਣਦਾ ਹੈ ਕਿ ਮੈਂ ਹਾਲੇ ਤੱਕ ਅਜਿਹਾ ਕੁਝ ਨਹੀਂ ਕੀਤਾ ਕਿ ਮੈਨੂੰ ਮਾਣ-ਸਨਮਾਨ ਮਿਲੇ! ਮੈਂ ਤਾਂ ਐਸੇ ਸਨਮਾਨ ਨੂੰ ਵੀ ਅਪਮਾਨ ਹੀ ਸਮਝਦਾ ਹਾਂ ਤੇ ਸਨਮਾਨ ਲੈਣ ਵਾਲੇ ਮਨੁੱਖ ਨੂੰ ਵੀ। "
ਮੈਂ ਕਿਹਾ ਸੀ, " ਤੁਸੀਂ ਤਾਂ ਬਹੁਤ ਮਿਹਨਤ ਨਾਲ ਪੜ੍ਹਾਉਂਦੇ ਹੋ !"
ਤਾਂ ਉਹਨਾਂ ਨੇ ਕਿਹਾ ਸੀ, " ਮੈਂ ਇਹ ਕੋਈ ਵੱਖਰਾ ਕਾਰਜ ਨਹੀਂ ਕੀਤਾ ਹੈ! ਪੜ੍ਹਾਉਣ ਬਦਲੇ ਸਰਕਾਰ ਸਾਨੂੰ ਤਨਖ਼ਾਹ ਵੀ ਤਾਂ ਦਿੰਦੀ ਹੈ!"
ਸੋ ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਦ ਕਿਸੇ ਅਯੋਗ ਵਿਅਕਤੀ ਨੂੰ ਮਾਣ-ਸਨਮਾਨ ਮਿਲਦਾ ਹੈ ਤਾਂ ਵਿਵਾਦ ਦਾ ਪੈਦਾ ਹੋਣਾ ਤਾਂ ਕੁਦਰਤੀ ਹੈ। ਅੱਜਕੱਲ੍ਹ ਆਨਲਾਈਨ -ਸਨਮਾਨਾਂ ਦੀ ਭਰਮਾਰ ਹੈ । ਮੈਂ ਇਸ ਪ੍ਰਥਾ ਨੂੰ ਨਿੱਜੀ ਤੌਰ ਤੇ ਸਹੀ ਨਹੀਂ ਸਮਝਦਾ ਹਾਂ । ਬਹੁਤ ਸਾਰੀਆਂ ਸੰਸਥਾਵਾਂ ਆਪਣਾ ਫ਼ਰਜ਼ ਬਾਖ਼ੂਬੀ ਨਿਭਾਅ ਰਹੀਆਂ ਹਨ, ਪਰ ਬਹੁਤੇ ਥਾਵਾਂ ਤੇ ਮਾਣ-ਸਨਮਾਨ ਤੇ ਸਨਮਾਨ -ਪੱਤਰ ਉਂਜ ਹੀ ਗੜਿਆਂ ਵਾਂਗ ਸੁੱਟੇ ਜਾ ਰਹੇ ਹਨ। ਮਾਣ-ਸਨਮਾਨ ਦੇ ਨਾਲ-ਨਾਲ ਸਾਡਾ ਆਤਮ-ਸਨਮਾਨ ਵੀ ਕਾਇਮ ਰਹੇ! ਏਸ ਆਸ ਨਾਲ਼ ਤੁਹਾਡਾ ਸਭਨਾਂ ਦਾ ਆਪਣਾ ,
ਹੀਰਾ ਸਿੰਘ ਤੂਤ