ਬਰਨਾਲਾ, 23 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ 'ਦਲ ਬਦਲੂਆਂ' ਦਾ ਬਹੁਤ ਬੋਲ ਬਾਲਾ ਹੈ, ਚੌਧਰ ਦੇ ਭੁੱਖੇ ਲੋਕਾਂ ਨੇ ਆਪਣੀਆਂ ਪੁਸ਼ਤੈਨੀ ਪਾਰਟੀਆਂ ਨੂੰ ਤਿਲਾਂਜਲੀ ਦੇ ਦਿੱਤੀ ਹੈ | ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਪੰਥਕ ਸਖਸ਼ੀਅਤ ਸੁਖਦੇਵ ਸਿੰਘ ਭੌਰ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਸਲੇ ਸਬੰਧੀ ਫੋਨ ਤੇ ਕੀਤੀ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪਹਿਲਾਂ ਜੇ ਕੋਈ ਟਕਸਾਲੀ ਵਰਕਰ ਪਾਰਟੀ ਨੂੰ ਛੱਡਦਾ ਤਾਂ ਕਾਰਨ ਲੀਡਰਸ਼ਿਪ ਦਾ ਪਾਰਟੀ ਸਿਧਾਂਤ ਤੋਂ ਮੁੱਖ ਮੋੜ ਲੈਣਾ ਹੁੰਦਾ ਸੀ, ਜਿਸ ਉਦੇਸ਼ ਨੂੰ ਲੈ ਕੇ ਪਾਰਟੀ ਹੋਂਦ ਵਿੱਚ ਆਉਂਦੀ ਹੈ ਜਦੋਂ ਲੀਡਰਸ਼ਿਪ ਉਨ੍ਹਾਂ ਕਦਰਾਂ ਕੀਮਤਾਂ ਤੋਂ ਉੱਪਰ ਉੱਠ ਕੇ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਲੱਗ ਪਵੇ ਤਾਂ ਵਰਕਰ ਦਾ ਬਗਾਵਤ ਕਰਨਾ ਜ਼ਰੂਰੀ ਹੋ ਜਾਂਦਾ ਹੈ, ਪਰੰਤੂ ਅੱਜ ਕੱਲ੍ਹ ਅਜਿਹਾ ਨਹੀ ਹੈ ਅੱਜਕੱਲ ਨਾ ਹੀ ਪਾਰਟੀਆਂ ਦਾ ਕੋਈ ਸਿਧਾਂਤ ਰਿਹਾ ਹੈ ਅਤੇ ਨਾ ਹੀ ਕੋਈ ਕਿਰਦਾਰ ਅਤੇ ਨਾ ਹੀ ਆਗੂਆਂ ਦੀ ਕੋਈ ਸਿਧਾਂਤਕ ਸੋਚ ਦਿਖਾਈ ਦਿੰਦੀ ਹੈ | ਉਨ੍ਹਾਂ ਕਿਹਾ ਕਿ ਪਾਰਟੀਆਂ ਦਾ ਪੈਮਾਨਾ ਮਹਿਜ ਜਿੱਤ ਹਾਰ ਤੋਂ ਵੱਧ ਕੇ ਹੋਰ ਕੁੱਝ ਨਹੀ ਹੁੰਦਾ,ਕਿਸੇ ਵੀ ਪਾਰਟੀ 'ਚੋਂ ਆਇਆ ਆਗੂ ਉਨ੍ਹਾਂ ਨੂੰ ਆਪਣੇ ਟਕਸਾਲੀ ਵਰਕਰਾਂ ਅਤੇ ਆਗੂਆਂ ਤੋਂ ਉੱਪਰ ਲੱਗਣ ਲੱਗ ਪੈਂਦਾ ਹੈ,ਜਿਸ ਕਰਕੇ ਪਾਰਟੀ ਆਗੂਆਂ ਵਿੱਚ ਨਰਾਜਗੀ ਪੈਦਾ ਹੋਣ ਤੋਂ ਗੱਲ ਪਾਰਟੀ ਛੱਡਣ ਤੱਕ ਪਹੁੰਚ ਜਾਦੀ ਹੈ |ਇਸ ਤੋਂ ਇਲਾਵਾ ਦਿਨੋ ਦਿਨ ਵੱਧ ਰਹੀਆਂ ਦਲ ਬਦਲੀਆਂ ਦਾ ਕਾਰਨ ਰਾਜਨੀਤਕ ਲੋਕਾਂ ਅੰਦਰ ਵਧਿਆ ਭਿ੍ਸ਼ਟਾਚਾਰ ਵੀ ਜੁੰਮੇਵਾਰ ਹੈ,ਕਿਉਂਕਿ ਪਿਛਲੇ ਸਮੇਂ ਵਿੱਚ ਦੇਖਿਆ ਗਿਆ ਹੈ ਕਿ ਬਹੁਤਾਤ ਵਿੱਚ ਦਲ ਬਦਲੀ ਦਾ ਕਾਰਨ ਈਡੀ ਦੇ ਛਾਪੇ ਸਨ,ਜਿੰਨਾਂ ਤੋਂ ਡਰਦੇ ਭਿ੍ਸ਼ਟ ਲੀਡਰ ਝੱਟ ਪਾਰਟੀਆਂ ਛੱਡਕੇ ਭਾਜਪਾ ਵਿੱਚ ਸ਼ਾਮਲ ਹੁੰਦੇ ਦੇਖੇ ਗਏ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੋਣ ਲੜ ਰਹੀਆਂ ਸਿਆਸੀ ਧਿਰਾਂ ਦਾ ਤਾਂ ਸਿਆਸੀ ਦੀਵਾਲੀਆ ਨਿਕਲ ਚੁੱਕਾ ਹੈ, ਵੱਡੀਆਂ ਵੱਡੀਆਂ ਡੀਂਗਾਂ ਮਾਰਨ ਵਾਲੀਆਂ ਪਾਰਟੀਆਂ ਆਪਣੇ ਵਰਕਰਾਂ ਵਿਚੋਂ ਉਮੀਦਵਾਰ ਵੀ ਨਹੀਂ ਲੱਭ ਸਕੀਆਂ, ਅਜਿਹਾ ਵਰਤਾਰਾ ਦੇਸ਼ ਦੀ ਰਾਜਨੀਤੀ ਅਤੇ ਜਨਤਾ ਲਈ ਘਾਤਕ ਹੈ | ਉਹਨਾਂ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਪੰਜਾਬ ਦੀ ਵਿਰਾਸਤ ਸਾਂਭਣ ਦਾ ਦਾਅਵਾ ਕਰਨ ਵਾਲਾ ਬਾਦਲ ਦਲ ਪੰਥ ਦਾ ਸਭ ਕੁੱਝ ਲੁਟਾ ਕੇ ਵੀ ਹੋਸ਼ ਵਿੱਚ ਨਹੀਂ ਆਇਆ | ਮਹਿੰਦਰ ਸਿੰਘ ਕੇ ਪੀ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਜਲੰਧਰ ਤੋਂ ਉਮੀਦਵਾਰ ਬਣਾਏ ਜਾਣ ਤੇ ਪ੍ਰਤੀਕਰਮ ਪਰਗਟ ਕਰਦਿਆਂ ਕਿਹਾ ਕਿ ਬਾਦਲ ਦਲ ਲਈ ਕਾਂਗਰਸ ਬਹੁਤ ਮਾੜੀ ਹੈ ਪਰ ਕਾਂਗਰਸੀ ਬਹੁਤ ਚੰਗੇ ਹਨ, ਕਿਸੇ ਸਮੇਂ ਗਾਲਿਬ ਅਤੇ ਜੋਗਿੰਦਰ ਪਾਲ ਵਰਗਿਆਂ ਨੂੰ ਟਿਕਟਾਂ ਦੇਣ ਵਾਲਾ ਸੁਖਵੀਰ ਹੁਣ ਇੱਕ ਹੋਰ ਹੀਰਾ ਕੇ ਪੀ ਦੇ ਰੂਪ ਵਿੱਚ ਲੱਭ ਲਿਆਇਆ ਹੈ | ਜਨਤਾ ਤੇ ਟੇਕ ਰੱਖਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹਾਦਰ ਲੋਕਾਂ ਨੂੰ ਚੌਧਰਾਂ ਦੇ ਭੁੱਖੇ ਦਲ ਬਦਲੂਆਂ ਅਤੇ ਦਲ ਬਦਲੀ ਨੂੰ ਉਤਸ਼ਾਹਤ ਕਰਨ ਵਾਲੀਆਂ ਪਾਰਟੀਆਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਅਤੇ ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰ ਹੀ ਜਿਤਾਉਣੇ ਚਾਹੀਦੇ ਹਨ |