ਮਿੰਨੀ ਕਹਾਣੀ
ਫ਼ਰਕ
"""""""
ਬਾਜ਼ਾਰੋਂ ਕੁਝ ਸਾਮਾਨ ਲੈਣ ਲਈ ਗਿਆ ਤਾਂ ਬੇਟੀ ਵੀ ਨਾਲ ਜਾਣ ਨੂੰ ਤਿਆਰ ਹੋ ਗਈ। ਸਕੂਟਰ ਤੇ ਅਸੀਂ ਇਕ ਜਾਣਕਾਰ ਦੀ ਦੁਕਾਨ ਤੋਂ ਕੁਝ ਸਮਾਨ ਲਿਆ ਤੇ ਪੈਸੇ ਦੇ ਕੇ ਤੁਰਨ ਲੱਗੇ ਤਾਂ ਦੁਕਾਨਦਾਰ ਦੇ ਮੁੰਡੇ ਨੇ ਕੁਝ ਪੁੱਛਣ ਵਾਸਤੇ ਰੋਕ ਲਿਆ। ਉਹ ਈ ਟੀ ਟੀ ਦੀ ਤਿਆਰੀ ਕਰ ਰਿਹਾ ਸੀ। ਉਹਨੇ ਪੰਜਾਬੀ ਦੇ ਛੰਦਾਂ ਤੇ ਅਲੰਕਾਰਾਂ ਬਾਰੇ ਜਾਣਕਾਰੀ ਲੈਣੀ ਸੀ।
ਬੇਟੀ ਨੇ ਕਈ ਵਾਰੀ ਟੋਕਿਆ ਕਿ ਪਾਪਾ ਆਪਾਂ ਹੋਰ ਥਾਂ ਵੀ ਜਾਣਾ ਹੈ। ਪਰ ਮੇਰੇ 'ਚੋਂ ਅਧਿਆਪਕੀ ਜਾਗ ਪਈ ਸੀ ਤੇ ਮੈਂ ਬੇਰੋਕ ਪੰਦਰਾਂ ਮਿੰਟ ਸਮਝਾਉਂਦਾ ਰਿਹਾ। ਜਦੋਂ ਮੈਂ ਉਸ ਨੂੰ ਜਾਣਕਾਰੀ ਦੇ ਕੇ ਤੁਰਿਆ ਤਾਂ ਬੇਟੀ ਨੇ ਸਕੂਟਰ ਤੇ ਬਹਿੰਦਿਆਂ ਹੀ ਮੈਨੂੰ ਸੁਆਲ ਕੀਤਾ, "ਪਾਪਾ, ਉਹਨੇ ਤਾਂ ਤੁਹਾਨੂੰ ਬੈਠਣ ਨੂੰ ਵੀ ਨਹੀਂ ਕਿਹਾ ਤੇ ਨਾ ਹੀ ਇੱਕ ਸੌ ਪੰਜ ਵਾਲੀ ਚੀਜ਼ ਸੌ ਦੀ ਦਿੱਤੀ, ਫਿਰ ਵੀ ਤੁਸੀਂ ਕਿਉਂ ਉਥੇ ਮਗਜ਼-ਖਪਾਈ ਕਰਦੇ ਰਹੇ। ਮੈਂ ਮੁਸਕਰਾ ਕੇ ਜਵਾਬ ਦਿੱਤਾ, "ਬੇਟਾ, ਇਹੀ ਤਾਂ ਮੇਰੇ ਅਤੇ ਦੁਕਾਨਦਾਰ ਵਿੱਚ ਫ਼ਰਕ ਹੈ.. ਉਹਨੇ ਆਪਣੀ ਆਦਤ ਨਹੀਂ ਛੱਡੀ ਤੇ ਮੈਂ ਆਪਣੀ..."