Monday, May 20, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ 'ਚ ਉਭਾਰ ਬਨਾਮ ਮਾਨ,ਖਹਿਰਾ ਅਤੇ ਮੀਤ ਹੇਅਰ

May 09, 2024 05:06 PM


ਬਰਨਾਲਾ, 09 ਮਈ (ਬਘੇਲ ਸਿੰਘ ਧਾਲੀਵਾਲ)-ਹਲਕਾ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਤੋਂ ਬਾਅਦ ਜੇਕਰ ਕਿਸੇ ਲੋਕ-ਸਭਾ ਹਲਕੇ ਦੀ ਲੋਕਾਂ ਵਿੱਚ ਵੱਧ ਚਰਚਾ ਅਤੇ ਉਤਸੁਕਤਾ ਹੈ,ਉਹ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਹੈ,ਜਿੱਥੇ ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਵਿਸ਼ਵ ਪ੍ਰਸਿੱਧ ਮਕਬੂਲ ਪੰਥਕ ਚਿਹਰੇ ਸ੍ਰ ਸਿਮਰਨਜੀਤ ਸਿੰਘ ਮਾਨ ਅਤੇ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਸ੍ਰ ਸੁਖਪਾਲ ਸਿੰਘ ਖਹਿਰਾ ਚੋਣ ਅਖਾੜੇ ਵਿੱਚ ਆਹਮੋ ਸਾਹਮਣੇ ਹਨ | ਇਸਤੋਂ ਇਲਾਵਾ ਮੁੱਖ ਮੰਤਰੀ ਦਾ ਜੱਦੀ ਜਿਲ੍ਹਾ ਹੋਣ ਕਰਕੇ ਵੀ ਲੋਕਾਂ ਵਿੱਚ ਉਤਸੁਕਤਾ ਬਣੀ ਹੋਈ ਹੈ | ਪੰਥਕ ਰਾਜਨੀਤੀ ਵਿੱਚ ਆਏ ਉਭਾਰ ਸਦਕਾ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਦੀਆਂ ਨਜਰਾਂ ਉਪਰੋਕਤ ਦੋਨਾਂ ਸੀਟਾਂ ਤੇ ਟਿਕੀਆਂ ਹੋਈਆਂ ਹਨ | ਆਮ ਆਦਮੀ ਪਾਰਟੀ ਨੇ ਇਹਨਾਂ ਲੋਕ ਸਭਾ ਚੋਣਾਂ ਨੂੰ ਜਿੱਤਣ ਲਈ ਆਪਣੇ ਕੁੱਝ ਵਿਧਾਇਕਾਂ ਸਮੇਤ ਪੰਜ ਕੈਬਨਿਟ ਮੰਤਰੀਆਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਹੈ,ਜਿੰਨਾਂ ਵਿੱਚ ਸੰਗਰੂਰ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸ਼ਾਮਲ ਹਨ | ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਜਿੱਥੇ ਉਹਨਾਂ ਦੀ ਪੰਜਾਬ ਅੰਦਰ ਸਰਕਾਰ ਹੋਣ ਦਾ ਫਾਇਦਾ ਮਿਲੇਗਾ,ਉੱਥੇ ਚੋਣ ਵਾਅਦੇ ਪੂਰੇ ਨਾ ਕਰ ਸਕਣ ਦਾ ਵਿਰੋਧ ਉਸ ਤੋਂ ਵੀ ਵੱਧ ਝੱਲਣਾ ਪਵੇਗਾ |ਲਿਹਾਜਾ ਮੀਤ ਹੇਅਰ ਹੂੰਝਾ ਫੇਰ ਜਿੱਤ ਦੀ ਸਥਿਤੀ ਵਿੱਚ ਨਹੀ ਪੁੱਜ ਸਕਣਗੇ | ਬਰਗਾੜੀ ਬੇਅਦਬੀ ਦਾ ਮਾਮਲਾ,ਨਸ਼ਿਆਂ ਦਾ ਮੁੱਦਾ,ਭਿ੍ਸ਼ਟਾਚਾਰ,ਬੇ-ਰੋਜਗਾਰੀ,ਵੀ ਆਈ ਪੀ ਕਲਚਰ ਸਮੇਤ ਕਾਫੀ ਮੁੱਦੇ ਹਨ ਜਿੰਨਾਂ ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਆਪ ਦੇ ਉਮੀਦਵਾਰ ਨੂੰ ਪਰੇਸਾਨੀਆਂ ਖੜੀਆਂ ਕਰਦੇ ਰਹਿਣਗੇ | ਭਾਈ ਅਮਿ੍ਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਐਨ ਐਸ ਏ ਲਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ 'ਚ ਬੰਦ ਕਰਨ ਅਤੇ ਐਨਐਸਏ ਦਾ ਸਮਾਂ ਇੱਕ ਸਾਲ ਹੋਰ ਵਧਾ ਦੇਣ ਦਾ ਮੁੱਦਾ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਗਲੇ ਦੀ ਹੱਡੀ ਬਣਿਆ ਰਹੇਗਾ,ਓਥੇ ਉਪਰੋਕਤ ਮੁੱਦਿਆਂ ਦਾ ਸਿੱਧਾ ਫਾਇਦਾ ਸ੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਹੋਵੇਗਾ | ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਤੇ ਭਾਈ ਅਮਿ੍ਤਪਾਲ ਸਿੰਘ ਦੇ ਹੱਕ ਵਿੱਚ ਬਨਣ ਵਾਲੀ ਲੋਕ ਲਹਿਰ ਦਾ ਸਿੱਧੇ ਦਾ ਸਿੱਧਾ ਲਾਭ ਵੀ ਮਿਲੇਗਾ | ਜਿਸ ਤਰ੍ਹਾਂ ਦੀ ਲੋਕ ਲਹਿਰ ਭਾਈ ਅਮਿ੍ਤਪਾਲ ਸਿੰਘ ਦੇ ਹੱਕ ਵਿੱਚ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਬਣੇਗੀ,ਉਹਦਾ ਅਸਰ ਸੰਗਰੂਰ ਵਿੱਚ ਵੀ ਓਨਾ ਹੀ ਹੋਵੇਗਾ | ਜੇਕਰ ਇਹ ਲਹਿਰ ਤੇਜ ਹਨੇਰੀ ਬਣਕੇ ਅੰਦੋਲਨ ਦਾ ਰੂਪ ਧਾਰਦੀ ਹੈ,ਤਾਂ ਸੰਗਰੂਰ ਤੋਂ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦਾ ਰਾਹ ਪੱਧਰਾ ਕਰਨ ਦੇ ਨਾਲ ਨਾਲ ਦੁਜੇ ਹਲਕਿਆਂ ਵਿੱਚ ਵੀ ਆਪਣਾ ਰੰਗ ਜਰੂਰ ਦਿਖਾਵੇਗੀ |ਇਸ ਲਈ ਇਹ ਚੋਣ ਸ੍ਰ ਮਾਨ ਦੀ ਕਿਸਮਤ ਨੂੰ ਇੱਕ ਵਾਰ ਫਿਰ ਚਮਕਾਉਣ ਦੇ ਮੌਕੇ ਪ੍ਰਦਾਨ ਕਰ ਸਕਦੀ ਹੈ | ਜਿਸ ਤਰ੍ਹਾਂ ਪੰਥਕ ਰਾਜਨੀਤੀ ਦੇ ਉਭਾਰ ਦੀ ਆਸ ਕੀਤੀ ਜਾ ਰਹੀ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਅਕਾਲੀ ਦਲ ਬਾਦਲ ਹੋਰ ਬੈਕ ਫੁੱਟ ਤੇ ਚਲਾ ਜਾਵੇਗਾ | ਸ੍ਰ. ਸੁਖਪਾਲ ਸਿੰਘ ਖਹਿਰਾ ਦਾ ਨਾਮ ਵੀ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀ ਹੈ | ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ,ਜੇਕਰ ਲੋਕ ਸਭਾ ਚੋਣਾਂ 2019 ਦੀ ਗੱਲ ਕੀਤੀ ਜਾਵੇ,ਤਾਂ ਉਸ ਮੌਕੇ ਕਾਂਗਰਸੀ ਉਮੀਦਵਾਰ ਨੂੰ 303,350 ਵੋਟ ਮਿਲੇ ਸਨ,ਪਰ ਜਿਮਨੀ ਚੋਣ 2022 ਵਿੱਚ ਕਾਂਗਰਸੀ ਉਮੀਦਵਾਰ ਗੋਲਡੀ ਖੰਗੂੜਾ ਸਿਰਫ 79526 ਵੋਟਾਂ ਤੇ ਸਿਮਟ ਕੇ ਰਹਿ ਗਿਆ ਸੀ,ਜਦੋਕਿ ਉਹ ਅਕਾਲੀ ਦਲ ਬਾਦਲ ਅਤੇ ਭਾਜਪਾ ਉਮੀਦਵਾਰਾਂ ਤੋਂ ਕਾਫੀ ਵੱਧ ਵੋਟਾਂ ਲੈ ਜਾਣ ਵਿੱਚ ਕਾਮਯਾਬ ਰਿਹਾ ਸੀ | ਹੁਣ ਜੇਕਰ ਸੁਖਪਾਲ ਸਿੰਘ ਖਹਿਰਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕੱਦ ਬੁੱਤ ਗੋਲਡੀ ਦੇ ਮੁਕਾਬਲੇ ਬਹੁਤ ਵੱਡਾ ਹੈ | ਉਹ ਅੰਤਰਰਾਸ਼ਟਰੀ ਪੱਧਰ ਤੱਕ ਪਛਾਣ ਬਨਾਉਣ ਵਾਲੇ ਆਗੂ ਹਨ ਅਤੇ ਮੌਜੂਦਾ ਸਮੇਂ ਕਾਂਗਰਸ ਪਾਰਟੀ ਦਾ ਦੇਸ ਪੱਧਰ ਤੇ ਉਭਾਰ ਹੋਣ ਦੇ ਚਰਚਿਆਂ ਵਿੱਚ ਖਹਿਰਾ ਨੂੰ ਇਹ ਵੱਡਾ ਫਾਇਦਾ ਵੀ ਮਿਲੇਗਾ | ਉੱਧਰ ਸੂਬੇ ਵਿੱਚ ਵੀ ਸੱਤਾਧਾਰੀ ਧਿਰ ਤੋ ਨਾ-ਖੁਸ਼ ਹੋਏ ਵੋਟਰ ਆਪ ਤੋ ਬਾਅਦ ਅਤੇ ਅਕਾਲੀ ਦਲ ਨੂੰ ਨਜਰ ਅੰਦਾਜ ਕਰਕੇ ਕਾਂਗਰਸ ਤੇ ਟੇਕ ਰੱਖਦੇ ਦਿਖਾਈ ਦੇ ਰਹੇ ਹਨ | ਭਾਵੇਂ ਪੰਜਾਬ ਦੀ ਜਨਤਾ ਕਿਸੇ ਵੀ ਰਾਜਨੀਤਕ ਤੇ ਬਹੁਤਾ ਭਰੋਸ਼ਾ ਕਰਨ ਦੇ ਮੂਡ ਵਿੱਚ ਨਹੀ ਹੈ,ਪਰ ਇਸ ਦੇ ਬਾਵਜੂਦ ਸ੍ਰ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੀ ਜਨਤਾ ਲੋਕ ਆਗੂ ਵਜੋਂ ਤਸਲੀਮ ਕਰਦੀ ਹੈ | ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਦੇ ਨਾਲ ਪੰਥਕ ਰਾਜਨੀਤੀ ਦੇ ਉਭਾਰ ਦੇ ਮੁਦਈ ਵਜੋਂ ਵੀ ਉਹਨਾਂ ਦੀ ਪਛਾਣ ਬਣ ਚੁੱਕੀ ਹੈ,ਜਿਸਦਾ ਸਦਕਾ ਉਨ੍ਹਾਂ ਨੂੰ ਪੇਂਡੂ ਖੇਤਰ ਦੀ ਵੋਟ ਦਾ ਤਾਂ ਫਾਇਦਾ ਜਰੂਰ ਮਿਲੇਗਾ,ਪਰ ਇਸਦੇ ਉਲਟ ਸ਼ਹਿਰੀ ਵੋਟਰ ਉਹਨਾਂ ਦੀ ਸਿੱਖ ਮੁੱਦਿਆਂ ਤੇ ਬੇਬਾਕੀ ਨੂੰ ਨਾ-ਪਸੰਦ ਵੀ ਕਰਦੇ ਹਨ,ਜਿਸ ਕਰਕੇ ਸ਼ਹਿਰੀ ਵੋਟ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਦੀ ਬਜਾਏ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੂੰ ਵੱਧ ਪੈਣ ਦੇ ਆਸਾਰ ਬਣਦੇ ਨਜਰ ਆ ਰਹੇ ਹਨ | ਜੇਕਰ ਸ਼ਹਿਰੀ ਵੋਟ ਖਹਿਰਾ ਨੂੰ ਘੱਟ ਗਿਣਤੀ ਵਿੱਚ ਪੈਂਦੀ ਹੈ,ਤਾਂ ਇਹਦਾ ਸਭ ਤੋਂ ਵੱਧ ਫਾਇਦਾ ਸ੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਹੋਵੇਗਾ,ਕਿਉਂਕਿ ਸ੍ਰ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੇ ਵੱਡੇ ਮੁਦੱਈ ਹੋਣ ਕਰਕੇ ਸ਼ਹਿਰੀ ਵੋਟਰ ਉਹਨਾਂ ਦੀ ਪਹਿਲਾਂ ਹੀ ਪਹੁੰਚ ਤੋਂ ਦੂਰ ਹਨ | ਸੋ ਇਹ ਵੀ ਦੇਖਣਾ ਹੋਵੇਗਾ ਕਿ ਖਹਿਰਾ ਆਉਣ ਵਾਲੇ ਦਿਨਾਂ ਵਿੱਚ ਚੋਣ ਜਿੱਤਣ ਲਈ ਕੋਈ ਦਾਅ ਪੇਚ ਵੀ ਖੇਡਦੇ ਹਨ ਜਾਂ ਆਪਣੇ ਪਹਿਲੇ ਸਟੈਂਡ ਤੇ ਡਟੇ ਰਹਿਣਗੇ | ਸੰਗਰੂਰ ਹਲਕੇ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਇਕਵਾਲ ਸਿੰਘ ਝੂੰਦਾਂ ਬੇਹੱਦ ਕਮਜੋਰ ਉਮੀਦਵਾਰ ਹਨ,ਉੱਪਰੋਂ ਅਕਾਲੀ ਦਲ ਬਾਦਲ ਦੀ ਖੁਦ ਦੀ ਹਾਲਤ ਵੀ ਕਾਫੀ ਮਾੜੀ ਹੈ | ਭਾਵੇਂ ਅਕਾਲੀ ਦਲ ਸੌ ਸਾਲ ਤੋ ਵੱਧ ਪੁਰਾਣੀ ਪਾਰਟੀ ਹੋਣ ਕਰਕੇ ਪਾਰਟੀ ਦਾ ਕੇਡਰ ਕਾਫੀ ਵਿਸ਼ਾਲ ਰਿਹਾ ਹੈ,ਪਰ ਤਾਜਾ ਹਾਲਾਤ ਕਾਫੀ ਉਲਟ ਨਜਰ ਆ ਰਹੇ ਹਨ | ਫਿਰ ਵੀ ਪਾਰਟੀ ਉਮੀਦਵਾਰ ਨੂੰ ਆਪਣੇ ਕੇਡਰ ਦੀ ਵੋਟ ਜਰੂਰ ਭੁਗਤ ਜਾਵੇਗੀ,ਪਰ ਇਹ ਗਿਣਤੀ ਕਿਸੇ ਨਤੀਜਿਆਂ ਨੂੰ ਜਿਆਦਾ ਪ੍ਰਭਾਵਤ ਕਰਨ ਵਾਲੀ ਨਹੀ ਹੋਵੇਗੀ | ਲੰਘੀ ਜਿਮਨੀ ਚੋਣ 2022 ਦੀ ਜੇਕਰ ਗੱਲ ਕੀਤੀ ਜਾਵੇ,ਤਾਂ ਅਕਾਲੀ ਦਲ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਨੂੰ ਇਸ ਕਰਕੇ ਹੀ ਆਪਣਾ ਉਮੀਦਵਾਰ ਬਣਾਇਆ ਗਿਆ ਸੀ ਕਿ ਭਾਈ ਰਾਜੋਆਣਾ ਦੀ ਹਮਦਰਦੀ ਕਾਰਨ ਵੋਟ ਪੈਣ ਨਾਲ ਸਾਇਦ ਬੀਬਾ ਜੀ ਪਾਰਟੀ ਦੀ ਝੋਲੀ ਵਿੱਚ ਜਿੱਤ ਪਵਾ ਸਕਣਗੇ,ਪਰ ਉਦੋਂ ਵੀ ਅਜਿਹਾ ਨਹੀ ਸੀ ਹੋ ਸਕਿਆ |ਉਸ ਮੌਕੇ ਦੀਪ ਸਿੱਧੂ ਅਤੇ ਸਿੱਧੂ ਮੂਸੇ ਵਾਲਾ ਦੀਆਂ ਅਚਨਚੇਤ ਅਤੇ ਦਰਦਨਾਕ ਮੌਤਾਂ ਦੇ ਰੋਸ ਵਜੋਂ ਸੂਬਾ ਸਰਕਾਰ ਤੋਂ ਖਫਾ ਹੋਏ ਹਲਕਾ ਸੰਗਰੂਰ ਦੇ ਵੋਟਰ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਭੁਗਤ ਗਏ ਸਨ | ਫਲਸਰੂਪ ਸ੍ਰ ਸਿਮਰਨਜੀਤ ਸਿੰਘ ਮਾਨ ਜਿਮਨੀ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਸਨ,ਜਦੋਂਕਿ ਅਕਾਲੀ ਦਲ ਦੀ ਉਮੀਦਵਾਰ ਨੂੰ ਆਸ ਦੇ ਬਿਲਕੁਲ ਉਲਟ ਬਹੁਤ ਹੀ ਘੱਟ 44,323 ਵੋਟ ਹੀ ਮਿਲ ਸਕੇ ਸਨ | ਹੁਣ ਵੀ ਅਕਾਲੀ ਦਲ ਦੀ ਹਾਲਤ ਕੋਈ ਬਹੁਤੀ ਚੰਗੀ ਨਹੀ ਹੈ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਅਕਾਲੀ ਦਲ ਬਾਦਲ ਦਾ ਉਮੀਦਵਾਰ ਕਮਜੋਰ ਹੋਣ ਕਰਕੇ ਹੋਰ ਵੀ ਘੱਟ ਵੋਟ ਪੈਣ ਦੇ ਅਨੁਮਾਨ ਹਨ | ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਵੀ ਪਾਰਟੀ ਦਾ ਮਜਬੂਤ ਉਮੀਦਵਾਰ ਹੈ,ਜਿਸ ਨੂੰ ਸ਼ਹਿਰੀ ਵੋਟ ਵੱਝਵੇਂ ਰੂਪ ਵਿੱਚ ਪੈ ਸਕਦੀ ਹੈ!ਪਰ ਉਹ ਸ਼ਹਿਰਾਂ ਦੇ ਹਿੰਦੂ ਭਾਈਚਾਰੇ ਦੀ ਵੋਟ ਹੀ ਅਰਵਿੰਦ ਖੰਨਾ ਨੂੰ ਪਵੇਗੀ,ਪੇਂਡੂ ਵੋਟ ਨੂੰ ਇਸ ਵਾਰ ਅਰਵਿੰਦ ਖੰਨਾ ਪ੍ਰਭਾਵਤ ਨਹੀ ਕਰ ਸਕਣਗੇ,ਇਸਦਾ ਕਾਰਨ ਇੱਕ ਤਾਂ ਇਹ ਹੈ ਕਿ ਭਾਜਪਾ ਦਾ ਪੇਂਡੂ ਖੇਤਰਾਂ ਵਿੱਚ ਵਿਰੋਧ ਵੱਡੇ ਪੱਧਰ ਤੇ ਹੋ ਰਿਹਾ ਹੈ | ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦਾ ਅਸਰ ਭਾਵੇਂ ਸਹਿਰਾਂ ਵਿੱਚ ਨਾ ਮਾਤਰ ਹੋਵੇਗਾ,ਪਰ ਪੇਂਡੂ ਖੇਤਰ ਭਾਜਪਾ ਦੇ ਵਿਰੋਧ ਦੇ ਰੰਗ ਵਿੱਚ ਰੰਗੇ ਹੋਏ ਹਨ,ਜਿਸਦੇ ਫਲਸਰੂਪ ਪੇਂਡੂ ਵੋਟ ਭਾਜਪਾ ਉਮੀਦਵਾਰ ਨੂੰ ਨਹੀ ਭੁਗਤੇਗੀ | ਕੋਈ ਸਮਾਂ ਸੀ ਜਦੋ ਅਰਵਿੰਦ ਖੰਨਾ ਦਾ ਪਿੰਡਾਂ ਸ਼ਹਿਰਾਂ ਵਿੱਚ ਕਾਫੀ ਜਨ ਅਧਾਰ ਸੀ | ਪਰ ਉਹਨਾਂ ਦੀ ਲੰਮੇ ਸਮੇ ਤੋਂ ਗੈਰ ਹਾਜਰੀ ਕਾਰਨ ਉਹਨਾਂ ਦੇ ਪੇਂਡੂ ਸੰਪਰਕ ਨਾਂ-ਮਾਤਰ ਰਹਿ ਗਏ ਹਨ,ਜਿਹੜੇ ਰਹਿ ਗਏ,ਉਹ ਭਾਜਪਾ ਤੋਂ ਦੂਰ ਹਨ,ਇਸ ਕਰਕੇ ਉਹਨਾਂ ਨੂੰ ਪੇਂਡੂ ਵੋਟ ਨਹੀ ਪਵੇਗੀ | 2022 ਦੀ ਜਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਨੂੰ 66,171 ਵੋਟ ਪ੍ਰਾਪਤ ਹੋਏ ਸਨ'ਜਦੋਕਿ ਮੌਜੂਦਾ ਚੋਣਾਂ ਵਿੱਚ ਇਹ ਵੋਟ ਦਰ ਵਧ ਸਕਦੀ ਹੈ,ਕਿਉਂਕਿ ਭਾਜਪਾ ਨੇ ਅਯੁੱਧਿਆ ਦੇ ਰਾਮ ਮੰਦਰ ਦੀ ਪ੍ਰਾਂਣ ਪ੍ਰਤਿਸਟਾ ਕਰਕੇ ਹਿੰਦੂ ਭਾਈਚਾਰੇ ਦਾ ਮਨ ਜਿੱਤ ਲਿਆ ਹੈ,ਜਿਸ ਕਰਕੇ ਇਸ ਵਾਰ ਭਾਜਪਾ ਉਮੀਦਵਾਰ ਨੂੰ 2022 ਦੀ ਜਿਮਨੀ ਚੋਣ ਦੇ ਮੁਕਾਬਲੇ ਮੌਜੂਦਾ ਚੋਣਾਂ ਵਿੱਚ ਵੱਧ ਵੋਟ ਮਿਲਣ ਦੇ ਆਸਾਰ ਹਨ | ਪਰ ਇਹ ਵੋਟ ਦਰ ਜਿੱਤ ਹਾਰ ਦੇ ਫੈਸਲੇ ਤੋਂ ਬਹੁਤ ਪਿੱਛੇ ਰਹੇਗੀ | ਏਸੇ ਤਰਾਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਿਟਾਇਰਡ ਸਿਹਤ ਅਧਿਕਾਰੀ ਮੱਖਣ ਸਿੰਘ ਹਨ,ਜਿੰਨਾਂ ਨੂੰ ਪਾਰਟੀ ਦੀ ਪੱਕੀ ਵੋਟ ਜਰੂਰ ਪਵੇਗੀ, ਪ੍ਰੰਤੂ ਇਹ ਵੋਟ ਵੀ ਨਾ ਮਾਤਰ ਰਹਿ ਗਈ ਹੈ | 2014 ਦੀਆਂ ਲੋਕ ਸਭਾ ਚੋਣਾਂ ਵਿੱਚ ਬਸਪਾ ਉਮੀਦਵਾਰ ਮਦਨ ਭੱਟੀ ਨੂੰ ਮਹਿਜ 8,408 ਵੋਟ ਹੀ ਮਿਲੇ ਸਨ,ਲਿਹਾਜ਼ਾ ਹੁਣ ਵੀ ਬਸਪਾ ਉਮੀਦਵਾਰ ਕੋਈ ਵੱਡਾ ਮਾਅਰਕਾ ਮਾਰਨ ਦੇ ਸਮਰੱਥ ਨਹੀ ਹੋਵੇਗਾ | ਕੁੱਲ ਮਿਲਾ ਕਿ ਕਿਹਾ ਜਾ ਸਕਦਾ ਹੈ ਕਿ ਜਿਸਤਰਾਂ ਸੰਗਰੂਰ ਦੇ ਵੋਟਰਾਂ ਦੀ ਮਾਨਸਿਕਤਾ ਵਿੱਚ ਭਾਈ ਅਮਿ੍ਤਪਾਲ ਸਿੰਘ ਦੀ ਸੋਚ ਘਰ ਕਰਦੀ ਜਾਵੇਗੀ,ਉਸ ਤੋ ਇਹ ਅੰਦਾਜ਼ਾ ਲਾਉਣਾ ਕੋਈ ਮੁਸ਼ਕਲ ਨਹੀ ਕਿ ਸਿਮਰਨਜੀਤ ਸਿੰਘ ਮਾਨ ਅਤੇ ਸ੍ਰ ਸੁਖਪਾਲ ਸਿੰਘ ਖਹਿਰਾ ਦਰਮਿਆਨ ਗਹਿ ਗੱਚ ਮੁਕਾਬਲਾ ਹੋ ਸਕਦਾ ਹੈ |ਜਿੱਤ ਕਿਹੜੇ ਉਮੀਦਵਾਰ ਦੀ ਝੋਲੀ ਵਿੱਚ ਪੈਂਦੀ ਹੈ,ਇਹ ਜਾਣਕਾਰੀ 4 ਜੂਨ ਦੇ ਚੋਣ ਨਤੀਜੇ ਹੀ ਦੱਸਣਗੇ |

Have something to say? Post your comment

More From Punjab

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਚਾਚੀ-ਭਤੀਜੇ ਨੂੰ ਲੁਟੇਰਿਆਂ ਬਣਾਇਆ ਨਿਸ਼ਾਨਾ, ਭਤੀਜੇ ਨੂੰ ਕਿਰਚਾਂ ਮਾਰ ਕੇ ਚਾਚੀ ਦਾ ਖੋਹਿਆ ਪਰਸ

ਚਾਚੀ-ਭਤੀਜੇ ਨੂੰ ਲੁਟੇਰਿਆਂ ਬਣਾਇਆ ਨਿਸ਼ਾਨਾ, ਭਤੀਜੇ ਨੂੰ ਕਿਰਚਾਂ ਮਾਰ ਕੇ ਚਾਚੀ ਦਾ ਖੋਹਿਆ ਪਰਸ

ਚਾਰ ਜੂਨ ਨੂੰ ਕਈਆਂ ਦੀ ਜੂਨ ਸੁਧਰੂ ਕਈਆਂ ਦੀ ਵਿਗੜੂ

ਚਾਰ ਜੂਨ ਨੂੰ ਕਈਆਂ ਦੀ ਜੂਨ ਸੁਧਰੂ ਕਈਆਂ ਦੀ ਵਿਗੜੂ

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਹੋਏ ਝਲੂਰ ਕੁਟੀਆ ਨਤਮਸਤਕ

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਹੋਏ ਝਲੂਰ ਕੁਟੀਆ ਨਤਮਸਤਕ

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਪੰਜਾਬ 'ਚ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਵੇਲੇ ਲੱਗਣਗੇ ਤੇ ਬੰਦ ਹੋਣਗੇ ਸਕੂਲ

ਪੰਜਾਬ 'ਚ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਵੇਲੇ ਲੱਗਣਗੇ ਤੇ ਬੰਦ ਹੋਣਗੇ ਸਕੂਲ

ਲੰਬੇ ਸਮੇਂ ਬਾਅਦ ਪੰਜਾਬ ਪਰਤੇ ਰਾਘਵ ਚੱਢਾ, ਜਲਦ ਪਾਰਟੀ ਪ੍ਰਚਾਰ ਮੁਹਿੰਮ 'ਚ ਹੋਣਗੇ ਸ਼ਾਮਲ

ਲੰਬੇ ਸਮੇਂ ਬਾਅਦ ਪੰਜਾਬ ਪਰਤੇ ਰਾਘਵ ਚੱਢਾ, ਜਲਦ ਪਾਰਟੀ ਪ੍ਰਚਾਰ ਮੁਹਿੰਮ 'ਚ ਹੋਣਗੇ ਸ਼ਾਮਲ