ਹਿੰਦੀ ਮਿੰਨੀ ਕਹਾਣੀ
ਨਾੱਟ ਰੀਚੇਬਲ
ਪਤਨੀ ਦਾ ਦੇਹਾਂਤ ਹੋਇਆਂ ਮਹੀਨਾ ਕੁ ਹੀ ਹੋਇਆ ਸੀ। ਉਹ ਘਰ ਵਿੱਚ ਬੜੀ ਇਕੱਲਤਾ ਮਹਿਸੂਸ ਕਰ ਰਹੇ ਸਨ। ਬੇਟਾ, ਬਹੂ, ਬੱਚੇ ਆਪੋ-ਆਪਣੇ ਲੈਪਟਾਪ ਲੈ ਕੇ ਕਮਰਿਆਂ ਵਿਚ ਬੰਦ ਹੋ ਜਾਂਦੇ। ਘਰ ਖਾਣ ਨੂੰ ਆਉਂਦਾ ਸੀ। ਪਤਨੀ ਦੇ ਵਿੱਛੜਦਿਆਂ ਹੀ ਹੱਥ-ਪੈਰ ਜਿਵੇਂ ਕੱਟੇ ਜਿਹੇ ਗਏ ਸਨ। ਕੁਝ ਸੁੱਝ ਹੀ ਨਹੀਂ ਸੀ ਰਿਹਾ। ਹੁਣ ਸਮਝ ਵਿਚ ਆਉਂਦਾ ਹੈ ਕਿ ਬੇਟੇ-ਬਹੂ ਦੀਆਂ ਗੱਲਾਂ ਵੀ ਉਹ ਆਪਣੇ ਤੱਕ ਹੀ ਰੱਖਦੀ ਸੀ। ਸਮੇਂ-ਸਿਰ ਕਦਰ ਨਹੀਂ ਸਮਝੀ ਮੈਂ ਉਹਦੀ! ਗੁੰਮਸੁੰਮ ਜਿਹੇ ਬੈਠੇ ਸੋਚ ਰਹੇ ਸਨ। ਉਦੋਂ ਹੀ ਬੇਟਾ ਆ ਕੇ ਬੋਲਿਆ- 'ਪਾਪਾ, ਇੱਕ ਗੱਲ ਕਰਨੀ ਸੀ, ਤੁਹਾਡੇ ਨਾਲ। ਅਸਲ ਵਿੱਚ ਆਨਲਾਈਨ ਕਲਾਸਾਂ ਲਈ ਸਭ ਨੂੰ ਅੱਡ-ਅੱਡ ਕਮਰਾ ਚਾਹੀਦਾ ਹੈ। ਮੰਮੀ ਰਹੇ ਨਹੀਂ, ਤਾਂ ਹੁਣ...'
ਉਹ ਐਨਕ ਲਾਹ ਕੇ ਵੇਖਣ ਲੱਗੇ ਉਹਨੂੰ... 'ਤਾਂ...'
'ਗੱਲ ਇਹ ਹੈ ਕਿ ਸੁਮਨ ਤੁਹਾਡੇ ਨਾਲ ਕੰਫਰਟੇਬਲ ਫ਼ੀਲ ਨਹੀਂ ਕਰ ਰਹੀ। ਗੈਰੇਜ ਕੋਲ ਜੋ ਕਮਰਾ ਹੈ, ਕੀ ਤੁਸੀਂ ਉਥੇ ਰਹਿ ਲਵੋਗੇ?'
'ਹਾਂ...' ਉਨ੍ਹਾਂ ਨੇ ਡੂੰਘਾ ਸਾਹ ਲਿਆ।
ਅਗਲੇ ਦਿਨ ਉਹ ਫਲਾਈਟਸ ਦੀਆਂ ਚਾਰ ਟਿਕਟਾਂ ਲੈ ਆਏ। ਬਹੂ ਨੂੰ ਬੋਲੇ- 'ਬੇਟੀ, ਕਈ ਦਿਨਾਂ ਤੋਂ ਤੁਸੀਂ ਕਿਤੇ ਘੁੰਮਣ ਨਹੀਂ ਗਏ। ਮੈਂ ਕੇਰਲ ਦੇ ਹੋਟਲ ਦੀ ਬੁਕਿੰਗ ਕਰਵਾ ਦਿੱਤੀ ਹੈ, ਖ਼ਰਚ ਦੀ ਫਿਕਰ ਨਾ ਕਰਨਾ। ਬੱਚਿਆਂ ਦੀਆਂ ਆਨਲਾਈਨ ਕਲਾਸਾਂ ਹਨ ਤੇ ਤੁਹਾਡਾ ਦੋਹਾਂ ਦਾ ਵੀ ਕੰਮ ਘਰੋਂ ਹੀ ਚੱਲ ਰਿਹਾ ਹੈ। ਇਸ ਲਈ ਤੁਹਾਨੂੰ ਵੀ ਕੋਈ ਦਿੱਕਤ ਨਹੀਂ ਹੋਵੇਗੀ...'
ਸਾਰੇ ਖੁਸ਼ ਹੋ ਗਏ। ਬੇਟਾ ਹੈਰਾਨ ਸੀ। ਬੋਲਿਆ- 'ਪਾਪਾ, ਤੁਸੀਂ ਨਾਰਾਜ਼ ਤਾਂ ਨਹੀਂ ਮੇਰੇ ਨਾਲ... ਮੈਨੂੰ ਲੱਗਿਆ ਸੀ ਕਿ...'
'ਓ ਬਈ, ਆਪਣੇ ਬੱਚਿਆਂ ਨਾਲ ਵੀ ਕੋਈ ਨਾਰਾਜ਼ ਹੁੰਦਾ ਹੈ!' ਉਹ ਮੁਸਕਰਾ ਕੇ ਬੋਲੇ।
ਬੇਟੇ-ਬਹੂ ਦੇ ਜਾਣ ਪਿੱਛੋਂ ਅਗਲੇ ਦਿਨ ਹੀ ਮਕਾਨ ਦੇ ਖਰੀਦਦਾਰ ਆ ਗਏ। ਆਪਣਾ ਬੰਗਲਾ ਵੇਚ ਕੇ ਉਹ ਵੰਨ- ਬੈੱਡਰੂਮ ਦੇ ਛੋਟੇ ਜਿਹੇ ਫਲੈਟ ਵਿਚ ਸ਼ਿਫਟ ਹੋ ਗਏ। ਬੇਟਾ-ਬਹੂ ਘੁੰਮ-ਫਿਰ ਕੇ ਆਏ ਤਾਂ ਵਾਚਮੈਨ ਨੇ ਇੱਕ ਚਿੱਠੀ ਦਿੱਤੀ, ਜਿਸ ਵਿਚ ਬੇਟੇ ਦੇ ਕਿਰਾਏ ਦੇ ਫਲੈਟ ਦਾ ਪਤਾ ਲਿਖਿਆ ਹੋਇਆ ਸੀ। ਪਿਤਾ ਦਾ ਫੋਨ 'ਨਾੱਟ ਰੀਚੇਬਲ' ਆ ਰਿਹਾ ਸੀ।
ਮੂਲ : ਡਾ. ਰਿਚਾ ਸ਼ਰਮਾ
ਅਨੁ : ਪ੍ਰੋ. ਨਵ ਸੰਗੀਤ ਸਿੰਘ